ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ

ਪੰਜਾਬੀ ਸੱਭਿਆਚਾਰ ਦੇ ਮੂਲ ਸੋਮਿਆਂ ਦੀ ਵੰਡ ਹਰ ਇੱਕ ਵਿਦਵਾਨ ਨੇ ਆਪੋ-ਆਪਣੇ ਅੰਦਾਜ਼ ਵਿੱਚ ਕੀਤੀ ਹੈ। ਪੰਜਾਬੀ ਸਭਿਆਚਾਰ ਦੇ ਮੂਲ ਸੋਮੇ ਤੋਂ ਭਾਵ ਉਹ ਤੱਥ ਜਾਂ ਦਸਤਾਵੇਜ਼ ਹਨ ਜਿਨ੍ਹਾਂ ਦੀ ਮਦਦ ਨਾਲ ਪੰਜਾਬੀ ਸਭਿਆਚਾਰ ਦੇ ਇਤਿਹਾਸ ਦੀ ਘਾੜਤ ਨੂੰ ਖੋਜਿਆ ਜਾਂਦਾ ਹੈ। ਇਹਨਾਂ ਮੂਲ ਸੋਮਿਆ ਉੱਪਰ ਮੁੱਖ ਤੌਰ ਤੇ ਦੋ ਵਿਦਵਾਨਾਂ ਪ੍ਰੋ. ਗੁਰਬਖ਼ਸ਼ ਸਿੰਘ ਫਰੈਂਕ ਅਤੇ ਭੁਪਿੰਦਰ ਸਿੰਘ ਖਹਿਰਾ ਨੇ ਹੀ ਆਪਣੇ ਵਿਚਾਰ ਪੇਸ਼ ਕੀਤੇ ਹਨ।

ਵਰਗੀਕਰਨਸੋਧੋ

ਡਾ. ਗੁਰਬਖ਼ਸ਼ ਸਿੰਘ ਫਰੈਂਕ ਅਤੇ ਭੁਪਿੰਦਰ ਸਿੰਘ ਖਹਿਰਾ, ਦੋਹਾਂ ਵਿਦਵਾਨਾਂ ਨੇ ਇਨ੍ਹਾਂ ਸੋਮਿਆਂ ਨੂੰ ਵੱਖੋ-ਵੱਖਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਫਰੈਂਕ ਨੇ ਇਹਨਾਂ ਸੋਮਿਆਂ ਨੂੰ ਤਿੰਨ ਵਰਗਾਂ ਵਿਚ, ਸਥਾਨਕ ਸੋਮੇ, ਭਾਰਤੀ ਸੋਮੇ ਤੇ ਵਿਦੇਸ਼ੀ ਸੋਮੇ ਵਿੱਚ ਅਤੇ ਭੁਪਿੰਦਰ ਸਿੰਘ ਖਹਿਰਾ ਨੇ ਵੀ ਇਹਨਾਂ ਸੋਮਿਆਂ ਨੂੰ ਮੁੱਖ ਰੂਪ ਵਿੱਚ ਤਿੰਨ ਵਰਗਾਂ ਸਥੂਲ ਸੋਮੇ, ਕਾਲਕ੍ਰਮਿਕ ਸੋਮੇ ਅਤੇ ਲੋਕਧਰਾਈ ਸੋਮੇ ਵਿੱਚ ਵੰਡਿਆ ਹੈ ਜਿਨ੍ਹਾਂ ਦੀ ਖਹਿਰੇ ਨੇ ਅੱਗੇ ਕਈ ਉਪ-ਭਾਗਾਂ ਵਿੱਚ ਵੰਡ ਕੀਤੀ ਹੈ। ਪਰੰਤੂ ਪੰਜਾਬੀ ਮੂਲ ਸੋਮਿਆਂ ਨੂੰ ਮੁੱਖ ਰੂਪ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:

 1. ਅਧਿਐਨ ਸੋਮੇ
 2. ਨਿਰਮਾਣਕਾਰੀ ਸੋਮੇ

ਅਧਿਐਨ ਸੋਮੇਸੋਧੋ

ਉਹ ਸੋਮੇ ਜਾਂ ਤੱਥ ਜਿਨ੍ਹਾਂ ਰਾਹੀਂ ਸੱਭਿਆਚਾਰ ਦੇ ਇਤਿਹਾਸ ਦਾ ਅਨੁਮਾਨ ਲਗਾਇਆ ਜਾਂਦਾ ਹੈ ਅਧਿਐਨ ਸੋਮਿਆਂ ਦਾ ਹਿੱਸਾ ਬਣਦੇ ਹਨ। ਇਸ ਸੋਮੇ ਦਾ ਹਿੱਸਾ ਸਾਹਿਤ, ਇਮਾਰਤਾਂ - ਖੰਡਰ ਅਰਥਾਤ ਪੁਰਾਣੀ ਸਾਮੱਗਰੀ, ਰੀਤੀ-ਰਿਵਾਜ਼, ਖਾਣ-ਪੀਣ ਅਤੇ ਪਹਿਰਾਵੇ ਬਣਦੇ ਹਨ। ਭੁਪਿੰਦਰ ਸਿੰਘ ਦੇ ਸੋਮਿਆਂ ਨੂੰ ਇਸ ਵੰਡ ਅਨੁਸਾਰ ਵਧੇਰੇ ਵਾਜ਼ਿਬ ਸਮਝਿਆ ਜਾਂਦਾ ਹੈ। ਖਹਿਰਾ ਅਨੁਸਾਰ ਮੂਲ ਸੋਮਿਆਂ ਦੀ ਵੰਡ ਤਿੰਨ ਹਿੱਸਿਆਂ ਵਿੱਚ ਕੀਤੀ ਹੈ: "ਸਥੂਲ ਸੋਮੇ", "ਕਾਲਕ੍ਰਮਕੀ ਸੋਮੇ" ਅਤੇ "ਲੋਕਧਾਰਾਈ ਸੋਮੇ" ਜਿਨ੍ਹਾਂ ਨੂੰ ਖਹਿਰੇ ਨੇ ਅੱਗੇ ਉਪ-ਭਾਗਾਂ ਵਿੱਚ ਵੰਡਿਆ ਹੈ।[1] ਅਧਿਐਨ ਸੋਮੇ ਦਾ ਆਧਾਰ ਖਹਿਰੇ ਦੇ ਸਥੂਲ ਸੋਮੇ ਅਤੇ ਲੋਕਧਾਰਾਈ ਸੋਮੇ ਨੂੰ ਬਣਾਇਆ ਜਾ ਸਕਦਾ ਹੈ। ਸਥੂਲ ਸੋਮੇ ਵਿੱਚ "ਲਿਖਤੀ ਸਾਹਿਤ", "ਪੁਰਾਤੱਤਵ ਸਾਮੱਗਰੀ", "ਸਮਾਜਿਕ ਸੋਮੇ" ਅਤੇ ਲੋਕਧਾਰਾਈ ਸੋਮੇ ਵਿੱਚ "ਲੋਕ ਰੂੜ੍ਹੀਆਂ" ਤੇ "ਲੋਕ ਦ੍ਰਿਸ਼ਟਾਂਤ"[1] ਹਨ ਜੋ ਅਧਿਐਨ ਸੋਮੇ ਅਨੁਸਾਰ ਸਾਰੇ ਤੱਥ ਮਹੱਤਵਪੂਰਨ ਅਤੇ ਧਿਆਨ ਦਿਵਾਉਣ ਯੋਗ ਹਨ। ਇਸੇ ਪ੍ਰਕਾਰ ਫਰੈਂਕ ਨੇ ਵੀ ਤਿੰਨ ਹਿੱਸਿਆਂ ਵਿੱਚ, "ਸਥਾਨਕ ਸੋਮੇ", "ਭਾਰਤੀ ਸੋਮੇ" ਅਤੇ "ਵਿਦੇਸ਼ੀ ਸੋਮੇ" (ਜਦੋਂ ਇੱਕ ਸਭਿਆਚਾਰ ਦੂਜੇ ਸਭਿਆਚਾਰਾਂ ਤੋਂ ਅੰਸ਼ ਗ੍ਰਹਿਣ ਕਰਦਾ ਹੈ), ਵੰਡ ਕੀਤੀ ਹੈ। [2] ਫ਼ਰੈਂਕ ਦੇ ਸਥਾਨਕ ਸੋਮੇ ਅਤੇ ਭਾਰਤੀ ਸੋਮੇ, ਅਧਿਐਨ ਸੋਮੇ ਅਨੁਸਾਰ ਲਏ ਜਾ ਸਕਦੇ ਹਨ ਪਰੰਤੂ ਡਾ ਖਹਿਰੇ ਦੀ ਵੰਡ ਫ਼ਰੈਂਕ ਦੀ ਵੰਡ ਨਾਲੋ ਵਧੇਰੇ ਵਾਜ਼ਿਬ ਮੰਨੀ ਗਈ ਹੈ।

ਸਥਾਨਕ ਸੋਮੇ : ਕਿਸੇ ਵੀ ਸੱਭਿਆਚਾਰ ਦਾ ਬੁਨਿਆਦੀ ਸੋਮਾ ਉਸਦੀ ਆਪਣੀ ਹੋਂਦ ਹੁੰਦਾ ਹੈ। ਹਰ ਜਿਊਂਦਾ ਜਾਗਦਾ ਸੱਭਿਆਚਾਰ ਆਪਣੇ ਹੀ ਅੰਸ਼ਾ ਨੂੰ ਨਵਿਆਉਦਾ, ਆਪਣੇ ਹੀ ਅੰਸ਼ਾ ਤੋਂ ਨਵੇਂ ਅੰਸ਼ ਸਿਰਜਦਾ, ਅਣਚਾਹੇ ਅੰਸ਼ਾ ਨੂੰ ਰੱਦਦਾ ਰਹਿੰਦਾ ਹੈ। ਇਹ ਇਸ ਦੇ ਜੀਵਤ ਹੋਣ ਦਾ ਸਿੱਟਾ ਵੀ ਹੁੰਦਾ ਹੈ, ਅਤੇ ਸਬੂਤ ਵੀ। ਚਿੰਤਨ ਵਿੱਚ ਪੈਦਾ ਹੋਇਆ ਹਰ ਨਵਾ ਖਿਆਲ ਅਗਲੇ ਖਿਆਲ ਨੂੰ ਉਤੇਜਿਤ ਕਰਦਾ, ਉਸ ਲਈ ਸੋਮੇ ਦਾ ਕੰਮ ਦਿੰਦਾ ਹੈ। ਸਾਹਿਤ ਵਿੱਚ ਆਇਆ ਹਰ ਨਵਾ ਅੰਸ਼ ਅਗਲੀਆਂ ਕਿਰਤਾਂ ਵਿੱਚ ਥਾਂ ਬਣਾ ਲੈਂਦਾ ਹੈ।

 ਗੁਰਬਖਸ਼ ਸਿੰਘ 'ਪ੍ਰੀਤ ਲੜੀ ਨੇ ਬਹੁਤ ਸਾਰੇ ਨਵੇਂ ਵਿਚਾਰ ਅਤੇ ਸਭਿਆਚਾਰ ਅੰਸ਼ ਪੰਜਾਬੀ ਵਿੱਚ ਲਿਆਂਦੇ। ਪਰ ਉਹਨਾਂ ਨੂੰ ਪ੍ਰਗਟ ਕਰਨ ਲਈ ਓਸ ਨੇ ਆਪਣੀ ਹੀ ਭਾਸ਼ਾ ਦੇ ਸ਼ਬਦ- ਭੰਡਾਰ ਨੂੰ ਮਾਜਿਆ, ਸੰਵਾਰਿਆ ਅਤੇ ਵਰਤਿਆ, ਜਿਸ ਕਰਕੇ ਉਸ ਦੇ ਅਤੇ ਉਸ ਦੇ ਪਾਠਕਾਂ ਦੇ ਵਿਚਾਰ ਖੱਪਾ ਨਾ ਪੈਂਦਾ ਹੋਈਆ ਅਤੇ ਉਸ ਦੇ ਵਿਚਾਰ ਆਪਣੇ ਪਾਠਕਾਂ ਤੱਕ ਪੁੱਜਦੇ ਰਹੇ। ਕੋਈ ਸੱਭਿਆਚਾਰ ਖੜੋਤ ਦਾ ਸ਼ਿਕਾਰ ਇਸ ਕਰਕੇ ਹੋ ਜਾਂਦਾ ਹੈ ਕੇ ਉਹ ਆਪਣੀ ਹੀ ਪੁਨਰ ਨਿਰਮਾਣ ਦਾ ਅਮਲ ਛੱਡ ਦਿੰਦਾ ਹੈ।
  ਅੱਜ ਵੀ ਵੱਖੋ ਵੱਖ ਖੇਤਰਾਂ ਵਿੱਚ ਲੋਕਯਾਨ ਦੀ ਸਿਰਜਨਾ ਨਿਰੰਤਰ ਹੋ ਰਹੀ ਹੈ, ਸਿਰਫ ਇਸ ਵੱਲ ਧਿਆਨ ਦੇ ਕੇ ਇਸ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ। ਸਰਵਣ ਸਿੰਘ ਦੀਆ ਪੁਸਤਕਾਂ ਦਾ ਏਥੇ ਫੇਰ ਹਵਾਲਾ ਦਿੱਤਾ ਜਾ ਸਕਦਾ ਹੈ। ਪਿੰਡ ਦੀ ਸੱਥ ਚੋ ਸਿਰਫ਼ ਪਿੰਡਾਂ ਦੇ ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਪੇਸ਼ ਨਹੀਂ ਕਰਦੀ ਸਗੋ ਪਿੰਡਾਂ ਚੋ ਜਨਮ ਲੈ ਰਹੇ ਨਵੇਂ ਲੋਕਯਾਨ ਨੂੰ ਰਿਕਾਰਡ ਵੀ ਕਰਦੀ ਹੈ। ਇਸ ਤਰਹ ਖੇਡਾਂ ਦੇ ਖੇਤਰ ਵਿਚ ਵੀ ਉਸ ਦੇ ਲੇਖ ਗਿਆਨ ਨਾ ਸਿਰਫ ਦਿੰਦੇ ਹਨ, ਸਗੋ ਨਵੇਂ ਪੈਦਾ ਹੋ ਰਹੇ ਲੋਕਯਾਨਿਕ ਅੰਸ਼ਾ ਨੂੰ ਪੇਸ਼ ਕਰਦੇ ਹਨ, ਜਿਵੇਂ ਹਾਕੀ ਬਾਰੇ ਲੇਖ ਵਿਚ।

ਇਸ ਤਰਹ ਅਖਾਉਤਾ, ਮੁਹਾਵਰਿਆਂ, ਬੋਲੀਆਂ, ਲੋਕ ਗੀਤਾਂ ਦੀ ਨਿਰੰਤਰ ਸਿਰਜਨਾ ਹੁੰਦੀ ਰਹਿੰਦੀ ਹੈ। [3]

ਭਾਰਤੀ ਸੋਮੇ:- ਉਪਰੋਕਤ ਨਿਰੋਲ ਸਥਾਨਕ ਸੋਮਿਆਂ ਤੋ ਇਲਾਵਾ ਕੁਝ ਐਸੇ ਸੋਮੇ ਵੀ ਹਨ, ਜਿਹੜੇ ਸਥਾਨਕ ਨਹੀਂ, ਪਰ ਭਾਰਤ ਤੋ ਬਾਹਰੋ ਨਹੀਂ ਆਏ। ਸਾਰੇ ਹੀ ਵੇਦ, ਬ੍ਰਾਹਮਣ ਗ੍ਰੰਥ, ਉਪਨਿਸ਼ਦ, ਪੁਰਾਣ, ਮਹਾਂਕਾਵਿ, ਪੰਜਾਬ ਦੀ ਧਰਤੀ ਤੇ ਨਹੀਂ ਰਚੇ ਗਏ, ਪਰ ਉਹ ਵੀ ਪੰਜਾਬੀ ਸਭਿਆਚਾਰ ਦਾ ਅਟੁੱਟ ਸੋਮਾ ਹਨ। ਅਸਲ ਵਿੱਚ ਧਾਰਮਿਕ ਆਦਰਸ਼ਵਾਦੀ ਫਲਸਫਾ ਕੋਈ ਵੀ ਐਸਾਂ ਨਹੀਂ, ਜਿਸ ਨੇ ਭਾਰਤ ਵਿਚ ਰੂਪ ਧਾਰਿਆ ਹੋਵੇ।, ਪਰ ਉਸ ਦਾ ਸੋਮਾ ਉਪਰੋਕਤ ਪੁਰਾਤਨ ਧਾਰਮਿਕ ਅਤੇ ਦਾਰਸ਼ਨਿਕ ਗ੍ਰੰਥਾਂ ਵਿਚ ਨਾ ਹੋਇਆ ਹੋਵੇ। ਇਹ ਗੱਲ ਮਧ - ਕਾਲੀਨ ਧਾਰਮਿਕ ਲਹਿਰਾਂ - ਸ਼ੰਕਰ ਦੇ ਅਦਵੈਤ ਵੇਦਾਂਤ ਤੋ ਲੈ ਕੇ ਭਗਤੀ ਲਹਿਰ ਦੇ ਬਿਲਕੁਲ ਮਗਰਲੇ ਪ੍ਰਗਟਾਵਾ ਤੱਕ ਸਭ ਉਪਰ ਢੁੱਕਵੀਂ ਹੈ। ਉੱਨਾਵੀ ਸਦੀ ਤੱਕ ਲਹਿਰਾਂ (ਬ੍ਰਹਮ ਸਮਾਜ, ਆਰੀਆ ਸਮਾਜ ਆਦਿ) ਪ੍ਰਬੰਧਕਾਰੀਆ (ਰਾਮਾ ਕ੍ਰਿਸ਼ਨਾ, ਵਿਵੇਕਾਨੰਦ, ਅਰਬਿਦੋੰ ਘੋਸ਼ ਆਦਿ) ਸਭ ਦੀਆਂ ਜੜ੍ਹਾਂ ਪੁਰਾਤਨ, ਭਾਰਤੀ ਫਲਸਫੇ ਵਿੱਚ ਹਨ। [4]


ਬਦੇਸ਼ੀ ਸੋਮੇ ਜਿਵੇਂ ਕਿ ਅਸੀਂ ਅਮਰੀਕੀ ਮਾਨਵ - ਵਿਗਿਆਨ ਰਾਲਵ ਲਿਟੰਨ ਦੀ ਪੁਸਤਕ 'the study of man ਦੇ ਹਵਾਲੇ ਨਾਲ ਅਾਪਣੇ ਆਪ ਨੂੰ ਸੌ ਫੀਸਦੀ ਅਮਰੀਕੀ ਸਮਝਣ ਵਾਲਾ ਵਿਅਕਤੀ ਅਸਲ ਵਿਚ ਸੌ ਫੀਸਦੀ ਅੰਸ਼ ਐਸਾ ਵਰਤ ਰਿਹਾ ਹੁੰਦਾ ਹੈ। ਜਿਹੜੇ ਦੂਜੇ ਸੱਭਿਆਚਾਰਾ ਤੋ ਗ੍ਰਹਿਣ ਕੀਤੇ ਗਏ ਹੁੰਦੇ ਹਨ। ਇਹ ਗੱਲ ਹਰ ਸੱਭਿਆਚਾਰ ਲਈ ਠੀਕ ਹੈ। ਸ਼ੁੱਧ ਸੱਭਿਆਚਾਰ ਨਾਮ ਦੀ ਚੀਜ਼ ਸੰਸਾਰ ਵਿੱਚ ਨਹੀਂ ਹੈ। ਹਰ ਸੱਭਿਆਚਾਰ ਦੂਜੇ ਸੱਭਿਆਚਾਰਾ ਤੋਂ ਅੰਸ਼ ਲੈ ਕੇ ਆਪਣੇ ਸਿਸਟਮ ਵਿਚ ਰਚਾਉਦਾ ਰਹਿੰਦਾ ਹੈ, ਇਸੇ ਤਰ੍ਹਾਂ ਆਪਣੇ ਅੰਸ਼ ਦੂਜਿਆਂ ਨੂੰ ਦਿੰਦਾ ਹੈ। ਪਰ ਦੇਣ ਵਿੱਚ ਕਿਉ ਕਿ ਹਰ ਸਭਿਆਚਾਰ ਇਕੱਲਾ ਹੁੰਦਾ ਹੈ, ਜਦ ਕਿ ਪ੍ਰਾਪਤ ਕਰਨ ਲੱਗਿਆ ਇਸ ਦੇ ਸੋਮੇ ਬੇਅੰਤ ਹੁੰਦੇ ਹਨ, ਇਸ ਲਈ ਹਰ ਸਭਿਆਚਾਰ ਵਿਚ ਬਾਹਰੋਂ ਪ੍ਰਾਪਤ ਕੀਤੇ ਅੰਸ਼ਾ ਦੀ ਭਰਮਾਰ ਹੁੰਦੀ ਹੈ। ਪੰਜਾਬੀ ਸਭਿਆਚਾਰ ਲਈ ਇਹ ਗੱਲ ਹੋਰ ਵੀ ਜ਼ਿਆਦਾ ਠੀਕ ਹੈ, ਕਿਉਂਕਿ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਬਾਹਰੋਂ ਆਇਆ ਹਰ ਹਮਲਾਵਰ ਆਪਣੇ ਸਭਿਆਚਾਰਕ ਚਿੰਨ੍ਹ ਛੱਡ ਜਾਂਦਾ ਰਿਹਾ ਹੈ, ਜੇ ਉਹ ਆਪ ਹੀ ਇਸ ਦੇ ਸਭਿਆਚਾਰ ਦਾ ਅੰਗ ਬਣ ਕੇ ਨਹੀਂ ਰਹਿ ਗਿਆ ਤਾਂ ਪੰਜਾਬੀ ਸਭਿਆਚਾਰ ਦੀ ਪਾਚਣ- ਸ਼ਕਤੀ ਕਮਾਲ ਦੀ ਹੈ। ਪੰਜਾਬੀ ਸਭਿਆਚਾਰ ਨੇ ਚਾਰ ਚੁਫੇਰਿਓਂ ਸਭਿਆਚਾਰਕ ਅੰਸ਼ ਲੈ ਕੇ ਆਪਣੇ ਵੱਖਰੇ ਸਿਸਟਮ ਵਿੱਚ ਸਜਾ ਲਏ, ਇਹ ਇਸ ਦੀ ਸ਼ਾਨਦਾਰ ਪ੍ਰਾਪਤੀ ਹੈ। [5]

ਲੋਕਧਾਰਾਸੋਧੋ

ਲੋਕਧਾਰਾ, ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਲੋਕ ਰੁੜ੍ਹੀਆਂ, ਰਹੁ-ਰੀਤਾਂ, ਪੰਪਰਾਵਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ,ਜ਼ਬਾਨੀ ਇਤਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ ਟੂਣੇ, ਵਹਿਮ ਭਰਮ, ਲੋਕ ਸਾਜ ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰ ਲੋਕਧਾਰਾ ਦਾ ਹੀ ਿਹੱਸਾ ਹਨ। ਲੋਕਧਾਰਾ ਦੇ ਿੲਹਨਾਂ ਅੰਸ਼ਾਂ ਨੂੰ ਹੀ ਡਾ ਖਹਿਰਾ ਨੇ ਪੁਰਾਤੱਤਵ ਸਮਗਰੀ ਕਿਹਾ ਹੈ।

ਲੋਕ ਸੰਗੀਤਸੋਧੋ

ਪੰਜਾਬੀ ਲੋਕ ਸੰਗੀਤ ਪੰਜਾਬ ਦੇ ਰਵਾਇਤੀ ਸੰਗੀਤ ਹੈ ਜਿਸ ਵਿੱਚ ਪੰਜਾਬ ਦੇ ਰਵਾਇਤੀ ਸਾਜ਼ਾਂ ਦੀ ਵਰਤੋਂ ਹੁੰਦੀ ਹੈ। ਇਸ ਵਿੱਚ ਜਨਮ, ਖ਼ੁਸ਼ੀ ਅਤੇ ਗ਼ਮੀ ਦੀਆਂ ਵੱਖ-ਵੱਖ ਹਾਲਤਾਂ ਅਤੇ ਮੌਤ ਤੱਕ ਦੇ ਗੀਤਾਂ ਦਾ ਵੱਡਾ ਭੰਡਾਰ ਹੈ।

ਲੋਕ ਗੀਤਸੋਧੋ

ਪੰਜਾਬ ਵਿੱਚ ਜਨਮ, ਵਿਆਹ, ਮੌਤ, ਪਿਆਰ, ਇਸ਼ਕ, ਵਿਛੋੜਾ, ਉਡੀਕ, ਪੇਂਡੂ ਜੀਵਨ, ਸੁਹੱਪਣ, ਆਰਥਕ ਅਤੇ ਸਮਾਜਕ ਹਾਲਤਾਂ, ਸੁਭਾਅ, ਬਹਾਦਰੀ, ਰੀਤ-ਰਿਵਾਜ, ਖਾਣ-ਪੀਣ, ਮੇਲੇ-ਤਿਉਹਾਰ, ਲੋਕ-ਗਾਥਾਵਾਂ, ਪ੍ਰੀਤ-ਕਹਾਣੀਆਂ, ਲੋਕ ਅਤੇ ਇਤਿਹਾਸਕ ਨਾਇਕਾਂ ਸਬੰਧੀ ਕਿੱਸਿਆ ਨਾਲ ਸੰਬਧਿਤ ਅਨੇਕਾਂ ਲੋਕ-ਗੀਤ ਹਨ। ਲੋਕ ਗੀਤ, ਪੰਜਾਬੀ ਲੋਕ ਸੰਗੀਤ ਦਾ ਹੀ ਹਿੱਸਾ ਹਨ।

ਬੋਲੀਆਂਸੋਧੋ

ਬੋਲੀ ਆਪਣੀ ਭਾਵਨਾ ਨੂੰ ਵਿਅਕਤ ਕਰਨ ਦਾ ਲੈਅ-ਬੱਧ ਤਰੀਕਾ ਹੈ ਜੋ ਪੰਜਾਬ ਦੀ ਲੋਕਧਾਰਾ ਵਿਚੋਂ ਹੈ। ਇਹਨਾਂ ਨੂੰ ਖੁਸ਼ੀ ਦੇ ਮੌਕੇ ਉੱਪਰ ਗਾਿੲਆ ਜਾਂਦਾ ਹੈ ਜੋ ਪੰਜਾਬੀ ਪਹਿਰਾਵੇ, ਪੰਜਾਬੀ ਗਹਿਣਿਆਂ ਅਤੇ ਪੰਜਾਬੀ ਰਿਸ਼ਤਿਆਂ ਨੂੰ ਅਧਾਰ ਬਣਾ ਕੇ ਗਾਈਆਂ ਜਾਂਦੀਆਂ ਹਨ।

ਲੋਕ ਨਾਚਸੋਧੋ

ਲੋਕਾਂ ਵੱਲੋਂ ਰਿਵਾਇਤੀ ਸੰਗੀਤ ਦੀ ਧੁਨ 'ਤੇ ਬਿਨਾਂ ਕਿਸੇ ਜਾਂ ਨਾ ਬਰਾਬਰ ਸਿਖਲਾਈ ਅਤੇ ਨਾਲ਼ ਸਮਾਜਿਕ ਸਮਾਗਮਾਂ 'ਤੇ ਕੀਤੇ ਜਾਣ ਵਾਲ਼ੇ ਨਾਚ ਨੂੰ ਲੋਕ ਨਾਚ ਕਿਹਾ ਜਾਂਦਾ ਹੈ। ਹਰੇਕ ਸੱਭਿਆਚਾਰ ਦੇ ਆਪੋ ਆਪਣੇ ਲੋਕ ਨਾਚ ਹੁੰਦੇ ਹਨ।

ਲੋਕ ਸਾਹਿਤਸੋਧੋ

ਲੋਕ ਸਾਹਿਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ-ਸੁਭਾਵਿਕ ਅਭਿਵਿਅਕਤੀ ਹੈ, ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ। ਇਸ ਰਚਨਾ ਨਾਲ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਤੇ ਇੱਕ ਲੋਕ-ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ-ਪੀੜ੍ਹੀ ਅੱਗੇ ਚੱਲਦੀ ਹੈ।

ਲੋਕ ਵਾਰਾਂਸੋਧੋ

ਲੋਕ ਕਾਵਿ ਵਿਚੋਂ ਵਿਸ਼ਸ਼ਿਟ ਵਿੱਚ ਰੂਪਾਂਤਰਿਤ ਹੋਇਆ ਪਹਿਲਾ ਕਾਵਿ ਰੂਪ ਵਾਰ ਹੈ। ਪੰਜਾਬੀ ਸਾਹਿਤ ਵਿੱਚ ਵਾਰਾਂ ਦੀ ਪਰੰਪਰਾ ਨਾ ਕੇਵਲ ਬਹੁਤ ਪੁਰਾਣੀ ਹੈ ਸਗੋਂ ਇਹਨਾਂ ਦੀ ਰਚਨਾ ਅੱਜ ਵੀ ਹੋ ਰਹੀ ਹੈ। ਪੰਜਾਬ ਦੀ ਭੂਗੋਲਿਕ ਰਾਜਨੀਤਿਕ ਅਤੇ ਇਤਿਹਾਸਿਕ ਸਥਿਤੀ ਇਹਨਾਂ ਦੇ ਉਪਜਣ ਲਈ ਬਹੁਤ ਅਨੁਕੂਲ ਰਹੀ ਹੈ। ਲੋਕ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕੀਤਾ ਗਿਆ ਹੈ।

ਮੁਹਾਵਰੇ ਅਤੇ ਅਖਾਣਸੋਧੋ

ਕਿਸੇ ਅਪ੍ਰਤੱਖ ਤੱਥ ਜਾਂ ਸਿਆਣਪ ਦਾ ਪ੍ਰਮਾਣ ਦੇਣ ਲਈ ਵਰਤੇ ਗਏ ਸੰਖੇਪ, ਚੁਸਤ, ਰੂੜੀਗਤ ਅਤੇ ਕਾਵਿਕ ਸ਼ਬਦ ਜੁੱਟ ਜਦੋਂ, ਕਿਸੇ ਸੰਦਰਭ ਜਾਂ ਪਰਿਸਥਿਤੀ ਵਿੱਚ ਰਮਜ਼ ਵਜੋਂ ਵਰਤੇ ਜਾਂਦੇ ਹਨ ਤਾਂ ਉਹ ਮੁਹਾਵਰਾ ਅਖਵਾਉਂਦੇ ਹਨ।

ਅਖਾਣ ਕਿਸੇ ਨਿਸ਼ਚਿਤ ਵਰਤਾਰੇ ਅੰਦਰਲੀ ਪ੍ਰਮੁੱਖ ਤੇ ਠੋਸ ਸੱਚਾਈ ਨੂੰ ਪੇਸ਼ ਕਰਦੇ ਹਨ। ਇਹ ਸੱਚ ਲੰਬੇ ਤਜ਼ਰਬੇ ਵਿੱਚੋਂ ਲੰਘਿਆ ਤੇ ਲੋਕਾਂ ਦੁਆਰਾ ਪ੍ਰਵਾਨਿਤ ਸੱਚ ਹੁੰਦਾ ਹੈ।[6]

ਸਾਹਿਤਸੋਧੋ

ਸਾਹਿਤ ਤੋਂ ਭਾਵ ਵਿਿਸ਼ਸ਼ਟ ਸਾਿਹਤ ਤੋਂ ਹੈ ਜਿਸ ਵਿੱਚ ਿਲਖਤੀ ਸਾਿਹਤ ਮੌਜੂਦ ਹੁੰਦਾ ਹੈ। ਸੰਸਕ੍ਰਿਤ ਸਾਹਿਤ ਦੀਆਂ ਉਹ ਸਾਰੀਆਂ ਲਿਖਤਾਂ ਜਿਨ੍ਹਾਂ ਵਿੱਚ ਪੰਜਾਬੀ ਸਭਿਆਚਾਰ ਤੇ ਪੰਜਾਬੀ ਜੀਵਨ ਬਾਰੇ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਦੀਆਂ ਉਹ ਸਾਰੀਆਂ ਲਿਖਤਾਂ ਵੀ ਇਸ ਵੰਨਗੀ ਦਾ ਹੀ ਹਿੱਸਾ ਹਨ ਜਿਹੜੀਆਂ ਪੰਜਾਬੀ ਸਭਿਆਚਾਰ ਉਤੇ ਪਏ ਵਿਭਿੰਨ ਪ੍ਰਭਾਵਾਂ, ਸਮਕਾਲੀ ਪਰਿਵਰਤਨਾਂ ਅਤੇ ਬਦਲ ਰਹੇ ਪੰਜਾਬੀ ਸਭਿਆਚਾਰ ਬਾਰੇ ਕੋਈ ਟਿੱਪਣੀ ਕਰਦੀਆਂ ਹਨ।[1]

ਬਰਤਨਸੋਧੋ

ਬਰਤਨ ਨੂੰ ਭਾਂਡੇ ਵੀ ਕਿਹਾ ਜਾਂਦਾ ਹੈ ਜੋ ਮਿੱਟੀ ਗਾਰੇ ਦੇ ਚੱਕ ਤੇ ਘੁਮਿਆਰਾਂ ਦੁਆਰਾ ਬਣਾਏ ਜਾਂਦੇ ਹਨ। ਪਹਿਲਾਂ ਘੁਿਮਆਰ ਹੱਥਾਂ ਨਾਲ ਭਾਂਡੇ ਬਣਾਇਆ ਕਰਦੇ ਸਨ। ਇਹ ਹਿੰਦੂ, ਮੁਸਲਮਾਨ ਅਤੇ ਸਿੱਖ ਧਰਮਾਂ ਨਾਲ ਸੰਬੰਧਿਤ ਹਨ। ਇਹ ਪੁਰਾਤੱਤਵ ਸੱਮਗਰੀ ਦਾ ਹੀ ਹਿੱਸਾ ਹਨ।

ਨਿਰਮਾਣਕਾਰੀ ਸੋਮੇਸੋਧੋ

ਨਿਰਮਾਣਕਾਰੀ ਸੋਮੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਸਿਰਜਿਆ ਜਾਂਦਾ ਹੈ ਅਤੇ ਜਿਨ੍ਹਾਂ ਦਾ ਪ੍ਰਭਾਵ ਬਾਅਦ ਦੇ ਸਮਿਆਂ ਤੱਕ ਰਹਿੰਦਾ ਹੈ। ਖਹਿਰੇ ਦੀ ਕੀਤੀ ਵੰਡ ਵਿਚੋਂ "ਕਾਲਕ੍ਰਮਿਕ ਸੋਮੇ" ਇਸ ਦਾ ਹੀ ਹਿੱਸਾ ਹਨ ਜਿਸ ਨੂੰ ਅੱਗੇ ਉਤਰ ਸਥਾਪਨਾ ਸੋਮੇ ਅਤੇ ਪੂਰਵ ਸਥਾਪਨਾ ਸੋਮੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਡਾ ਫਰੈਂਕ ਦੇ "ਬਦੇਸ਼ੀ ਸੋਮੇ" ਵੀ ਨਿਰਮਾਣਕਾਰੀ ਦਾ ਹੀ ਹਿੱਸਾ ਹਨ। ਪੰਜਾਬੀ ਸੱਭਿਆਚਾਰ ਵਿੱਚ ਸਿਰਜਣਾ ਕਰਨ ਵਾਲੇ ਤੱਥ ਅਰਥਾਤ ਨਿਰਮਾਣਕਾਰੀ ਸੋਮੇ ਕੁੱਝ ਇਸ ਤਰ੍ਹਾਂ ਹਨ:

ਆਸਟਰਿਕਸੋਧੋ

ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਫਿਲਸਤੀਨ ਖੇਤਰ ਤੋਂ ਨਿਸ਼ਧ ਲੋਕ ਆਏ ਜਿਨ੍ਹਾਂ ਨੂੰ ਆਸਟਰਿਕ ਲੋਕ ਵੀ ਕਿਹਾ ਜਾਂਦਾ ਹੈ ਪਰ ਨੀਗਰੋ ਕਬੀਲੇ ਇਹਨਾਂ ਤੋਂ ਪਹਿਲਾਂ ਆਏ ਮੰਨੇ ਜਾਂਦੇ ਹਨ। ਨਿਸ਼ਧ ਲੋਕਾਂ ਦੇ ਕੱਦ ਦਰਮਿਆਨ, ਰੰਗ ਪੱਕੇ, ਨੱਕ ਫੀਨੇ, ਸਿਰ ਕੁਝ ਲਮੂਤਰੇ ਸਨ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀ ਸਭਿਆਚਾਰ ਨੂੰ ਬਹੁਤ ਮਹੱਤਵਪੂਰਣ ਵਸਤਾਂ ਪ੍ਰਦਾਨ ਕੀਤੀਆਂ। ਜਿਵੇਂ, ਪੰਜਾਬੀ ਦੀ ਬਹੁਤ ਸਾਰੀ ਸ਼ਬਦਾਵਲੀ, ਨਿਸ਼ਧ ਭਾਸ਼ਾਵਾਂ ਤੋਂ ਹੀ ਲਈ ਗਈ ਹੈ। ਇਸ ਤੋਂ ਇਲਾਵਾ ਇਹਨਾਂ ਦਾ ਮੁੱਖ ਕਿੱਤਾ ਖੇਤੀ ਹੋਣ ਕਾਰਨ ਚਾਵਲ, ਸਬਜ਼ੀਆਂ, ਮੂਲੀ, ਸ਼ਲਗਮ, ਅਦਰਕ, ਹਲਦੀ, ਕੁਝ ਦਾਲਾਂ ਵੀ ਪੰਜਾਬੀ ਸੱਭਿਆਚਾਰ ਨੂੰ ਇਹਨਾਂ ਦੀ ਹੀ ਦੇਨ ਹੈ। ਵੀਹਾਂ ਤੱਕ ਗਿਣਤੀ ਵੀ ਇਨ੍ਹਾਂ ਲੋਕਾਂ ਦੀ ਹੀ ਕਾਢ ਸੀ ਅਤੇ ਇਨ੍ਹਾਂ ਦੇ ਕਿੱਤਿਆਂ ਵਿੱਚ ਔਰਤ ਦਾ ਮਹੱਤਵਪੂਰਨ ਰੋਲ ਹੋਣ ਕਰਕੇ ਔਰਤ ਨੂੰ ਦੇਵੀ ਦੇ ਰੂਪ ਵਜੋਂ ਸਥਾਨ ਦਿੱਤਾ।[7] ਇਹਨਾਂ ਨੂੰ ਪੂਰਵ ਕਾਲ ਦੇ ਸੋਮੇ ਕਿਹਾ ਜਾ ਸਕਦਾ ਹੈ।

ਦਰਾਵੜਸੋਧੋ

ਨਿਸ਼ਧ ਲੋਕਾਂ ਤੋਂ ਬਾਅਦ ਭਾਰਤ ਵਿੱਚ ਦਰਾਵੜ ਕਬੀਲੇ ਆਏ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ “ਇਹ 3500 ਪੂਰਵ ਈਸਵੀ ਦੇ ਨੇੜੇ-ਤੇੜੇ ਪੱਛਮ ਵਿਚੋਂ ਭਾਰਤ ਵਿੱਚ ਆਏ। ਸੰਸਕ੍ਰਿਤ ਸਰੋਤਾਂ ਵਿੱਚ ਇਨ੍ਹਾਂ ਲੋਕਾਂ ਦਾ ਜ਼ਿਕਰ ਦਾਸ ਜਾਂ ਦਾਸਯੂ ਦੇ ਨਾਵਾਂ ਨਾਲ ਮਿਲਦਾ ਹੈ। ਇਹਨਾਂ ਲੋਕਾਂ ਨੇ ਹੜੱਪਾ ਅਤੇ ਮਹੰਜੋਦੜੋ ਵਰਗੇ ਨਗਰ ਵਸਾਏ। ਸ਼ਿਵ ਵਰਗੇ ਮੁੱਖ ਦੇਵਤੇ ਦਾ ਸੰਕਲਪ ਵੀ ਇਨ੍ਹਾਂ ਦਾ ਹੀ ਸੀ। ਅੱਜਕਲ ਦਾ ਸ਼ਿਵ ਦਰਾਵੜ ਅਤੇ ਆਸਟਰਿਕ ਪਰੰਪਰਾ ਦੇ ਸੁਮੇਲ ਵਿਚੋਂ ਉਭਰਿਆ ਹੈ। ਮਹਾਂਮਾਈ ਜਾਂ ਮਹਾਂਸ਼ਕਤੀ ਜੋ ਇਸ ਸੰਸਾਰ ਦੀ ਮੂਲ ਚਾਲਕ ਸ਼ਕਤੀ ਹੈ ਵੀ ਦਰਾਵੜੀ ਜੀਵਨ ਦੀ ਹੀ ਉਪਜ ਹੈ। ਡਾ. ਜਸਵਿੰਦਰ ਸਿੰਘ ਵੀ ਲਿਖਿਆ ਹੈ ਕਿ “ਸੁਹਾਂ ਸਭਿਆਚਾਰ ਦੇ ਅਲੋਪ ਹੋਣ ਬਾਅਦ ਪੰਜਾਬ ਦੀ ਧਰਤੀ ਤੇ ਲਗਭਗ ਤਿੰਨ ਹਜ਼ਾਰ ਪੂਰਵ ਈਸਵੀ ਦੇ ਦੌਰ ਵਿੱਚ ਅਤਿਅੰਤ ਉਨਤ ਸ਼ਹਿਰੀ ਸਭਿਅਤਾ ਅਤੇ ਸਭਿਆਚਾਰ ਸਿਰਜਿਆ ਗਿਆ। ਇਸਦੇ ਸਿਰਜਕ ਦਰਾਵੜ ਲੋਕ ਸਨ।" ਇਹ ਲੋਕ ਕਣਕ ਦੀ ਕਾਸ਼ਤ ਕਰਦੇ ਸਨ ਅਤੇ ਪਸ਼ੂ ਵੀ ਪਾਲਦੇ ਸਨ"। ਡਾ. ਅਲੀ ਅੱਬਾਸ ਜਲਾਲਪੁਰੀ ਅਨੁਸਾਰ “ਦਰਾਵੜ ਗਾਵਾਂ, ਦਾਂਦ, ਮਹੀਆ, ਭੇਡਾਂ ਬਕਰੀਆਂ ਤੇ ਕੁਕੜੀਆਂ ਪਾਲਦੇ ਸਨ। ਉਹਨਾਂ ਦੀ ਖੇਤੀਵਾੜੀ ਦੇ ਸਮਾਜ ਵਿੱਚ ਦਾਂਦ ਤੇ ਮਹਿੰ ਨੂੰ ਮੁਢਲਾ ਮਕਾਮ ਦਿਤਾ ਜਾਂਦਾ ਹੈ। ਦਾਂਦ ਨੂੰ ਗਡਿਆਂ ਵਿੱਚ ਚਲਾਂਦੇ ਸਨ। ਮਹਿੰ ਦਾ ਘਿਓ ਦੁੱਧ ਉਹਨਾਂ ਦੀ ਮਨ ਭਾਉਂਦੀ ਗਜ਼ਾ ਸੀ। ਹਲ ਚਲਾਣ ਦਾ ਰਿਵਾਜ ਆਮ ਨਹੀਂ ਸੀ, ਇਹ ਲੋਕ ਕਹੀ ਨਾਲ ਭੋਂਇ ਫੋਲ ਕੇ ਛੱਟੇ ਨਾਲ ਬਿਜਾਈ ਕਰਦੇ ਸਨ। ਦਰਿਆ ਵਿਚੋਂ ਖਾਲ ਕਢ ਕੇ ਰੜ ਸਿੰਜੀ ਜਾਂਦੀ ਸੀ। ਭੋਂਇ ਸਾਰੇ ਪਿੰਡ ਦੀ ਸਾਂਝੀ ਮਲਕੀਅਤ ਸਮਝਦੇ ਸਨ। ਅਜ ਵੀ ਸਾਡੇ ਪਿੰਡਾਂ ਵਿੱਚ ਸ਼ਾਮਲਾਤ ਏਸੇ ਸਾਂਝ ਦੀ ਯਾਦਗਾਰ ਹੈ। ਦਰਾਵੜਾਂ ਦੀਆਂ ਮੋਹਰਾਂ ਉਤੇ ਤਿੰਨ ਮੁੱਖਾਂ ਵਾਲੇ ਇੱਕ ਦੇਵਤਾ ਦਾ ਨਕਸ਼ ਮਿਲਿਆ ਹੈ, ਜਿਹੜਾ ਜੋਗੀਆਂ ਦੇ ਆਸਨ ਸਮਾਧੀ ਵਿੱਚ ਅੱਡੀਆਂ ਜੋੜ ਕੇ ਤੇ ਬਾਹਾਂ ਖਿਲਾਰ ਕੇ ਬੈਠਾ ਹੈ। ਉਹਦੀਆਂ ਬਾਹਵਾਂ ਉਤੇਗਜਰੇ ਹਨ ਅਤੇ ਸਿਰ ਉਤੇ ਤਰਸੂਲ ਦਾ ਨਿਸ਼ਾਨ ਦਿਸਦਾ ਹੈ। ਏਸ ਦੇਵਤਾ ਦੇ ਚੁਤਰਫੀਂ ਜੰਗਲ ਦੇ ਜਾਨਵਰ ਖਲੋਤੇ ਹਨ ਤੇ ਏਸ ਦਾ ਖਾਸ ਜਾਨਵਰ ਵੱਡੇ ਗੁਟ ਵਾਲਾ ਸਾਨ੍ਹ ਹੈ, ਜਿਹੜਾ ਬਾਅਦ ਵਿੱਚ ਯੋਗੀਆਂ ਦਾ ਮਹਾਂਦੇਵ ਬਣ ਗਿਆ ਸੀ। ਇਹ ਦੇਵਤਾ ਸ਼ਿਵ ਦੇਵਤਾ ਦੀ ਅਸਲ ਸੀ ਜਿਹੜਾ ਬਾਅਦ ਵਿੱਚ ਯੋਗੀਆਂ ਦਾ ਮਹਾਂਦੇਵ ਬਣ ਗਿਆ ਸੀ। ਕਾਲੀ ਦੇਵੀ ਵੀ ਅਸਲ ਵਿੱਚ ਦਰਾਵੜਾਂ ਦੀ ਦੇਵੀ ਹੈ"।[7]

ਇੰਡੋ-ਆਰੀਅਨਸੋਧੋ

ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ “ਦਰਾਵੜਾਂ ਤੋਂ ਬਾਅਦ ਪੰਜਾਬੀ ਦੀ ਧਰਤੀ ਉੱਪਰ ਆਰੀਅਨ ਲੋਕ 600ਈ. ਪੂਰਵ ਦੇ ਨੇੜੇ ਤੇੜੇ ਆਏ। ਇਹ ਲੋਕ ਜ਼ਿਆਦਾਤਰ ਚਰਵਾਹੇ ਸਨ ਫਿਰਤੂ ਪਿੰਡਾਂ ਵਿੱਚ ਰਹਿੰਦੇ ਸਨ ਜਿਹਨਾਂ ਨੂੰ ਗ੍ਰਾਮ ਗੋਤਰਾ, ਪੁਰ ਪੁਰੀ ਜਾਂ ਗੜ੍ਹ ਆਖਿਆ ਜਾਂਦਾ ਸੀ। ਇਹਨਾਂ ਲੋਕਾਂ ਨੇ ਪਿੰਡਾਂ ਵਿੱਚ ਵਸਣਾ ਸ਼ੁਰੂ ਕੀਤਾ ਤੇ ਖੇਤੀ ਖੇਤੀ ਦਾ ਕਾਰਜ ਕਰਨਾ ਵੀ ਸ਼ੁਰੂ ਕੀਤਾ, ਇਹਨਾਂ ਦੀ ਮੁੱਖ ਫ਼ਸਲ ਜੌ ਸੀ। ਭਾਸ਼ਾ ਇਹਨਾਂ ਲੋਕਾਂ ਦੀ ਮਨੁੱਖੀ ਸੱਭਿਅਤਾ ਨੂੰ ਵਡਮੁੱਲੀ ਦੇਣ ਹੈ। ਆਰੀਆ ਲੋਕ ਦੇਵੀ ਦੇਵਤਿਆਂ ਦੀ ਹਸਤੀ ਨੂੰ ਮੰਨਦੇ ਸਨ। ਇਹਨਾਂ ਦੇ ਦੇਵਤੇ ਤਿੰਨ ਵਰਗਾਂ ਵਿੱਚ ਸਵਰਗ, ਧਰਤੀ ਅਤੇ ਅੰਤਰਿਕਸ਼ ਵੰਡੇ ਹੋਏ ਸਨ। ਦੇਵੀ ਦੇਵਤਿਆਂ ਦੀ ਪੂਜਾ ਵਿੱਚ ਆਰੀਅਨ ਲੋਕ ਬਲੀ ਦੇਣ ਵਿੱਚ ਵਿਸ਼ਵਾਸ ਕਰਦੇ ਸਨ ਜੋ ਦੇਵਤਿਆਂ ਨੂੰ ਖੁਸ਼ ਕਰਨ ਅਤੇ ਬਖ਼ਸ਼ਿਸ਼ ਪ੍ਰਾਪਤੀ ਕਰਨ ਲਈ ਦਿੱਤੀ ਜਾਂਦੀ ਸੀ। ਮਹਾਂਕਾਵਿ ਦੀ ਪਰੰਪਰਾ ਵੀ ਇਹਨਾਂ ਲੋਕਾਂ ਤੋਂ ਆਈ ਜੋ ਵਿਸ਼ਨੂੰ, ਸ਼ਿਵ, ਬ੍ਰਹਮ ਦੀ ਚੜ੍ਹਤ ਨੂੰ ਪ੍ਰਤੀਬਿੰਬਤ ਕਰਦੀ ਹੈ। ਆਰੀਆ ਲੋਕਾਂ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਰਾਜਪੂਤ ਅਤੇ ਜੱਟ ਕਬੀਲੇ ਆਏ। ਜਿਨ੍ਹਾਂ ਨੂੰ ਸਿਥੀਅਨ ਕਬੀਲੇ ਕਿਹਾ ਜਾਂਦਾ ਹੈ। ਇਹਨਾਂ ਲੋਕਾਂ ਨੇ ਮੌਜੂਦਾ ਪੰਜਾਬੀ ਸਭਿਆਚਾਰ ਦੀ ਪਰੰਪਰਾ ਨੂੰ ਸਿਰਜਿਆ ਹੈ"।[8] ਡਾ.ਜਸਵਿੰਦਰ ਸਿੰਘ ਨੇ ਇਹਨਾਂ ਦੇ ਆਉਣ ਦਾ ਸਮਾਂ ਲੱਗਭਗ 1500ਈ ਪੂਰਵ ਦਾ ਮੰਨਿਆ ਹਨ। “ਉਹਨਾਂ ਅਨੁਸਾਰ ਆਰੀਆਈ ਲੋਕ ਇਕੋ ਵਾਰ ਨਹੀਂ, ਸਗੋਂ ਵੱਖ-ਵੱਖ ਟੋਲਿਆਂ ਵਿੱਚ ਵੱਖੋ-ਵੱਖਰੇ ਸਮੇਂ ਤੇ ਨਿਰੰਤਰ ਆਉਂਦੇ ਰਹੇ। ਜੰਗਾਂ ਦਾ ਸਿਲਸਿਲਾ ਕਈ ਸਦੀਆਂ ਚੱਲਦਾ ਰਿਹਾ, ਜਦ ਤਕ ਕਿ ਅੰਤਮ ਰੂਪ ਵਿੱਚ ਆਰੀਆਈ ਇਸ ਖਿੱਤੇ ਤੇ ਕਾਬਜ਼ ਨਾ ਹੋ ਗਏ ਅਤੇ ਹੜੱਪਾਈ ਸਭਿਆਚਾਰ ਤਬਾਹ ਨਾ ਕਰ ਦਿੱਤਾ ਗਿਆ। ਇਹ ਸਮਾਂ 1500ਈ. ਪੂਰਵ ਦਾ ਹੈ। ਇਹ ਲੋਕ ਫੁਰਤੀਲੇ ਅਤੇ ਤਕੜੇ ਜੂਸੇ ਦੇ ਸਨ ਅਤੇ ਨਿਪੁੰਨ ਘੋੜ ਸਵਾਰ ਅਤੇ ਸੂਰਬੀਰ ਲੜਾਕੇ ਸਨ"।[9] ਡਾ. ਜਲਾਲਪੁਰੀ ਅਨੁਸਾਰ “ਜਦੋਂ ਹਿੰਦੀ ਆਰੀਆ ਪੰਜਾਬ ਤੇ ਸਿੰਧ ਵਿੱਚ ਦਾਖਲ ਹੋਏ, ਉਹਨਾਂ ਦਾ ਮਜ਼ਹਬ ਸਿੱਧਾ ਸਾਦਾ ਸੀ। ਆਪਣੇ ਇਰਾਨੀ ਭਰਾਵਾਂ ਵਾਂਗੂੰ ਉਹ ਅੱਗ ਨੂੰ ਪੱਵਿਤਰ ਮੰਨਦੇ ਸਨ। ਖੁੱਲ੍ਹੇ ਮੈਦਾਨ ਵਿੱਚ ਅੱਗ ਬਾਲ ਕੇ ਤੇ ਉਸ ਉਤੇ ਘਿਉ ਸੁਟ ਕੇ ਮੰਤਰ ਪੜ੍ਹਦੇ ਸਨ। ਇਹੋ ਉਹਨਾਂ ਦੀ ਵੱਡੀ ਪੂਜਾ ਸੀ। ਅੱਗ ਤੋਂ ਵੱਖ ਉਹ ਤੂਫਾਨ, ਬੱਦਲ ਦੀ ਕੜਕ ਤੇ ਸੂਰਜ ਦੀ ਪੂਜਾ, ਇੰਦਰ, ਵਾਯੂ ਤੇ ਸੂਰਯਾ ਦੀ ਸ਼ਕਲ ਵਿੱਚ ਕਰਦੇ ਸਨ। ਇੱਕ ਨਸ਼ਾਆਵਰ ਜੜੀ ਬੂਟੀ ਸੋਮ ਦਾ ਰਸ ਪੀਂਦੇ ਸਨ ਤੇ ਉਸਨੂੰ ਵੀ ਦੇਵਤਾ ਕਹਿੰਦੇ ਸਨ। ਉਹਨਾਂ ਦੀ ਸਮਾਜੀ ਬਣਤਰ ਪਿਤਰੀ ਸੀ। ਜਿਸ ਵਿੱਚ ਮਰਦ ਨੂੰ ਬਰਤਰੀ ਹਾਸਿਲ ਸੀ। ਏਸੇ ਲਈ ਉਹ ਆਪਣੀਆਂ ਦੇਵੀਆਂ ਪ੍ਰਿਥਵੀ ਤੇ ਉਸ਼ਾ ਨੂੰ ਮਾਮੂਲੀ ਦਰਜਾ ਦੇਂਦੇ ਸਨ। ਉਹ ਆਦਮੀ ਅਤੇ ਘੋੜੇ ਦੀ ਕੁਰਬਾਨੀ ਦੇਂਦੇ ਸਨ ਤੇ ਉਸ ਘੋੜੇ ਦਾ ਗੋਸ਼ਤ ਖਾਂਦੇ ਸਨ। ਪ੍ਰਾਹੁਣਿਆਂ ਲਈ ਗਉੂ ਜ਼ਿਬਾਹ ਕਰਕੇ ਉਸਦਾ ਗੋਸ਼ਤ ਵੀ ਖਾਧਾ ਜਾਂਦਾ ਸੀ, ਹਿੰਦੂਸਤਾਨ ਵਿੱਚ ਸਦੀਆਂ ਤੋਂ ਏਸ ਸਿੱਧੇ ਸਾਦੇ ਮਜ਼ਹਬ ਦਾ ਨਿਸ਼ਾਨ ਮਿਟ ਚੁੱਕਾ ਹੈ"।[10] ਫਰੈਂਕ ਨੇ ਆਪਣੇ "ਬਦੇਸ਼ੀ ਸੋਮੇ" ਦੀ ਵੰਡ ਵਿੱਚ ਸਭ ਤੋਂ ਪਹਿਲਾਂ ਆਰੀਅਨ ਲੋਕਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਪੰਜਾਬ ਵਿੱਚ ਆ ਕੇ ਦਰਾਵੜ ਲੋਕਾਂ ਦੀਆਂ ਕੁਝ ਰਸਮਾਂ ਨੂੰ ਆਪਣਾ ਲਿਆ ਸੀ[11] ਪਰੰਤੂ ਫਰੈਂਕ ਨੇ ਕੋਈ ਕਾਲ ਨਿਸ਼ਚਿਤ ਨਹੀਂ ਕੀਤਾ।

ਮੰਗੋਲਸੋਧੋ

ਨਿਸ਼ਧ, ਆਰੀਆ ਅਤੇ ਦਰਾਵੜ ਤੋਂ ਬਾਅਦ ਮੰਗੋਲ ਨਾਮੀ ਨਸਲ ਨੇ ਵੀ ਪੰਜਾਬ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵੇਲੇ ਪਹਿਲਾਂ ਵਾਲੀਆਂ ਤਿੰਨੇ ਨਸਲਾਂ ਸਾਂਝਾ ਭਾਈਚਾਰਾ ਸਿਰਜਣ ਦਾ ਕੰਮ ਕਰ ਰਹੀਆਂ ਸਨ। ਪੰਜਾਬੀ ਸਭਿਆਚਾਰ ਨੂੰ ਬਹੁਤਾਂ ਅੰਸ਼ ਪ੍ਰਦਾਨ ਨਾ ਕਰ ਸਕਣ ਕਾਰਨ ਇਹ ਪੰਜਾਬੀ ਸਭਿਆਚਾਰ ਵਿੱਚ ਆਪਣਾ ਸਥਾਨ ਨਾ ਬਣਾ ਸਕੇ।[12]

ਨਾਥ ਜੋਗੀਸੋਧੋ

ਪੰਜਾਬੀ ਸਭਿਆਚਾਰ ਵਿੱਚ ਨਾਥ ਜੋਗੀਆਂ ਦੀ ਪਰੰਪਰਾ ਸਭ ਤੋਂ ਵੱਧ ਹਰਮਨ ਪਿਆਰੀ ਰਹੀ। ਨਾਥ-ਜੋਗੀਆਂ ਨੇ ਸਮੇਂ ਪਾਖੰਡਾ ਅਤੇ ਪਰੰਪਰਾ ਦੇ ਮੋਹਰੀ ਪਖੰਡੀਆਂ ਉੱਪਰ ਕਰਾਰੇ ਵਿਅੰਗ ਕਸੇ। ਨਾਥ ਜੋਗੀ ਦੀ ਪਰੰਪਰਾ ਦੀ ਸਾਧਨਾ ਸਦਕਾ ਪੰਜਾਬ ਦੀ ਧਰਤੀ ਤੇ ਇੱਕ ਵਾਰ ਫਿਰ ਪ੍ਰਚੀਨ ਪਰੰਪਰਾ ਦਾ ਉਭਾਰ ਹੋਇਆ।[12] ਨਾਥ ਜੋਗੀਆਂ ਤੋਂ ਪੂਨਰ ਜਾਗ੍ਰਿਤੀ ਲਹਿਰਾਂ ਤੱਕ ਦੇ ਸੋਮਿਆਂ ਨੂੰ ਉਤਰ ਕਾਲ ਦੇ ਸੋਮੇ ਕਿਹਾ ਜਾ ਸਕਦਾ ਹੈ।

ਸੈਮਟਿਕ ਸੋਮੇਸੋਧੋ

ਸਮੈਟਿਕ ਸੋਮਿਆਂ ਵਿੱਚ ਤੁਰਕ, ਮੁਸਲਮਾਨ ਅਤੇ ਸੂਫ਼ੀ ਸੰਤ ਆ ਜਾਂਦੇ ਹਨ ਜਿਨ੍ਹਾਂ ਦੀ ਪੰਜਾਬੀ ਸਭਿਆਚਾਰ ਨੂੰ ਵਿਸ਼ੇਸ਼ ਦੇਣ ਹੈ। ਇਹਨਾਂ ਦੀ ਆਮਦ ਨਾਲ ਮੱਧ ਏਸ਼ੀਆ ਦਾ ਸਭਿਆਚਾਰ ਪੰਜਾਬੀ ਸਭਿਆਚਾਰ ਦੇ ਸੰਪਰਕ ਵਿੱਚ ਆਇਆ। ਚਰਖ਼ਾ, ਤੁਰਕਾਂ ਦੀ ਹੀ ਪੰਜਾਬੀ ਸਭਿਆਚਾਰ ਨੂੰ ਵਡਮੁੱਲੀ ਦੇਣ ਹੈ। ਇਹਨਾਂ ਲੋਕਾਂ ਨੇ ਹੀ ਚਿੱਤਰਕਲਾ ਅਤੇ ਇਮਾਰਤਸਾਜ਼ੀ ਦੇ ਕਈ ਨਮੂਨੇ ਪੰਜਾਬੀ ਸਭਿਆਚਾਰ ਨੂੰ ਪ੍ਰਦਾਨ ਕੀਤੇ। ਦਰੀਆਂ ਬੁਣਨਾ, ਸੀਸਧਰ ਫੁਲਕਾਰੀਆਂ ਦੇ ਕਈ ਨਮੂਨੇ, ਮੱਧ ਏਸ਼ੀਆ ਨਾਲ ਸੰਬੰਧਿਤ ਹਨ, ਇਸੇ ਤਰ੍ਹਾਂ ਤੰਦੂਰ ਅਤੇ ਕਬਾਬ ਵੀ ਮੱਧ ਏਸ਼ੀਆ ਤੋਂ ਆਏ ਮੁਗਲਾਂ ਤੇ ਤੁਰਕਾਂ ਦੀ ਹੀ ਦੇਣ ਹਨ। ਮੱਧਕਾਲ ਦੀਆਂ ਰੁਮਾਂਟਿਕ ਕਥਾਵਾਂ ਦੇ ਥੀਮ ਵੀ ਮੱਧ ਏਸ਼ੀਆ ਨਾਲ ਹੀ ਤੁਅੱਲਕ ਰੱਖਦੇ ਹਨ।[8] ਫਰੈਂਕ ਦੇ "ਬਦੇਸ਼ੀ ਸੋਮੇ" ਵਿੱਚ ਉਸਨੇ ਆਰੀਆ ਲੋਕਾਂ ਤੋਂ ਬਾਅਦ ਮੁਸਲਮਾਨ ਲੋਕਾਂ ਦੇ ਆਉਣ ਬਾਰੇ ਦੱਸਿਆ ਹੈ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਪੂਰਨ ਰੂਪ ਵਿੱਚ ਪ੍ਰਭਾਵਿਤ ਕੀਤਾ।[11]

ਸੂਫ਼ੀ ਸੋਮੇਸੋਧੋ

ਕੱਟੜਪੰਥੀ ਮੁਸਲਮਾਨੀ ਸਭਿਆਚਾਰ ਦੇ ਵਿਰੋਧ ਵਿੱਚ ਸੂਫ਼ੀ ਲਹਿਰ ਨੇ ਜਨਮ ਲਿਆ। ਇਹ ਲਹਿਰ ਵੀ ਅੱਠਵੀ ਨੌਵੀਂ ਸਦੀ ਵਿੱਚ ਅਰਬ ਵਿੱਚ ਹੀ ਪ੍ਰਚੱਲਤ ਹੋਈ, ਪਰ ਗਿਆਰਵੀਂ ਸਦੀ ਤੱਕ ਇਹ ਪੰਜਾਬ ਦੀ ਧਰਤੀ ਤੇ ਵੀ ਪਹੁੰਚੀ।ਇਸ ਲਹਿਰ ਦਾ ਪਹਿਲਾ ਕਵੀ ਬਾਬਾ ਫਰੀਦ ਸੀ। ਭਗਤੀ ਲਹਿਰ ਦੇ ਪ੍ਰਮੁੱਖ ਕਵੀਆਂ, ਜਿਹਨਾਂ ਵਿੱਚ ਬੁਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਵਰਗੇ ਵਿਯੋਗ ਦੇ ਕਵੀ ਗਿਣੇ ਜਾ ਸਕਦੇ ਹਨ, ਸੂਫ਼ੀ ਵਿਚਾਰਧਾਰਾ ਨੂੰ ਠੇਠ ਪੰਜਾਬੀ ਵਿੱਚ ਵਿਅਕਤ ਕੀਤਾ। ਪੰਦਰਵੀਂ ਸਦੀ ਦੇ ਸੰਤਾਂ ਜਿਹਨਾਂ ਵਿੱਚ ਗੁਰੂ ਸਹਿਬਾਨ, ਭਗਤ ਕਬੀਰ, ਚੇਤੰਨ, ਮਹਾਂਪ੍ਰਭੂ ਵਰਗੇ ਸੰਤਾਂ ਦੇ ਨਾਂ ਗਿਣੇ ਜਾ ਸਕਦੇ ਹਨ, ਨੇ ਵੀ ਰੱਬ ਦੀ ਪ੍ਰਾਪਤੀ ਲਈ ਪ੍ਰੇਮ ਅਤੇ ਸੇਵਾ ਭਾਵ ਦੇ ਸੂਫੀਆਨਾ ਅੰਦਾਜ਼ ਨੂੰ ਅਪਣਾਇਆ। ਇਸ ਤਰ੍ਹਾਂ ਇਕੱਠੇ ਪੰਜਾਬ ਵਿੱਚ ਨਹੀਂ ਸਾਰੇ ਉਤਰੀ ਭਾਰਤ ਵਿੱਚ ਸੂਫ਼ੀਵਾਦ ਇੱਕ ਜ਼ਬਰਦਸਤ ਲਹਿਰ ਬਣ ਗਿਆ। ਲੋਕ ਗਥਾਵਾਂ ਤੇ ਕਿੱਸਾ ਕਾਵਿਧਾਰਾ ਸੂਫ਼ੀ ਪ੍ਰਭਾਵ ਦਾ ਹੀ ਸਿੱਟਾ ਹੈ।

ਗੁਰਮਤਿ ਸਾਹਿਤਸੋਧੋ

ਗੁਰਮਤਿ ਧਾਰਾ ਦੇ ਪਹਿਲੇ ਕਵੀ ਨਾਨਕ ਦੇਵ ਜੀ ਸਨ। ਜਿਨ੍ਹਾਂ ਨੇ ਇੱਕ ਰੱਬ ਦਾ ਸੰਕਲਪ ਦੇ ਕੇ ਪੰਜਾਬੀ ਸਭਿਆਚਾਰ ਨੂੰ ਇੱਕ ਵਾਰ ਫਿਰ ਪੁਨਰ ਸਥਾਪਿਤ ਕੀਤਾ। ਜੱਟ ਤੇ ਰਾਜਪੂਤ ਕਬੀਲੇ ਜਿਹਨਾਂ ਵਿੱਚ ਚੌਖੀ ਗਿਣਤੀ ਵਿੱਚ ਇਸਲਾਮ ਦੇ ਧਾਰਨੀ ਹੋ ਗਏ ਸਨ, ਇਹਨਾਂ ਨੂੰ ਇਕਸੁਰ ਕਰਨਾ ਅਤੇ ਵਿਦੇਸ਼ੀ ਹਮਲਾਵਰਾਂ ਵਿਰੁੱਧ ਖੜਾ ਕਰਨ ਲਈ ਇਹਨਾਂ ਨੂੰ ਇੱਕ ਲੜੀ ਵਿੱਚ ਪਰੋਣਾ ਬਹੁਤ ਜ਼ਰੂਰੀ ਸੀ। ਗੁਰੂ ਨਾਨਕ ਦੁਆਰਾ ਦਿੱਤਾ ਗਿਆ ਇਹ ਸੰਕਲਪ ਜਿਥੇ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਇੱਕ ਕਰਨ ਲਈ ਪ੍ਰੇਰਨਾ ਦਾ ਸੋਮਾ ਹੈ, ਉਥੇ ਪੰਜਾਬ ਦੇ ਵੱਖ-ਵੱਖ ਕਬੀਲਿਆਂ ਦੇ ਨਿਜੀ ਇਕਾਈ ਵਿੱਚ ਬੰਨ੍ਹਣ ਲਈ ਵਿਸ਼ੇਸ਼ ਤੌਰ ਤੇ ਕਾਰਗਰ ਸਿੱਧ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ,ਇਕ ਨਿਰਭੈ, ਨਿਰਵੈਰ, ਸ਼ੁੱਧ ਅਮਲ ਦਾ ਧਾਰਨੀ ਭਾਈਚਾਰਾ ਉਸਾਰਨ ਵੱਲ ਇੱਕ ਨਿਗਰ ਕਦਮ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੱਧਕਾਲ ਵਿੱਚ ਪੰਜਾਬੀ ਸਭਿਆਚਾਰ ਆਪਣੀ ਪੁਨਰ ਸਥਾਪਨਾ ਕਰਦਾ ਹੈ।

ਪੱਛਮੀ ਸੋਮੇਸੋਧੋ

ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ “ਪੰਜਾਬੀ ਸਭਿਆਚਾਰ ਤੇ ਪੱਛਮੀ ਸੋਮਿਆਂ ਦੇ ਪ੍ਰਭਾਵ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪੈਣੇ ਸ਼ੁਰੂ ਹੋ ਗਏ ਸਨ। ਇਹਨਾਂ ਵਿੱਚ ਬਰਤਾਨੀਆਂ, ਫਰਾਂਸ, ਅਮਰੀਕਾ ਅਤੇ ਜਰਮਨ ਦੇ ਪ੍ਰਭਾਵ ਸ਼ਾਮਲ ਹਨ। ਜਦੋਂ 1849 ਵਿੱਚ ਅੰਗਰੇਜਾਂ ਨੇ ਪੰਜਾਬ ਉਪਰ ਆਪਣਾ ਅਧਿਕਾਰ ਸਥਾਪਤ ਕਰ ਲਿਆ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਸਭਿਆਚਾਰ ਨੂੰ ਬਹੁਤ ਪ੍ਰਭਾਵਿਤ ਕੀਤਾ। ਪੰਜਾਬੀ ਲੋਕ ਨੌਕਰੀਆਂ ਰੁਜ਼ਗਾਰ ਦੀ ਤਲਾਸ਼ ਵਿੱਚ ਬਰਤਾਨੀਆ ਅਤੇ ਹੋਰ ਪੱਛਮੀ ਦੇਸ਼ਾ ਵੱਲ ਜਾਣ ਲੱਗੇ ਜਿਸ ਸਦਕਾ ਪੰਜਾਬੀ ਦਾ ਸਿੱਧਾ ਸੰਬੰਧ ਵਿਦੇਸ਼ੀ ਸਭਿਆਚਾਰ ਨਾਲ ਹੋਇਆ। ਪੰਜਾਬੀ ਭਾਸ਼ਾ ਨੇ ਅੰਗਰੇਜ਼ੀ ਦੀ ਸ਼ਬਦਾਵਲੀ ਸਵੀਕਾਰ ਕੀਤੀ। ਪੰਜਾਬੀ ਲੋਕਾਂ ਦੇ ਕੁੜਤੇ-ਪਜਾਮੇ ਜਾਂ ਕੁੜਤੇ ਤੰਬੇ ਦੀ ਥਾਂ ਪੈਂਟ ਪਤਲੂਨ ਨੇ ਲੈ ਲਈ, ਸਮਾਜਿਕ ਰਿਸ਼ਤਿਆਂ ਵਿੱਚ ਚਾਚੇ, ਤਾਏ, ਮਾਮੇ, ਫੁਫੜ ਆਦਿ ਲਈ ਅੰਕਲ ਦੀ ਵਰਤੋਂ ਹੋਣ ਲੱਗੀ। ਖਾਧ ਖੁਰਾਕ ਵਿੱਚ ਤੰਬਾਕੂ, ਚਾਹ ਵਰਗੇ ਪਦਾਰਥ ਸ਼ਾਮਲ ਹੋ ਗਏ। ਇਹ ਅੰਸ਼ ਪੰਜਾਬੀ ਸਭਿਆਚਾਰ ਵਿੱਚ ਸ਼ਾਮਲ ਹੀ ਨਹੀਂ ਹੋਏ, ਸਗੋਂ ਬਾਅਦ ਵਿੱਚ ਰੁਝਾਨ ਬਣ ਗਏ"।[12] ਡਾ. ਗੁਰਬਖ਼ਸ਼ ਸਿੰਘ ਫਰੈਂਕ ਨੇ ਇਹਨਾਂ ਸੋਮਿਆਂ ਦੀ ਗੱਲ ਬਦੇਸ਼ੀ ਸੋਮਿਆਂ ਵਿੱਚ ਕੀਤੀ ਹੈ। ਉਹ ਲਿਖਦੇ ਹਨ “ਸਾਡੀ ਸੋਚਣੀ ਅਤੇ ਸਭਿਆਚਾਰ ਵਿਚਲੇ ਹੋਰ ਬਹੁਤ ਸਾਰੇ ਅੰਸ਼ ਅੰਗਰੇਜ਼ੀ ਰਾਹੀਂ ਸਾਡੇ ਤੱਕ ਪੁੱਜੇ ਹਨ। ਵੀਹਵੀਂ ਸਦੀ ਵਿੱਚ ਫ਼ਰਾਂਸੀਸੀ ਅਸਤਿਤਵਵਾਦੀਆਂ ਦਾ ਪ੍ਰਭਾਵ, ਜਰਮਨੀ ਦੇ ਮਾਰਕਸ ਅਤੇ ਏਂਗਲਜ਼ ਦਾ, ਗੇਟੇ ਅਤੇ ਬਰੈਖ਼ਤ ਦਾ ਰੂਸ ਦੇ ਟਾਲਸਟਾਏ, ਦਸਤੋਯੇਵਸਕੀ, ਗੋਰਕੀ, ਲੈਨਿਨ ਦਾ, ਨਾਰਵੇ ਦੇ ਇਬਸਨ ਦਾ, ਆਇਰਲੈਂਡ ਦੇ ਬਰਨਾਰਡ ਸ਼ਾਅ ਦਾ ਅਤੇ ਹੋਰ ਕਈ ਪ੍ਰਭਾਵ ਅੰਗਰੇਜ਼ੀ ਰਾਹੀਂ ਹੀ ਪੰਜਾਬੀ ਸਭਿਆਚਾਰ ਤੱਕ ਪੁੱਜੇ ਹਨ। ਪੰਜਾਬੀ ਚਿਤ੍ਰਕਲਾ ਦਾ ਵਿਅਕਤੀਗਤ ਅਤੇ ਸੰਸਥਾਈ ਰੂਪ ਵਿੱਚ ਵਿਕਾਸ ਅੰਗਰੇਜ਼ੀ ਅਸਰ ਹੇਠ ਹੀ ਹੋਇਆ ਹੈ। ਪੰਜਾਬੀਆਂ ਦੇ ਲਿਬਾਸ, ਖਾਣ-ਪੀਣ ਦੀ ਸਮੱਗਰੀ ਅਤੇ ਢੰਗ, ਰਹਿਣ-ਸਹਿਣ ਦੇ ਢੰਗ-ਤਰੀਕਿਆਂ, ਸਮਾਜਕ ਵਰਤ-ਵਿਹਾਰ ਸਭ ਨੂੰ ਅੰਗਰੇਜ਼ੀ ਸੰਪਰਕ ਨੇ ਕੁਝ ਨਾ ਕੁਝ ਨਵਾਂ ਦਿੱਤਾ ਹੈ"।[11]

ਪੁਨਰ ਜਾਗਰਤੀ ਲਹਿਰਾਂਸੋਧੋ

ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ “ਇਹਨਾਂ ਲਹਿਰਾਂ ਵਿੱਚ ਆਰੀਆ ਸਮਾਜ ਲਹਿਰ ਅਤੇ ਸਿੰਘ ਸਭਾ ਲਹਿਰ ਨੂੰ ਰੱਖਿਆ ਜਾ ਸਕਦਾ ਹੈ। ਇਹਨਾਂ ਲਹਿਰਾਂ ਨੇ ਜੀਵਨ ਦੇ ਦਾਰਸ਼ਨਿਕ ਪੱਖ ਨੂੰ ਆਪਣਾ ਅਧਾਰ ਬਣਾਇਆ ਅਤੇ ਮਾਨਸਿਕ ਸ਼ੁਧਤਾ ਉੱਤੇ ਵਧੇਰੇ ਜ਼ੋਰ ਦਿੱਤਾ। ਇਹ ਲਹਿਰਾਂ ਬੇਸ਼ੱਕ ਇਸਾਈ ਮਿਸ਼ਨਰੀਆਂ ਦੇ ਪ੍ਰਚਾਰ ਦਾ ਪ੍ਰਤੀਵਾਦ ਸਨ, ਪਰ ਉਸਨੂੰ ਠੱਲਣ ਵਿੱਚ ਬਹੁਤਾ ਕਾਰਗਰ ਸਿੱਧ ਨਹੀਂ ਹੋ ਸਕੀਆਂ। ਈਸਾਈ ਮਿਸ਼ਨਰੀਆਂ ਨੇ ਸੇਵਾ ਅਤੇ ਪਿਆਰ ਨੂੰ ਆਪਣੇ ਪ੍ਰਚਾਰ ਦਾ ਸਾਧਨ ਬਣਾਇਆ ਪਰ ਸਿੱਖੀ ਵਿੱਚ ਸੇਵਾ ਅਤੇ ਪਿਆਰ ਦਾ ਸੰਕਲਪ ਪ੍ਰਮੁੱਖ ਹੁੰਦਿਆਂ ਹੋਇਆ ਵੀ ਸਿੰਘ ਸਭਾ ਲਹਿਰ ਦੀ ਮੂਲ ਧਾਰਨਾ ਨਹੀਂ ਬਣ ਸਕਿਆ। ਆਰੀਆ ਸਮਾਜੀਆਂ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ।

ਹਵਾਲੇਸੋਧੋ

 1. 1.0 1.1 1.2 ਖਹਿਰਾ 1986, p. 192.
 2. ਫ਼ਰੈਂਕ 2012, p. 121.
 3. < ਗੁਰਬਖਸ਼ ਸਿੰਘ ਫਰੈਂਕ, ਪੰਜਾਬੀ ਅਤੇ ਪੰਜਾਬੀ ਸਭਿਆਚਾਰ >
 4. < ਗੁਰਬਖਸ਼ ਸਿੰਘ ਫਰੈਂਕ, ਪੰਜਾਬੀ ਅਤੇ ਪੰਜਾਬੀ ਸਭਿਆਚਾਰ >
 5. < ਗੁਰਬਖਸ਼ ਸਿੰਘ ਫਰੈਂਕ, ਪੰਜਾਬੀ ਅਤੇ ਪੰਜਾਬੀ ਸਭਿਆਚਾਰ >
 6. "ਡਾ. ਜੀਤ ਸਿੰਘ ਜੋਸ਼ੀ,". ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਪੰਨਾ-284. ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ. 
 7. 7.0 7.1 ਖਹਿਰਾ 1986, p. 194.
 8. 8.0 8.1 ਖਹਿਰਾ 1986, p. 195-196.
 9. ਡਾ. ਜਸਵਿੰਦਰ ਸਿੰਘ.ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ. ਪੰਨਾ ਨੰ.-136
 10. ਡਾ. ਅਲੀ ਅਵਾਸ ਜਲਾਲਪੁਰੀ.ਸੂਫ਼ੀ ਕਾਵਿ ਅਤੇ ਉਸਦਾ ਪਿਛੋਕੜ.ਪੰਨਾ ਨੰ.-33
 11. 11.0 11.1 11.2 ਫ਼ਰੈਂਕ 2012, p. 122-123.
 12. 12.0 12.1 12.2 ਖਹਿਰਾ 1986, p. 196.

ਹਵਾਲਾ ਪੁਸਤਕਾਂਸੋਧੋ

 • ਗੁਰਬਖ਼ਸ਼ ਸਿੰਘ ਫ਼ਰੈਂਕ (2012). ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ. ISBN 81-7856-365-7. 
 • ਖਹਿਰਾ, ਭੁਪਿੰਦਰ ਸਿੰਘ (1986). ਲੋਕਧਾਰਾ ਭਾਸ਼ਾ ਤੇ ਸਭਿਆਚਾਰ. ਪੇਪਸੂ ਬੂਕ ਡਿਪੋ, ਪਟਿਆਲਾ.