ਡਾਕਟਰ ਮਥਰਾ ਸਿੰਘ (1883-27 ਮਾਰਚ 1917) ਗ਼ਦਰ ਪਾਰਟੀ ਦੇ ਪ੍ਰਮੁੱਖ ਸ਼ਹੀਦ ਹੋਏ ਹਨ। ਉਹਨਾਂ ਦਾ ਜਨਮ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਦੇ ਪਿੰਡ ਢੁੱਡਿਆਲ ਵਿਖੇ ਸ੍ਰੀ ਹਰੀ ਸਿੰਘ ਦੇ ਘਰ ਹੋਇਆ। ਬਚਪਨ ਵਿੱਚ ਹੀ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।

ਡਾਕਟਰ ਮਥਰਾ ਸਿੰਘ

ਮੁੱਢਲੀ ਵਿੱਦਿਆ ਅਤੇ ਨੌਕਰੀ

ਸੋਧੋ

ਉਹਨਾਂ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ। ਉਹਨਾਂ ਖ਼ਾਲਸਾ ਹਾਈ ਸਕੂਲ ਚੱਕਵਾਲ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਉਹ ਰਾਵਲਪਿੰਡੀ ਵਿੱਚ ਇੱਕ ਦਵਾਈਆਂ ਦੀ ਦੁਕਾਨ ’ਤੇ ਮੁਲਾਜ਼ਮ ਲੱਗ ਗਏ। ਬਾਅਦ ਵਿੱਚ ਉਹ ਨੌਸ਼ਹਿਰੇ ਵਿਖੇ ਇੱਕ ਦਵਾਈਆਂ ਦੀ ਦੁਕਾਨ ਦੇ ਭਾਈਵਾਲ ਬਣ ਗਏ। ਦਵਾਈਆਂ ਦਾ ਕਾਰੋਬਾਰ ਕਰਦੇ ਹੋਣ ਕਰਕੇ ਉਹ ਇਲਾਕੇ ਵਿੱਚ ਡਾਕਟਰ ਮਥਰਾ ਸਿੰਘ ਵਜੋਂ ਪ੍ਰਸਿੱਧ ਹੋਏ।

 
ਗਦਰ ਦੀ ਗੂੰਜ, ਗਦਰੀ ਵੀਰਾਂ ਦੀਆਂ ਰਾਸ਼ਟਰਵਾਦੀ ਅਤੇ ਸਮਾਜਵਾਦੀ ਲਿਖਤਾਂ ਦੀ ਇੱਕ ਪਹਿਲੀ ਪ੍ਰਕਾਸ਼ਨਾ ਜਿਸ ਤੇ 1913 ਵਿੱਚ ਪਾਬੰਦੀ ਲਾ ਦਿੱਤੀ ਗਈ ਸੀ

ਵਿਆਹ ਅਤੇ ਪ੍ਰਦੇਸ ਰਵਾਨਾ ਅਤੇ ਗ਼ਦਰ ਪਾਰਟੀ

ਸੋਧੋ

1908 ਵਿੱਚ ਉਹਨਾਂ ਦਾ ਵਿਆਹ ਹੋ ਗਿਆ। 1913 ਵਿੱਚ ਉਹਨਾਂ ਦੀ ਇਕਲੌਤੀ ਬੱਚੀ ਅਤੇ ਪਤਨੀ ਦੀ ਮੌਤ ਹੋ ਗਈ। 1913 ਵਿੱਚ ਡਾਕਟਰ ਮਥਰਾ ਸਿੰਘ ਸ਼ੰਘਾਈ ਪਹੁੰਚ ਗਏ ਅਤੇ ਉੱਥੇ ਦਵਾਈਆਂ ਦੀ ਦੁਕਾਨ ਖੋਲ੍ਹ ਲਈ। ਜੁਲਾਈ 1913 ਵਿੱਚ ਡਾਕਟਰ ਮਥਰਾ ਸਿੰਘ ਅਮਰੀਕਾ ਚਲੇ ਗਏ ਜਿੱਥੇ ਉਹ ਗ਼ਦਰ ਪਾਰਟੀ ਦੇ ਨੇਤਾਵਾਂ ਦੇ ਸੰਪਰਕ ਵਿੱਚ ਆ ਕੇ ਪਾਰਟੀ ਦਾ ਸਰਗਰਮ ਵਰਕਰ ਬਣ ਗਿਆ। 1913 ਦੇ ਅਖ਼ੀਰ ਵਿੱਚ ਉਹ ਅਮਰੀਕਾ ਤੋਂ ਸ਼ੰਘਾਈ ਪਰਤ ਆਇਆ ਅਤੇ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਗ਼ਦਰ ਅਖ਼ਬਾਰ ਵੰਡਣ ਲੱਗ ਪਿਆ। ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਗ਼ਦਰ ਲਹਿਰ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਕਾਮਾਗਾਟਾਮਾਰੂ

ਸੋਧੋ

24 ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਕੇ ਸਿੱਧੇ ਕੈਨੇਡਾ ਪਹੁੰਚਣ ਦੀ ਯੋਜਨਾ ਬਣਾਈ। ਇਸ ਜਹਾਜ਼ ਨੇ 18 ਮਾਰਚ ਨੂੰ ਹਾਂਗਕਾਂਗ ਤੋਂ ਰਵਾਨਾ ਹੋਣਾ ਸੀ। ਪਰ ਸਰਕਾਰ ਨੇ ਰੁਕਾਵਟਾਂ ਪਾਉਣ ਕਰਕੇ ਜਹਾਜ਼ 4 ਅਪਰੈਲ 1914 ਨੂੰ ਹਾਂਗਕਾਂਗ ਤੋਂ ਰਵਾਨਾ ਹੋਇਆ। ਡਾਕਟਰ ਮਥਰਾ ਸਿੰਘ ਅਤੇ ਉਸ ਦੇ ਭਰਾ ਲਾਭ ਸਿੰਘ ਨੇ ਇਸ ਜਹਾਜ਼ ਰਾਹੀਂ ਕੈਨੇਡਾ ਪਹੁੰਚਣ ਦੀ ਯੋਜਨਾ ਬਣਾਈ, ਪਰ ਜਦ ਉਹ ਹਾਂਗਕਾਂਗ ਪਹੁੰਚੇ ਤਾਂ ਕਾਮਾਗਾਟਾਮਾਰੂ ਜਹਾਜ਼ ਉੱਥੋਂ ਕੈਨੇਡਾ ਲਈ ਰਵਾਨਾ ਹੋ ਚੁੱਕਿਆ ਸੀ। ਡਾਕਟਰ ਮਥਰਾ ਸਿੰਘ ਨੇ ਵਾਪਸ ਸ਼ੰਘਾਈ ਜਾਣ ਦੀ ਥਾਂ ’ਤੇ ਹਾਂਗਕਾਂਗ ਹੀ ਠਹਿਰਣ ਦਾ ਮਨ ਬਣਾ ਲਿਆ। 23 ਮਈ 1914 ਨੂੰ ਕਾਮਾਗਾਟਾਮਾਰੂ ਵੈਨਕੂਵਰ ਪਹੁੰਚਿਆ, ਕੈਨੇਡਾ ਸਰਕਾਰ ਨੇ ਇਸ ਜਹਾਜ਼ ਨੂੰ ਕਿਨਾਰੇ ਨਾ ਲੱਗਣ ਦਿੱਤਾ। ਦੋ ਮਹੀਨੇ ਦੇ ਕਰੀਬ ਇਸ ਜਹਾਜ਼ ਦੇ ਯਾਤਰੂ ਕੈਨੇਡਾ ਵਿੱਚ ਹੀ ਖੱਜਲ-ਖੁਆਰ ਹੁੰਦੇ ਰਹੇ। ਦੇਸ਼-ਵਿਦੇਸ਼ ਵਿੱਚ ਕੈਨੇਡਾ ਸਰਕਾਰ ਦੀ ਹਿੰਦੀ ਮੁਸਾਫਰਾਂ ਨਾਲ ਕੀਤੇ ਗਏ ਭੈੜੇ ਵਤੀਰੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਭਾਰਤੀਆ ਦੇ ਮਨਾਂ ਵਿੱਚ ਦੇਸ਼ ਆਜ਼ਾਦ ਕਰਾਉਣ ਦੀ ਇੱਛਾ ਹੋਰ ਵੀ ਪ੍ਰਬਲ ਹੋ ਗਈ। ਡਾਕਟਰ ਮਥਰਾ ਸਿੰਘ ਨੂੰ ਇਸ ਜ਼ੁਲਮੀ ਵਤੀਰੇ ਦੀ ਜਾਣਕਾਰੀ ਹਾਂਗਕਾਂਗ ਵਿੱਚ ਮਿਲੀ। ਉਹਨਾਂ ਫੈਸਲਾ ਕੀਤਾ ਕਿ ਜਹਾਜ਼ ਦੇ ਮੁਸਾਫਰਾਂ ਦੇ ਹਾਂਗਕਾਂਗ ਪਹੁੰਚਣ ’ਤੇ ਇੱਕ ਭਾਰੀ ਜਲਸਾ ਕੀਤਾ ਜਾਵੇ ਅਤੇ ਉਹਨਾਂ ਨਾਲ ਹੀ ਦੇਸ਼ ਪਹੁੰਚ ਕੇ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਪਾਜ ਉਘਾੜਿਆ ਜਾਵੇ। ਸਰਕਾਰ ਨੂੰ ਮਥਰਾ ਸਿੰਘ ਦੀਆਂ ਇਨ੍ਹਾਂ ਸਰਗਰਮੀਆਂ ਦਾ ਪਤਾ ਲੱਗ ਗਿਆ ਅਤੇ ਜਹਾਜ਼ ਨੂੰ ਹਾਂਗਕਾਂਗ ਦੇ ਕਿਨਾਰੇ ਲੱਗਣ ਹੀ ਨਾ ਦਿੱਤਾ। ਜਹਾਜ਼ ਦੇ ਉੱਥੋਂ ਚਲੇ ਜਾਣ ਪਿੱਛੋਂ ਹੀ ਡਾਕਟਰ ਮਥਰਾ ਸਿੰਘ ਤੇ ਹੋਰ ਲੋਕਾਂ ਨੂੰ ਇਸ ਦਾ ਪਤਾ ਚੱਲਿਆ। 29 ਸਤੰਬਰ 1914 ਨੂੰ ਜਦ ਬਜਬਜਘਾਟ (ਕੋਲਕਾਤਾ) ਵਿਖੇ ਕਾਮਾਗਾਟਾਮਾਰੂ ਜਹਾਜ਼ ਪਹੁੰਚਿਆ ਤਾਂ ਜ਼ਾਲਮ ਸਰਕਾਰ ਨੇ 10 ਮੁਸਾਫ਼ਰ ਸ਼ਹੀਦ ਕਰ ਦਿੱਤੇ। ਇਸ ਘਟਨਾ ਬਾਰੇ ਜਾਣ ਕੇ ਮਥਰਾ ਸਿੰਘ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਅੰਗਰੇਜ਼ਾਂ ਪ੍ਰਤੀ ਉਸ ਦਾ ਰੋਹ ਹੋਰ ਵੀ ਪ੍ਰਬਲ ਹੋ ਗਿਆ। ਜਦ ਦੂਸਰੇ ਜਹਾਜ਼ ਰਾਹੀਂ ਡਾਕਟਰ ਮਥਰਾ ਸਿੰਘ ਅਤੇ ਉਹਨਾਂ ਦੇ ਸਾਥੀ ਬਜਬਜਘਾਟ ਪਹੁੰਚੇ ਤਾਂ ਉਹਨਾਂ ਦੀ ਤਲਾਸ਼ੀ ਲਈ ਗਈ। ਪੁਲੀਸ ਦੀ ਨਿਗਰਾਨੀ ਹੇਠ ਉਹਨਾਂ ਨੂੰ ਪੰਜਾਬ ਭੇਜ ਦਿੱਤਾ ਗਿਆ।

ਬੰਬ ਦਾ ਨਿਰਮਾਣ

ਸੋਧੋ

ਪੰਜਾਬ ਪਹੁੰਚਣ ’ਤੇ ਮਥਰਾ ਸਿੰਘ ਨੂੰ ਗ਼ਦਰ ਦੀ ਕੇਂਦਰੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ। ਫੇਰੂ ਸ਼ਹਿਰ ਦੇ ਸਾਕੇ ਪਿੱਛੋਂ ਉਹਨਾਂ ਨੂੰ ਬੰਬ ਬਣਾਉਣ ਦਾ ਇੰਚਾਰਜ ਬਣਾ ਦਿੱਤਾ ਗਿਆ। ਡਾਕਟਰ ਮਥਰਾ ਸਿੰਘ ਦੀ ਨਿਗਰਾਨੀ ਹੇਠ ਭਾਈ ਪਰਮਾਨੰਦ ਝਾਂਸੀ ਬੰਬ ਬਣਾਉਂਦੇ ਅਤੇ ਪੰਡਤ ਰਾਮ ਰੱਖਾ ਸਾਹਿਬਾ ਸੜੋਆ ਅਤੇ ਹਿਰਦੇ ਰਾਮ ਮੰਡੀ ਬੰਬਾਂ ਲਈ ਸਾਮਾਨ ਖਰੀਦ ਕੇ ਲਿਆਉਂਦੇ। ਗ਼ਦਰ ਪਾਰਟੀ ਵੱਲੋਂ ਡਾਕਟਰ ਮਥਰਾ ਸਿੰਘ ਨੂੰ ਸਰਹੱਦੀ ਸੂਬੇ ਵਿੱਚ ਗ਼ਦਰ ਦਾ ਪ੍ਰਚਾਰ ਕਰਨ ਲਈ ਵੀ ਭੇਜਿਆ ਗਿਆ। ਜਦ ਅੰਗਰੇਜ਼ ਸਰਕਾਰ ਨੂੰ ਡਾਕਟਰ ਮਥਰਾ ਸਿੰਘ ਦੀਆਂ ਸਰਗਰਮੀਆਂ ਦਾ ਪਤਾ ਲੱਗਿਆ ਤਾਂ ਸਰਕਾਰ ਨੇ ਡਾਕਟਰ ਮਥਰਾ ਸਿੰਘ ਦੀ ਗ੍ਰਿਫ਼ਤਾਰੀ ਲਈ 2000 ਰੁਪਏ ਅਤੇ ਇੱਕ ਮੁਰੱਬਾ ਜ਼ਮੀਨ ਦਾ ਇਨਾਮ ਰੱਖ ਦਿੱਤਾ। ਪਹਿਲੀ ਦਸੰਬਰ 1915 ਕਾਬਲ ਵਿੱਚ ਹਿੰਦੁਸਤਾਨ ਦੀ ਆਰਜ਼ੀ ਹਕੂਮਤ ਕਾਇਮ ਕੀਤੀ ਗਈ। ਰਾਜਾ ਮਹਿੰਦਰ ਪ੍ਰਤਾਪ ਨੂੰ ਇਸ ਹਕੂਮਤ ਦਾ ਪ੍ਰਧਾਨ ਅਤੇ ਮੌਲਵੀ ਬਰਕਤ ਉੱਲਾ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਇਸ ਆਰਜ਼ੀ ਹਕੂਮਤ ਵਿੱਚ ਡਾਕਟਰ ਮਥਰਾ ਸਿੰਘ ਨੂੰ ਵੀ ਮੰਤਰੀ ਬਣਾਇਆ ਗਿਆ।

ਫਾਂਸੀ

ਸੋਧੋ

ਅੰਗਰੇਜ਼ਾਂ ਵਿਰੁੱਧ ਰੂਸੀ ਸਹਾਇਤਾ ਪ੍ਰਾਪਤ ਕਰਨ ਲਈ ਰਾਜਾ ਮਹਿੰਦਰ ਪ੍ਰਤਾਪ ਵੱਲੋਂ ਡਾਕਟਰ ਮਥਰਾ ਸਿੰਘ ਅਤੇ ਉਸ ਦੇ ਸਾਥੀ ਮੁਹੰਮਦ ਅਲੀ ਨੂੰ ਤੁਰਕਿਸਤਾਨ ਦੇ ਗਵਰਨਰ ਕੋਲ ਭੇਜਿਆ ਗਿਆ ਜਿੱਥੇ ਮਥਰਾ ਸਿੰਘ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਕੇ 2 ਨਵੰਬਰ 1916 ਨੂੰ ਇਰਾਨ ਵਿੱਚ ਸਥਿਤ ਅੰਗਰੇਜ਼ੀ ਸਫ਼ਾਰਤਖਾਨੇ ਦੇ ਹਵਾਲੇ ਕਰ ਦਿੱਤਾ ਅਤੇ ਜਿਸ ਨੇ ਡਾਕਟਰ ਮਥਰਾ ਸਿੰਘ ਨੂੰ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਹਵਾਲੇ ਕਰ ਦਿੱਤਾ। ਉਸ ਉੱਪਰ ਲਾਹੌਰ ਦੇ ਤੀਸਰੇ ਸਪਲੀਮੈਂਟਰੀ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ। ਉਹਨਾਂ ਨੂੰ 27 ਮਾਰਚ 1917 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ।