ਸੋਹਿੰਦਰ ਸਿੰਘ ਵਣਜਾਰਾ ਬੇਦੀ

ਪੰਜਾਬੀ ਲੇਖਕ
(ਸ.ਸ. ਵਣਜਾਰਾ ਬੇਦੀ ਤੋਂ ਮੋੜਿਆ ਗਿਆ)

[1]ਭੂਮਿਕਾ[2][3][4]

ਸੋਹਿੰਦਰ ਸਿੰਘ ਵਣਜਾਰਾ ਬੇਦੀ
ਜਨਮਸੋਹਿੰਦਰ ਸਿੰਘ ਬੇਦੀ
(1924-11-28)28 ਨਵੰਬਰ 1924
ਸਿਆਲਕੋਟ, ਬਰਤਾਨਵੀ ਪੰਜਾਬ
ਮੌਤ26 ਅਗਸਤ 2001(2001-08-26) (ਉਮਰ 76)
ਦਿੱਲੀ
ਕਿੱਤਾਪੰਜਾਬੀ ਲੋਕਧਾਰਾ ਵਿਰਸੇ ਦੀ ਸੰਭਾਲ, ਸਾਹਿਤਕਾਰ

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਵਾਲੇ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ।

ਵਣਜਾਰਾ ਉਹਨਾਂ ਦਾ ਕਲਮੀ ਨਾਂ ਸੀ।ਡਾ. ਬੇਦੀ ਦੇ ਨਾਂ ਨਾਲ 'ਵਣਜਾਰਾ ਪਦ ਕਿਸੇ ਸੁਦਾਗਰ ਜਾਂ ਵਪਾਰੀ ਦੇ ਅਰਥ ਦਾ ਬੋਧ ਨਹੀਂ ਕਰਵਾਉਂਦਾ ਸਗੋਂ ਇੱਕ ਸਾਧਾਰਨ ਜਗਿਆਸੂ ਦੇ ਅਰਥਾਂ ਵਿੱਚ ਇਹ ਪਦ ਉਹਨਾ ਨੇ ਵਰਤਿਆ।ਡਾ.ਬੇਦੀ ਦੀ ਤਸਵੀਰ ਇੱਕ ਸੁਹਿਰਦ ਨੇਕ ਦਿਲ ਮਿਹਨਤੀ ਸੱਚੇ ਸੁੱਚੇ ਜਗਿਆਸੂ ਇਨਸਾਨ ਦੀ ਤਸਵੀਰ ਹੈ।ਜਿਸ ਨੂੰ ਸਾਰੀ ਜ਼ਿੰਦਗੀ ਮਾਨਵ ਜੀਵਨ ਨਾਲ ਮੁਹੱਬਤ ਰਹੀ ਹੈ।ਸਮੁੱਚੇ ਜੀਵਨ ਦੌਰਾਨ ਉਹ ਇਸ਼ਕ ਕਰਦੇ ਰਹੇ ਆਪਣੇ ਕੰਮ ਨਾਲ।ਡਾ ਬੇਦੀ ਨਿਰਛਲ ਨਿਰਕਪਟ ਪਰਸੁਆਰਥੀ ਸੁਭਾਅ ਦੇ ਮਾਲਕ ਰਹੇ।ਕਿਸੇ ਕਿਸਮ ਦੀ ਸ਼ੁਹਰਤ ਜਾਂ ਸੁਆਰਥ ਦੀ ਭਾਵਨਾ ਉਹਨਾ ਦੇ ਮਨ ਵਿੱਚ ਨਹੀਂ ਸੀ

[5]

ਜਨਮ ਅਤੇ ਮਾਤਾ-ਪਿਤਾ

ਸੋਧੋ

ਵਣਜਾਰਾ ਬੇਦੀ (ਸੋਹਿੰਦਰ ਸਿੰਘ ਵਣਜਾਰਾ ਬੇਦੀ) ਦਾ ਜਨਮ 28 ਨਵੰਬਰ, 1924 ਨੂੰ ਪਿੰਡ ਧਮਿਆਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ ਪਿਤਾ ਸੁੰਦਰ ਸਿੰਘ ਬੇਦੀ ਦੇ ਗ੍ਰਹਿ ਵਿਖੇ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੀਆਂ ਦੋ ਭੈਣਾਂ (ਹਰਬੰਸ ਕੌਰ, ਬਸੰਤ ਕੌਰ) ਅਤੇ ਇੱਕ ਭਰਾ (ਸਵਰਨ ਸਿੰਘ) ਸੀ। ਛੋਟੀ ਭੈਣ ਕਿਸੇ ਬਿਮਾਰੀ ਕਾਰਣ ਚੱਲ ਵਸੀ ਸੀ। ਆਪ ਦੇ ਵੱਡੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨਾਲ ਡੇਰਾ ਬਾਬਾ ਨਾਨਕ ਤੋਂ ਇੱਥੇ (ਪਾਤਸ਼ਾਹਣ ਧਨੀ ਇਲਾਕੇ ਵਿੱਚ) ਆ ਕੇ ਵਸੇ ਸਨ। ਬੇਦੀ ਦੇ ਦਾਦਾ ਭਗਵਾਨ ਸਿੰਘ ਮੰਗਲ ਸ਼ਾਹ ਦੇ ਪੁੱਤਰ ਪਟਵਾਰੀ ਸਨ। ਉਹ ਹਮੇਸ਼ਾ ਆਪਣੇ ਨਾਲ ਆਪਣਾ ਇੱਕ ਧਾਰਮਿਕ ਗ੍ਰੰਥ ਰੱਖਿਆ ਕਰਦੇ ਸਨ।

ਬਚਪਨ ਤੇ ਪੜ੍ਹਾਈ

ਸੋਧੋ

ਪਿਤਾ ਦੀ ਨੌਕਰੀ ਦੌਰਾਨ ਹੋਈਆਂ ਬਦਲੀਆਂ ਕਾਰਣ ਵਣਜਾਰਾ ਬੇਦੀ ਨੂੰ ਵੱਖ ਵੱਖ ਥਾਵਾਂ ਉੱਤੇ ਜਾ ਕੇ ਪੜ੍ਹਾਈ ਕਰਨੀ ਪਈ। ਪਾਤਸ਼ਾਹਣ ਵਿੱਚ ਸਿਰਫ਼ ਸੱਤ-ਅੱਠ ਮਹੀਨੇ ਆਰੰਭਕ ਜਮਾਤਾਂ ਪੜ੍ਹੀਆਂ ਸਨ। ਤੀਜੀ ਤੋਂ ਛੇਵੀਂ ਜਮਾਤ ਵਾਅਨੇ, ਸਿਆਲਕੋਟ, ਜਲੰਧਰ ਛਾਉਣੀ ਅਤੇ ਬਾਕੀ ਰਾਵਲਪਿੰਡੀ ਖਾਲਸਾ ਹਾਈ ਸਕੂਲ ਵਿੱਚ (ਸੱਤਵੀਂ-ਅੱਠਵੀਂ ਜਮਾਤ ਵਿੱਚ) ਪੜ੍ਹਿਆ ਸੀ। ਦਸਵੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਲਾਹੌਰ ਦੇ ਡੀ.ਏ. ਵੀ.ਕਾਲਜ ਵਿੱਚ ਐੱਫ਼.ਏ.ਅਤੇ ਨੈਸ਼ਨਲ ਕਾਲਜ ਲਾਹੌਰ ਵਿੱਚ ਬੀ.ਏ. ਦੀ ਪੜ੍ਹਾਈ ਕੀਤੀ। 1950 ਵਿੱਚ ਦੁਬਾਰਾ (ਸੋਧ ਕਰਕੇ) ਐੱਮ.ਏ. ਪੰਜਾਬੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਪੀ.ਐੱਚ.ਡੀ. ਦੀ ਡਿਗਰੀ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪ੍ਰਾਪਤ ਕੀਤੀ।

ਸ.ਸ. ਵਣਜਾਰਾ ਬੇਦੀ ਨੂੰ ਸਕੂਲ ਦੇ ਦਿਨਾਂ (ਚੌਥੀ ਜਮਾਤ) ਵਿੱਚ ਹਿਸਾਬ ਬਹੁਤ ਆਉਂਦਾ ਸੀ ਜਿਸ ਕਾਰਣ ਉਸਨੂੰ ਵਜ਼ੀਫ਼ਾ ਪ੍ਰੀਖਿਆ ਲਈ ਚੁਣਿਆ ਗਿਆ ਪਰ ਅਸਫਲ ਰਿਹਾ। ਉਸਨੂੰ ਸਮਝ ਆ ਗਈ ਕਿ ਕਿਤਾਬਾਂ ਤੋਂ ਬਾਹਰਲੇ ਗਿਆਨ ਦੀ ਵੀ ਖ਼ਾਸ ਜ਼ਰੂਰਤ ਹੈ। ਬਚਪਨ ਵਿੱਚ ਉਸ ਨੂੰ ਨਟ-ਨਟੀ ਦਾ ਖੇਡ ਤਮਾਸ਼ਾ, ਤਿੱਤਲੀਆਂ ਫੜਨਾ ਅਤੇ ਪੰਛੀ ਬਣਨਾ ਬਹੁਤ ਪਸੰਦ ਸੀ। ਖੇਡਾਂ ਵਿੱਚੋਂ ਉਸ ਨੂੰ ਬਾਸਕਟ ਬਾਲ ਦੀ ਖੇਡ ਚੰਗੀ ਲਗਦੀ ਸੀ। ਪ੍ਰੰਤੂ ਬਿੱਲੀ ਅਤੇ ਕਾਂ ਨਾਲ ਉਹ ਨਫ਼ਰਤ ਕਰਦਾ ਸੀ।

ਸਕੂਲ ਵਿੱਚ ਪੜ੍ਹਦਿਆਂ ਵਣਜਾਰਾ ਬੇਦੀ ਸਨਿੱਚਰਵਾਰ ਵਾਲੇ ਦਿਨ ਸਭਾ (ਸਾਹਿਤਕ ਮਹਿਫ਼ਲ) ਵਿੱਚ ਸ਼ਾਮਿਲ ਹੋਇਆ ਕਰਦਾ ਸੀ। ਹਰੇਕ ਵਿਦਿਆਰਥੀ ਅਧਿਆਪਕ ਨੂੰ ਕੁਝ ਨਾ ਕੁਝ (ਸ਼ੇਅਰ, ਚੁਟਕਲਾ, ਗੀਤ ਆਦਿ) ਜ਼ਰੂਰ ਸੁਣਾਉਂਦਾ। ਵਣਜਾਰਾ ਬੇਦੀ ਦਾ ਦਿਲ ਸ਼ਾਇਰੀ ਕਰਨ ਲਈ ਤਾਂਘਣ ਲੱਗਾ। ਉਹ ਇੱਕ ਵਿਦਿਆਰਥੀ ਦੀ ਕਾਪੀ ਲੈ ਕੇ ਸ਼ੇਅਰ ਵੀ ਨਕਲ ਕਰਕੇ ਆਪਣੀ ਕਾਪੀ ਉੱਤੇ ਲਿਖ ਲੈਂਦਾ ਹੈ। ਕਾਫ਼ੀ ਦਿਨ ਉਹ ਖੁਦ ਕੁਝ ਲਿਖਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਪਰ ਗੱਲ ਨਾ ਬਣੀ।

ਪਿਆਰ ਅਤੇ ਕਵਿਤਾ

ਸੋਧੋ

ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਆਂਢੀਆ ਦੇ ਘਰ ਆਈ ਇੱਕ ਕੁੜੀ (ਚੰਨੀ) ਤੋਂ ਪੰਜਾਬੀ ਸਾਹਿਤ ਪੜ੍ਹਨ ਦੀ ਗੁੜ੍ਹਤੀ ਮਿਲਦੀ ਹੈ ਕਿਉਂਕਿ ਉਹਨਾਂ ਨੇ ‘ਫ਼ੁਲਵਾੜੀ ਰਸਾਲੇ’ ਵਿੱਚ ਛਪੀ ਮੋਹਨ ਸਿੰਘ ਦੀ ਕਵਿਤਾ ‘ਅੰਬੀ ਦੇ ਬੂਟੇ ਥੱਲੇ’ ਇਕੱਠੇ ਬੈਠਕੇ ਪੜ੍ਹੀ ਤਾਂ ਇੱਕ ਦੂਜੇ ਨਾਲ ਪਿਆਰ ਪੈ ਗਿਆ। ਉਹ ਕੁੜੀ ਜਦੋਂ ਆਪਣੇ ਪਿੰਡ ਚਲੀ ਜਾਂਦੀ ਹੈ ਤਾਂ ਵਣਜਾਰਾ ਬੇਦੀ ਆਪਣੀ ਬਿਰਹਾ ਦੀ ਪੀੜ ਨੂੰ ਲਿਖਤੀ ਰੂਪ ਪ੍ਰਦਾਨ ਕਰਦਾ ਹੈ:

ਮੇਰੇ ਜਿਗਰ ਦੀਏ ਡਲੀਏ ਪਿਆਰੀਏ ਨੀ,

ਤੇਰੇ ਬਿਨਾ ਨਾ ਜੀਣ ਦਾ ਹੱਜ ਕੋਈ।

ਅੱਖੋਂ ਦੂਰ ਲੂੰ ਲੂੰ ਵਿੱਚ ਵਸੀ ਏ ਤੂੰ,

ਤੈਨੂੰ ਮਿਲਣ ਦਾ ਦਿਸੇ ਨਾ ਪੱਜ ਕੋਈ।

ਇਸ ਤੋਂ ਬਾਅਦ ਇੱਕ ਗੱਭਰੂ ਨੂੰ ਸ਼ੀਰੀ ਫਰਹਾਦ ਗਾਉਂਦਾ ਅਤੇ ਇੱਕ ਪੰਜਾਹ ਸਾਲ ਦੇ ਕਵੀਸ਼ਰ ਨੂੰ ਬੰਦ/ਕਬਿੱਤ (ਕਾਵਿ-ਟੋਟੇ) ਜੋੜ ਕੇ ਬਰਾਤ ਵਿੱਚ ਗਾਉਂਦਿਆ ਸੁਣਿਆ ਤਾਂ ਵਣਜਾਰਾ ਬੇਦੀ ਦੀ ਸਿਰਜਣ ਸ਼ਕਤੀ ਵਿੱਚ ਵਾਧਾ ਹੋਇਆ। ਡੀ.ਏ.ਵੀ. ਕਾਲਜ ਦੇ ਪੰਜਾਬੀ ਲੈਕਚਰਾਰ (ਗੋਪਾਲ ਸਿੰਘ ਦਰਦੀ) ਤੋਂ ਉਸਨੇ ਸ਼ਬਦ, ਲੈਅ ਅਤੇ ਤਾਲ ਦੀਆਂ ਬਰੀਕੀਆਂ ਨੂੰ ਸਮਝਿਆ। ਇਨ੍ਹਾਂ ਦੇ ਪ੍ਰਭਾਵ ਹੇਠ ਹੀ ਆਪਣੀਆਂ ਰਚਨਾਵਾਂ ਵਿੱਚ ਸੋਧ ਕਰਵਾ ਕੇ ਪਹਿਲਾ ਕਾਵਿ-ਸੰਗ੍ਰਹਿ ਖ਼ੁਸ਼ਬੂਆਂ ਲਿਖਿਆ। ਇਸ ਤੋਂ ਬਾਅਦ ਵਣਜਾਰਾ ਬੇਦੀ ਕੁਝ ਨਾ ਕੁਝ ਰੋਜ਼ਾਨਾ ਲਿਖਣ ਲੱਗ ਗਿਆ। ਐੱਫ.ਏ. ਕਰਦਿਆਂ ਬੇਦੀ ਨੇ ਧ੍ਰੂ ਭਗਤ ਅਤੇ ਮਨ ਅੰਤਰ ਕੀ ਪੀੜ ਨਾਟਕ ਲਿਖੇ ਅਤੇ ਉਨ੍ਹਾਂ ਦੀ ਪਹਿਲੀ ਕਵਿਤਾ ‘ਖੇੜਾ’ ‘ਕੰਵਲ’ ਰਸਾਲੇ ਵਿੱਚ ਛਪੀ।

ਵਿਆਹ ਤੇ ਨੌਕਰੀ

ਸੋਧੋ

1947 ਦੀ ਵੰਡ ਤੋਂ ਪਹਿਲਾ ਵਣਜਾਰਾ ਬੇਦੀ ਦੇ ਵੱਡੇ ਵਡੇਰੇ ਰਾਵਲਪਿੰਡੀ ਵਿੱਚ ਮੋਹਨਪੁਰ ਮੁਹੱਲੇ ਵਿੱਚ ਰਹਿੰਦੇ ਸਨ। ਉਸ ਦੇ ਪਿਤਾ ਜੀ ਕਲਕੱਤਾ ਦਫਤਰ ਵਿੱਚ ਕਲਰਕ ਦੀ ਨੌਕਰੀ ਕਰਦੇ ਸਨ। ਪ੍ਰਮੋਸ਼ਨ ਤੋਂ ਬਾਅਦ ਉਨ੍ਹਾਂ ਦੀਆਂ ਥਾਂ ਥਾਂ ਬਦਲੀਆਂ (ਜਲੰਧਰ, ਰਾਵਲਪਿੰਡੀ, ਵਾਅਨਾ, ਲਾਹੌਰ) ਹੁੰਦੀਆਂ ਰਹੀਆਂ। ਜਦੋਂ ਵਣਜਾਰਾ ਬੇਦੀ ਬੀ.ਏ. ਦੀ ਪ੍ਰੀਖਿਆ ਦੇ ਕੇ ਹਟਿਆ ਤਾਂ ਉਸ ਦੇ ਪਿਤਾ ਜੀ ਬਿਮਾਰ ਰਹਿਣ ਲੱਗ ਪਏ। ਵਣਜਾਰਾ ਬੇਦੀ ਆਕਾਲ ਲਿਮਟਿਡ ਬੈਂਕ ਵਿੱਚ 200 ਰੁਪਏ ਮਹੀਨਾ ਨੌਕਰੀ ਕਰਨ ਲੱਗਾ। ਕੁਝ ਸਮੇਂ ਬਾਅਦ ਵਿੱਚ ਪਿਤਾ ਨੇ ਆਪਣੀ ਬਿਮਾਰੀ ਨੂੰ ਵੇਖਦਿਆਂ ਆਪਣੇ ਜਿਉਂਦੇ-ਜਿਉਂਦੇ ਪੁੱਤਰ ਦਾ ਵਿਆਹ ਕਰਨਾ ਚਾਹਿਆ। ਨੌਸ਼ਹਿਰੇ ਪਿੰਡ ਦੀ ਲੜਕੀ ਨਾਲ ਮੰਗਣਾ ਕਰਨ ਪਿੱਛੋਂ 10 ਸਤੰਬਰ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ। ਪ੍ਰੰਤੂ ਕੁਦਰਤ ਦਾ ਕਹਿਰ ਅਜਿਹਾ ਵਾਪਰਿਆਂ ਕਿ ਪਿਤਾ ਅੰਤੜੀਆਂ ਦੀ ਬਿਮਾਰੀ ਨਾਲ 10 ਸਤੰਬਰ ਨੂੰ ਆਕਾਲ ਚਲਾਣਾ ਕਰ ਗਏ।

ਫਿਰ ਤਿੰਨ ਕੁ ਮਹੀਨੇ ਬਾਆਦ ਪਿਤਾ ਦੀ ਆਖਰੀ ਇੱਛਾ ਅਨੁਸਾਰ ਵਣਜਾਰਾ ਬੇਦੀ ਦਾ ਵਿਆਹ ਰੱਖ ਦਿੱਤਾ। ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੇ ਬਿਨਾਂ ਸਿਹਰਾ, ਮਹਿੰਦੀ ਅਤੇ ਢੋਲ-ਢਮੱਕੇ ਦੇ ਸੰਖੇਪ ਜਿਹੀਆਂ ਰਸਮ-ਰਿਵਾਜ਼ਾਂ ਨਾਲ ਵਿਆਹ ਕਰ ਦਿੱਤਾ। ਹੌਲੀ ਹੌਲੀ ਘਰ ਦਾ ਮਾਹੌਲ ਬਦਲਣ ਲੱਗਾ। ਪੂਰੇ ਘਰ ਵਿੱਚ ਰੌਣਕ ਵਧਣ ਲੱਗੀ। ਮਾਤਾ ਜੀ ਨਾਲ ਪਰਿਵਾਰ ਦੀ ਸਹਿਮਤੀ ਪਿੱਛੋਂ ਪਿਤਾ ਦੇ ਜੀਵਨ ਬੀਮਾ ਫੰਡ ਅਤੇ ਹੋਰ ਫੰਡ ਕਢਵਾ ਕੇ ਘਰ ਦਾ ਪੁਨਰ ਨਿਰਮਾਣ ਕੀਤਾ ਗਿਆ। ਇਨ੍ਹੀਂ ਦਿਨੀਂ ਆਲੇ-ਦੁਆਲੇ ਦੇਸ਼ ਵੰਡ ਨੂੰ ਲੈ ਕੇ ਜਦੇਂ ਅੰਦੋਲਨ ਹੋਣ ਲੱਗੇ ਤਾਂ ਰਾਵਲਪਿੰਡੀ ਵਿੱਚ ਕਰਫਿਊ ਲੱਗ ਗਿਆ। ਲੋਕ ਉੱਥੋਂ ਘਰ ਬਾਰ ਛੱਡ ਆਪੋ-ਆਪਣਾ ਸਾਮਾਨ ਲੈ ਕੇ ਜਾਣ ਲੱਗੇ। ਆਖੀਰ ਵਣਜਾਰਾ ਬੇਦੀ ਵੀ ਆਪਣੇ ਮਾਤਾ ਜੀ (ਪਰਿਵਾਰ) ਨੂੰ ਪਟਿਆਲੇ ਲੈ ਆਇਆ।

ਇੱਥੇ ਆ ਕੇ ਇੱਕ ਡੰਗਰਾਂ (ਪਸ਼ੂਆਂ) ਵਾਲੇ ਮਕਾਨ ਨੂੰ ਕਿਰਾਏ ਉੱਤੇ ਲੈ ਕੇ ਭੁੱਖ-ਨੰਗ ਨਾਲ ਸਮਾਂ ਕੱਢਿਆ। ਵਣਜਾਰਾ ਬੇਦੀ ਨੇ ਕੁਝ ਸਮਾਂ ਮੁਨਸ਼ੀਗਿਰੀ ਕੀਤੀ ਪਰ ਪੈਸਾ ਕੋਈ ਨਾ ਮਿਲਿਆ। ਜਦੋਂ ਪਟਿਆਲਾ ਰਿਆਸਤ ਦੇ ਕਿਸੇ ਸਰਕਾਰੀ ਦਫਤਰ ਵਿੱਚ ਕਲਰਕ ਦੀ ਨੌਕਰੀ ਮਿਲੀ ਤਾਂ ਉਸ ਦੇ ਮਾਤਾ ਜੀ ਛੋਟੇ ਭਰਾ (ਪਰਿਵਾਰ ਸਮੇਤ) ਨਾਲ ਦਿੱਲੀ ਚਲੇ ਗਏ। ਰਘੂ ਮਾਜਰੇ ਤੋਂ ਵਣਜਾਰਾ ਬੇਦੀ ਆਪਣੇ ਸਹੁਰੇ ਨਾਲ ਦਿੱਲੀ ਜਾ ਕੇ ਇੱਕ ਅੰਗਰਜ਼ੀ ਦੇ ਹਫ਼ਤਾਵਰੀ ਅਖਬਾਰ ਵਿੱਚ ਪਰੂਫ ਰੀਡਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਪਟਿਆਲਾ ਦਫਤਰ ਵਿੱਚ ਅਸਤੀਫਾ ਭੇਜ ਦਿੰਦਾ ਹੈ। ਜਦੋਂ ਇਹ ਹਫਤਾਵਰੀ ਅਖਬਾਰ ਵੀ ਬੰਦ ਹੋਣ ਦੇ ਕਿਨਾਰੇ ਆ ਗਿਆ ਤਾਂ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਵਪਾਰ ਵਿੱਚ ਹੱਥ ਅਜ਼ਮਾਇਆ, ਜਿਹੜਾ ਘਾਟਾ ਪੈ ਜਾਣ ਕਾਰਣ ਅੱਧ-ਵਿਚਕਾਰ ਹੀ ਛੱਡ ਦਿੱਤਾ। ਫਿਰ ਸਟੇਡੀਅਮ ਸਿਨੇਮਾ ਵਿੱਚ ਗੇਟ ਕੀਪਰ ਦੀ ਡਿਉਟੀ ਕੀਤੀ, ਜਿੱਥੋਂ ਅੱਧੀ ਰਾਤ ਨੂੰ ਘਰ ਮੁੜਦਾ ਹੋਇਆ ਕੁੱਤਿਆਂ ਨੇ ਘੇਰ ਲਿਆ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾਅ ਕੇ ਘਰ ਆਇਆ। ਉਸਦੇ ਮਾਤਾ ਜੀ ਆਖਣ ਲੱਗੇ, ‘ਕੱਲ੍ਹ ਤੋਂ ਕੰਮ ਉੱਤੇ ਨਹੀਂ ਜਾਣਾ, ਇਹ ਤੇਰੇ ਵੱਸ ਦੀ ਗੱਲ ਨਹੀਂ।’

ਘਰ ਵਿਹਲੇ ਬੈਠਿਆਂ-ਬੈਠਿਆਂ ਵਣਜਾਰਾ ਬੇਦੀ ਨੇ ਇੱਕ ਚਿੱਠੀ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੌਕਰੀ ਖਾਤਰ ਪਾਈ। ਉਹਨਾਂ ਨੇ ਉਸ ਨੂੰ ਅੰਮ੍ਰਿਤਸਰ ਬੁਲਾ ਲਿਆ। ਜਦੋਂ ਉੱਥੇ ਦਫਤਰ ਵਿੱਚ ਪਹੁੰਚਿਆ ਤਾਂ ਉਹ ਨਾ ਮਿਲੇ। ਵਾਪਸੀ ਸਮੇਂ ਉਨ੍ਹਾਂ ਨੇ ਪਠਾਨਕੋਟ ਆਪਣੇ ਭਰਾ ਕੋਲ ਜੀ.ਟੀ. ਕੰਪਨੀ ਵਿੱਚ ਰਾਤ ਕੱਟੀ। ਇੱਥੇ ਉਸਦੇ ਭਰਾ ਨੇ ਮੇਜਰ ਸਾਹਿਬ ਨਾਲ ਗੱਲਬਾਤ ਕਰਕੇ ਕੰਪਨੀ ਵਿੱਚ ਹੀ ਲਾਰੀ (ਗੱਡੀ) ਕਲਰਕ ਲਵਾ ਦਿੱਤਾ। ਸਿਵਲੀਅਨ ਕੰਪਨੀ ਵਿੱਚ ਹੁੰਦੀਆਂ ਹੇਰਾ-ਫੇਰੀਆਂ ਦੀ ਉੱਚ ਅਫਸਰਾਂ ਨੂੰ ਸ਼ਿਕਾਇਤ ਤੋਂ ਇੱਕ ਨਵਾਂ ਮੇਜਰ ਵਣਜਾਰਾ ਬੇਦੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਰੋਜ਼ਾਨਾ ਤੰਗ (ਪ੍ਰੇਸ਼ਾਨ) ਕਰਨ ਲੱਗਾ ਤਾਂ ਉਹ ਨੌਕਰੀ ਹੀ ਛੱਡ ਆਇਆ।

ਜਦੋਂ ਮਾਤਾ ਜੀ ਆਪਣੇ ਛੋਟੇ ਪੁੱਤਰ ਕੋਲ ਅੰਬਾਲੇ ਚਲੇ ਜਾਂਦੇ ਹਨ ਤਾਂ ਵਣਜਾਰਾ ਬੇਦੀ ਨੂੰ ਬੇਰੁਜ਼ਗਾਰੀ ਕਾਰਣ ਰਿਸ਼ਤੇਦਾਰਾਂ ਤੋਂ ਉਧਾਰ ਮੰਗ-ਮੰਗ ਕੇ ਅਤੇ ਘਰ ਦੀਆਂ ਵਸਤੂਆਂ ਵੇਚ-ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਜਦੋਂ ਬੇਟੀ (ਗੁੱਡੀ) ਬਿਮਾਰ ਹੋ ਗਈ ਤਾਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਘਰ ਵਿੱਚ ਤਾਂ ਇੱਕ ਖੋਟਾ ਸਿੱਕਾ ਵੀ ਨਹੀਂ ਸੀ। ਪ੍ਰੰਤੂ ਇੱਕ ਦਿਨ ਅਚਾਨਕ ਕੁੜੀ ਆਪਣੇ ਆਪ ਉੱਠ ਕੇ ਬੈਠ ਗਈ ਅਤੇ ਖੇਡਣ ਲੱਗ ਪਈ। ਇਹ ਸਭ ਵੇਖ ਕੇ ਪਤਨੀ ਨੇ ਧਰਵਾਸ ਦਿੰਦਿਆਂ ਆਖਿਆ, “ਜੇ ਧੀ (ਗੁੱਡੀ) ਮੌਤ ਦੇ ਮੂੰਹੋਂ ਬਿਨਾਂ ਦਵਾਈਆਂ ਤੋਂ ਮੁੜ ਕੇ ਆ ਸਕਦੀ ਹੈ ਤਾਂ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਏ।”

1952-53 ਵਿੱਚ ਇੱਕ ਅਖ਼ਬਾਰ ਰਾਹੀਂ ‘ਫਤਿਹ ਪ੍ਰੀਤਮ’ ਦੀ ਇੱਕ ਆਸਾਮੀ ਦਾ ਪਤਾ ਲੱਗਾ। ਵਣਜਾਰਾ ਬੇਦੀ ਉਨ੍ਹਾਂ ਦੇ ਦਫਤਰ ਗਿਆ। ਉੱਥੇ ਮੌਜੂਦ ਵਿਅਕਤੀ ਨੇ ਪੰਜਾਬੀ ਵਿੱਚ ਇੱਕ ਅਰਜ਼ੀ ਲਿਖਵਾਈ। ਅਰਜ਼ੀ ਉੱਤੇ ਵਣਜਾਰਾ ਬੇਦੀ ਨਾਮ ਪੜ੍ਹਦਿਆਂ ਹੀ ਪ੍ਰੈੱਸ ਦੇ ਮਾਲਕ ਨੇ ਨੌਕਰੀ ਉੱਤੇ ਰੱਖ ਲਿਆ ਸੀ। ਇੱਕ ਵਾਰ ‘ਫਤਿਹ ਪ੍ਰੀਤਮ’ ਦੇ ਦਫਤਰ ਵਿੱਚ ਸ. ਅਵਤਾਰ ਸਿੰਘ ਆਜ਼ਾਦ ਮਿਲਣ ਆਏ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਸੰਪਾਦਕੀ (ਨੌਕਰੀ) ਛੱਡਣ ਦਾ ਨੋਟਿਸ ਲਿਖਤੀ ਤੌਰ ਉੱਤੇ ਦੇ ਦਿੱਤਾ। ਜਦੋਂ ਨੋਟਿਸ ਦੀ ਮਿਆਦ ਪੂਰੀ ਹੋ ਗਈ, ਉਹ ਵਗੈਰ ਦੱਸੇ ਹੀ ਕਦੇ ਟਿਊਸ਼ਨ ਪੜ੍ਹਾਉਣ, ਕਦੇ ਲਾਇਬਰੇਰੀ ਜਾਣ ਲੱਗ ਪਿਆ।

ਕਈ ਮਹੀਨੇ ਉਹ ਸਾਇਕਲ ਲੈ ਕੇ ਕਦੇ ਲਾਇਬਰੇਰੀ, ਕਦੇ ਟਿਊਸ਼ਨ ਪੜ੍ਹਾਉਣ ਜਾਂਦਾ ਰਿਹਾ। ਇੱਕ ਦਿਨ ਹਾਰਡਿੰਗ ਲਾਇਬਰੇਰੀ ਵਿੱਚੋਂ ਸਾਇਕਲ ਚੋਰੀ ਹੋ ਗਿਆ ਤਾਂ ਚਾਂਦਨੀ ਚੌਂਕ ਥਾਣੇ ਵਿੱਚ ਰਿਪੋਰਟ ਲਿਖਾਉਣ ਗਿਆ। ਉਨ੍ਹਾਂ ਨੇ ਸੌ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਣਜਾਰਾ ਬੇਦੀ ਨੇ ਅੱਗੋਂ ਆਖਿਆ ਕਿ ਮੈਂ ਇੱਕ ਅਖ਼ਬਾਰ ਦਾ ਸੰਪਾਦਕ ਹਾਂ। ਪੁਲਿਸ ਵਾਲੇ ਕਹਿੰਦੇ ਲਿਆਓ ਜੀ ਰਸੀਦ (ਬਿੱਲ) ਦਿਖਾਓ। ਨੇੜੇ ਖੜ੍ਹੇ ਇੱਕ ਵਿਅਕਤੀ ਨੇ ਉਸਨੂੰ ਇੱਕ ਪਾਸੇ ਲਿਜਾ ਕੇ ਕਿਹਾ ਕਿ ਮੇਰਾ ਸਾਇਕਲ ਵੀ ਚੋਰੀ ਹੋਇਆ ਸੀ। ਲੱਭ ਤਾਂ ਲਿਆ ਇਨ੍ਹਾਂ ਨੇ ਪਰ ਕੁਝ ਪੁਰਜ਼ੇ ਉਤਾਰ ਲਏ, ਕੁਝ ਬਦਲ ਦਿੱਤੇ ਨੇ। ਸਾਇਕਲ ਦਾ ਸਿਰਫ਼ ਢਾਂਚਾ (ਫਰੇਮ) ਹੀ ਮਿਲ ਰਿਹਾ ਉਹ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਦੇ ਰਹੇ। ਕੋਈ ਫਾਇਦਾ ਨਹੀਂ ਹੋਣਾ ਰਿਪੋਰਟ ਲਿਖਵਾਉਣ ਦਾ।

ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆ। ਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆ। ਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾ। ਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇ। ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ।’ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊ। ਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓ। ਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ।ਉਹਨਾਂ ਨੇ ਬੈਂਕ ਦੀ ਨੌਕਰੀ ਕੀਤੀ ਤੇ ਬਾਅਦ ਵਿੱਚ ਦਿਆਲ ਸਿੰਘ ਕਾਲਜ,ਦਿੱਲੀ ਵਿਖੇ ਸੀਨੀਅਰ ਲੈਕਚਰਾਰ ਰਹੇ।

ਲੋਕਧਾਰਾ ਬਾਰੇ

ਸੋਧੋ

ਡਾ ਬੇਦੀ ਨੇ ਲੋਕਧਾਰਾ ਦੇ ਸਿਧਾਂਤਕ ਸਰੂਪ ਨੂੰ ਨਿਸਚਿਤ ਕਰਨ,ਇਸ ਦੀ ਵਿਆਖਿਆ ਅਤੇ ਵਿਸ਼ਲੇਸ਼ਣ,ਇਸ ਦੀ ਤਲਾਸ਼ ਕਰਨ ਅਤੇ ਤਲਾਸ਼ ਕੀਤੀ ਲੋਕਧਾਰਾਈ ਸਮੱਗਰੀ ਦੀ ਪਹਿਚਾਣ ਬਣਾਉਣ ਹਿੱਤ ਇੱਕ ਵਡੇਰੀ ਸੰਸਥਾ ਵਰਗਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਉਹਨਾਂ ਨਿਰੋਲ ਮਿਸ਼ਨਰੀ ਭਾਵਨਾ ਨਾਲ ਕੀਤਾ ਹੈ।

ਲੋਕਧਾਰਾਈ ਸਮੱਗਰੀ ਨੂੰ ਇਕੱਤਰ ਕਰਨ ਦੇ ਨਾਲ ਨਾਲ ਡਾ ਬੇਦੀ ਨੇ ਇਸ ਖੇਤਰ ਵਿੱਚ ਬਹੁਤ ਸਾਰਾ ਕਾਰਜ ਆਲੋਚਨਾਤਮਿਕ ਦਿ੍ਰਸ਼ਟੀ ਤੋਂ ਵੀ ਕੀਤਾ।ਪੰਜਾਬੀ ਅਖੌਤਾਂ ਦਾ ਆਲੋਚਨਾਤਮਿਕ ਅਧਿਐਨ ਉਹਨਾਂ ਦਾ ਪੀ ਐਚ ਡੀ ਦੀ ਡਿਗਰੀ ਲਈ ਅੰਗਰੇਜ਼ੀ ਵਿੱਚ ਪ੍ਰਸਤੁਤ ਕੀਤਾ ਗਿਆ ਖੋਜ ਪ੍ਰਬੰਧ ਸੀ।ਪੰਜਾਬੀ ਮੁਹਾਵਰਿਆਂ ਦਾ ਸੰਗ੍ਰਿਹ ਤੇ ਮੁਤਾਲਿਆ ਸੁਹਜ ਪ੍ਰਬੋਧ ਪੰਜਾਬ ਦੀ ਲੋਕਧਾਰਾ ਗੁਰੂ ਨਾਨਕ ਤੇ ਲੋਕ ਪ੍ਰਵਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕ ਤੱਤ,ਮੱਧਕਾਲੀਨ ਪੰਜਾਬੀ ਕਥਾ: ਰੂਪ ਤੇ ਪਰੰਪਰਾ,ਲੋਕਧਾਰਾ ਅਤੇ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜ੍ਹੀਆਂ,ਲੋਕ ਪਰੰਪਰਾ ਅਤੇ ਸਾਹਿਤ ਡਾ ਬੇਦੀ ਦੇ ਇਸ ਖੇਤਰ ਦੇ ਮਹੱਤਵਪੂਰਨ ਕਾਰਜ ਮੰਨੇ ਜਾ ਸਕਦੇ ਹਨ।ਲੋਕਧਾਰਾ ਵਿਸ਼ਵਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾ ਕੇ ਡਾ ਬੇਦੀ ਨੇ ਇਸ ਖੇਤਰ ਵਿੱਚ ਆਪਣਾ ਸਿੱਕਾ ਮੰਨਵਾ ਲਿਆ ਸੀ।ਇਸ ਤੋਂ ਬਿਨਾ ਉਹ ਲੋਕਧਾਰਾ ਸਬੰਧੀ ਤ੍ਰੈਮਾਸਿਕ ਪਰੰਪਰਾ ਵੀ ਪ੍ਰਕਾਸ਼ਿਤ ਕਰਦੇ ਰਹੇ।ਡਾ ਬੇਦੀ ਨੇ ਸਮੁੱਚੀ ਜ਼ਿੰਦਗੀ ਕਠਿਨ ਤਪੱਸਿਆ ਕੀਤੀ ਹੈ: ਲਿਖਣ ਦੇ ਕਾਰਜ ਨੂੰ ਉਹ ਇਬਾਦਤ ਸਮਝਦੇ ਰਹੇ ਹਨ।

ਡਾ ਬੇਦੀ ਨੇ ਆਪਣੀ ਚਿੰਤਨ ਪ੍ਰਕਿਰਿਆ ਦੌਰਾਨ ਲੋਕਧਾਰਾ ਦੇ ਲੱਛਣ ਇਸ ਦਾ ਖੇਤਰ ਨਿਸ਼ਚਿਤ  ਕਰਨ ਦੇ ਨਾਲ ਨਾਲ ਇਸ ਦਾ ਸਰੂਪ ਨਿਸਚਿਤ ਕਰਨ ਹਿੱਤ ਕੁਝ ਮਹੱਤਵਪੂਰਨ ਤੱਤਾਂ ਦੀ ਸ਼ਨਾਖ਼ਤ ਕਰਨ ਲਈ ਵੀ ਬਰਾਬਰ ਦਿਲਚਸਪੀ ਦਿਖਾਈ ਹੈ।ਡਾ ਬੇਦੀ ਲੋਕਧਾਰਾ ਨੂੰ ਲੋਕ ਸੰਸਕ੍ਰਿਤੀ ਦਾ ਹੀ ਪਾਸਾਰ ਮੰਨਦੇ ਹੋਏ ਇਸ ਨੂੰ ਲੋਕਮਨ ਦੀ ਸਹਿਜ ਅਭਿਵਿਅਕਤੀ ਪ੍ਰਵਾਨ ਕਰਦੇ ਹਨ।ਲੋਕਧਾਰਾ ਦੀ ਸੰਰਚਨਾ ਲਈ ਡਾ ਬੇਦੀ ਲੋਕ ਸਭਿਆਚਾਰ ਪਰੰਪਰਾ ਅਤੇ ਲੋਕਮਨ ਨੂੰ ਵਧੇਰੇ ਤਰਜੀਹ ਦਿੰਦੇ ਰਹੇ ਮਾਨਵੀ ਜੀਵਨ ਅੰਦਰ ਲੋਕਧਾਰਾ ਦੀ ਮਹੱਤਤਾ ਅਤੇ ਪ੍ਰਾਚੀਨਤਾ ਵੱਲ ਸੰਕੇਤ ਕਰਦੇ ਹੋਏ ਡਾ ਬੇਦੀ ਨੇ ਕਿਹਾ ਕਿ ਇਸ ਦਾ ਕੋਈ ਆਦਿ ਨਹੀਂ ਲੱਭਿਆ ਜਾ ਸਕਦਾ।ਅੱਜ ਵੀ ਲੋਕ ਸਮੂਹਿਕ ਤੌਰ 'ਤੇ ਨਵੀਂ ਲੋਕਧਾਰਾ ਸਿਰਜ ਰਹੇ ਹਨ।ਕੱਲ੍ਹ ਦੇ ਸ਼ੁੱਧ ਵਿਗਿਆਨਕ ਬਿਰਤੀ ਵਾਲੇ ਸਪੇਸ ਯੁੱਗ ਵਿੱਚ ਵੀ ਇਸ ਦੀ ਸਿਰਜਨਾ ਹੁੰਦੀ ਰਹੇਗੀ।ਮਨੁੱਖ ਕਿਤਨਾ ਵੀ ਵਿਗਿਆਨਕ ਕਿਉਂ ਨਾ ਹੋ ਜਾਵੇ,ਉਸਦੀ ਮਾਨਸਿਕਤਾ ਵਿੱਚ ਲੋਕ ਤੱਤ ਅਵਚੇਤਨ ਰੂਪ ਵਿੱਚ ਸਮਾਏ ਰਹਿਣਗੇ।

ਮੈਕਸਿਮ ਗੋਰਕੀ ਦੇ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਜਿਹੜੇ ਉਹਨਾਂ ਨੇ ਸੋਵੀਅਤ ਲੇਖਕਾਂ ਦੀ ਪਹਿਲੀ ਸਰਬ ਕਾਂਗਰਸ ਸਮੇਂ ਕਹੇ ਸਨ,ਡਾ ਬੇਦੀ ਨੇ ਇਸ ਗੱਲ ਉੱਤੇ ਵਧੇਰੇ ਬਲ ਦਿੱਤਾ ਕਿ ਲਫ਼ਜ਼ਾਂ ਦੀ ਕਲਾ ਦੀ ਮੁੱਢ ਲੋਕਧਾਰਾ 'ਚੋਂ ਬੱਝਿਆ ਹੈ।ਇਸ ਨੂੰ ਇਕੱਤਰ ਕਰਨ ਦੀ ਲੋੜ ਹੈ।ਇਸ ਦਾ ਗੰਭੀਰਤਾ ਨਾਲ ਅਧਿਐਨ ਹੋਣਾ ਚਾਹੀਦਾ ਹੈ।ਜਿਤਨੀ ਅੱਛੀ ਤਰਾਂ ਅਸੀਂ ਆਪਣੇ ਬੀਤੇ ਨੂੰ ਜਾਣ ਸਕਾਂਗੇ,ਉਤਨੀ ਹੀ ਆਸਾਨੀ ਨਾਲ,ਸਹਿਜ,ਗਹਿਰਾਈ ਤੇ ਹੁਲਾਸ ਨਾਲ ਉਸ ਵਰਤਮਾਨ ਦੀ ਅਹਿਮੀਅਤ ਨੂੰ ਸਮਝ ਸਕਾਂਗੇ,ਜਿਸ ਨੂੰ ਅਸੀਂ ਸਿਰਜ ਰਹੇ ਹਾਂ।

ਪੰਜਾਬ ਦੀ ਲੋਕ ਸੰਸਕ੍ਰਿਤੀ ਤੇ ਓਹਦੀਆਂ ਪਰੰਪਰਾਵਾਂ ਅਤੇ ਲੋਕ ਮਾਨਸ ਨਾਲ ਇਕਾਗਰਤਾ ਨੂੰ ਸਮਝੇ ਬਗ਼ੈਰ ਪੰਜਾਬੀ ਸਾਹਿਤ ਤੇ ਪਰੰਪਰਕ ਤੇ ਆਧੁਨਿਕ ਸਰੂਪ ਤੇ ਚਰਿੱਤਰ ਦੀ ਪਛਾਣ ਅਸੰਭਵ ਹੈ।ਅਜਿਹੇ ਕਰਮਯੋਗੀ ਦੇ ਵਿਚਾਰ ਤੋਂ ਹੀ ਉਸਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਵਣਜਾਰਾ ਬੇਦੀ ਅਤੇ ਲੋਕਧਾਰਾ

ਸੋਧੋ

ਲੋਕਧਾਰਾ ਦੀ ਪਰਿਭਾਸ਼ਾ

ਸੋਧੋ

ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਧਾਰਾ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ ‘ਫੋਕਲੋਰ` ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ ਵਿਲੀਅਮ ਜਾਨ ਥਾਮਸ ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ ਜੈਕੁਬ ਅਤੇ ਵਿਲੀਅਮ ਗਰਿਮ ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ।[6]

ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ‘ਰਾਜਾ ਰਸਾਲੂ` ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ “ਕਹਾਣੀ" ਕੀਤਾ।[7]

ਇਨਸਾਈਕਲੋਪੀਡੀਆ ਬ੍ਰਿਟੇਨਿਕਾ ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉੱਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ; ਉੱਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"[8]

ਲੋਕਧਾਰਾ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਤਰ੍ਹਾਂ ਹੀ ਇਸ ਦੇ ਲੱਛਣਾਂ ਨੂੰ ਨਿਸ਼ਚਿਤ ਕਰਨਾ ਆਸਾਨ ਨਹੀਂ ਹੈ। ਵਿਦਵਾਨਾਂ ਦੁਆਰਾ ਪ੍ਰਵਾਨ ਕੀਤੇ ਜਾਂਦੇ ਕੁਝ ਮੁੱਖ ਲੱਛਣ ਇਸ ਤਰ੍ਹਾਂ ਹਨ: ਪਰੰਪਰਾ: ਪਰੰਪਰਾ ਭਾਵੇਂ ਲੋਕਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕਧਾਰਾ ਜੀਵੰਤ ਨਹੀਂ ਰਹਿ ਸਕਦੀ। ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਰੀਤਾਂ ਦੇ ਤੌਰ ਤੇ ਗ੍ਰਹਿਣ ਕਰਦਾ ਹੈ। ਲੋਕਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ। ਲੋਕਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾ ਸਕਦਾ ਹੈ।

ਪ੍ਰਵਾਨਗੀ

ਸੋਧੋ

ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੋ ਸਕਦੀ ਹੈ ਜਦੋਂ ਉਸਨੂੰ ਲੋਕ-ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ। ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਅਤੇ ਨਿਖੜਦਾ ਰਹਿੰਦਾ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ।

ਮਨੋਸਥਿਤੀ

ਸੋਧੋ

ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਮਨੋ-ਸਥਿਤੀ, ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ-ਸਥਿਤੀ ਤੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ, ਜੀਵਨ-ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰਿਵਰਤਨ

ਸੋਧੋ

ਬਦਲਾਵ ਤਾਂ ਸਮਾਜ ਦਾ ਨਿਯਮ ਹੈ। ਇਸ ਤਰ੍ਹਾਂ ਹੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਲੋਕਧਾਰਾ ਵਿੱਚ ਪਰਿਵਰਤਨ ਸਹਿਜੇ ਹੀ ਵਾਪਰ ਜਾਂਦਾ ਹੈ। ਲੋਕਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੋ ਜਾਂਦੇ ਹਨ ਅਤੇ ਪੁਰਾਣੇ ਜਿਹਨਾਂ ਦੀ ਸਾਰਥਕਤਾ ਨਹੀਂ ਹੁੰਦੀ, ਤਿਆਗ ਦਿੱਤੇ ਜਾਂਦੇ ਹਨ।

ਪ੍ਰਤਿਭਾ

ਸੋਧੋ

ਲੋਕਧਾਰਾ ਦੇ ਵਿਚੋਂ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ। ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ। ਪਰ ਕੋਈ ਇੱਕ ਵਿਅਕਤੀ ਜਿਹੜਾ ਪਰੰਪਰਾ ਦੇ ਨਾਲ ਡੂੰਘੇ ਰੂਪ ਵਿੱਚ ਜੁੜਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਨਿੱਜ ਤੱਕ ਸੀਮਤ ਨਾ ਹੋ ਕੇ ਸਮੂਹ ਦੀ ਪ੍ਰਤਿਨਿਧਤਾ ਹੀ ਕਰ ਰਿਹਾ ਹੁੰਦਾ ਹੈ। ਇਸ ਕੰਮ ਦੇ ਲਈ ਬਹੁਤ ਲੰਮੀ ਘਾਲਣਾ ਦੀ ਜ਼ਰੂਰਤ ਹੁੰਦੀ ਹੈ।

ਪ੍ਰਬੰਧਕਤਾ

ਸੋਧੋ

ਲੋਕਧਾਰਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਹ ਪ੍ਰਸੰਗ ਦੇ ਅਧੀਨ ਹੀ ਵਿਚਰਦੀ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਲੋਕਧਾਰਾ ਦੇ ਸਾਰੇ ਤੱਤ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ। ਕੋਈ ਵੀ ਤੱਤ ਵਾਧੂ ਜਾਂ ਅਪ੍ਰਸੰਗਿਕ ਨਹੀਂ ਹੁੰਦਾ।

ਕਹਾਣੀਕਾਰ ਗੁਰਬਚਨ ਭੁੱਲਰ ਦੀ ਨਿਗ੍ਹਾ 'ਚ ਡਾ. ਬੇਦੀ

ਸੋਧੋ

ਆਮ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ ਹੈ,ਮੈਂ ਸਮਝਦਾ ਹਾਂ ਕਿ ਇਹ ਆਖਣਾ ਵੀ ਇਹਨਾਂ ਦੇ ਕੰਮ ਦਾ ਪੂਰਾ ਮੁੱਲ ਨਾ ਪਾਉਣ ਵਾਂਗ ਹੈ।ਇਹ ਗੱਲ ਇਹਨਾਂ ਅਰਥਾਂ ਵਿੱਚ ਤਾਂ ਠੀਕ ਹੈ ਕਿ ਜੋ ਖੋਜ ਕਾਰਜ ਇਹਨਾਂ ਨੇ ਨੇਪਰੇ ਚਾੜ੍ਹਿਆ ਹੈ,ਉਹ ਕਿਸੇ ਇਕੱਲੇ ਇਕਹਿਰੇ ਵਿਅਕਤੀ ਦੇ ਵਿਤ ਤੋਂ ਬਾਹਰ ਦੀ ਗੱਲ ਹੈ,ਇੰਨਾਂ ਕੰਮ ਕੋਈ ਸੰਸਥਾ ਹੀ ਨਿਭਾਅ ਸਕਦੀ ਹੈ,ਜਿਸ ਵਿੱਚ ਅਨੇਕ ਖੋਜਕਾਰਾਂ ਦਾ ਅਮਲਾ ਸਿਰ ਜੋੜ ਕੇ ਕੰਮ ਕਰ ਰਿਹਾ ਹੋਵੇ।ਪਰ ਇਹ ਗੱਲ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਲੋਕਧਾਰਾ ਦੀ ਖੋਜ ਦੇ ਖੇਤਰ ਵਿੱਚ ਇਸ ਇੱਕ ਇਕੱਲੇ ਇਕਹਿਰੇ ਵਿਅਕਤੀ ਦੇ ਬਰਾਬਰ ਦੇ ਕੱਦ ਵਾਲੀ ਕੋਈ ਸੰਸਥਾ ਨਜ਼ਰ ਨਹੀਂ ਆਉਂਦੀ।

ਡਾ. ਬੇਦੀ ਦੀ ਘਾਲਣਾ ਦੇਖਦਿਆਂ ਪੰਜਾਬੀ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਜ਼ਰੂਰ ਚੇਤੇ ਆਉਂਦਾ ਹੈ।ਉਹਨਾਂ ਵੱਲੋਂ ਆਪਣੇ ਸਮੇਂ 'ਚ ਤਿਆਰ ਕੀਤਾ ਗਿਆ ਮਹਾਨ ਕੋਸ਼ ਸੱਚਮੁੱਚ ਇੱਕ ਕਾਰਨਾਮਾ ਸੀ।ਪਰ ਭਾਈ ਸਾਹਿਬ ਦੀ ਪ੍ਰਾਪਤੀ ਵਿੱਚ ਲੱਗੀ ਘਾਲਣਾ ਨੂੰ ਰੱਤੀ ਭਰ ਵੀ ਛੁਟਿਆਏ ਬਿਨਾਂ ਇਹ ਕਹਿਣਾ ਵਾਜਿਬ ਹੋਏਗਾ ਕਿ ਉਹਨਾਂ ਨੂੰ ਤੇ ਵਣਜਾਰਾ ਬੇਦੀ ਨੂੰ ਪ੍ਰਾਪਤ ਸਹੂਲਤਾਂ ਤੇ ਵਸੀਲਿਆਂ 'ਚ ਧਰਤੀ ਅਸਮਾਨ ਦਾ ਫਰਕ ਹੈ।ਭਾਈ ਸਾਹਿਬ ਨੂੰ ਖੋਜ ਕਾਰਜ ਵਿੱਚ ਵੀ ਸਹਾਇਤਾ ਦੀ ਕੋਈ ਘਾਟ ਨਹੀਂ ਸੀ ਅਤੇ ਆਪਣੀ ਰਚਨਾ ਦੇ ਪ੍ਰਕਾਸ਼ਨ ਵਿੱਚ ਵੀ।ਮਹਾਨ ਕੋਸ਼ ਦੀ ਛਪਾਈ ਲਈ ਸਿੱਖ ਰਾਜੇ ਵੀ ਤੱਤਪਰ ਸਨ ਤੇ ਸਿੱਖ ਭਾਈਚਾਰੇ ਦੇ ਆਗੂ ਵੀ।ਦੂਜੇ ਪਾਸੇ ਡਾ. ਵਣਜਾਰਾ ਬੇਦੀ ਨੂੰ ਆਪਣਾ ਖੋਜ ਕਾਰਜ ਵੀ ਇਕੱਲਿਆਂ ਹੀ ਪੂਰਾ ਕਰਨਾ ਪਿਆ ਤੇ ਓਹਨੂੰ ਪੁਸਤਕਾਂ ਦਾ ਰੂਪ ਦੇਣ ਲਈ ਖਾਸ ਕਰਕੇ "ਪੰਜਾਬੀ ਲੋਕਧਾਰਾ ਵਿਸ਼ਵਕੋਸ਼" ਦੇ ਸਬੰਧ 'ਚ ਆਪ ਯਤਨ ਕਰਨੇ ਪੲੇ।

ਪੁਸਤਕਾਂ ਬਾਰੇ

ਸੋਧੋ

ਇੱਕ ਘੁੱਟ ਰਸ ਦਾ

ਸੋਧੋ

ਡਾ.ਬੇਦੀ ਨੇ ਇਹ ਪੁਸਤਕ 1965 ਵਿੱਚ ਲੋਕ ਪ੍ਰਕਾਸ਼ਨ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।208 ਪੰਨਿਆਂ ਦੀ ਇਸ ਪੁਸਤਕ ਵਿੱਚ 128 ਲੋਕ ਕਹਾਣੀਆਂ ਪ੍ਰਸਤੁਤ ਕੀਤੀਆਂ ਗਈਆਂ ਹਨ।ਇਸ ਪੁਸਤਕ ਦੀ ਭੂਮਿਕਾ ਵਿੱਚ ਉਹ ਅਜੋਕੀ ਕਹਾਣੀ ਨੂੰ ਲੋਕ ਕਹਾਣੀ ਦੀ ਪ੍ਰੰਪਰਾ ਨਾਲ ਜੋੜਦੇ ਹਨ।ਇਸ ਪੁਸਤਕ ਵਿੱਚ ਰੱਬ,ਪ੍ਰਕਿ੍ਰਤੀ ਤੇ ਮਨੁੱਖ ਨਾਲ ਸਬੰਧਿਤ 14 ਲੋਕ ਕਹਾਣੀਆਂ,ਧਰਮ ਕਰਮ ਤੇ ਪੁੰਨ ਦਾਨ ਨਾਲ ਸਬੰਧਿਤ ਦਸ,ਘਰੋਗੀ ਰੰਗ ਰੂਪ ਨਾਲ ਸਬੰਧਿਤ ਦਸ,ਜਾਤੀ ਸੁਭਾਵ ਨਾਲ ਸਬੰਧਿਤ ਉਨੱਤੀ,ਮਨੁੱਖੀ ਸੁਭਾਵ ਅਤੇ ਪ੍ਰਵਿ੍ਰਤੀਆਂ ਨਾਲ ਸਬੰਧਿਤ ਉੱਨੀ,ਬੁੱਧੀ ਬਿਲਾਸ ਤੇ ਚਾਤੁਰੀ ਨਾਲ ਸਬੰਧਿਤ ਚੌਦਾਂ,ਮੂਰਖਾਂ ਦੀਆਂ ਅਲੋਕਾਰੀਆਂ ਨਾਲ ਸਬੰਧਿਤ ਨੌਂ,ਕਾਰ ਵਿਹਾਰ ਨਾਲ ਸਬੰਧਿਤ ਪੰਜ ਅਤੇ ਸਤਨਾਜਾ ਨਾਲ ਸਬੰਧਿਤ ਅਠਾਰਾਂ ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।

ਪੰਜਾਬ ਦੀਆਂ ਜਨੌਰ ਕਹਾਣੀਆਂ

ਸੋਧੋ

ਡਾ. ਬੇਦੀ ਪੁਸਤਕ ਦੀ ਇਹ ਪੁਸਤਕ ਮਈ,1955 ਵਿੱਚ ਨੈਸ਼ਨਲ ਬੁੱਕ ਸ਼ਾਪ,ਦਿੱਲੀ ਨੇ ਪ੍ਰਕਾਸ਼ਿਤ ਕੀਤੀ।ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਵਿੱਚ ਡਾ.ਬੇਦੀ ਦਾ ਬਹੁਤ ਸ਼ਲਾਘਾਯੋਗ ਯੋਗਦਾਨ ਹੈ।ਇਸ ਪੁਸਤਕ ਵਿੱਚ ਪ੍ਰਸਤੁਤ ਇੱਕੀ ਜਨੌਰ ਕਥਾਵਾਂ ਵਿੱਚ ਆਮ ਤੌਰ 'ਤੇ ਉਹ ਜਾਨਵਰ ਅਤੇ ਜੀਵ ਆਉਂਦੇ ਹਨ,ਜਿੰਨ੍ਹਾਂ ਨਾਲ ਮਨੁੱਖੀ ਮਨ ਨੇੜੇ ਤੋਂ ਸਬੰਧਿਤ ਹੈ।ਇਸ ਪੁਸਤਕ ਦੀ ਭੂਮਿਕਾ ਵਿੱਚ ਡਾ.ਬੇਦੀ ਮਨੁੱਖਾਂ ਦੇ ਪਸ਼ੂ ਪੰਛੀਆਂ ਨਾਲ ਨੇੜਲੇ ਸਬੰਧਾਂ ਬਾਰੇ ਲਿਖਦੇ ਹਨ,"ਸਾਡੀਆਂ ਲੋਕ ਕਹਾਣੀਆਂ ਵਿੱਚ ਜਨੌਰਾਂ ਨੂੰ ਬੜੀ ਮਹੱਤਵਪੂਰਨ ਥਾਂ ਪ੍ਰਾਪਤ ਹੈ ਅਤੇ ਇੰਨ੍ਹਾਂ ਕਹਾਣੀਆਂ ਵਿੱਚ ਜਨੌਰਾਂ ਵਾਂਗ ਮਨੁੱਖੀ ਸੁਭਾਅ ਦੇ ਸਾਰੇ ਗੁਣ ਔਗਣ ਜੋੜ ਕੇ ਆਮ ਮਨੁੱਖਾਂ ਵਾਂਗ ਹੀ ਉਹਨਾਂ ਨੂੰ ਗੱਲਬਾਤ ਕਰਾ ਕੇ ਸਿੱਖਿਆਦਾਇਕ ਨਤੀਜੇ ਕੱਢੇ ਗੲੇ ਹਨ।

ਲੋਕ ਕਹਾਣੀ ਪੰਜਾਬ

ਸੋਧੋ

ਡਾ. ਬੇਦੀ ਨੇ ਇਹ ਪੁਸਤਕ 1988 ਵਿੱਚ ਸਾਹਿਤ ਅਕਾਦਮੀ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ 35 ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ,ਜੋ ਉਹਨਾਂ ਦੇ ਵੱਖੋ ਵੱਖਰੇ ਲੋਕ ਕਹਾਣੀਆਂ ਸੰਗ੍ਰਿਹ ਵਿੱਚੋਂ ਲਈਆਂ ਗਈਆਂ ਹਨ।ਇਸ ਪੁਸਤਕ ਦੇ ਆਰੰਭ ਵਿੱਚ ਲੋਕ ਕਹਾਣੀਆਂ ਦੇ ਰੂਪ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ।

ਮੱਧਕਾਲੀਨ ਪੰਜਾਬੀ ਕਥਾ: ਰੂਪ ਤੇ ਪਰੰਪਰਾ

ਸੋਧੋ

ਡਾ.ਬੇਦੀ ਨੇ ਇਹ ਪੁਸਤਕ 1977 ਵਿੱਚ ਪਰੰਪਰਾ ਪ੍ਰਕਾਸ਼ਨ,ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਡਾ.ਬੇਦੀ ਨੇ ਮੱਧਕਾਲੀਨ ਕਥਾ ਸਾਹਿਤ ਦੀ ਪਰੰਪਰਾ,ਕਥਾ ਸਾਹਿਤ ਦੀ ਸਿਰਜਨਾ,ਸਿਰਜਨ ਪ੍ਰਵ੍ਰਿਤੀਆਂ,ਕਥਾਨਕ ਰੂੜ੍ਹੀਆਂ ਅਤੇ ਰੂੜ੍ਹ ਕਥਾਵਾਂ,ਪੰਜਾਬੀ ਕਥਾ ਪਰੰਪਰਾ ਤੇ ਮੱਧਕਾਲੀਨ ਕਥਾ ਸੰਸਾਰ ਬਾਰੇ ਗੱਲ ਕਰਦਿਆਂ ਬਾਤਾਂ ਦੇ ਲਗਭਗ ਛੱਬੀ ਰੂਪਾਂ ਬਾਰੇ ਚਰਚਾ ਕੀਤੀ ਹੈ ਅਤੇ ਅਖੀਰ ਵਿੱਚ ਇੰਨ੍ਹਾਂ ਰੂਪਾਂ ਨਾਲ ਸੰਬੰਧਿਤ ਲੋਕ ਬਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ।

ਬਾਤਾਂ ਲੋਕ ਪੰਜਾਬ ਦੀਆਂ

ਸੋਧੋ

ਡਾ. ਸੋਹਿੰਦਰ ਸਿੰਘ ਬੇਦੀ ਨੇ ਇਹ ਪੁਸਤਕ 1988 ਵਿੱਚ ਨਵਯੁੱਗ ਪਬਲਿਸ਼ਰਜ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਮੁੱਢੀ,ਮਿੱਥ ਕਥਾ,ਦੰਤ ਕਥਾ,ਨੀਤੀ ਕਥਾਵਾਂ ਅਤੇ ਸਾਖੀਆਂ ਨਾਲ ਸਬੰਧਤ ਕੁੱਲ 53 ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।ਲੋਕ ਕਹਾਣੀ ਲਈ ਬਾਤ ਸ਼ਬਦ ਦਾ ਪ੍ਰਯੋਗ ਕਰਨ ਦੀ ਹਾਮੀ ਭਰਦੇ ਉਹ ਲਿਖਦੇ ਹਨ,"ਨਿੱਕੀ ਕਹਾਣੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਹਾਣੀ ਦਾ ਮਤਲਬ ਹੀ ਲੋਕ ਕਹਾਣੀ ਹੋਇਆ ਕਰਦਾ ਸੀ,ਅਥਵਾ ਕਹਾਣੀ ਹੁੰਦੀ ਹੀ ਲੋਕ ਕਹਾਣੀ ਸੀ,ਹੁਣ ਸਾਨੂੰ ਲੋਕ ਕਹਾਣੀਆਂ ਲਈ ਬਾਤ ਸ਼ਬਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ।"

ਪੁਸਤਕਾਂ

ਸੋਧੋ
  • ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਅੱਠ ਭਾਗ)[9]
  • ਪੰਜਾਬ ਦੀਆਂ ਜਨੌਰ ਕਹਾਣੀਆਂ
  • ਅੱਧੀ ਮਿੱਟੀ ਅੱਧਾ ਸੋਨਾ - (ਸਵੈ ਜੀਵਨੀ)
  • ਬਾਤਾਂ ਮੁੱਢ ਕਦੀਮ ਦੀਆਂ[10]
  • ਮੱਧਕਾਲੀਨ ਪੰਜਾਬੀ ਕਥਾ: ਰੂਪ ਅਤੇ ਪਰੰਪਰਾ
  • ਪੰਜਾਬੀ ਸਾਹਿਤ - ਇਤਿਹਾਸ ਦੀਆਂ ਲੋਕ - ਰੂੜੀਆਂ
  • ਲੋਕਬੀਰ ਰਾਜਾ ਰਸਾਲੂ (1981)[11]
  • ਪੰਜਾਬ ਦੀ ਲੋਕਧਾਰਾ
  • ਗਲੀਏ ਚਿੱਕੜ ਦੂਰ ਘਰ (ਸਵੈ-ਜੀਵਨੀ, ਸਾਹਿਤ ਕਲਾ ਪ੍ਰੀਸ਼ਦ ਅਵਾਰਡ ਲਈ ਚੁਣੀ ਗਈ)
  • ਲੋਕ ਧਰਮ (2007)[12]
  • ਸੁਨਹਿਰੀ ਕਲਗੀ ਵਾਲਾ ਮੁਰਗਾ[13]
  • ਅੰਧਾ ਭਾਈ ਜਾਗਦਾ
  • ਰੂਸੀ ਲੋਕਧਾਰਾ: ਇੱਕ ਪਛਾਣ (1986)[14]
  • ਪੰਜਾਬ ਦੀਆਂ ਲੋਕ ਕਹਾਣੀਆਂ (1954)
  • ਲੋਕ ਆਖਦੇ ਹਨ (1959)
  • ਇੱਕ ਘੁੱਟ ਰਸ ਦਾ (1966)
  • ਸੁਹਜ ਪ੍ਰਬੋਧ (1961)
  • ਖੁਸ਼ਬੂਆਂ(1944)ਕਾਵਿ-ਸੰਗ੍ਰਿਹ
  • ਕੰਵਲ ਪੱਤੀਆਂ(1956)ਕਾਵਿ-ਸੰਗ੍ਰਿਹ
  • ਪਾਣੀ ਅੰਦਰ ਲੀਕ(1964)ਕਾਵਿ-ਸੰਗ੍ਰਿਹ
  • ਅਸਾਮ ਦੀ ਲੋਕਧਾਰਾ
  • ਮੇਰਾ ਨਾਨਕਾ ਪਿੰਡ(1984)ਸਵੈ-ਜੀਵਨੀ
  • ਮੇਰਾ ਦਾਦਕਾ ਪਿੰਡ(1992)ਸਵੈ-ਜੀਵਨੀ
  • ਮੇਰੇ ਰਾਹਾਂ ਦੇ ਸੰਗ(1982)ਸਵੈ-ਜੀਵਨੀ
  • ਗੁਰੂ ਅਰਜਨ ਬਾਣੀ ਵਿੱਚ ਲੋਕ ਤੱਤ(1979)
  • ਲੋਕ ਪਰੰਪਰਾ ਤੇ ਸਾਹਿਤ(1977)
  • Folklore Of Punjab(1969)
  • Folklore Of India(1984)
  • ਪੰਜਾਬ ਦਾ ਲੋਕ ਸਾਹਿਤ (1968)
  • ਗੁਰੂ ਨਾਨਕ ਦੇ ਲੋਕ ਪ੍ਰਵਾਹ (1971)
  • ਪੰਜਾਬ ਦੀ ਲੋਕ ਧਾਰਾ (1973)
  • ਮੱਧਕਾਲੀ ਪੰਜਾਬੀ ਕਥਾ: ਰੂਪ ਅਤੇ ਪਰੰਪਰਾ (1977)
  • ਲੋਕਧਾਰਾ ਤੇ ਸਾਹਿਤ (1977)[15]

ਹਵਾਲੇ

ਸੋਧੋ
  1. ਜੋਸ਼ੀ, ਜੀਤ ਸਿੰਘ (2018). ਪੰਜਾਬੀ ਅਧਿਐਨ ਤੇ ਅਧਿਆਪਨ: ਬਦਲਦੇ ਪਰਿਪੇਖ. ਅੰਮ੍ਰਿਤਸਰ: ਵਾਰਿਸ ਸ਼ਾਹ ਫ਼ਾਉਂਡੇਸ਼ਨ. pp. 487, 88, 89. ISBN ISBN 978-81-7856-097-6. {{cite book}}: Check |isbn= value: invalid character (help)
  2. http://id.loc.gov/authorities/names/n83001680.html
  3. http://www.dawn.com/news/1062191
  4. Punjabi writer Bedi dead The Tribune, August 27[permanent dead link]
  5. "ਸੋਹਿੰਦਰ ਸਿੰਘ ਵਣਜਾਰਾ ਬੇਦੀ". Archived from the original on 2016-03-06. Retrieved 2012-11-14. {{cite web}}: Unknown parameter |dead-url= ignored (|url-status= suggested) (help)
  6. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ ਸ਼ਾਹ, ਫਾਉਂਡੇਸ਼ਨ, ਅੰਮ੍ਰਿਤਸਰ, 1993, ਪੰਨਾ 9.
  7. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29.
  8. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5.
  9. http://books.google.co.in/books/about/Punjabi_lokdhara_vishav_kosh.html?id=PBCKGwAACAAJ&redir_esc=y
  10. http://openlibrary.org/authors/OL5833412A/Vanjara_Bedi
  11. Vanjara Bedi (Open Library)
  12. ਲੋਕਗੀਤ ਪ੍ਰਕਾਸ਼ਨ, (2007)[permanent dead link]
  13. Sunahri kalgi wala murga - Vanjara Bedi - Google Books
  14. Roosi Lokdhara: Ik Pachhan - SOHINDAR S. BEDI. VANJARA
  15. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5. ਸੁਹਿੰਦਰ ਸਿੰਘ ਬੇਦੀ ਲੋਕਧਾਰਾ ਦਾ ਮਹੱਤਵ, ਲੋਕਯਾਨ ਅਧਿਐਨ (ਸੰਪਾਦਕ) ਕਰਨੈਲ ਸਿੰਘ ਥਿੰਦ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਵਿਭਾਗ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਨਾ ਨੰ. 23