ਸੁਰਜ਼ਮੀਨ ਸੁਰਜੀਤ ਪਾਤਰ ਦੁਆਰਾ ਰਚਿਤ ਗ਼ਜ਼ਲ ਸੰਗ੍ਰਹਿ ਹੈ।[1][2][3] ਪਹਿਲੀ ਵਾਰ ਇਹ ਪੁਸਤਕ ਸਤੰਬਰ, 2008 ਵਿੱਚ ਲੋੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਛਾਪੀ ਗਈ। ਇਸ ਵਿੱਚ 51 ਗ਼ਜ਼ਲਾਂ ਸ਼ਾਮਿਲ ਹਨ, 52ਵੀਂ ਰਚਨਾ ਨੂੰ ਗ਼ਜ਼ਲਨੁਮਾ ਨਜ਼ਮ ਆਖਿਆ ਜਾ ਸਕਦਾ ਹੈ।

ਸੁਰਜ਼ਮੀਨ
ਸੁਰਜ਼ਮੀਨ
ਪੁਸਤਕ ਦੀ ਜਿਲਦ
ਲੇਖਕਸੁਰਜੀਤ ਪਾਤਰ
ਮੁੱਖ ਪੰਨਾ ਡਿਜ਼ਾਈਨਰਸਿਧਾਰਥ, ਸਵਰਨਜੀਤ ਸਵੀ
ਭਾਸ਼ਾਪੰਜਾਬੀ
ਵਿਧਾਗ਼ਜ਼ਲ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
ਸਤੰਬਰ, 2008
ਸਫ਼ੇ80
ਆਈ.ਐਸ.ਬੀ.ਐਨ.978-93-5068-062-9

ਸੰਸਕਰਣ ਸੋਧੋ

ਹੁਣ ਤੱਕ ਸੁਰਜ਼ਮੀਨ ਦੇ ਅੱਠ ਸੰਸਕਰਣ ਛਪ ਚੁੱਕੇ ਹਨ।

ਪੁਸਤਕ ਬਾਰੇ ਸੋਧੋ

ਗ਼ਜ਼ਲ ਸੰਗ੍ਰਹਿ ਸੁਰਜ਼ਮੀਨ ਗ਼ਜ਼ਲ ਦੀ ਸਿਨਫ਼ ਅੰਦਰ ਪਈਆਂ ਵਸੀਹ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਹ ਸੁਰਜੀਤ ਪਾਤਰ ਦੀ ਗਹਿਨ ਚਿੰਤਨੀ ਬਿਰਤੀ ਦਾ ਨਤੀਜਾ ਹੈ। ਨਵੇਂ ਦੌਰ ਦੇ ਨਵੇਂ ਬੋਧ ਤੇ ਮਨੁੱਖ ਦੀ ਗੱਲ ਪਾਤਰ ਨੇ ਇਸ ਸੰਗ੍ਰਹਿ ਵਿੱਚ ਕੀਤੀ ਹੈ। ਕਾਮਨਾ ਤੇ ਵਰਜਣਾ ਦਰਮਿਆਨ ਮਨੁੱਖ ਦੀ ਕੰਬਦੀ ਹਸਤੀ ਨੂੰ ਪਾਤਰ ਨੇ ਬੋਲ ਦਿੱਤੇ ਹਨ।ਪਾਤਰ ਦੀ ਸ਼ਾਇਰੀ ਵਿਚੋਂ ਆਧੁਨਿਕ ਮਨੁੱਖ ਦੀ ਦਵੰਦ ਦੀ ਸਥਿਤੀ ਦੇਖੀ ਜਾ ਸਕਦੀ ਹੈ। ਆਧੁਨਿਕ ਮਨੁੱਖ ਜਿਸਦੀ ਸਭ ਤੋਂ ਵੱਡੀ ਤਾਦਾਦ ਮੱਧ ਵਰਗੀ ਹੈ, ਇਸ ਸ਼ਾਇਰੀ ਵਿੱਚ ਆਪਣੀਆਂ ਵਿਸੰਗਤੀਆਂ, ਸੀਮਾਵਾਂ ਸਮੇਤ ਹਾਜ਼ਿਰ ਹੈ। ਇਹ ਮੱਧਵਰਗ ਦੀ ਹਕੀਕਤ ਹੈ ਕਿ ਉਸ ਦੀਆਂ ਅਕਾਂਖਿਆਵਾਂ ਕਿਤੇ ਹੋਰ ਹਨ ਤੇ ਵਸਤੂ ਸਥਿਤੀਆਂ ਕਿਤੇ ਹੋਰ। ਸਾਰਾ ਮਸਲਾ ਵਿਡੰਬਨਾ ਦਾ ਹੈ। ਪ੍ਰਾਪਤ ਯਥਾਰਥ ’ਚ ਬੇਬਸੀ ਦੀ ਹਾਲਤ ਦੇ ਕਾਰਨਾਂ ਤੋਂ ਅਣਜਾਣ ਹੋਣਾ ਇੱਕ ਹੱਦ ਤੱਕ ਘੱਟ ਤਕਲੀਫ਼ਦੇਹ ਹੁੰਦਾ ਹੈ। ਇੱਕ ਸੰਵੇਦਨਸ਼ੀਲ ਤੇ ਚੇਤੰਨ ਮਨ ਨੂੰ ਇਹਨਾਂ ਬੰਦਿਸ਼ਾਂ ਦਾ ਅਹਿਸਾਸ ਵਧੇਰੇ ਹੁੰਦਾ ਹੈ। ਵਸਤੂ ਸਥਿਤੀਆਂ ਦੀ ਬੰਦਿਸ਼ ਦਾ ਬੋਧ ਹੋਣਾ ਹੋਰ ਤਕਲੀਫ਼ ਦਾ ਸਬੱਬ ਬਣਦਾ ਹੈ। ਪਾਤਰ ਦੀਆਂ ਗ਼ਜ਼ਲਾਂ[4][5] ਵਿੱਚ ਰਵਾਨਗੀ ਤੇ ਬੌਧਿਕਤਾ ਰਮੀਆਂ ਹੋਈਆਂ ਹਨ। ਗ਼ਜ਼ਲਾਂ ਉਸਦੇ ਲਗਾਤਾਰ ਸੁਆਲਾਂ ਨੂੰ ਮੁਖ਼ਾਤਿਬ ਹੋਣ, ਸੰਵਾਦ ’ਚ ਪੈਣ ਤੇ ਨਿਰੰਤਰ ਖੌਜਲਣ ’ਚੋਂ ਨਿਕਲੀਆਂ ਹੋਈਆਂ ਹਨ। ਇਹਨਾਂ ਵਿਚਲੀ ਕਾਵਿ-ਮੈਂ ਖ਼ੁਦ ਨੂੰ ਲਗਾਤਾਰ ਕਟਿਹਰੇ ’ਚ ਖੜ੍ਹਾ ਰੱਖਦੀ ਹੈ। ਸੰਵੇਦਨਸ਼ੀਲਤਾ ਅਤੇ ਬੰਦਿਆਈ ’ਤੇ ਟੇਕ ਰੱਖਦੀ ਹੈ। ਦਵੰਦ ਨੂੰ ਬੋਲ ਦਿੰਦੀ ਹੈ। ਇਸ ਤਰ੍ਹਾਂ ਕਰਦੀ ਕਿਸੇ ਕਿਸਮ ਦੇ ਨਿਰਣੇ ਨਹੀਂ ਦਿੰਦੀ। ਘੜੇ ਘੜਾਏ ਸੁਝਾਅ ਵੀ ਨਹੀਂ। ਇਹਨਾਂ ਰਚਨਾਵਾਂ ’ਚ ਪਾਤਰ ਦੀ ਮੌਲਿਕ ਦ੍ਰਿਸ਼ਟੀ ਤੇ ਅਨੁਭਵ ਦਾ ਕਸ਼ੀਦਣ ਹਾਜ਼ਰ ਹੈ। ਇਹ ‘ਸੁਰਜੀਤ’ ਦੀ ਮੌਲਿਕ ਸੁਰ ਦੀ ਜ਼ਮੀਨ – ‘ਸੁਰਜ਼ਮੀਨ’ ਹੈ।

ਕਾਵਿ ਨਮੂਨਾ ਸੋਧੋ

ਮੇਰੇ ਅੰਦਰ ਵੀ ਚੱਲਦੀ ਹੈ ਇੱਕ ਗੁਫ਼ਤਗੂ
ਜਿੱੱਥੇ ਲਫਜ਼ਾਂ ’ਚ ਢਲਦਾ ਹੈ ਮੇਰਾ ਲਹੂ
ਜਿੱੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ
ਜਿੱੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ’ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨ੍ਹਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਹੁੰਦਾ ਸੀ ਏਥੇ ਸ਼ਖ਼ਸ ਇੱਕ ਸੱਚਾ ਕਿਧਰ ਗਿਆ
ਇਸ ਪੱਥਰਾਂ ਦੇ ਸ਼ਹਿਰ ’ਚੋਂ ਸ਼ੀਸ਼ਾ ਕਿਧਰ ਗਿਆ

ਪਲਕਾਂ ਵੀ ਖ਼ੂਬ ਲੰਮੀਆਂ, ਕਜਲਾ ਵੀ ਖ਼ੂਬ ਪਰ
ਉਹ ਤੇਰੇ ਸੁਹਣੇ ਨੈਣਾਂ ਦਾ ਸੁਪਨਾ ਕਿਧਰ ਗਿਆ

ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿਧਰ ਗਿਆ

ਖੋਲ੍ਹ ਦਿੰਦਾ ਦਿਲ ਜੇ ਤੂੰ ਲਫ਼ਜ਼ਾਂ ਦੇ ਵਿੱਚ ਯਾਰਾਂ ਦੇ ਨਾਲ
ਖੋਲ੍ਹਣਾ ਪੈਂਦਾ ਨ ਅੱਜ ਏਦਾਂ ਔਜ਼ਾਰਾਂ ਦੇ ਨਾਲ

ਉਹ ਸੁਆਣੀ ਜਾਣਦੀ ਹੈ ਖ਼ੂਬ ਇਹਨਾਂ ਦਾ ਇਸਤੇਮਾਲ
ਜੋ ਭਖਾਉਂਦੀ ਕੋਲਿਆਂ ਨੂੰ ਮੱਚਦੇ ਅਖ਼ਬਾਰਾਂ ਦੇ ਨਾਲ

ਹਵਾਲੇ ਸੋਧੋ

  1. "ਸੁਰਜੀਤ ਪਾਤਰ - ਪੰਜਾਬੀ ਪੀਡੀਆ". punjabipedia.org. Retrieved 2020-05-01.
  2. "ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ". Punjabi Tribune Online (in ਹਿੰਦੀ). 2010-03-23. Retrieved 2020-05-01.[permanent dead link]
  3. "The Sunday Tribune - Books". www.tribuneindia.com. Retrieved 2020-05-01.
  4. "ਸੁਰਜੀਤ ਪਾਤਰ ਪੰਜਾਬੀ ਕਵਿਤਾ". www.punjabi-kavita.com. Retrieved 2020-05-01.
  5. "ਸੁਰਜੀਤ ਪਾਤਰ - ਪੰਜਾਬੀ Poetry". sites.google.com. Archived from the original on 2020-10-10. Retrieved 2020-05-01. {{cite web}}: Unknown parameter |dead-url= ignored (|url-status= suggested) (help)