ਚਾਰਵਾਕ (ਸੰਸਕ੍ਰਿਤ: चार्वाक), ਦਰਸ਼ਨ, ਜਿਸ ਨੂੰ ਲੋਕਾਇਤ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਦਰਸ਼ਨ ਦੀ ਇੱਕ ਪ੍ਰਨਾਲੀ ਹੈ ਜਿਸਦਾ ਸੰਬੰਧ ਦਾਰਸ਼ਨਕ ਸੰਦੇਹਵਾਦ ਅਤੇ ਧਾਰਮਿਕ ਉਦਾਸੀਨਤਾ ਦੇ ਵੱਖ-ਵੱਖ ਰੂਪਾਂ ਨਾਲ ਹੈ।[1] ਸ਼ਬਦ ਵਿਉਤਪਤੀ ਪੱਖੋਂ, ਚਾਰਵਾਕ ਅਤੇ ਲੋਕਾਇਤ ਦੋਵੇਂ ਸ਼ਬਦ ਸੰਸਕ੍ਰਿਤ ਵਿੱਚ ਲੋਕਪ੍ਰਿਅਤਾ ਦੇ ਸੰਕੇਤ ਹਨ। ਚਾਰਵਾਕ ਦਰਸ਼ਨ ਇੱਕ ਭੌਤਿਕਵਾਦੀ ਨਾਸਤਿਕ ਦਰਸ਼ਨ ਹੈ। ਇਹ ਸਿਰਫ ਪ੍ਰਤੱਖ ਪ੍ਰਮਾਣ ਨੂੰ ਮੰਨਦਾ ਹੈ ਅਤੇ ਪਰਲੋਕ ਸਬੰਧੀ ਸੱਤਾਵਾਂ ਨੂੰ ਇਹ ਸਿਧਾਂਤ ਸਵੀਕਾਰ ਨਹੀਂ ਕਰਦਾ।[2][3]

ਚਾਰਵਾਕ ਪ੍ਰਾਚੀਨ ਭਾਰਤ ਦੇ ਇੱਕ ਅਨੀਸ਼ਵਰਵਾਦੀ ਅਤੇ ਨਾਸਤਿਕ ਤਰਕਸ਼ੀਲ ਸਨ। ਇਹ ਨਾਸਤਿਕ ਮਤ ਦੇ ਪ੍ਰਵਰਤਕ ਬ੍ਰਹਿਸਪਤੀ ਦੇ ਚੇਲੇ ਮੰਨੇ ਜਾਂਦੇ ਹਨ। ਬ੍ਰਹਸਪਤੀ ਅਤੇ ਚਾਰਵਾਕ ਕਦੋਂ ਹੋਏ ਇਸਦਾ ਕੁੱਝ ਵੀ ਪਤਾ ਨਹੀਂ ਹੈ। ਬ੍ਰਹਸਪਤੀ ਨੂੰ ਚਾਣਕਯ ਨੇ ਅਰਥ ਸ਼ਾਸਤਰ ਦਾ ਇੱਕ ਪ੍ਰਧਾਨ ਆਚਾਰੀਆ ਮੰਨਿਆ ਹੈ।

ਜਾਣ ਪਛਾਣ

ਸੋਧੋ

ਚਾਰਵਾਕ ਦਾ ਨਾਮ ਸੁਣਦੇ ਹੀ ਤੁਹਾਨੂੰ ‘ਯਦਾ ਜੀਵੇਤ ਸੁਖੰ ਜੀਵੇਤ, ਰਿਣ ਕ੍ਰਿਤ੍ਵਾ, ਘ੍ਰਤੰ ਪੀਵੇਤ’ (ਜਦੋਂ ਤੱਕ ਜੀਉ ਸੁਖ ਨਾਲ ਜੀਉ, ਉਧਾਰ ਲਓ ਅਤੇ ਘੀ ਪੀਓ) ਦੀ ਯਾਦ ਆਵੇਗੀ। ‘ਚਾਰਵਾਕ’ ਨਾਮ ਨੂੰ ਹੀ ਗਾਲ ਦੀ ਤਰ੍ਹਾਂ ਲਿਆ ਜਾਂਦਾ ਹੈ। ਜਿਵੇਂ ਇਸ ਸਿਧਾਂਤ ਨੂੰ ਮੰਨਣ ਵਾਲੇ ਸਿਰਫ ਕਰਜਖੋਰ, ਭੋਗਵਾਦੀ ਅਤੇ ਪਤਿਤ ਲੋਕ ਸਨ। ਪ੍ਰਚੱਲਤ ਧਾਰਨਾ ਇਹੀ ਹੈ ਕਿ ਚਾਰਵਾਕ ਸ਼ਬਦ ਦੀ ਉਤਪਤੀ ‘ਚਾਰੁ’ + ’ਵਾਕ’ (ਮਿੱਠੀ ਬੋਲੀ ਬੋਲਣ ਵਾਲੇ) ਤੋਂ ਹੋਈ ਹੈ। ਚਾਰਵਾਕ ਅਤੇ ਲੋਕਾਇਤ ਦੋਨੋਂ ਸ਼ਬਦਾਂ ਦਾ ਸੰਸਕ੍ਰਿਤ ਵਿੱਚ ਮਤਲਬ ਹਰਮਨਪਿਆਰਾ ਜਾਂ ਲੋਕਪਸੰਦ ਹੈ।[2][3] ਸਾਫ਼ ਹੈ ਕਿ ਇਹ ਨਾਮਕਰਨ ਇਸ ਸਿਧਾਂਤ ਦੇ ਉਨ੍ਹਾਂ ਵਿਰੋਧੀਆਂ ਦੁਆਰਾ ਕੀਤਾ ਗਿਆ ਹੈ ਕਿ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਲੋਕ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਭੋਲ਼ੇ-ਭਾਲੇ ਲੋਕਾਂ ਨੂੰ ਬਹਿਕਾਉਂਦੇ ਸਨ। ਚਾਰਵਾਕ ਸਿਧਾਂਤਾਂ ਲਈ ਬੋਧੀ ਪਿਟਕਾਂ ਤੱਕ ਵਿੱਚ ‘ਚਾਰਵਾਕ ਸ਼ਾਸਤਰ’ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦਾ ਅਰਥ ‘ਦਰਸ਼ਨ ਦੀ ਉਹ ਪ੍ਰਨਾਲੀ ਹੈ ਜੋ ਇਸ ਲੋਕ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਸਵਰਗ, ਨਰਕ ਅਤੇ ਮੁਕਤੀ ਦੀ ਅਵਧਾਰਣਾ ਵਿੱਚ ਵਿਸ਼ਵਾਸ ਨਹੀਂ ਰਖਦੀ’। ਚਾਰਵਾਕ ਜਾਂ ਚਾਰਵਾਕ ਸ਼ਾਸਤਰ ਦਰਸ਼ਨ ਦਾ ਜਿਕਰ ਤਾਂ ਮਹਾਂਭਾਰਤ ਵਿੱਚ ਵੀ ਮਿਲਦਾ ਹੈ ਲੇਕਿਨ ਇਸਦਾ ਕੋਈ ਵੀ ਮੂਲ ਗਰੰਥ ਨਹੀਂ ਮਿਲਦਾ। ਸਾਫ਼ ਹੈ ਕਿ ਇਹ ਆਪਣੇ ਸਮੇਂ ਦੀਆਂ ਸੱਤਾਧਾਰੀ ਤਾਕਤਾਂ ਦੇ ਖਿਲਾਫ ਗੱਲ ਕਰਦਾ ਸੀ, ਤਾਂ ਹੀ ਇਸਦੇ ਗ੍ਰੰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਪ੍ਰਚੱਲਤ ਕਥਾਵਾਂ ਵਿੱਚ ਚਾਰਵਾਕਾਂ ਨੂੰ ਖਲਨਾਇਕਾਂ ਦੀ ਤਰ੍ਹਾਂ ਪੇਸ਼ ਕੀਤਾ ਗਿਆ।

ਚਾਰਵਾਕ ਦਰਸ਼ਨ ਦੀ ਗਿਆਨ ਮੀਮਾਂਸਾ (ਵਿਗਿਆਨ)

ਸੋਧੋ

ਗਿਆਨ ਮੀਮਾਂਸਾ ਦਰਸ਼ਨ ਸ਼ਾਸਤਰ ਦੀ ਉਹ ਸਾਖਾ ਹੈ ਜੋ ਗਿਆਨ ਦਾ ਅਧਿਐਨ ਕਰਦੀ ਹੈ। ਗਿਆਨ ਮੀਮਾਂਸਾ ਦੇ ਕੁਝ ਮੁੱਖ ਸਵਾਲ ਇਸ ਤਰਾਂ ਹਨ; ਗਿਆਨ ਕੀ ਹੈ? ਗਿਆਨ ਪ੍ਰਾਪਤ ਕਿਵੇਂ ਹੁੰਦਾ ਹੈ? ਗਿਆਨ ਦੀ ਸੀਮਾ ਕੀ ਹੈ? ਗਿਆਨ ਦੇ ਸਰੋਤ ਕੀ ਹਨ? ਭਾਰਤੀ ਦਰਸ਼ਨ ਪਰੰਪਰਾ ਵਿੱਚ ਗਿਆਨ ਦੇ ਸਰੋਤ ਬਾਰੇ ਅਲੱਗ ਅਲੱਗ ਦਾਰਸ਼ਨਿਕ ਪ੍ਰਣਾਲੀਆਂ (ਸਕੂਲਾਂ) ਦੇ ਵੱਖ-ਵੱਖ ਵਿਚਾਰ ਹਨ। ਜਿਵੇਂ - ਨਿਆਇ ਦਰਸ਼ਨ ਚਾਰ ਪ੍ਰਮਾਣ ਮੰਨਦਾ ਹੈ, ਵੈਸ਼ੇਸ਼ਕਾ ਦਰਸ਼ਨ ਦੋ, ਮੀਮਾਂਸਾ ਦਰਸ਼ਨ ਛੇ ਪ੍ਰਮਾਣ ਅਤੇ ਜੈਨ ਦਰਸ਼ਨ ਤਿੰਨ ਪ੍ਰਮਾਣ ਮੰਨਦਾ ਹੈ। ਪ੍ਰਮਾਣ ਦਾ ਅਰਥ ' ਗਿਆਨ ਦਾ ਸਾਧਨ' ਹੁੰਦਾ ਹੈ। ਇਸ ਤਰ੍ਹਾਂ ਜਿਸ ਸਾਧਨ ਰਾਹੀਂ ਮਨੁੱਖ ਨੂੰ ਗਿਆਨ (ਪ੍ਰਮਾ) ਪ੍ਰਾਪਤ ਹੁੰਦਾ ਹੈ ਉਸ ਨੂੰ ਪ੍ਰਮਾਣ ਕਿਹਾ ਜਾਂਦਾ ਹੈ। ਚਾਰਵਾਕ ਦਰਸ਼ਨ ਗਿਆਨ ਦਾ ਸਰੋਤ ਕੇਵਲ ਪ੍ਰਤੱਖ ਪ੍ਰਮਾਣ ਨੂੰ ਮੰਨਦਾ ਹੈ। "ਪ੍ਰਤੱਖ ਸ਼ਬਦ ਦਾ ਅਰਥ ਹੈ 'ਪ੍ਰਤੀ' + 'ਅਕਸ਼' ਮਤਲਬ ' ਅੱਖਾਂ ਦੇ ਸਾਹਮਣੇ। ਇਸ ਸ਼ਾਬਦਿਕ ਅਰਥ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪ੍ਰਤੱਖ ਪ੍ਰਮਾਣ ਯਥਾਰਥ ਗਿਆਨ ਦੀ ਪ੍ਰਾਪਤੀ ਦੇ ਲਈ ਇੰਦਰੀਆਂ ਨੂੰ ਸਾਧਨ ਮੰਨਦਾ ਹੈ| ਦੂਜੇ ਸ਼ਬਦਾਂ ਦੇ ਵਿੱਚ ਪ੍ਰਮਾਣ ਇੰਦਰੀਆਂ ਤੋਂ ਪ੍ਰਾਪਤ ਗਿਆਨ ਨੂੰ ਸੱਚ ਮੰਨਦਾ ਹੈ। ਇਸ ਪ੍ਰਕਾਰ ਚਾਰਵਾਕ ਦਰਸ਼ਨ ਦੇ ਅਨੁਸਾਰ ਜੋ ਗਿਆਨ ਸਾਨੂੰ ਇੰਦਰੀਆਂ ਦਿੰਦੀਆਂ ਹਨ, ਉਹ ਸੱਚ ਹੈ।"[4]

ਚਾਰਵਾਕ ਦਰਸ਼ਨ ਦੀ ਤੱਤ ਮੀਮਾਂਸਾ

ਸੋਧੋ

ਚਾਰਵਾਕ ਦਰਸ਼ਨ ਦੀ ਤੱਤ ਮੀਮਾਂਸਾ ਨੂੰ ਉਸਦੀ ਗਿਆਨ ਮੀਮਾਂਸਾ ਦੀ ਦੇਣ ਕਿਹਾ ਜਾ ਸਕਦਾ ਹੈ। ਚਾਰਵਾਕ ਦਰਸ਼ਨ ਵਿੱਚ ਕੇਵਲ ਪ੍ਰਤੱਖ ਨੂੰ ਹੀ ਪ੍ਰਮਾਣ ਮੰਨਿਆ ਗਿਆ ਹੈ। ਮੁੱਖ ਤੌਰ ਤੇ ਤੱਤ ਮੀਮਾਂਸਾ ਵਿੱਚ ਈਸ਼ਵਰ, ਆਤਮਾ, ਸਮੇਂ ਅਤੇ ਸਥਾਨ, ਸਵਰਗ-ਨਰਕ, ਦ੍ਰਵ,ਕਾਰਨਤਾ ਅਤੇ ਜਗਤ ਆਦਿ ਬਾਰੇ ਚਿੰਤਨ ਕੀਤਾ ਜਾਂਦਾ ਹੈ। ਇਹ ਦਰਸ਼ਨ ਈਸ਼ਵਰ, ਆਤਮਾ ਅਤੇ ਜਗਤ ਇਹਨਾਂ ਤਿੰਨਾਂ ਤੇ ਵਿਚਾਰ ਕਰਦਾ ਹੈ। "ਪ੍ਰਤੱਖ ਪ੍ਰਮਾਣ ਦੇ ਆਧਾਰ ਤੇ ਕੇਵਲ ਭੂਤ (ਪਦਾਰਥ) ਦਾ ਹੀ ਗਿਆਨ ਹੁੰਦਾ ਹੈ। ਇਸ ਲਈ ਭੂਤ ਨੂੰ ਛੱਡ ਕੇ ਕੋਈ ਵੀ ਤੱਤ ਯਥਾਰਥ ਨਹੀਂ ਹੈ। ਈਸ਼ਵਰ, ਆਤਮਾ, ਸਵਰਗ, ਨਰਕ, ਕਰਮ ਸਿਧਾਂਤ ਆਦਿ ਕਲਪਨਾ ਮਾਤਰ ਹਨ, ਕਿਉਂਕਿ ਉਹ ਪ੍ਰਤੱਖ ਨਹੀਂ ਹਨ। " [5] ਇਸ ਦਰਸ਼ਨ ਦੀ ਤੱਤ ਮੀਮਾਂਸਾ ਨੂੰ ਅਸੀਂ ਇਸਦੇ ਈਸ਼ਵਰ, ਆਤਮਾ ਅਤੇ ਜਗਤ ਨਾਲ ਸੰਬੰਧਤ ਵਿਚਾਰਾਂ ਨੂੰ ਜਾਣ ਕੇ ਸਮਝ ਸਕਦੇ ਹਾਂ।

ਚਾਰਵਾਕ ਜਗਤ ਦਾ ਅਸਤਿਤਵ ਮੰਨਦਾ ਹੈ, ਕਿਉਂਕਿ ਜਗਤ ਦਾ ਪ੍ਰਤੱਖ ਗਿਆਨ ਹੁੰਦਾ ਹੈ। ਭਾਰਤੀ ਦਰਸ਼ਨ ਨੇ ਜੜ੍ਹ ਜਗਤ ਨੂੰ ਪੰਜ ਭੂਤਾਂ ਤੋਂ ਨਿਰਮਿਤ ਮੰਨਿਆ ਹੈ। ਇਹ ਪੰਜ ਭੂਤ ਹਨ ਪ੍ਰਿਥਵੀ, ਹਵਾ, ਅੱਗ, ਪਾਣੀ ਅਤੇ ਆਕਾਸ਼। "ਚਾਰਵਾਕ ਪੰਜ ਭੂਤਾਂ ਵਿੱਚੋਂ ਚਾਰ ਭੂਤਾਂ ਨੂੰ ਸਵੀਕਾਰ ਕਰਦਾ ਹੈ। ਉਹ ਆਕਾਸ਼ ਨੂੰ ਨਹੀਂ ਮੰਨਦਾ ਹੈ, ਕਿਉਂਕਿ ਆਕਾਸ਼ ਦਾ ਪ੍ਰਤੱਖ ਨਹੀਂ ਹੁੰਦਾ। "[6] ਚਾਰਵਾਕ ਦੇ ਅਨੁਸਾਰ ਇਹਨਾਂ ਦੇ ਕਣਾਂ ਤੋਂ ਹੀ ਜਗਤ ਦਾ ਨਿਰਮਾਣ ਹੁੰਦਾ ਹੈ। ਕੋਈ ਈਸ਼ਵਰ ਇਸ ਦਾ ਨਿਰਮਾਣ ਨਹੀਂ ਕਰਦਾ। ਚਾਰਵਾਕ ਦੇ ਅਨੁਸਾਰ ਇੱਕ ਦੂਜੇ ਨਾਲ ਮਿਲ ਕੇ ਸੰਗਠਿਤ ਹੋਣਾ ਇਹਨਾਂ ਭੂਤਾਂ (ਪਦਾਰਥਾਂ) ਦਾ ਸੁਭਾਅ ਹੈ। ਇਸ ਤਰ੍ਹਾਂ ਇਹਨਾਂ ਦੇ ਸੁਭਾਵਿਕ ਧਰਮ ਅਤੇ ਕਿਰਿਆ ਦੇ ਨਾਲ ਜਗਤ ਆਪਣੇ ਆਪ ਬਣ ਜਾਂਦਾ ਹੈ। ਚਾਰਵਾਕ ਦਾ ਇਹ ਸਿਧਾਂਤ ਸੁਭਾਵਵਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਤੋਂ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਇਹ ਚਾਰ ਤੱਤ ਹੀ ਜਗਤ ਦੇ ਵੱਖ-ਵੱਖ ਪਦਾਰਥਾਂ ਦੀ ਉਤਪੱਤੀ ਦਾ ਕਾਰਨ ਹਨ ਤਾਂ ਇਹਨਾਂ ਭੌਤਿਕ ਤੱਤਾਂ ਤੋਂ ਚੇਤਨ ਜੀਵ ਕਿਵੇਂ ਪੈਦਾ ਹੋ ਸਕਦੇ ਹਨ? ਇਸਦਾ ਅਰਥ ਤਾਂ ਇਹ ਬਣਦਾ ਹੈ ਕਿ ਇਹਨਾਂ ਚਾਰ ਭੌਤਿਕ ਤੱਤਾਂ ਤੋਂ ਇਲਾਵਾ ਚੇਤਨਾ ਦਾ ਵੀ ਅਸਤਿਤਵ ਹੋਣਾ ਚਾਹੀਦਾ ਹੈ| ਇਸ ਚੇਤਨ ਤੱਤ ਨੂੰ ਭਾਰਤੀ ਦਰਸ਼ਨ ਵਿੱਚ ਆਤਮਾ ਦਾ ਨਾਮ ਦਿੱਤਾ ਜਾਂਦਾ ਹੈ| ਜਿਸ ਦਾ ਅਸਤਿਤਵ ਸਰੀਰ ਤੋਂ ਅਲੱਗ ਮੰਨਿਆ ਜਾਂਦਾ ਹੈ | ਪਰ ਚਾਰਵਾਕ ਦਰਸ਼ਨ ਅਜਿਹੀ ਕਿਸੇ ਆਤਮ ਤੱਤ ਨੂੰ ਨਹੀਂ ਮੰਨਦਾ ਜਿਸਦਾ ਅਸਤਿਤਵ ਸਰੀਰ ਤੋਂ ਬਿਨ੍ਹਾਂ ਹੁੰਦਾ ਹੈ| ਉਸ ਅਨੁਸਾਰ ਚੇਤਨਾ ਜਾਂ ਆਤਮਾ ਸਰੀਰ ਦੇ ਨਾਲ ਹੋਂਦ ਰੱਖਦੀ ਹੈ| ਚਾਰਵਾਕ ਦਰਸ਼ਨ ਆਤਮਾ ਦੇ ਅਜਿਹੇ ਕਿਸੇ ਨਿੱਤ ਚੇਤਨ ਅਸਤਿਤਵ ਦੀ ਕੜੀ ਆਲੋਚਨਾ ਕਰਦਾ ਹੈ ਉਹ ਇਸ ਗੱਲ ਦਾ ਜ਼ੋਰਦਾਰ ਵਿਰੋਧ ਕਰਦਾ ਹੈ ਕਿ ਸਾਡੇ ਸਰੀਰ ਵਿੱਚ ਅਜਿਹੀ ਕੋਈ ਨਿੱਤ ਆਤਮਾ ਹੁੰਦੀ ਹੈ ਜੋ ਮੋਕਸ਼ ਪ੍ਰਾਪਤੀ ਤੱਕ ਪੁਨਰਜਨਮ ਧਾਰਨ ਕਰਦੀ ਹੈ| [7]

ਹਵਾਲੇ

ਸੋਧੋ
  1. ਸਰਵਪਲੀ ਰਾਧਾਕ੍ਰਿਸ਼ਨਨ; ਅਤੇ ਚਾਰਲਸ ਏ ਮੂਰ A Source Book in Indian Philosophy. Princeton University Press; 1957. Princeton paperback 12th edition, 1989. ISBN 0-691-01958-4. p. 227.
  2. 2.0 2.1 Monier-Williams (1899); the name literally means "speaking nicely", from cāru "agreeable" and vāk "speech" ਹਵਾਲੇ ਵਿੱਚ ਗ਼ਲਤੀ:Invalid <ref> tag; name "MW" defined multiple times with different content
  3. 3.0 3.1 Cowell and Gough, p. 2; Lokāyata may be etymologically analysed as "prevalent in the world " (loka and āyata)
  4. डा. सोभा निगम, डा. सोभा निगम. भारतीय दर्शन. Delhi: मोतीलाल बनारसीदास. p. 65. ISBN 978-81-208-2416-4. "'प्रत्यक्ष' शब्द का अर्थ है 'प्रति' और 'अक्ष' का अर्थ है 'आंखों के सामने'। इस शाब्दिक अर्थ से यह स्पष्ट हो जाता है कि प्रत्यक्षम वास्तविक ज्ञान प्राप्त करने के साधन के रूप में इंद्रियों को संदर्भित करता है। दूसरे शब्दों में, प्राप्त साक्ष्य चार्वाक दर्शन के अनुसार इंद्रियों द्वारा हमें दिया गया ज्ञान सत्य है।
  5. सिन्हा, प्रो. हरेन्द्र प्रसाद. भारतीय दर्शन. दिल्ली: मोतीलाल बनारसीदास. pp. '75'. प्रत्यक्ष प्रमाण के आधार पर भूत का ही ज्ञान होता है अतः भूत को छोड़कर कोई भी तत्व वास्तविक नहीं है ईश्वर, आत्मा, स्वर्ग, नर्क, कर्म सिद्धांत आदि केवल भ्रम हैं, क्योंकि वे दिखाई नहीं देते।
  6. सिन्हा, प्रो. हरेन्द्र प्रसाद. भारतीय दर्शन. दिल्ली: मोतीलाल बनारसीदास. p. 76. "चार्वाक ने पाँच भूतों में से चार भूतों की सत्ता को स्वीकार करता है| वह आकाश को नहीं मानता है, क्योंकि आकाश का प्रत्यक्षीकरण नहीं होता है।"
  7. निगम, डा. शोभा. भारतीय दर्शन. दिल्ली: मोतीलाल बनारसीदास. p. 69. चार्वाक दर्शन नित्य चेतन आत्मा के अस्तित्व की कड़ी आलोचना करता है, वह इस बात का जोरदार विरोध करता है कि हमारे शरीर में ऐसी कोई नित्य आत्मा होती है जो मोक्ष की प्राप्ति तक पुनर्जन्म धारण करती है।