ਸੁਰਜੀਤ ਕੌਰ
ਸੁਰਜੀਤ ਕੌਰ (ਜਨਮ 18 ਅਗਸਤ 1952) ਪੰਜਾਬੀ ਦੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਲਿਖਤਾਂ ਦਾ ਵਿਸ਼ਾ ਇਸਤਰੀ-ਜਾਤੀ ਨਾਲ ਹੋ ਰਿਹਾ ਅਨਿਆਂ ਅਤੇ ਔਰਤ ਮਨ ਦਾ ਵਿਸ਼ਲੇਸ਼ਣ ਹੈ।
ਸੁਰਜੀਤ ਕੌਰ | |
---|---|
ਜਨਮ | 18 ਅਗਸਤ 1952 ਨਵੀਂ ਦਿੱਲੀ, ਭਾਰਤ |
ਕਿੱਤਾ | ਲੇਖਕ, ਕਾਲਜ ਲੈਕਚਰਾਰ |
ਭਾਸ਼ਾ | ਪੰਜਾਬੀ |
ਸਿੱਖਿਆ | ਐਮ. ਏ/ ਐਮ ਫਿੱਲ – ਭਾਸ਼ਾ ਅਤੇ ਸਾਹਿਤ (ਲੈਂਗੁਏਜ ਅਤੇ ਲਿਟਰੇਚਰ), ਬੀ. ਏ ਆਨਰਸ |
ਕਾਲ | 18 ਅਗਸਤ 1952 ਤੋਂ |
ਜੀਵਨ ਸਾਥੀ | ਪਿਆਰਾ ਸਿੰਘ |
ਬੱਚੇ | ਫਤਹਿਜੀਤ ਸਿੰਘ (ਫਤਹਿ ਡੋ) |
ਜੀਵਨ ਵੇਰਵਾ
ਸੋਧੋਸੁਰਜੀਤ ਕੌਰ ਦਾ ਜਨਮ 18 ਅਗਸਤ 1952 ਨੂੰ ਨਵੀਂ ਦਿੱਲੀ, ਭਾਰਤ ਵਿਖੇ, ਮਾਤਾ ਜਸਵੰਤ ਕੌਰ ਦੀ ਕੁੱਖੋਂ, ਪਿਤਾ ਗੁਰਬਖਸ਼ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਨੇ ਆਪਣੀ ਮੁਢਲੀ ਵਿਦਿਆ ਨਵੀਂ ਦਿਲੀ ਵਿੱਚ ਪਰਾਪਤ ਕੀਤੀ। ਸੁਰਜੀਤ ਕੌਰ ਦੇ ਪਿਤਾ ਜੀ ਦਿਲੀ ਵਿਖੇ ਬਤੌਰ ਇੰਜੀਨੀਅਰ ਸੇਵਾ ਨਿਭਾਅ ਰਹੇ ਸਨ। ਪਿਤਾ ਜੀ ਦੀ ਰਿਟਾਇਰਮੈਂਟ ਤੋਂ ਬਾਅਦ, ਆਪ ਜੀ, ਸਮੇਤ ਪਰਿਵਾਰ, ਜੱਦੀ ਪਿੰਡ ਡਰੋਲੀ ਆ ਵਸੇ, ਜਿੱਥੇ ਆਪ ਜੀ ਨੇ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ, ਜਲੰਧਰ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਬੀ ਏ ਆਨਰਸ ਦੀ ਡਿਗਰੀ ਕੀਤੀ। ਇਸ ਤੋਂ ਉਪਰੰਤ, ਆਪ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਵਿਚ ਐੱਮ.ਏ. (ਸੰਨ ੧੯੭੭ - ੧੯੭੮) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਫਿੱਲ਼ ਦੀ ਸਿੱਖਿਆ ਪਰਾਪਤ ਕੀਤੀ। ਕਾਲਜੀ ਵਿਦਿਆ ਖਤਮ ਹੋਣ ਉਪਰੰਤ ਆਪ ਜੀ ਦਾ ਅਨੰਦ ਕਾਰਜ ਪਿਆਰਾ ਸਿੰਘ ਜੀ ਨਾਲ ਹੋ ਗਿਆ। ਵਿਆਹ ਹੋਣ ਤੇ, ਸੁਰਜੀਤ ਕੌਰ ਜੀ ਆਪਣੇ ਮਾਪਿਆਂ ਨੂੰ ਛੱਡ, ਯੂ.ਪੀ. (ਉੱਤਰ ਪ੍ਰਦੇਸ, ਭਾਰਤ) ਵਿੱਚ ਗੁਰੂ ਨਾਨਕ ਫਿਫਥ ਸੈਨਟੇਨਰੀ ਸਕੂਲ ਵਿਚ ਪੜ੍ਹਾਉਣ ਲੱਗੇ। ਵਿਆਹ ਹੋਣ ਤੋਂ ਪੰਜ ਸਾਲ ਬਾਅਦ ਆਪ ਆਪਣੇ ਪਤੀ ਨਾਲ ਥਾਇਲੈਂਡ ਚਲੇ ਗਏ। ਇੱਥੇ ਸੁਰਜੀਤ ਕੌਰ ਜੀ ਸਿੱਖ ਇਤਿਹਾਸ ਅਤੇ ਪੰਜਾਬੀ ਪੜਾਉਣ ਦਾ ਕੰਮ ਕਰਦੇ ਸਨ (ਸੰਨ ੧੯੮੫ - ੧੯੯੫)। ਥਾਇਲੈਂਡ ਵਿਚ ਸੰਨ ੧੯੮੯ ਨੂੰ ਆਪ ਜੀ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਪਰਿਵਾਰ ਨੇ ਫਤਹਿਜੀਤ ਸਿੰਘ ਰੱਖਿਆ। ਸੰਨ ੧੯੯੫ ਨੂੰ ਆਪ ਜੀ ਆਪਣੇ ਪਰਿਵਾਰ ਸਮੇਤ ਸੈਨ ਫਰਾਂਸਿਸਕੋ, ਕੈਲੀਫੋਰਨੀਆ, ਯੂ. ਐਸ ਵਿਖੇ ਰਹਿਣ ਚਲੇ ਗਏ। ਕੁਦਰਤੀ, ਸੰਨ ੨੦੦੭ ਵਿਚ, ਆਪ ਜੀ ਪਰਿਵਾਰ ਸਮੇਤ ਕੈਨੇਡਾ ਦੀ ਧਰਤੀ ਉੱਤੇ ਆ ਵਸੇ, ਜਿੱਥੇ ਆਪਦਾ ਮੌਜੂਦਾ ਸਮੇ ਵਸੇਰਾ ਹੈ। [1]
ਸਾਹਿਤਕ ਸਫ਼ਰ
ਸੋਧੋਸੁਰਜੀਤ ਕੌਰ ਜੀ ਦਸਵੀਂ ਵਿਚ ਵਿਗਿਆਨ ਦੇ ਵਿਦਿਆਰਥੀ ਸਨ, ਪਰ ਪਿਤਾ ਜੀ ਦੀ ਰਿਟਾਇਰਮੈਂਟ ਤੋਂ ਬਾਅਦ, ਆਪ ਜੀ ਦੀ ਰੁਚੀ ਸਾਹਿਤ ਵੱਲ ਵਧਣੀ ਸ਼ੁਰੂ ਹੋ ਗਈ। ਦਿੱਲੀ ਛੱਡ ਕੇ, ਪਿੰਡ ਡਰੋਲੀ ਕਲਾਂ ਵਿੱਚ ਆ ਵਸਣ ਨਾਲ, ਆਪ ਜੀ ਨੂੰ ਪੰਜਾਬੀ ਸਾਹਿਤ ਨਾਲ ਡੂੰਘਾ ਲਗਾ ਹੋ ਗਿਆ। ਨਿੱਕੇ ਹੁੰਦਿਆਂ ਤੋਂ ਮਾਤਾ ਜੀ ਵੱਲੋਂ ਸੁਣਾਈਆਂ ਪਰੋਫੈਸਰ ਮੋਹਨ ਸਿੰਘ ਜੀ ਦੀਆਂ ਕਵਿਤਾਵਾਂ ਨਾਲ ਲਾਈ ਸਾਹਿਤਕ ਪਿਆਰ ਦੀ ਚੰਗਿਆੜੀ ਕਾਲਜ ਵਿਚ ਆ ਕੇ ਸਾਹਿਤਕ ਪ੍ਰੇਮ ਦਾ ਭਾਂਬੜ ਮਚਾ ਗਈ। ਕਾਲਜ ਪਰੋਫੈਸਰਾਂ ਅਤੇ ਅਧਿਆਪਕਾਂ ਦੇ ਉਤਸ਼ਾਹ ਨਾਲ ਆਪ ਜੀ ਬੀ.ਏ ਪਾਰਟ ੧ ਵਿਚ ਮੰਚ ਤੇ ਕਤਿਾਵਾਂ ਪੇਸ਼ ਕਰਨ ਲਗ ਪਏ। ਖੁਸ਼ ਕਿਸਮਤੀ ਨਾਲ, ਸੁਰਜੀਤ ਕੌਰ ਨੂੰ ਬਹੁਤ ਹੀ ਗੁਣਵੰਤ ਅਤੇ ਪ੍ਰਭਾਵਸ਼ਾਲੀ ਪਰੋਫੈਸਰਾਂ ਤੋਂ ਸਿੱਖਿਆ ਪਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਡਾ. ਆਤਮਜੀਤ ਸਿੰਘ, ਪ੍ਰੋ. ਗੁਰਦਿਆਲ ਸਿੰਘ ਫੁੱਲ, ਪ੍ਰੋ. ਦੀਵਾਨ ਸਿੰਘ, ਪ੍ਰੋ. ਗੁਰਲਾਲ ਸਿੰਘ, ਪ੍ਰੋ. ਸ਼ਿੰਗਾਰੀ, ਪ੍ਰੋ. ਜੋਗਿੰਦਰ ਸਿੰਘ ਰਾਹੀ ਆਦਿ ਸ਼ਖਸੀਅਤਾਂ ਦੀ ਛਤਰ-ਛਾਂਇਆ ਹੇਠ, ਸੁਰਜੀਤ ਕੌਰ ਜੀ ਦਾ ਸਾਹਿਤ ਨਾਲ ਇੱਕ ਬਹੁਤ ਹੀ ਗਹਿਰਾ ਤੱਲਕ ਬਣ ਗਿਆ।
ਰਚਨਾਵਾਂ
ਸੋਧੋਸੁਰਜੀਤ ਨੇ ਹੁਣ ਤੱਕ ਚਾਰ ਕਾਵਿ- ਕਿਤਾਬਾਂ ਛਪਵਾਈਆਂ ਹਨ।[2] ਆਪ ਜੀ ਦੀ ਐਂਥਾਲੋਜੀ ਰਚਨਾ, ਸ਼ਿਕਸਤ ਰੰਗ, ਇੱਕ ਔਰਤ ਦੇ ਜੀਵਨ ਕਾਲ ਦੇ ਸਫਰ ਨਾਲ ਸੰਬੰਧਤ ਹੈ, ਜਿਸ ਵਿਚ ਔਰਤਾਂ ਦੇ ਮਸਲਿਆਂ ਨੂੰ ਬਹੁਤ ਹੀ ਸੂਖਮ (ਐਬਸਟਰੈਕਟ) ਢੰਗ ਨਾਲ ਘੋਖਿਆ ਗਿਆ ਹੈ। ਇਸ ਕਿਤਾਬ ਵਿਚ ਕੁੱਲ ਮਿਲਾ ਕੇ ੫੦ ਦੇ ਕਰੀਬ ਕਵਿਤਾਵਾਂ ਰਚਿਤ ਹਨ, ਜੋ ਮਨ ਦੀਆਂ ਵੱਖ-ਵੱਖ ਸਥਿਤੀਆਂ ਦਾ ਪ੍ਰਦਰਸ਼ਨ ਕਰਦੀਆਂ ਹਨ, ਜਿਸ ਵਿਚ ਰਚਿਤ ਕਵਿਤਾਵਾਂ ਰੂਹਾਨੀ ਅਤੇ ਲੌਕਿਕ ਸੰਘਰਸ਼ ਦਾ ਅਨੁਭਵ ਪੈਦਾ ਕਰਦੀਆਂ ਹਨ। ਇਹ ਕਵਿਤਾਵਾਂ ਸੁਰਜੀਤ ਦੇ ਆਪਣੇ ਮਨ ਦੇ ਵਲਵਲੇ ਅਤੇ ਸੰਘਰਸ਼ਾਂ ਦਾ ਅਕਸ ਹਨ। ਇਸ ਕਿਤਾਬ ਵਿਚ ਇਕ ਹਾਰਿਆ ਹੋਇਆ ਇਨਸਾਨ ਸ਼ਕਤੀਸ਼ਾਲੀ ਅਤੇ ਆਜ਼ਾਦ ਹੋਣਾ ਚਾਹੁੰਦਾ ਹੈ। ਹੇ ਸਖੀ ਕਿਤਾਬ ਵਿਚ ਇੱਕ ਲੰਬੀ ਕਵਿਤਾ, ਜਿਸ ਦੇ ਵੱਖ-ਵੱਖ ਭਾਵ ਹਨ, ਦਰਜ ਹੈ। ਇਹ ਕਵਿਤਾ ਜੀਵਨ ਦੇ ਫਸਲਫੇ ਬਾਰੇ ਹੈ। ਇਹ ਕਵਿਤਾਵਾਂ ਅੰਦਰ ਦੇ ਸਵਾਲ-ਜਵਾਬ ਦਾ ਦਾਰਸ਼ਨਿਕ ਅਧਿਐਨ ਹਨ, ਜੋ ਕਿ ਜ਼ਿੰਦਗੀ ਦੇ ਸੰਘਰਸ਼ਾਂ ਦਾ ਸਵੈ-ਸੰਵਾਦ ਹੈ। ਸੁਰਜੀਤ ਕੌਰ ਜੀ ਨੇ ਕੂੰਜਾਂ ਨਾਮ ਦੀ ਕਿਤਾਬ ਸਹਿ-ਸੰਪਾਦਿਤ (ਐਡਿਟ) ਕੀਤੀ, ਜਿਸ ਵਿਚ ਉਹਨਾਂ ਨੇ ਔਰਤਾਂ ਦੇ ਭਾਵਾਂ ਅਤੇ ਤਜਰਬਿਆਂ ਨੂੰ ਨਾਰੀ ਦੇ ਦ੍ਰਿਸ਼ਟੀਕੋਣ ਤੋਂ ਦਰਸਾਇਆ ਹੈ। ਵਿਸਮਾਦ ਸੁਰਜੀਤ ਦੀ ਸਭ ਤੋਂ ਨਵੀਂ ਰਚਨਾ ਹੈ, ਜਿਸ ਵਿਚ ੬੦ ਦੇ ਕਰੀਬ ਕਵਿਤਾਵਾਂ ਹਨ। ਇਹ ਕਵਿਤਾਵਾਂ ਪਰਿਵਾਰਕ ਸੰਬੰਧਾਂ ਅਤੇ ਸਮਾਜਕ ਮੁੱਦਿਆਂ ਦਾ ਨਿਰਿਖਣ ਕਰਦੀਆਂ ਹਨ। ਇਹ ਕਿਤਾਬ ਜੀਵਨ ਦੇ ਅਲੱਗ-ਅਲੱਗ ਰੰਗਾਂ ਅਤੇ ਖੁਸ਼ੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਕਵਿਤਾ ਦੀ ਕਿਤਾਬ 'ਤੇਰੀ ਰੰਗਸ਼ਾਲਾ' ਛਪੀ। 'ਪਾਰਲੇ ਪੁਲ' ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਹੈ ਅਤੇ ਕੈਨੇਡੀਅਨ ਪੰਜਾਬੀ ਸਾਹਿਤ- ਸ਼ਬਦ ਅਤੇ ਸੰਵਾਦ ਉਨ੍ਹਾਂ ਦੀ ਆਲੋਚਨਾ ਦੀ ਕਿਤਾਬ ਹੈ। 2023 ਵਿਚ ਉਨ੍ਹਾਂ ਨੇ ਕੈਨੇਡਾ ਦੀ ਪੰਜਾਬੀ ਕਵਿਤਾ ਦੀ ਕਿਤਾਬ #ਲਵੈਂਡਰ ਸੰਪਾਦ ਕੀਤੀ ਹੈ।
ਪ੍ਰਮੁੱਖ ਲਿਖਤਾਂ
- ਸ਼ਿਕਸਤ ਰੰਗ (ਕਵਿਤਾ), ਪ੍ਰਤੀਕ ਪਬਲੀਕੇਸ਼ਨ, ਪਟਿਆਲਾ, ੨੦੦੫
- ਹੇ ਸਖੀ (ਕਵਿਤਾ), ਰੂਪੀ ਪ੍ਰਕਾਸ਼ਨ, ਅਮ੍ਰਿਤਸਰ (੨੦੦੭)
- ਵਿਸਮਾਦ (ਕਵਿਤਾ), (੨੦੧੪)
- ਕੂੰਜਾਂ- ਕੈਨੇਡੀਅਨ ਪੰਜਾਬੀ ਨਾਰੀ ਕਾਵਿ- ਸਹਿ-ਸੰਪਾਦਕ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ੨੦੧੪
- ਪਾਰਲੇ ਪੁਲ਼ - (ਕਹਾਣੀ ਸੰਗ੍ਰਹਿ)
- ਕੈਨੇਡੀਅਨ ਪੰਜਾਬੀ ਕਵਿਤਾ- ਸ਼ਬਦ ਅਤੇ ਸੰਵਾਦ - (ਆਲੋਚਨਾ)
- ਤੇਰੀ ਰੰਗਸ਼ਾਲਾ - (ਕਵਿਤਾ) (2022)
- ਲਵੈਂਡਰ- (ਸੰਪਾਦਨਾ) (ਕਵਿਤਾ)
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ http://panjabitoday.com/article/2015/october/13/19559[permanent dead link]
- ↑ "ਸਾਹਿਤ ਸਭਾ ਟੋਰਾਂਟੋ ਵੱਲੋਂ ਦੋ ਸ਼ਾਇਰਾਂ ਨਾਲ ਰੂ-ਬ-ਰੂ". Punjab News - Latest news in Punjabi. 2015-04-21. Retrieved 2019-08-06.[permanent dead link]