ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਇਹ ਲੋਕ ਸਾਹਿਤ ਦੀ ਕਾਵਿ-ਰੂਪ ਦੀ ਵੰਨਗੀ ਵਿੱਚ ਆਉਦੀਆਂ ਹਨ ਅਤੇ ਇਹਨਾਂ ਦੇ ਸੰਬੰਧ ਬੱਝਵੇ ਰੂਪ ਵਿਧਾਨ ਵਾਲ਼ੀ ਵੰਨਗੀ ਨਾਲ਼ ਹੈ। ਲੋਕ ਸਾਹਿਤ ਕਿਸੇ ਸੱਭਿਆਚਾਰ ਦੇ ਵਿਅਕਤੀਆਂ ਦੀ ਸਾਂਝ ਸਿਰਜਨਾ-ਰੁਚੀ ਦਾ ਪ੍ਰਗਟਾ ਹੈ। ਇਹ ਲੋਕ ਮਨ ਦੀ ਉਪਜ ਹੁੰਦੀ ਹੈ ਅਤੇ ਅਚੇਤ ਮਨ ਵਿੱਚੋਂ ਸਹਿਜ ਭਾਵ ਹੀ ਨਿਕਲ ਤੁਰਦਾ ਹੈ। ਇਨ੍ਹਾਂ ਦਾ ਰਚਨਹਾਰਾ ਮਨੁੱਖ ਜਾਤੀ ਦੀ ਧੁਨ ਵਿੱਚ ਰਚ ਕੇ ਰਚਨਾ ਕਰਦਾ ਹੈ, ਜਿਸ ਵਿੱਚ ਸਮੂਹ ਤੇ ਵਿਚਾਰਾਂ ਦੇ ਭਾਵਨਾਵਾਂ ਦੀ ਸੂਰ ਹੁੰਦੀ ਹੈ। ਲੋਕ ਸਾਹਿਤ ਦੇ ਪ੍ਰਮੁੱਖ ਰੂਪ 'ਲੋਕ ਗੀਤ' ਲੋਕ ਕਹਾਣੀਆਂ ਅਖਾਣ ਬੁਝਾਰਤਾਂ ਆਦਿ ਹੁੰਦੇ ਹਨ। ਲੋਕ ਗੀਤ ਜਿੱਥੇ ਲੋਕਾਂ ਦੇ ਹਾਵ-ਭਾਵ ਖ਼ੁਸ਼ੀਆਂ-ਗ਼ਮੀਆਂ ਪਿਆਰ ਭਰੇ ਵਲਵਲਿਆਂ ਤੇ ਲੋਕ ਜ਼ਜ਼ਬਿਆਂ ਦੀ ਸਹੀ ਤਰਜਮਾਨੀ ਕਰਨ ਵਾਲੇ਼ ਹੁੰਦੇ ਹਨ, ਉਥੇ ਲੋਕ ਕਹਾਣੀ ਅਤੇ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜ਼ਰਬੇ ਅਤੇ ਅਟਲ ਸੱਚਾਈਆਂ ਨੂੰ ਸਾਡੇ ਸਾਹਮਣੇ ਲਿਆਉਂਦੇ ਹਨ। ਅਖਾਣ ਨੂੰ ਪਰੰਪਰਾ ਤੋ ਕਸ਼ੀਦ ਕੀਤੀ ਹੋਈ ਸਿਆਣਪ ਅਤੇ ਬੁਝਾਰਤਾਂ ਨੂੰ ਬੁੱਧੀ ਦੀ ਪਰਖ ਲਈ ਵਧੀਆ ਸਾਧਨ ਕਿਹਾ ਜਾ ਸਕਦਾ ਹੈ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ। ਪੰਜਾਬੀ ਬੁਝਾਰਤਾਂ ਵਿੱਚੋਂ ਇੱਕ ਬੁਝਾਰਤ ਦੀ ਉਦਾਹਰਨ:

'ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ।'

'ਸਦਾ ਕੁੜੀ ਨੂੰ ਵਿਆਹੁਣ ਚੱਲੇ, ਚਹੁੰ ਕੂਟਾਂ ਦੇ ਮੁੰਡੇ।-(ਖਿੱਦੋ-ਖੂੰਡੀ)'

"ਬੁਝਾਰਤ" ਸ਼ਬਦ ਬੁੱਝ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਨਾਉ ਵੀ ਹੈ ਤੇ ਇਸਤਰੀ ਲਿੰਗ ਵੀ। ਬੁਝਾਰਤ ਦੇ ਕੋਸ਼ਗਤ ਅਰਥ ਹਨ, '"ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ।"' ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਬੁਝਾਰਤ ਆਪਣੇ ਆਪ ਵਿੱਚ ਇੱਕ ਅਜਿਹਾ ਪ੍ਰਸ਼ਨ ਹੈ ਜਿਹੜਾ ਸਧਾਰਨ ਹੁੰਦੇ ਹੋਏ ਵੀ ਆਪਣੇ ਪਿੱਛੇ ਗੂੜ੍ਹੇ ਅਰਥ ਛੁਪਾ ਲੈਂਦਾ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਬੁੱਝਣ ਵਾਲੀ ਬਾਤ ਨੂੰ ਬੁਝਾਰਤ ਆਖਿਆ ਜਾਂਦਾ ਹੈ| ਇਸ ਤੋਂ ਇਲਾਵਾ ਵੀ ਪੰਜਾਬੀ ਵਿੱਚ ਅਨੁਵਾਦਿਤ ਨਾਮ ਹਨ - ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ ਆਦਿ ਜਿਵੇਂ:

ਲੇਖਕ. :- ਮਨਜੋਤ ਸਿੰਘ

ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਕੇ ਭਾਈ ਹਕੀਮਾਂ,
ਲੱਕੜੀਆਂ ’ਚੋਂ ਪਾਣੀ ਕੱਢਾ, ਚੁੱਕ ਬਣਾਵਾਂ ਢੀਮਾ।”-(ਗੰਨਾ-ਸ਼ੱਕਰ)[1]

ਪਹੇਲੀ ਸੰਸਕ੍ਰਿਤ ਭਾਸ਼ਾ ਪਹੇਲੀਆਂ ਸ਼ਬਦ ਦਾ ਪੰਜਾਬੀ ਤਦਭਵ ਸ਼ਬਦ ਹੈ। ਬੁਝਾਰਤ ਨੂੰ ਅੰਗਰੇਜ਼ੀ ਵਿੱਚ ਰਿਡਲ (RIDDLE) ਦੇ ਅਰਥਾਂ ਵਿੱਚ ਵਰਤਿਆਂ ਜਾਂਦਾ ਹੈ ਇਨਸਾਈਕਲੋਪੀਡੀਆਂ ਆਫ਼ ਬ੍ਰਿਟੇਨਕਾ ਅਨੁਸਾਰ, “ਰਿਡਲ ਸ਼ਬਦ ਬਹੁਤ ਸਾਰੇ ਗੁੱਝੇ ਸੁਆਲਾਂ, ਜਿਹਨਾਂ ਵਿੱਚ ਜਾਣ ਬੁੱਝ ਕੇ ਅਸ਼ਪੱਸ਼ਟਤਾ ਪੈਦਾ ਕੀਤੀ ਗਈ ਹੋਵੇ ਅਤੇ ਲੋੜੀਦੇ ਜਵਾਬਾਂ ਲਈ ਵਰਤਿਆ ਜਾਂਦਾ ਹੈ। ਸਾਹਿਤ ਅਤੇ ਲੋਕ ਸਾਹਿਤ ਦੀ ਵਿਚਾਰਧਾਰਾ ਤੇ ਸਮੱਗ੍ਰੀ ਦਾ ਆਪਸੀ ਆਦਾਨ-ਪ੍ਰਦਾਨ ਬਣਿਆ ਰਹਿੰਦਾ ਅਤੇ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਸਾਡਾ ਸੰਬੰਧ ਇੱਥੇ ਲੋਕ ਸਾਹਿਤ ਦੀ ਮਹੱਤਪੂਰਨ ਵੰਨਗੀ ਬੁਝਾਰਤ ਨਾਲ ਹੈ ਕਿਉਂਕਿ ਪੰਜਾਬੀ ਜਗਤ ਵਿੱਚ ਜਿੱਥੇ ਲੋਕ ਸਾਹਿਤ ਰੂਪ ਨੂੰ ਜਾਣਨ ਲਈ ਉਸਦੇ ਵਿਸ਼ਲੇਸ਼ਨ ਲਈ ਉਹਨਾਂ ਦਾ ਵਰਗੀਕਰਣ ਇੱਕ ਆਰੰਭਿਕ ਪੜਾਅ ਹੈ"[2]

ਪਰਿਭਾਸ਼ਾ

ਸੋਧੋ

“ਬੁਝਾਰਤ ਮੋਟੇ ਠੁਲੇ ਪ੍ਰਸ਼ਨ ਹੁੰਦੇ ਹਨ ਜਿਹਨਾਂ ਵਿੱਚ ਆਦਿਮ ਬਿੰਬਾ ਰੂਪਕਾਂ ਤੇ ਸੰਕਲਪ ਚਿੱਤਰਾਂ ਨਾਲ ਅਨੂਠੇ ਆਕਾਰਾਂ ਦੇ ਝਾਵਲੇ ਹੁੰਦੇ ਹਨ ਤੇ ਜਿਹਨ੍ਹਾਂ ਵਿੱਚ ਛੁਪੇ ਕਿਸੇ ਮੂਲ ਚਿੱਤਰ ਨੂੰ ਲੱਭਣਾ ਹੁੰਦਾ ਹੈ।[2]

-ਡਾ. ਵਣਜਾਰਾ ਬੇਦੀ

"ਬੁਝਾਰਤ ਲੋਕ ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੈ, ਜਿਸ ਵਿੱਚ ਕੋਈ ਪ੍ਰਸ਼ਨ ਗੁੰਝਲਾਂ ਜਾਂ ਅੜਾਉਣੀ ਹੁੰਦੀ ਹੈ। ਇਸ ਪ੍ਰਸ਼ਨ ਦੀ ਗੁੰਝਲੀ ਵਿੱਚ 'ਸਾਰ-ਰਸ' ਛਿਪਿਆ ਹੁੰਦਾ ਹੈ।"[3]

-ਡਾ. ਕਰਨੈਲ ਸਿੰਘ ਥਿੰਦ

“ਇਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸ ਦੇ ਦੋ ਅਰਥ ਹੋਣ ਜਾਂ ਅਰਥ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸ ਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।”[4]

-ਐਨਸਾਈਕਲੋਪੀਡੀਆ ਅਮੇਰੀਕਾਨਾ

ਪੰਜਾਬ ਬੁਝਾਰਤਾਂ ਦੀ ਪਰੰਪਰਾ ਰਿਗਵੇਦ ਨਾਲ ਜਾਂ ਜੁੜਦੀ ਹੈ ਕਿਉਂਕਿ ਇਤਿਹਾਸਿਕ ਸੁਤੰਤਰਤਾ ਵੈਦਿਕ ਪੂਰਨ ਰਹੀ ਹੈ। ਵੈਦਿਕ ਕਾਲ ਤੋਂ ਹੀ ਇਹਨਾਂ ਦੀ ਸਤਾ ਦਾ ਪਤਾ ਲਗਦਾ। ਅਸ਼ਵ-ਮੇਘ(ਘੋੜਾ) ਦਾ ਯੱਗ ਦੇ ਅਵਸਰ ਉੱਪਰ ਇਹ ਅਨੁਸ਼ਰਾ ਦਾ ਜ਼ਰੂਰੀ ਅੰਗ ਸਮਝੀ ਜਾਂਦੀ ਹੈ। ਵੈਦਿਕ ਰਿਸ਼ਿਆਂ ਦੇ ਰੂਪ ਅੰਲਕਾਰਾਂ ਦਾ ਸਹਾਰਾ ਲੈ ਕੇ ਇਹੋ ਜਿਹੀਆਂ ਅਨੇਕਾਂ ਰਚਨਾਵਾਂ ਰਚੀਆਂ ਜੋ ਅਰਥਾਂ ਦੀ ਦੁਰਲਬੱਧਤਾ ਕਾਰਨ ਰਹੱਸਮਈ ਬਣ ਗਈਆਂ ਅਤੇ ਬੁਝਾਰਤਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਆਈਆਂ। ਪੁਰਾਣੇ ਸਮੇਂ ਰਾਜਕੁਮਾਰੀ ਦੇ ਵਿਆਹ ਲਈ ਵਰ-ਚੋਣ ਕਰਨ ਸਮੇਂ ਬੁਝਾਰਤਾਂ ਲਈ ਸ਼ਬਦ ਅੱਗੇ ਰਖਦੇ ਸਨ ਤੇ ਅੱਜ-ਕੱਲ੍ਹ ਵੀ ਕਈ ਜਾਤਾਂ ਵਿੱਚ ਵਿਆਹ ਦੀਆਂ ਰਸਮਾਂ ਵੇਲੇ ਬੁੱਧੀ ਦੀ ਪ੍ਰਖਿਆਂ ਲਈ ਕੁੱਝ ਬੁਝਾਰਤਾਂ ਬੁੱਝਣ ਦਾ ਰਿਵਾਜ਼ ਹੈ।।[2] ਬੁਝਾਰਤਾਂ ਨੂੰ ਘੜਨ ਲਈ ਕਲਾ ਜੀਵਨ ਅਨੁਭਵ ਅਤੇ ਕਲਪਨਾ ਦੀ ਲੋੜ ਹੁੰਦੀ ਹੈ। ਬੁਝਾਰਤਾਂ ਨੂੰ ਸੁਣਨ ਵਾਲਾ ਵੀ 'ਬੌਲ਼ਾ' ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਉਸਨੂੰ ਉੱਚਾ ਸੁਣਦਾ ਹੋਵੇ। ਸੁਖਮਨੀ ਸਾਹਿਬ ਵਿੱਚ ਇਸ ਬਾਰੇ ਲਿਖਿਆ ਹੈ ਕਿ-

ਕਹਾ ਬੁਝਾਰਤਿ ਬੂਝੇ ਡੋਰਾ। ਨਿਸਿਕਹੀਐ ਤਉ ਸਮਝੋ ਭੋਰਾ।

-ਸੁਖਮਨੀ ਸਾਹਿਬ

ਕਿਸਮਾਂ

ਸੋਧੋ

ਬੁਝਾਰਤਾਂ ਦੀਆਂ ਕਿਸਮਾਂ ਦੇ ਕਈ ਪ੍ਰਕਾਰ ਮੰਨੇ ਗਏ ਹਨ। ਜਿਵੇਂ- 1)ਦਾਰਸ਼ਨਿਕ ਬੁਝਾਰਤਾ:- ਇਸ ਕਿਸਮ ਦੀਆਂ ਬੁਝਾਰਤਾਂ ਵਿੱਚ ਰਹੱਸ ਛੁਪਿਆ ਹੁੰਦਾ ਹੈ। ਇਹ ਬੁਝਾਰਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਈ ਹੋਈ ਹੈ:

ਪਾਉਣ ਪਾਣੀ ਅਗਨੀ ਕਾ ਮੇਲ,ਚੰਚਲ ਚਪਲ ਬੁਧਿ ਕਾ ਖੇਲ।
ਨਉ ਦਰਵਾਜ਼ੇ ਦਸਵਾ ਦੁਆਰ, ਬੁਝ ਰੇ ਗਿਆਨੀ ਏਹ ਵੀਚਾਰ।(ਉੱਤਰ-ਮਨੁੱਖੀ ਸਰੀਰ)

2)ਕਹਿ-ਮੁੱਕਰਨੀਆਂ:- ਇਹ ਵੀ ਬੁਝਾਰਤਾਂ ਦੀ ਇੱਕ ਕਿਸਮ ਹੈ। ਜਿਹਨਾਂ ਦੇ ਅੰਤ ਵਿੱਚ ਉੱਤਰ ਮਿਲ ਜਾਂਦਾ ਹੈ ਪਰ ਕਮਾਲ ਇਸ ਵਿੱਚ ਇਹ ਹੈ ਕਿ ਦੋ ਸ਼ਬਦਾਂ ਵਿੱਚੋਂ ਸਮੇਂ ਤੇ ਸਥਿਤੀ ਅਨੁਸਾਰ ਮਰਜ਼ੀ ਨਾਲ ਉੱਤਰ ਰੂਪ ਵਿੱਚ ਚੁਣਿਆਂ ਜਾ ਸਕਦਾ ਹੈ।

ਬੁਝਾਰਤਾਂ ਦੀਆਂ ਵਿਸ਼ੇਸ਼ਤਾਈਆਂ

ਸੋਧੋ

ਬੁਝਾਰਤਾਂ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ। ਜਿਵੇਂ-

ਸੰਜਮ

ਸੋਧੋ

ਇਨ੍ਹਾਂ ਦੀ ਸਭ ਤੋਂ ਵਡੇਰੀ ਸਿਫ਼ਤ ਸੰਜਮ ਅਤੇ ਸਰਲ ਬਿਆਨ ਹੈ। ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੁੰਦਾ ਹੈ। ਇਸ ਵਿੱਚ ਅਥਾਹ ਸੰਜਮ ਦੀ ਵਰਤੋਂ ਥੋੜੇ ਢੁਕਵੇਂ ਸ਼ਬਦਾਂ ਵਿੱਚ ਹੁੰਦੀ ਹੈ ਪਰ ਅਰਥ ਭਰਪੂਰ ਜੀਵਨ ਵਿੱਚ ਸਿੱਖਿਆ ਦੇਣ ਵਾਲੀ ਹੁੰਦੀ ਹੈ।

ਮੌਖਿਕਤਾ

ਸੋਧੋ

ਲੋਕ ਸਾਹਿਤ ਦੇ ਬਾਕੀ ਰੂਪਾਂ ਵਾੰਗ ਇਹ ਵੀ ਲੋਕ ਮਾਨਸ ਦੀ ਮੌਖਿਕ ਅਭਿਵਿਅਕਤੀ ਕਰਦੀਆਂ ਹਨ। ਮੂੰਹੋਂ-ਮੂੰਹੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲ ਰਹੀਆਂ ਹਨ।

ਕਲਪਨਾ

ਸੋਧੋ

ਜਿਵੇਂ ਅਸੀਂ ਪਹਿਲਾ ਵੀ ਇਸ ਗੱਲ ਦਾ ਵਰਣਨ ਕਰ ਆਏ ਹਾਂ ਕਿ ਬੁਝਾਰਤਾਂ ਸਿਰਜਨ ਲਈ ਬਿਬੇਕ ਬੁੱਧੀ ਦੀ ਲੋੜ ਹੈ, ਜਿਵੇਂ ਕਵਿਤਾ ਕਲਪਨਾ ਤੋਂ ਬਿਨਾਂ ਸਿਰਜੀ ਨਹੀਂ ਜਾ ਸਕਦੀ। ਇਸੇ ਤਰਾਂ ਬੁਝਾਰਤਾਂ ਡਾ. ਵਣਜਾਰਾ ਬੇਦੀ ਦੇ ਕਥਨ ਅਨੁਸਾਰ, “ਬੁਝਾਰਤਾਂ ਵਿੱਚ ਕਲਪਨਾ ਦੀਆ ਬੜੀਆਂ ਅਦਭੁਤ ਉਡਾਰੀਆਂ ਮਿਲਦੀਆਂ ਹਨ।[2]

ਸਥਿਰਤਾ

ਸੋਧੋ

ਬੁਝਾਰਤਾਂ ਵਿੱਚ ਤਬਦੀਲੀ ਨਹੀਂ ਹੁੰਦੀ। ਇਹ ਬਹੁਤ ਸਦੀਆਂ ਤੋਂ ਉਸੇ ਤਰ੍ਹਾਂ ਤੁਰੀਆਂ ਆ ਰਹੀਆਂ ਹਨ। ਇਹ ਪੀੜੀਓ ਪੀੜੀ ਉਸੇ ਤਰਾਂ ਤੁਰੀਆ ਆ ਰਹੀਆਂ ਹਨ। ਬਹੁਤੀਆਂ ਤਾਂ ਆਪਣਾ ਥਾਂ ਪਤਾ ਤੇ ਆਪਣਾ ਕਾਲ ਸਮਾਂ ਆਪ ਹੀ ਦੱਸ ਦਿੰਦੀਆਂ ਹਨ

ਅਦਭੁਦਤਾ

ਸੋਧੋ

ਬੁਝਾਰਤਾਂ ਵਿੱਚ ਅਦਭੁਤਾ ਦਾ ਅੰਸ਼ ਵਧੇਰੇ ਹੁੰਦਾ ਹੈ, ਕਿਉਂਕਿ ਬੁਝਾਰਤਾਂ ਸਿਰਜਣ ਵਾਲ਼ਾ ਵਿਅਕਤੀ ਅਜਿਹੀ ਬੁਝਾਰਤ ਸਿਰਜਦਾ ਹੈ ਕਿ ਸਰੋਤਾ ਹੈਰਾਨ ਅਤੇ ਪਰੇਸ਼ਾਨ ਹੋ ਜਾਵੇ। ਉਹ ਹਰ ਪਾਸੇ ਨਜ਼ਰ ਦੁੜਾਉਂਦਾ ਹੈ: ਜਿਵੇਂ-

ਬਾਹਰੋਂ ਆਇਆ ਬਾਬਾ ਲੋਧੀ
ਛੇ ਟੰਗਾ ਇੱਕ ਬੋਦੀ (ਉੱਤਰ-ਤੱਕੜੀ)

ਬੁਝਾਰਤਾਂ ਵਿੱਚ 9 ਰਸਾਂ ਦੀ ਵਰਤੋਂ ਕੀਤੀ ਹੁੰਦੀ ਹੈ। ਇਸ ਵਿੱਚ ਵਿਸਮਾਦ, ਸ਼ਿੰਗਾਰ ਰਸ, ਬੀਤਭਸ ਰਸ ਆਦਿ 9 ਰਸਾਂ ਦਾ ਸੁਮੇਲ ਹੁੰਦਾ ਹੈ। ਸੁਹਜ ਤੇ ਰਹੱਸ ਦਾ ਮਿਸ਼ਰਨ ਹੁੰਦਾ ਹੈ। ਜੋ ਅਨੋਖਾ ਤੇ ਅਲੌਕਿਕ ਰਸ ਦਿੰਦਾ ਹੈ। ਇਹ ਲੈਅ ਅਤੇ ਤੋਲ ਵਿੱਚ ਪੂਰੀਆਂ ਹੁੰਦੀਆਂ ਹਨ।

ਸੱਭਿਆਚਾਰਕ ਮਹੱਤਵ ਅਤੇ ਵੰਨਗੀਆਂ

ਸੋਧੋ

"ਬੁਝਾਰਤਾਂ" ਦੇ ਵਿਸ਼ੇ ਪਾਸਾਰ ਦਾ ਘੇਰਾ ਵਿਸਤ੍ਰਿਤ ਅਤੇ ਵੰਨ-ਸੁਵੰਨਾ ਹੈ। ਮਨੁੱਖੀ ਜੀਵਨ ਨਾਲ ਸੰਬੰਧਿਤ ਸਾਰੀਆਂ ਵਸਤਾਂ ਬੁਝਾਰਤਾਂ ਵਿੱਚ ਸ਼ਾਮਿਲ ਹਨ। ਬਹੁਤ ਸਾਰੀਆਂ ਬੁਝਾਰਤਾਂ ਦਾ ਸੰਬੰਧ ਪ੍ਰਕ੍ਰਿਤੀ ਜਿਵੇਂ ਅੱਗ, ਧੂੰਆਂ, ਨਦੀ, ਚਸ਼ਮਾ, ਹਨੇਰੀ ਰਾਤ, ਚਾਨਣੀ ਰਾਤ, ਸੂਰਜ, ਚੰਦਰਮਾ, ਭੂਚਾਲ, ਬੱਦਲ, ਮੌਤ, ਤਰੇਲ, ਧੁੱਪ ਨਾਲ ਹੈ। ਜਿਵੇਂ:

ਸੋਨੇ ਦੀ ਸਲਾਈ, ਕੋਠਾ ਟੱਪ ਕੇ ਵਿਹੜੇ ਆਈ।(ਉੱਤਰ-ਧੁੱਪ)

“ਹਰੀਆਂ ਭਰੀਆਂ ਤੇ ਲਹਿਰਾਉ਼ਂਦੀਆਂ ਵਿਭਿੰਨ ਫਸਲਾਂ, ਫ਼ਲਾਂ, ਸਬਜ਼ੀਆਂ, ਬੂਟਿਆਂ, ਰੁੱਖਾਂ ਦਾ ਵਰਨਣ ਵੀ ਬੁਝਾਰਤਾਂ ਵਿੱਚ ਮਿਲਦਾ ਹੈ ਜਿਵੇਂ:

ਬੀਜੇ ਰੋੜ, ਜੰਮੇ ਝਾੜ,
ਲਗੇ ਨਿੰਬੂ, ਖਿੜੇ ਅਨਾਰ।” (ਉੱਤਰ-ਕਪਾਹ)

ਸ੍ਰਿਸ਼ਟੀ ਵਿੱਚ ਪਸਰੇ ਜੀਵ-ਜੰਤੂਆਂ ਤੇ ਪਸ਼ੂ ਪੰਛੀਆਂ ਜਿਵੇਂ ਸੱਪ, ਸਿਉਂਕ, ਕੁੱਤੀ, ਊਠ, ਥੋਡਾ, ਚੂਹਾ, ਬਿੱਲੀ, ਘੁੱਗੀ, ਕਾਂ ਚੂਹਾ, ਜੂੰ, ਕਿਰਲੀ, ਸੁਸਰੀ, ਭੂੰਡ, ਮੱਛੀ, ਡੱਡੂ, ਮੋਰ, ਕੁੱਕੜ ਵੀ ਬੁਝਾਰਤਾਂ ਵਿੱਚ ਪਾਏ ਜਾਂਦੇ ਹਨ ਜਿਵੇਂ:

ਪਾਰੋਂ ਆਇਆ ਬਾਬਾ ਲਸ਼ਕਰੀ
ਜਾਂਦਾ ਜਾਂਦਾ ਕਰ ਗਿਆ ਮਸ਼ਕਰੀ। (ਉੱਤਰ-ਭੂੰਡ)

ਸੂਈ-ਧਾਗੇ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ, ਔਜ਼ਾਰਾਂ, ਬਰਤਨਾਂ ਅਤੇ ਧਨ-ਦੌਲਤ ਤਕ ਦਾ ਵਰਣਨ ਵੀ ਬੁਝਾਰਤਾਂ ਵਿੱਚ ਆਮ ਮਿਲਦਾ ਹੈ। ਉਦਾਹਰਨ ਵਜੋਂ:

ਪਹਾੜੋਂ ਲਿਆਂਦੀ ਪੀੜ ਰੱਖ, 
ਛੇ ਟੰਗਾਂ ਇੱਕ ਅੱਖ। (ਉੱਤਰ-ਤੱਕੜੀ)[5]

‘ਮਨੁੱਖੀ ਸਰੀਰ ਦੇ ਸਾਰੇ ਅੰਗ ਜਿਵੇਂ ਅੱਖਾਂ, ਕੰਨ, ਨੱਕ, ਸਿਰ, ਢਿੱਡ, ਮੂੰਹ, ਦੰਦ, ਜੀਭ, ਲੱਤਾਂ, ਪੈਰ ਸੰਬੰਧੀ ਵੀ ਬੁਝਾਰਤਾਂ ਪ੍ਰਚਲਿਤ ਹਨ।

ਇੱਕ ਡੱਬੇ ਵਿੱਚ ਬੱਤੀ ਦਾਣੇ
ਬੁੱਝਣ ਵਾਲੇ ਬੜੇ ਸਿਆਣੇ। (ਉੱਤਰ-ਦੰਦ)[6]

ਕਈ ਬੁਝਾਰਤਾਂ ਅਜਿਹੀਆਂ ਹਨ ਜਿਹਨਾਂ ਰਾਹੀਂ ਰਿਸ਼ਤੇ-ਨਾਤੇ ਬਾਰੇ ਪੁੱਛ-ਗਿੱਛ ਕੀਤੀ ਜਾਂਦੀ ਹੈ। ਜਿਵੇਂ-

ਅਸੀਂ ਮਾਵਾਂ ਧੀਆਂ, ਤੁਸੀਂ ਮਾਵਾਂ ਧੀਆਂ
ਚੱਲੋਂ ਬਾਗ ਚਲੀਏ, ਤਿੰਨ ਅੰਬ ਤੋੜ ਕੇ, ਪੂਰਾ-ਪੂਰਾ ਖਾਈਏ। (ਉੱਤਰ-ਧੀ, ਮਾਂ ਤੇ ਨਾਨੀ)

ਬਹੁਤ ਸਾਰੀਆਂ ਬੁਝਾਰਤਾਂ ਲੋਕ-ਖੇਡਾਂ ਨਾਲ ਸੰਬੰਧਿਤ ਮਿਲਦੀਆਂ ਹਨ ਜਿਵੇਂ:

ਬਾਤ ਪਾਵਾਂ ਬਤੋਲੀ ਪਾਵਾ, ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ ਚਹੁੰ ਕੂੰਟਾਂ ਦੇ ਮੁੰਡੇ। (ਉੱਤਰ-ਖੁੱਦੋ ਖੂੰਡੀ)

ਔਹ ਗਈ,ਔਹ ਗਈ ------ (ਉੱਤਰ-ਨਿਂਗ੍ਹਾ)[7]

ਰੂਪਕ ਵਿਸ਼ੇਸ਼ਤਾ

ਸੋਧੋ

ਬੁਝਾਰਤਾਂ ਦੀ ਆਪਣੀ ਰੂਪਕ ਵਿਸ਼ੇਸ਼ਤਾ ਹੁੰਦੀ ਹੈ। ਇਹਨਾਂ ਵਿੱਚ ਅਨੇਕ ਪ੍ਰਕਾਰ ਦੇ 'ਸੱਦ' ਵਰਤੇ ਹੁੰਦੇ ਹਨ।[8] ਪਰ ਬਹੁਤੀਆਂ, ਜਿਹਨਾਂ ਦਾ ਸਬੰਧ ਸਥਾਈ ਤੇ ਸਦੀਵੀ ਚੀਜਾਂ, ਘਟਨਾਵਾਂ ਗੱਲਾਂ ਨਾਲ਼ ਹੈ। ਉਹ ਤਾਂ ਆਦਿ ਤੋਂ ਚੱਲੀਆਂ ਆਉਂਦੀਆਂ ਹਨ ਤੇ ਉਦੋਂ ਤੀਕ ਰਹਿਣਗੀਆਂ ਹਨ। ਜਦੋਂ ਤੀਕ ਭਾਸ਼ਾ ਜਿਉਂਦੀ ਹੈ।

ਹਵਾਲੇ

ਸੋਧੋ

ਲੋਕਧਾਰਾ

  1. ਡਾ. ਗੁਰਵਿੰਦਰ ਸਿੰਘ, ਪੰਜਾਬੀ ਬੁਝਾਰਤਾਂ: ਸੰਪਾਦਨ ਤੇ ਮੁਲਾਂਕਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ-11-12
  2. 2.0 2.1 2.2 2.3 ਬੁਝਾਰਤਾਂ ਤੇ ਅਖਾਣ, ਬਲਵੀਰ ਸਿੰਘ ਪੂਨੀ, ਬਿਕਰਮ ਸਿੰਘ ਘੁੰਮਣ(ਸੰਪਾ), ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, 1989, ਪੰਨਾ 10
  3. ਪੰਜਾਬ ਦਾ ਲੋਕ ਵਿਰਸਾ, ਸੰਪਾਦਿਤ-ਕਰਨੈਲ ਸਿੰਘ ਥਿੰਦ, ਪੰਜਾਬੀ ਯੂਨੀਵਰਸਿਟੀ-ਪਟਿਆਲਾ।
  4. ਡਾ. ਗੁਰਵਿੰਦਰ ਸਿੰਘ, ਪੰਜਾਬੀ ਬੁਝਾਰਤਾਂ: ਸੰਪਾਦਨ ਤੇ ਮੁਲਾਂਕਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ-16
  5. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-206
  6. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-207
  7. ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-148
  8. ਬੁਝਾਰਤਾਂ ਅਤੇ ਅਖਾਣਾਂ-(ਸੰਪਾਦਕ) ਬਿਕਰਮ ਸਿੰਘ ਘੁੰਮਣ, ਲੁਧਿਆਣਾ, ਪੰਜਾਬੀ ਗਾਇਟਰਾ ਕੋਅਪਰੇਟਿਵ ਸੋਸਾਇਟੀ