ਬਟਾਲਾ

ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ

ਬਟਾਲਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਇੱਕ ਨਗਰ ਨਿਗਮ ਹੈ। ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਤਹਿਸੀਲ ਹੈ। ਇਹ ਇੱਕ ਡਿਵੈਲਪਮੈਂਟ ਬਲਾਕ, ਨਗਰ ਕੌਂਸਲ (ਕਲਾਸ-1) ਅਤੇ ਵਿਧਾਨ ਸਭਾ ਹਲਕਾ ਵੀ ਹੈ। ਇਸ ਸ਼ਹਿਰ ਦੀ ਆਬਾਦੀ ਸਵਾ ਲੱਖ ਤੋਂ ਵੱਧ ਹੈ। ਬਟਾਲਾ ਨੂੰ ਲੋਹਾ ਨਗਰੀ (ਸਨਅਤੀ ਸ਼ਹਿਰ) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਪਠਾਨਕੋਟ-ਅੰਮ੍ਰਿਤਸਰ ਰੇਲਵੇ ਲਾਈਨ ਅਤੇ ਕੌਮੀ ਹਾਈਵੇਅ ਨੰਬਰ 15 ਉਪਰ ਪਠਾਨਕੋਟ ਤੋਂ 69 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 38 ਕਿਲੋਮੀਟਰ ਦੀ ਦੂਰੀ ਉਪਰ ਪੈਂਦਾ ਹੈ। ਇਹ ਜਲੰਧਰ ਤੋਂ 80 ਕਿਲੋਮੀਟਰ ਅਤੇ ਗੁਰਦਾਸਪੁਰ ਤੋਂ 33 ਕਿਲੋਮੀਟਰ ਦੂਰ ਹੈ। ਬਟਾਲਾ ਨਗਰ 1472 ਦੇ ਆਸ-ਪਾਸ ਵਸਾਇਆ ਗਿਆ ਸੀ। ਇਹ ਨਗਰ ਬਹਿਲੋਲ ਖਾਨ ਲੋਧੀ ਦੇ ਸਮੇਂ ਕਪੂਰਥਲਾ ਦੇ ਇੱਕ ਰਾਜਪੂਤ ਰਾਏ ਰਾਮ ਦਿਓ ਨੇ ਵਸਾਇਆ ਦੱਸਿਆ ਜਾਂਦਾ ਹੈ। ਬਿਆਸ ਦਰਿਆ ਅਤੇ ਰਾਵੀ ਦਰਿਆ ਵਿਚਕਾਰ ਵਸਦੇ ਇਸ ਨਗਰ ਨੂੰ ਪਹਿਲਾਂ ਬਟਾਲਾ ਸ਼ਰੀਫ ਆਖਦੇ ਸਨ।

ਬਟਾਲਾ
ਸ਼ਹਿਰ
Batala Map
ਬਟਾਲਾ
ਦੇਸ਼ India
StatePunjab
DistrictGurdaspur
ਖੇਤਰ
 • ਕੁੱਲ29 km2 (11 sq mi)
ਉੱਚਾਈ
249 m (817 ft)
ਆਬਾਦੀ
 (2010)
 • ਕੁੱਲ1,47,872
 • ਘਣਤਾ5,100/km2 (13,000/sq mi)
ਭਾਸ਼ਾਵਾਂ
 • ਦਫ਼ਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
143505
ਟੈਲੀਫ਼ੋਨ ਕੋਡ01871
ਵਾਹਨ ਰਜਿਸਟ੍ਰੇਸ਼ਨPB 18
Distance from Amritsar38 kilometres (24 mi) NE (land)
Distance from Jalandhar75 kilometres (47 mi) NE (land)
Distance from Chandigarh213 kilometres (132 mi) NE (land)
Distance from Delhi470 kilometres (290 mi) NE (land)

ਸਥਾਨ

ਸੋਧੋ
  • ਸਿੱਖਾਂ ਵਾਸਤੇ ਇਹ ਇੱਕ ਅਹਿਮ ਸਥਾਨ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ਼ ਇਸੇ ਸਥਾਨ ਤੇ ਹੋਇਆ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।
  • ਮੁਗਲ ਬਾਦਸ਼ਾਹ ਅਕਬਰ ਦੇ ਸਮੇਂ (1556-1605) ਸਮਸ਼ੇਰ ਖਾਨ ਜੋ ਮਾਣਕਪੁਰ ਦਾ ਫੌਜਦਾਰ ਸੀ, ਉਸ ਨੂੰ ਇਹ ਇਲਾਕਾ ਜਗੀਰ ਦੇ ਰੂਪ ਵਿੱਚ ਮਿਲਿਆ ਸੀ। ਉਸ ਨੇ ਸ਼ਹਿਰ ਦੇ ਪੂਰਬੀ ਹਿੱਸੇ ਵੱਲ ਇੱਕ ਤਲਾਬ ਬਣਾਇਆ। ਰੰਗ ਬਰੰਗੇ ਬਾਗ਼-ਬਗੀਚੇ ਲਾ ਕੇ ਇਸ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਇਥੋਂ ਨੇੜੇ ਲੰਘਦੀ ਸੜਕ ਦਾ ਨਾਂ ‘ਅਨਾਰਕਲੀ’ ਰੱਖਿਆ ਗਿਆ। ਔਰੰਗਜ਼ੇਬ ਦੇ ਜ਼ਮਾਨੇ ਵਿੱਚ ਮਿਰਜ਼ਾ ਮੁਹੰਮਦ ਨੇ ਜਿੱਥੇ ਹੋਰ ਬਾਗ਼ ਲਗਾਏ ਉੱਥੇ ਬਾਜ਼ਾਰ ਤੇ ਦੁਕਾਨਾਂ ਬਣਾ ਕੇ ਨਗਰ ਨੂੰ ਨਵਾਂ ਰੂਪ ਦਿੱਤਾ।
  • ਮਹਾਰਾਜ ਰਣਜੀਤ ਸਿੰਘ ਦੇ ਫਰਜ਼ੰਦ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਹੈ। ਉਨ੍ਹਾਂ ਨੇ ਮਹੱਲ ਨੂੰ ਸੁੰਦਰ ਤੇ ਦਿਲਕਸ਼ ਬਣਾਇਆ ਜੋ ਅੱਜ ਵੀ ਪੁਰਾਤਨ ਇਮਾਰਤਾਂ ‘ਚ ਗਿਣਿਆ ਜਾਂਦਾ ਹੈ।
  • ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਹੈ। ਦੱਸਿਆ ਜਾਂਦਾ ਹੈ ਕਿ ਇਸ ਇਮਾਰਤ ਹੇਠਾਂ ਸੁਰੰਗ ਹੈ, ਜੋ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਨਾਲ ਜਾ ਜੁੜਦੀ ਹੈ। ਮਹਾਰਾਜਾ ਆਪਣੇ ਕਰੀਬੀਆਂ ਤੇ ਅਹਿਲਕਾਰਾਂ ਨਾਲ ਸੁਰੰਗਨੁਮਾ ਸਥਾਨ ‘ਤੇ ਬੈਠਕਾਂ ਕਰਦੇ ਸਨ।
  • ਸਮਸ਼ੇਰ ਖਾਨ ਨੇ ਜਲ ਮਹਿਲ ਬਣਾਇਆ। ਉਸ ਦੀ ਯਾਦ ‘ਚ ਇੱਕ ਮਕਬਰਾ ਬਣਿਆ ਹੈ ਜਿਸ ਨੂੰ ‘ਜ਼ਹੀਰਾ’ ਆਖਦੇ ਹਨ। ਪੁਰਾਤਨ ਕਲਾ ਕ੍ਰਿਤਾਂ ਦਾ ਨਮੂਨਾ ‘ਜ਼ਹੀਰਾ’ ਸਥਾਨ ‘ਤੇ ਮਿਲਦਾ ਹੈ। ਇਸ ਦੀ ਸਾਂਭ ਸੰਭਾਲ ਪੁਰਾਤਵ ਵਿਭਾਗ ਦੇਖ ਰਿਹਾ ਹੈ।
  • ਵੀਰ ਹਕੀਕਤ ਰਾਏ ਦੀ ਮੰਗੇਤਰ ਸਤੀ ਲਕਛਮੀ ਦੀ ਸਮਾਧੀ ਬਣੀ ਹੈ। ਇਹ ਸਥਾਨ ਸ਼ਹੀਦ ਵੀਰ ਹਕੀਕਤ ਰਾਏ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ।
  • ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਸਤਿਕਰਤਾਰੀਆ, ਕਾਲੀ ਮਾਤਾ ਮੰਦਰ, ਮਸਜਿਦ, ਚਰਚ ਵਰਗੇ ਧਾਰਮਿਕ ਸਥਾਨ ਦੇਖਣਯੋਗ ਹਨ।

ਸਨਅਤੀ ਸ਼ਹਿਰ

ਸੋਧੋ

ਬਟਾਲਾ ਸਨਅਤੀ ਸ਼ਹਿਰ ਕਰਕੇ ਜਾਣਿਆ ਜਾਂਦਾ ਹੈ। ਇਥੋਂ ਦੇ ਬਣੇ ਮਾਲ ਦੀ ਪੰਜਾਬ, ਦੇਸ਼ ਦੇ ਹੋਰ ਰਾਜਾਂ ਤੇ ਵਿਦੇਸ਼ਾਂ ਵਿੱਚ ਮੰਗ ਰਹੀ ਹੈ। ਕਿਸੇ ਸਮੇਂ ਬਟਾਲਾ ਲੋਹ ਨਗਰੀ ਨਾਲ ਮਸ਼ਹੂਰ ਸੀ, ਬਟਾਲਾ ਦੀ ‘ਬੀਕੋ’ ਦਾ ਨਾਮੋ-ਨਿਸ਼ਾਨ ਮਿਟ ਗਿਆ। ਬਟਾਲਾ ਵਿੱਚ 1000 ਦੇ ਕਰੀਬ ਫਾਊਂਡਰੀਆਂ ਅਤੇ 5500 ਦੇ ਲਗਪਗ ਹੋਰ ਛੋਟੇ ਯੂਨਿਟ ਸਨ। ਬਟਾਲਾ ਦੀਆਂ ਫਾਊਂਡਰੀਆਂ/ਕਾਰਖਾਨਿਆਂ ਵਿੱਚ ਵੇਲਣੇ ਦੀਆਂ ਕੋਲਾੜੀਆਂ, ਥਰੈਸ਼ਰ ਮਸ਼ੀਨਾਂ, ਸ਼ੈਪਰ, ਲੈਸ, ਪ੍ਰੈਸ ਪੱਖਿਆਂ ਦੇ ਪਰ ਸਮੇਤ ਹੋਰ ਸਾਜ਼ੋ-ਸਾਮਾਨ ਬਣਾਇਆ ਜਾਂਦਾ ਰਿਹਾ ਹੈ।

ਚੋਣੇ ਚੁਣੇ ਜਾਣਗੇ, ਭੰਡਾਰੀ ਭਰਪੂਰ ਰਹਿਣਗੇ

ਸੋਧੋ

ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਿਆਹ ਨਾਲ ਸਬੰਧਿਤ ਕਈ ਸਾਖੀਆਂ ਅਤੇ ਗੱਲਾਂ ਪ੍ਰਚਲਿਤ ਹਨ ਜਿਨ੍ਹਾਂ ਦਾ ਇਤਿਹਾਸ ਦੀਆਂ ਕਿਤਾਬਾਂ ਵਿੱਚ ਤਾਂ ਜਿਕਰ ਨਹੀਂ ਮਿਲਦਾ ਪਰ ਸੀਨਾ-ਬ-ਸੀਨਾ ਇਹ ਗੱਲਾਂ ਪੀੜ੍ਹੀ-ਦਰ-ਪੀੜ੍ਹੀ ਅੱਗੇ ਪਹੁੰਚ ਰਹੀਆਂ ਹਨ। ਬਜ਼ੁਰਗ ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਬਟਾਲਾ ਸ਼ਹਿਰ ਵਿੱਚ ਸ੍ਰੀ ਮੂਲ ਚੰਦ ਖੱਤਰੀ ਚੋਣੇ ਦੀ ਧੀ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ ਤਾਂ ਬਰਾਤ ਕਿਸੇ ਗੱਲੋਂ ਚੋਣੇ ਪਰਿਵਾਰ ਨਾਲ ਨਰਾਜ਼ ਹੋ ਗਈ। ਇਸੇ ਦੌਰਾਨ ਜਦੋਂ ਗੁਰੂ ਸਾਹਿਬ ਦੀ ਬਰਾਤ ਦਾ ਢੁਕਾ ਬਟਾਲਾ ਸ਼ਹਿਰ ਵਿੱਚ ਹੋਇਆ ਤਾਂ ਜਦੋਂ ਗੁਰੂ ਜੀ ਕੱਚੀ ਕੰਧ ਲਾਗੇ ਰੁਕੇ ਤਾਂ ਇੱਕ ਬਜ਼ੁਰਗ ਮਾਈ ਨੇ ਗੁਰੂ ਸਾਹਿਬ ਦਾ ਫਿਕਰ ਕਰਦਿਆਂ ਉਨ੍ਹਾਂ ਨੂੰ ਕਿਹਾ ਸੀ ਕਿ ਪੁੱਤਰ ਪਾਸੇ ਹੋ ਜਾਵੋ ਕਿਤੇ ਇਹ ਕੰਧ ਨਾ ਡਿੱਗ ਜਾਵੇ। ਬਜ਼ੁਰਗ ਦੱਸਦੇ ਹਨ ਕਿ ਉਹ ਮਾਈ ਭੰਡਾਰੀ ਖ਼ਾਨਦਾਨ ਨਾਲ ਤਾਅਲੁਕ ਰੱਖਦੀ ਸੀ।

ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਸਹਿਜ ਸੁਭਾਵਕ ਹੀ ਇਹ ਵਾਕ ਕਹੇ ਸਨ ਕਿ ‘ਚੋਣੇ ਚੁਣੇ ਜਾਣਗੇ, ਭੰਡਾਰੀ ਭਰਪੂਰ ਰਹਿਣਗੇ’…। ਗੁਰੂ ਸਾਹਿਬ ਦੇ ਇਹ ਵਾਕ ਸੱਚ ਸਾਬਤ ਹੋਏ। ਬਟਾਲਾ ਸ਼ਹਿਰ ਵਿਚੋਂ ਗੁਰੂ ਸਾਹਿਬ ਦਾ ਸਹੁਰਾ ਪਰਿਵਾਰ ਮਾਤਾ ਸੁਲੱਖਣੀ ਜੀ ਦੇ ਵਿਆਹ ਪਿਛੋਂ ਬਟਾਲਾ ਛੱਡ ਪਿੰਡ ਪੱਖੋਕੇ ਜਾ ਅਬਾਦ ਹੋਇਆ। ਸ਼ਹਿਰ ਵਿੱਚ ਹੋਰ ਵੀ ਚੋਣੇ ਖ਼ਾਨਦਾਨ ਨਾਲ ਸਬੰਧਤ ਲੋਕ ਹੌਲੀ-ਹੌਲੀ ਬਟਾਲਾ ਵਿੱਚੋਂ ਜਾਣ ਲੱਗੇ। ਚੋਣੇ ਖਾਨਦਾਨ ਦਾ ਆਖਰੀ ਪਰਿਵਾਰ ਵੀ ਸੰਨ 2000 ਦੇ ਦਹਾਕੇ ਵਿੱਚ ਬਟਾਲਾ ਸ਼ਹਿਰ ਛੱਡ ਗਿਆ। ਹਾਲਾਂਕਿ ਬਟਾਲਾ ਸ਼ਹਿਰ ਵਿੱਚ ਇੱਕ ਗਲੀ ਦਾ ਨਾਮ ਅੱਜ ਵੀ ਚੋਣਿਆਂ ਵਾਲੀ ਗਲੀ ਹੈ ਪਰ ਹੁਣ ਉਸ ਵਿੱਚ ਇੱਕ ਵੀ ਪਰਿਵਾਰ ਚੋਣੇ ਖਾਨਦਾਨ ਨਾਲ ਸਬੰਧਿਤ ਨਹੀਂ ਰਹਿੰਦਾ ਹੈ। ਵਾਕਿਆ ਹੀ ਬਟਾਲਾ ਸ਼ਹਿਰ ਵਿਚੋਂ ਚੋਣੇ ਚੁਣੇ ਗਏ ਹਨ।

ਇਸਦੇ ਦੂਸਰੇ ਪਾਸੇ ਗੁਰੂ ਸਾਹਿਬ ਨੇ ਭੰਡਾਰੀਆਂ ਨੂੰ ਭਰਪੂਰ ਰਹਿਣ ਦਾ ਵਰ ਦਿੱਤਾ ਸੀ। ਸਮਾਂ ਪਾ ਕੇ ਭੰਡਾਰੀ ਖਾਨਦਾਨ ਦੀ ਬਟਾਲਾ ਸ਼ਹਿਰ ਅਤੇ ਪੂਰੇ ਇਲਾਕੇ ਵਿੱਚ ਪੂਰੀ ਚੜ੍ਹਤ ਰਹੀ। ਬਟਾਲਾ ਸ਼ਹਿਰ ਦੇ 12 ਦਰਵਾਜ਼ਿਆਂ ਵਿਚੋਂ ਇੱਕ ਦਰਵਾਜ਼ੇ ਦਾ ਨਾਮ ਵੀ ਭੰਡਾਰੀ ਦਰਵਾਜ਼ਾ ਹੈ ਅਤੇ ਇਸ ਦਰਵਾਜ਼ੇ ਦੇ ਅੰਦਰ ਭੰਡਾਰੀ ਮੁਹੱਲੇ ਵਿੱਚ ਭੰਡਾਰੀ ਖਾਨਦਾਨ ਦੀਆਂ ਵੱਡੀਆਂ ਹਵੇਲੀਆਂ ਗੁਰੂ ਸਾਹਿਬ ਦੀ ਕ੍ਰਿਪਾ ਨੂੰ ਦਰਸਾਉਂਦੀਆਂ ਹਨ। ਸਿੱਖ ਰਾਜ ਸਮੇਂ ਭੰਡਾਰੀ ਖਾਨਦਾਨ ਦੇ ਬਜ਼ੁਰਗ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਅਹਿਲਕਾਰ ਰਹੇ ਅਤੇ ਬਟਾਲਾ ਸ਼ਹਿਰ ਸਮੇਤ ਪੂਰੇ ਇਲਾਕੇ ਵਿੱਚ ਇਨ੍ਹਾਂ ਦੀ ਵੱਡੀ ਜਗੀਰ ਰਹੀ ਹੈ। ਅੱਜ ਵੀ ਬਟਾਲਾ ਵਿੱਚ ਭੰਡਾਰੀ ਖਾਨਦਾਨ ਬਹੁਤ ਅਮੀਰ ਅਤੇ ਖੁਸ਼ਹਾਲ ਹਨ। ਗੁਰੂ ਸਾਹਿਬ ਦੇ ਵਰ ਮੁਤਾਬਕ ‘ਭੰਡਾਰੀ ਦੇ ਭੰਡਾਰੇ ਭਰਪੂਰ’ ਹਨ।[1]

ਹਵਾਲੇ

ਸੋਧੋ
  1. Inderjeet Singh Harpura