ਵਿਕੀਪੀਡੀਆ:ਚੁਣਿਆ ਹੋਇਆ ਲੇਖ/31 ਅਗਸਤ
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਇਸਨੂੰ ਸੰਗੀਤ, ਫ਼ੋਟੋਗਰਾਫ਼ੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ। 1982 ਵਿੱਚ ਆਪ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ ’ਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਦੀ ਆਪਣੇ ਤੋਂ ਦੂਰੀ ਪੈ ਗਈ, ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ।