ਬਾਲਮੁਕੰਦ ਭਾਰਤ ਦੇ ਅਜ਼ਾਦੀ ਘੁਲਾਟੀਏ ਸਨ। ਸੰਨ 1912 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਏ ਲਾਰਡ ਹਾਰਡਿਗ ਬੰਬ ਕਾਂਡ ਵਿੱਚ ਮਾਸਟਰ ਅਮੀਰਚੰਦ, ਬਾਲਮੁਕੁੰਦ ਅਤੇ ਮਾਸਟਰ ਅਯੁੱਧਿਆ ਬਿਹਾਰੀ ਨੂੰ 8 ਮਈ 1915 ਨੂੰ ਹੀ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ, ਜਦੋਂ ਕਿ ਅਗਲੇ ਦਿਨ 9 ਮਈ ਨੂੰ ਅੰਬਾਲਾ ਵਿੱਚ ਵਸੰਤ ਕੁਮਾਰ ਵਿਸ਼ਵਾਸ ਨੂੰ ਫ਼ਾਂਸੀ ਦਿੱਤੀ ਗਈ। ਉਹ ਗ਼ਦਰ ਪਾਰਟੀ ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਭਾਈ ਪਰਮਾਨੰਦ ਦਾ ਚਚੇਰਾ ਭਰਾ ਸੀ।[1]

ਜੀਵਨ

ਸੋਧੋ

ਬਾਲ ਮੁਕੰਦ ਦਾ ਜਨਮ 7 ਸਤੰਬਰ 1889 ਨੂੰ ਪੰਜਾਬ, ਪਾਕਿਸਤਾਨ ਦੇ ਸ਼ਹਿਰ ਚੱਕਵਾਲ ਦੇ ਦੱਖਣ ਵੱਲ ਕੁਝ ਕਿਲੋਮੀਟਰ ਦੂਰ ਕਰਿਆਲਾ ਨਾਂ ਦੀ ਇੱਕ ਪੁਰਾਣੀ ਬਸਤੀ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਮਥਰਾ ਦਾਸ ਛਿੱਬਰ ਸੀ। ਉਸ ਦਾ ਪਰਵਾਰ ਭਾਰਤ ਦੇ ਇਤਿਹਾਸ ਦੇ ਪ੍ਰਸਿੱਧ ਸ਼ਹੀਦ ਭਾਈ ਮਤੀ ਦਾਸ (ਜਿਸ ਨੂੰ ਔਰੰਗਜ਼ੇਬ ਦੇ ਰਾਜ ਸਮੇਂ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ।) ਦੇ ਖ਼ਾਨਦਾਨ ਵਿੱਚੋਂ ਸੀ ਜਿਸ ਤੋਂ ਉਨ੍ਹਾਂ ਦੇ ਨਾਮ 'ਭਾਈ' ਦੀ ਉਪਾਧੀ ਜੁੜੀ ਸੀ।[2] ਉਸ ਦੇ ਚਾਰ ਭਰਾ ਤੇ ਇੱਕ ਭੈਣ ਸੀ ਅਤੇ ਉਹ ਸਭ ਤੋਂ ਛੋਟਾ ਸੀ। ਬਾਲ ਮੁਕੰਦ ਨੇ ਮੁੱਢਲੀ ਸਿੱਖਿਆ ਬਸਤੀ ਕਰਿਆਲਾ ਅਤੇ ਮੈਟ੍ਰਿਕ ਚੱਕਵਾਲ ਤੋਂ ਪਾਸ ਕੀਤੀ ਅਤੇ ਗਰੈਜੂਏਸ਼ਨ ਦੀ ਡਿਗਰੀ ਡੀ. ਏ. ਵੀ. ਕਾਲਜ ਲਾਹੌਰ ਤੋਂ ਕੀਤੀ। ਉਸ ਨੇ ਬੀ. ਟੀ. ਦਾ ਇਮਤਿਹਾਨ ਬਰਤਾਨਵੀ ਭਾਰਤ ਵਿੱਚ ਤੀਜੇ ਸਥਾਨ ਤੇ ਰਹਿ ਕੇ ਪਾਸ ਕੀਤਾ। ਪੜ੍ਹਾਈ ਉਪਰੰਤ ਅਲਬਰਟ ਵਿਕਟਰ ਐਂਗਲੋ ਸੰਸਕ੍ਰਿਤ ਹਾਈ ਸਕੂਲ, ਐਬਟਾਬਾਦ ਵਿਖੇ ਅਧਿਆਪਕ ਵਜੋਂ ਉਸ ਦੀ ਨਿਯੁਕਤੀ ਹੋ ਗਈ। ਪਰ ਜਲਦ ਹੀ ਹੀ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਅੰਗਰੇਜ਼ੀ ਹਕੂਮਤ ਖ਼ਿਲਾਫ਼ ਸੰਘਰਸ਼ ਕਰ ਰਹੇ ਇਨਕਲਾਬੀਆਂ ਵਿੱਚ ਸ਼ਾਮਿਲ ਹੋ ਗਿਆ।

ਪੜ੍ਹਾਈ ਕਰਨ ਸਮੇਂ ਹੀ ਬਾਲ ਮੁਕੰਦ ਇਨਕਲਾਬੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਗਿਆ ਸੀ। ਉਹ ਲਾਲਾ ਲਾਜਪਤ ਰਾਇ ਤੇ ਗ਼ਦਰ ਪਾਰਟੀ ਦੇ ਆਗੂ ਲਾਲਾ ਹਰਦਿਆਲ ਦੀਆਂ ਸਰਗਰਮੀਆਂ ਤੋਂ ਮਿਲੀ ਪ੍ਰੇਰਨਾ ਨਾਲ ਉਹ ਆਪਣੇ ਮਾਰਗ ਤੇ ਹੋਰ ਦ੍ਰਿੜ ਹੋ ਗਿਆ।

23 ਦਸੰਬਰ 1912 ਨੂੰ ਦਿੱਲੀ ਵਿੱਚ ਜਦੋਂ ਵਾਇਸਰਾਏ ਚਾਰਲਸ ਹਾਰਡਿੰਗ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਤਬਦੀਲ ਹੋਣ ਦੇ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਹਾਥੀ ਉੱਪਰ ਸਵਾਰ ਇਕ ਜਲੂਸ ਵਿਚ ਲਾਲ ਕਿਲੇ ਵੱਲ ਜਾ ਰਿਹਾ ਸੀ, ਤਾਂ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ ਨੇ ਇਕ ਦੇਸੀ ਬੰਬ ਸੁੱਟਿਆ ਸੀ ਜਿਸ ਵਿੱਚ ਉਸ ਨੂੰ ਕਾਫੀ ਸੱਟਾਂ ਲੱਗੀਆਂ ਸਨ। ਪੁਲਿਸ ਨੇ ਇਸ ਹਮਲੇ ਦਾ ਮੁਕੱਦਮਾ ਰਾਸ ਬਿਹਾਰੀ ਬੋਸ, ਲਾਲਾ ਹਨੂਮੰਤ ਸਹਾਏ, ਬਾਲ ਮੁਕੰਦ, ਅਮੀਰ ਚੰਦ ਅਤੇ ਅਵਧ ਬਿਹਾਰੀ ਦੇ ਖ਼ਿਲਾਫ਼ 'ਸ਼ੱਕ ਦੇ ਆਧਾਰ ਤੇ' ਦਰਜ ਕੀਤਾ ।

ਬਾਲ ਮੁਕੰਦ ਜੋਧਪੁਰ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਦੇ ਜਾਨਸ਼ੀਨ ਸਮੀਰ ਸਿੰਘ ਅਤੇ ਉਸ ਦੇ ਦੋ ਛੋਟੇ ਭਰਾਵਾਂ ਨੂੰ ਪੜ੍ਹਾਉਣ ਲੱਗ ਪਿਆ ਅਤੇ ਇਕ ਆਰੀਆ ਸਮਾਜੀ ਕਾਰਕੁਨ ਸ਼ਮਸ਼ੇਰ ਸਿੰਘ ਰਾਹੀਂ ਸਾਥੀਆਂ ਨਾਲ ਅਤੇ ਘਰ ਵਾਲਿਆਂ ਨਾਲ ਸੰਪਰਕ ਬਣਾਈ ਰੱਖਿਆ। ਸ਼ਮਸ਼ੇਰ ਸਿੰਘ ਪੁਲਿਸ ਦੇ ਸ਼ੱਕ ਦੇ ਘੇਰੇ ਵਿਚ ਆ ਗਿਆ। ਉਸ ਦੀ ਡਾਕ ਦੀ ਬਾਕਾਇਦਾ ਛਾਣਬੀਣ ਹੋਣ ਲੱਗੀ । ਇਕ ਦਿਨ ਗ਼ਦਰ ਪਾਰਟੀ ਦਾ ਇਕ ਮੈਂਬਰ ਦੀਨਾ ਨਾਥ ਇਕ ਜੋਗੀ ਦੇ ਭੇਸ ਵਿਚ ਸ਼ਮਸ਼ੇਰ ਸਿੰਘ ਨੂੰ ਮਿਲਿਆ । ਪੁਲਿਸ ਨੂੰ ਸ਼ੱਕ ਪੈ ਗਿਆ। ਦੀਨਾ ਨਾਥ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਉਸ ਤੇ ਅੰਨ੍ਹਾ ਤਸ਼ੱਦਦ ਕੀਤਾ। ਉਸ ਤੋਂ ਪੁਲਸ ਨੇ ਇਨਕਲਾਬੀਆਂ ਦੇ ਕਈ ਭੇਤ ਕਢਵਾ ਲਏ।

ਕੁਝ ਦਿਨਾਂ ਬਾਅਦ ਬਾਲ ਮੁਕੰਦ ਨੂੰ ਵੀ ਜੋਧਪੁਰ ਦੇ ਮਹਿਲ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਰਾਸ ਬਿਹਾਰੀ ਬੋਸ ਵੀ ਕੁਝ ਮਹੀਨੇ ਬਾਅਦ ਫੜਿਆ ਗਿਆ। ਮੁਕੱਦਮੇ ਦੀ ਸੁਣਵਾਈ 21 ਮਈ 1914 ਨੂੰ ਤੋਂ 5 ਅਕਤੂਬਰ 1914 ਤਕ ਚੱਲੀ। ਲਾਲਾ ਹੇਮੰਤ ਸਹਾਏ ਨੂੰ ਉਮਰ ਭਰ ਲਈ ਕਾਲਾ ਪਾਣੀ, ਬਾਕੀ ਚਾਰੇ ਇਨਕਲਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਨ੍ਹਾ ਵੱਲੋਂ ਪ੍ਰੀਵੀ ਕੌਂਸਲ ਵਿਚ ਦਾਇਰ ਅਪੀਲ ਵੀ 1 ਮਈ 1915 ਨੂੰ ਰੱਦ ਕਰ ਦਿੱਤੀ ਗਈ।

ਬਾਲ ਮੁਕੰਦ ਦੀ ਮੌਤ ਦੀ ਸਜ਼ਾ ਦੀ ਤਾਰ ਪਿੰਡ ਕਰਿਆਲਾ ਪਹੁੰਚੀ ਤਾਂ ਦੂਜੇ ਹੀ ਦਿਨ ਉਸ ਦਾ ਸਾਰਾ ਖ਼ਾਨਦਾਨ ਆਖ਼ਰੀ ਮੁਲਾਕਾਤ ਲਈ ਦਿੱਲੀ ਗਿਆ।

8 ਮਈ 1915 ਨੂੰ ਸੈਂਟਰਲ ਜੇਲ੍ਹ ਅੰਬਾਲਾ ਵਿਚ ਬਾਲ ਮੁਕੰਦ ਨੂੰ ਸਿਰਫ 26 ਸਾਲ ਦੀ ਉਮਰ ਵਿਚ ਫਾਂਸੀ ਦੇ ਦਿੱਤੀ ਗਈ।

ਹਵਾਲੇ

ਸੋਧੋ