ਭਾਰਤੀ ਬਨਾਮ ਪੰਜਾਬੀ ਸੱਭਿਆਚਾਰ

ਭਾਰਤੀ ਬਨਾਮ ਪੰਜਾਬੀ ਸੱਭਿਆਚਾਰ

ਸੋਧੋ

ਸੱਭਿਆਚਾਰ ਕਿਸੇ ਵਿਸ਼ੇਸ਼ ਖਿੱਤੇ ਦੇ ਲੋਕਾਂ ਵੱਲੋਂ ਕਿਸੇ ਵਿਸ਼ੇਸ਼ ਇਤਿਹਾਸਕ ਪੜਾਅ ਉੱਤੇ ਅਪਣਾਇਆ ਗਿਆ ਜੀਵਨ ਢੰਗ ਹੁੰਦਾ ਹੈ। ਇਸ ਨੂੰ ਅਜਿਹੇ ਵਿਸ਼ਾਲ ਸੰਕਲਪ ਵਜੋਂ ਜਾਣਿਆ ਜਾ ਸਕਦਾ ਹੈ, ਜਿਸਦੇ ਅੰਤਰਗਤ ਕਿਸੇ ਜਨਸਮੂਹ ਜਾਂ ਮਨੁੱਖੀ ਸਮਾਜ ਦੇ ਹਰ ਖੇਤਰ ਵਿਚਲੀਆਂ ਉਹ ਸਾਰੀਆਂ ਕਿਰਿਆਵਾਂ ਤੇ ਉਨ੍ਹਾਂ ਨੂੰ ਕਰਨ ਦੇ ਢੰਗ ਆ ਜਾਂਦੇ ਹਨ, ਜੋ ਉਸ ਮਨੁੱਖੀ ਸਮਾਜ ਨੂੰ ਦੂਜੇ ਮਨੁੱਖੀ ਸਮਾਜਾਂ ਨਾਲੋਂ ਨਿਖੇੜਦੇ ਹਨ।ਸਮੇਂ ਅਤੇ ਭੌਤਕ ਹਾਲਤਾਂ ਵਿੱਚ ਆਉਂਦੇ ਬੁਨਿਆਦੀ ਪਰਿਵਰਤਨ ਨਾਲ ਇੱਕ ਸੱਭਿਆਚਾਰ ਖਤਮ ਹੁੰਦਾ ਤੇ ਨਵਾਂ ਚੱਲਦਾ ਹੈ.[1]

ਭਾਰਤੀ ਸੱਭਿਆਚਾਰ

ਸੋਧੋ

ਭਾਰਤੀ ਸੱਭਿਆਚਾਰ ਤੋਂ ਭਾਵ ਉਸ ਵੱਡੇ ਭੂ-ਖਿੱਤੇ ਦੇ ਸੱਭਿਆਚਾਰ ਤੋਂ ਹੈ, ਜਿਹੜਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਫੈਲਿਆ ਹੋਇਆ ਹੈ। ਇਸ ਵਿੱਚ ਵੱਖ ਵੱਖ ਭਾਸ਼ਾਵਾਂ, ਧਰਮਾਂ, ਵਿਚਾਰਧਾਰਾਵਾਂ ਅਤੇ ਵੰਨ-ਸੁਵੰਨੀਆਂ ਭੂਗੌਲਿਕ ਹੱਦਾਂ ਹਾਲਤਾਂ ਦੀ ਹੋਂਦ ਪਾਈ ਜਾਂਦੀ ਹੈ। ਭਾਰਤੀ ਸੱਭਿਆਚਾਰ ਦਾ ਆਪਣਾ ਜੱਦੀ ਸੱਭਿਆਚਾਰਕ ਵਿਰਸਾ ਬਹੁਤ ਮਹਾਨ, ਗੌਰਵਸ਼ੀਲ ਅਤੇ ਵਿਸ਼ਾਲ ਰਿਹਾ ਹੈ। ਪਰੰਤੂ, ਇਤਿਹਾਸਕ ਅਮਲ ਦੌਰਾਨ ਭਾਰਤੀ ਸੱਭਿਆਚਾਰ ਅਨੇਕਾਂ ਵਿਦੇਸ਼ੀ ਕੌਮਾਂ ਜਾਂ ਕਬੀਲਿਆਂ ਦੇ ਸੱਭਿਆਚਾਰਕ ਅੰਸ਼ ਵੀ ਅਪਨਾਉਂਦਾ ਰਿਹਾ ਹੈ। ਇਸ ਨੂੰ ਜਾਨਣ ਲਈ ਇਸਦਾ ਅੰਦਰੂਨੀ ਇਤਿਹਾਸ, ਅਤੇ ਵਿਦੇਸ਼ਿ ਹਮਲਾਵਰਾਂ ਵੱਲੋਂ ਪਾਏ ਗਏ ਪ੍ਰਭਾਵ ਨੂੰ ਪਛਾਣਨਾ ਪਵੇਗਾ।[2]

ਸਿੰਧੂ ਘਾਟੀ ਸੱਂਭਿਅਤਾ

ਸੋਧੋ

ਇਤਿਹਾਸਕਾਰ ਦਾਅਵਾ ਕਰਦੇ ਹਨ ਕਿ 3000 ਈ.ਪੂ. ਦੇ ਨੇੜੇ ਤੇੜੇ ਭਾਰਤ ਦੇ ਉੱਤਰ-ਪੱਛਮੀਂ ਭਾਗਾਂ ਵਿੱਚ ਇੱਕ ਉੱਨਤ ਸੱਭਿਅਤਾ ਫੈਲੀ ਹੋਈ ਸੀ, ਜਿਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦਾ ਨਾਮ ਦਿੱਤਾ ਗਿਆ ਹੈ। ਇਹ ਸੱਭਿਅਤਾ ਸਿੰਧੂ ਘਾਟੀ ਤੀਕ ਹੀ ਸਿਮਿਤ ਨਹੀਂ ਸੀ ਸਗੋਂ ਇਸਦੇੇ ਚਿੰਨ੍ਹ ਰਾਜਸਥਾਨ, ਸਤਲੁਜ, ਅਹਿਮਦਾਬਾਦ ਨੇੜੇ ਲੌਥਾਲ ਤੱਕ ਮਿਲਦੇ ਹਨ। ਉਨ੍ਹਾਂ ਸੱਭਿਅਤਾ ਦੇ ਚਿੰਨ੍ਹ ਲੋਕਾਂ ਦੇ ਜੀਵਨ ਵਿੱਚ ਮਿਲਦੇ ਰਹੇ ਹਨ। ਜਿਵੇਂ ਕਿ ਧਾਰਮਿਕ ਵਿਸ਼ਵਾਸ:- ਦੇਵੀ ਮਾਂ, ਗਊ ਦਾ ਸਤਿਕਾਰ ਅਤੇ ਲਿੰਗ ਪੂਜਾ ਆਦਿ।

==== ਆਰੀਆ ਕਾਲ ====

ਆਰਿਆ 2000 ਈ.ਪੂ. ਛੋੋਟੇ ਛੋਟੇ ਗਰੁੱਪਾਂ ਵਿੱਚ ਭਾਰਤ ਆਏ। ਸਿੰਧੂ ਘਾਟੀ ਸੱਭਿਅਤਾ ਸ਼ਹਿਰ ਪ੍ਰਧਾਨ ਸੀ। ਪਰ ਆਰੀਆਂ ਨੇ ਪਿੰਡ ਆਬਾਦ ਕੀਤੇ। ਭਾਰਤ ਦੇ ਧਾਰਮਿਕ ਗ੍ਰੰਥ ਕਹਾਏ ਜਾਂਦੇ ਵੇਦ ਵੀ ਆਰੀਆ ਲੋਕਾਂ ਦੀ ਰਚਨਾ ਹਨ। ਵਰਤਮਾਨ ਸਮਾਜ ਦੀਆਂ ਬਹੁਤ ਵਿਸ਼ੇਸ਼ਤਾਵਾਂ ਜਿਵੇਂ ਕਿ ਸਮਾਜ ਨੂੰ ਕਿੱਤੇ ਅਨੁਸਾਰ ਚਾਰ ਜਾਤਾਂ ਵਿੱਚ ਵੰਡ ਦੇਣਾ ਆਦਿ ਵੀ ਆਰੀਆ ਨਸਲ ਨੇ ਹੀ ਲਾਗੂ ਕੀਤਾ। ਆਰੀਆ ਸਮਾਜ ਜੋ ਕਿ 1500 ਈ.ਪੂ. ਅਤੇ 1000 ਪੂ.ਈ. ਵਿਚਾਲੇ ਉੱਨਤ ਹੋਇਆ, ਅੱਜ ਤੀਕ ਵੀ ਹਿੰਦੂਆਂ ਦੇ ਜੀਵਨ ਦੀ ਬੁਨਿਆਦ ਬਣਿਆ ਹੋਇਆ ਹੈ। ਮਹਾਂਭਾਰਤ ਅਤੇ ਰਾਮਾਇਣ ਵਿੱਚ ਵੀ ਇਨ੍ਹਾਂ ਦੇ ਸੰਕੇਤ ਮਿਲਦੇ ਹਨ।

==== ਬੁੱਧ ਕਾਲ ====

ਮਹਾਤਮਾ ਬੁੱਧ ਅਤੇ ਜੈਨ ਦਾ ਕਾਲ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ। ਇਨ੍ਹਾਂ ਦੇ ਵਿਚਾਰਾਧੀਨ ਜਾਤਾਂ ਪਾਤਾਂ ਵਿੱਚ ਜਕੜਿਆ ਭਾਰਤੀ ਸਮਾਜ ਸਖਤੀਆਂ ਤੋ ਲਾਂਭੇ ਹੋਇਆ ਸੀ। ਇੱਕ ਹੋਰ ਘਟਨਾ ਸਿਕੰਦਰ ਮਹਾਨ ਦਾ ਹਮਲਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਨਾਲ ਯੂਨਾਨੀ ਫ਼ਿਲਾਸਫਰ, ਵਿਗਿਆਨੀ ਲਿਆਇਆ ਸੀ। ਇਸੇ ਕਾਰਨ ਯੂਨਾਨੀ ਫ਼ਲਸਫ਼ੇ ਅਤੇ ਵਿਚਾਧਾਰਾ ਦਾ ਭਾਰਤੀ ਜੀਵਨ ਉੱਤੇ ਪ੍ਰਤੱਖ ਪ੍ਰਭਾਵ ਪਿਆ।

ਸਿਕੰਦਰ ਦੇ ਹਮਲੇ ਦੇ ਮਗਰੋਂ ਚੰਦਰਗੁਪਤ ਮੌਰੀਆ ਪਹਿਲਾ ਭਾਰਤੀ ਸ਼ਾਸਕ ਸੀ ਜਿਸਦਾ ਰਾਜ ਉਸ ਸਮੇਂ ਅਫ਼ਗਾਨਿਸਤਾਨ ਤੋਂ ਬੰਗਾਲ ਦੀਆਂ ਸੀਮਾਵਾ ਤੱਕ ਫੈਲਿਆ ਮੰਨਿਆ ਜਾਂਦਾ ਹੈ। ਭਾਰਤ ਦੀਆਂ ਪਹਿਲੀਆਂ ਆਰਥਿਕ ਅਤੇ ਰਾਜਨੀਤਿਕ ਪੁਸਤਕਾਂ ਦੇ ਲੇਖਕ ਚਾਣਕਿਆ(ਕੁੱਟਲਿਆ) ਇਸੇ ਕਾਲ ਦਾ ਪ੍ਰਧਾਨਮੰਤਰੀ ਹੋਇਆ ਹੈ। ਇਸ ਤੋਂ ਮਗਰੋਂ ਅਸ਼ੋਕ ਵੇਲੇ ਰਾਜ ਪੂਰੇ ਭਾਰਤ ਵਿੱਚ ਫੈਲ ਚੁੱਕਿਆ ਸੀ। ਅਸ਼ੋਕ ਤੋਂ ਬਾਅਦ ਵਿਸ਼ਾਲ ਰਾਜ ਬਿਖਰ ਗਿਆ ਤੇ ਭਾਰਤ ਕਬੀਲਿਆਂ ਵਿੱਚ ਵੰਡਿਆ ਗਿਆ। ਇਸ ਸਮੇਂ ਇੰਡੋ ਪਾਰਥੀਅਨ, ਸ਼ੱਕ ਅਤੇ ਕੁਸ਼ਾਣ ਆਦਿ ਕਬੀਲੇ ਭਾਰਤ ਵਿੱਚ ਆਏ। ਇਸ ਸਮੇਂ ਕਨਿਸ਼ਕ ਨਾਂ ਦੇ ਪ੍ਰਭਾਵਸ਼ਾਲੀ ਰਾਜ਼ੇ ਦਾ ਜ਼ਿਕਰ ਵੀ ਮਿਲਦਾ ਹੈ। ਉਸਦਾ ਇੱਕ ਬੁੱਤ ਅਚਕਨ ਅਤੇ ਪਜਾਮੇ ਨਾਲ ਮਿਲਦਾ ਜੁਲਦਾ ਹੈ, ਜਿਸ ਨਾਲ ਇਸ ਪੁਸ਼ਾਕ ਭਾਰਤ ਵਿੱਚ ਪ੍ਰਚਲਿਤ ਹੋਣ ਦੇ ਸੰਕੇਤ ਮਿਲਦੇ ਹਨ। 8ਵੀਂ ਸਦੀ ਵਿੱਚ ਪਾਰਸੀ ਭਾਰਤ ਵਿੱਚ ਆਏ ਅਤੇ 9ਵੀਂ ਸਦੀ ਤੋਂ ਮੁਗ਼ਲ ਰਾਜ਼ ਦੇ ਅੰਤ ਤੀਕ ਉੱਤਰ ਭਾਰਤ ਵਿੱਚ ਰਾਜਪੂਤਾਨਿਆਂ ਦਾ ਪ੍ਰਭਾਵ ਰਿਹਾ। ਇਸ ਸਮੇਂ ਦੇ ਸੱਭਿਆਚਾਰਕ ਇਤਿਹਾਸ ਬਾਰੇ ਅਲਬਰੂਨੀ ਦੀ ਕਿਰਤ ਵਿਸ਼ੇਸ਼ ਮਹੱਤਵ ਰੱਖਦੀ ਹੈ।

ਇਸਲਾਮੀ ਜਾਤਾਂ ਦੀ ਆਮਦ

ਸੋਧੋ

ਮੱਧਕਾਲ ਦੇ ਉੱਥਾਣ ਨਾਲ ਵੱਖ ਵੱਖ ਸਮੇਂ ਮੁਸਲਿਮ ਹਮਲਾਵਰ ਭਾਰਤ ਵਿੱਚ ਆਏ। ਇਨ੍ਹਾਂ ਵਿੱਚ ਕੁਝ ਲੁੱਟ ਦੇ ਮਕਸਦ ਨਾਲ ਆਏ ਤੇ ਵਾਪਿਸ ਚਲੇ ਗਏ ਤੇ ਕੁਝ ਦੀ ਮੰਸ਼ਾ ਰਾਜ ਕਰਨ ਦੀ ਰਹੀ। ਮੁੰਹਮਦ ਗਜ਼ਨੀ ਨਾ ਨਾਮ ਲੁਟੇਰੇ ਵਜੋਂ ਮਸ਼ਹੂਰ ਹੈ। ਕੁੱਤਬਦੀਨ ਪਹਿਲਾ ਰਾਜਾ ਹੈ ਜਿਸ ਨੇ ਭਾਰਤ ਵਿੱਚ ਪਹਿਲੀ ਸਲਤਨਤ ਸਥਾਪਿਤ ਕੀਤੀ। ਮਗਰੋਂ ਅਲਾਊਦੀਨ ਖਿਲਜੀ 1296 ਵਿੱਚ ਭਾਰਤ ਦਾ ਪਹਿਲਾ ਸ਼ਹਿਨਸ਼ਾਹ ਬਣਿਆ। ਮੁਗ਼ਲ ਰਾਜ ਸਮੇਂ ਬਹੁਤ ਲੜਾਈਆਂ ਹੋਈਆਂ। ਮੁਸਲਮਾਨ ਫੌਜਾਂ ਨਾਲ ਉਨ੍ਹਾਂ ਦੇ ਪਰਿਵਾਰ ਨਹੀਂ ਸਨ ਆਏ ਤੇ ਉਨ੍ਹਾਂ ਇੱਥੇ ਈ ਵਿਆਹ ਆਦਿ ਰਚਾਏ ਤੇ ਹਿੰਦੂ ਜੰਗੀ ਕੈਦੀ ਜਿੰਨ੍ਹਾਂ ਗੁਲਾਮੀ ਤੋਂ ਬਚਣ ਲਈ ਮੁਸਲਿਮ ਧਰਮ ਧਾਰਿਆ। ਇਸ ਤਰ੍ਹਾਂ ਭਾਰਤ ਵਿੱਚ ਮੁਸਲਮਾਨ ਆਬਾਦੀ ਜਨਮੀ। ਮੁਸਲਮਾਨੀ ਆਮਦ ਨੇ ਭਾਰਤੀ ਸਮਾਜ ਅਤੇ ਸੱਭਿਆਚਾਰ ਨੂੰ ਕਲਾ, ਧਾਰਮਿਕ ਵਿਚਾਰਧਾਰੀ, ਸਮਾਜਕ ਅਤੇ ਸਾਂਸਕ੍ਰਿਤਕ ਪੱਖੋਂ, ਇਮਾਰਤਸਾਜ਼ੀ ਆਦਿ ਪੱਖਾਂ ਤੋਂ ਪ੍ਰਭਾਵਿਤ ਕੀਤਾ। ਮੁਸਲਮਾਨਾਂ ਦੀ ਆਮਦ ਨਾਲ ਈ ਭਾਰਤ ਵਿੱਚ ਸੂਫ਼ੀ ਫ਼ਕੀਰ ਆਏ ਅਤੇ ਇੱਕ ਹਮਲਾਵਰ ਰੂਪ ਵਿੱਚ ਆਈ ਜਾਤੀ ਹਮੇਸ਼ਾ ਲਈ ਭਾਰਤ ਦਾ ਅੰਗ ਬਣ ਗਈ।

ਯੂਰਪੀਨ ਕੌਮਾਂ ਦੀ ਆਮਦ

ਸੋਧੋ

1498 ਈ. ਵਿੱਚ ਵਾਸਕੋਡੀਗਾਮਾ ਦੇ ਭਾਰਤ (ਕਾਲੀਕਟ) ਆਗਮਨ ਤੇ ਭਾਰਤ ਦਾ ਸੰਬੰਧ ਯੂਰੋਪ ਨਾਲ ਬੱਝਾ। ਆਰਂਭ ਵਿੱਚ ਪੁਰਤਗਾਲੀ ਭਾਰਤ ਵਿੱਚ ਆਏ। ਫਿਰ ਡੱਚ, ਅੰਗ੍ਰੇਜ਼ ਅਤੇ ਫਰਾਂਸੀਸੀਆਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ। ਲਗਭਗ ਸਾਰੇ ਹੀ ਪਹਿਲਾਂ ਵਪਾਰ ਕਰਨ ਆਏ ਸੀ ਤੇ ਮਗਰੋਂ ਰਾਜ ਕਰਨ ਲਈ ਹੱਥ ਪੈਰ ਮਾਰੇ। ਪਰ ਅੰਗ੍ਰੇਜ਼ ਸਫਲ ਰਹੇ। ਪਰ ਇਹ ਸਫ਼ਲਤਾ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਹਾਸਿਲ ਹੋਈ।

ਇਸ ਤਰ੍ਹਾਂ ਆਰੀਆ ਲੋਕ, ਮੁਸਲਮਾਨ ਕੌਮਾਂ ਅਤੇ ਯੂਰਪੀਨ ਕੌਮਾਂ ਨੇ ਭਾਰਤ ਦੀ ਧਰਤੀ ਤੇ ਪ੍ਰਵੇਸ਼ ਕੀਤਾ। ਪਰ ਤਿੰਨਾ ਦਾ ਮਨੋਰਥ ਅਤੇ ਮਗਰੋਂ ਕਾਰਜ ਵੱਖਰਾ ਵੱਖਰਾ ਸੀ। ਆਰੀਆ ਤੇ ਮੁਸਲਮਾਨਾਂ ਨੇ ਇਸ ਭੂਮੀ ਨੂੰ ਆਪਣੀ ਸਵਿਕਾਰ ਕੀਤਾ, ਪਰ ਅੰਗ੍ਰੇਜ਼ਾ ਨੇ ਉਪਰੀ ਨਜ਼ਰ ਨਾਲ ਈ ਦੇਖਿਆ। ਉਨ੍ਹਾਂ ਦੀਆਂ ਨੀਤੀਆਂ ਨੇ ਭਾਰਤੀ ਸਮਾਜ ਉੱਤੇ ਜ਼ਿਕਰਯੋਗ ਅਸਰ ਕੀਤਾ। ਸਮਾਜਕ ਮੂਲ, ਜਾਤੀ ਪ੍ਰਬੰਧ, ਧਾਰਮਿਕ ਅਕੀਦੇ, ਉਪਜੀਵੀਕਾ ਦੇ ਸਾਧਨ, ਚਿੰਤਨ ਪ੍ਰਣਾਲੀ, ਰਾਜਨੀਤਕ ਅਤੇ ਆਰਥਿਕ ਪ੍ਰਬੰਧਾਂ ਵਿੱਚ ਹੈਰਾਨੀਜਨਕ ਪਰਿਵਰਤਨ ਕੀਤੇ। ਯੂਨੀਵਰਸਿਟੀਆਂ ਖੁੱਲੀਆਂ, ਅਤੇ ਪੱਛਮੀ ਸਿੱਖਿਆ ਆਈ ਅਤੇ ਨਾਲ ਨਾਲ ਪੱਛਮੀਂ ਦੁਨੀਆ ਦੇ ਵਿਚਾਰਾਂ ਦਾ ਪ੍ਰਭਾਵ ਪਿਆ।

ਇਸ ਤਰ੍ਹਾਂ ਮੁੱਢ ਕਦੀਮੋਂ ਭਾਰਤੀ ਸੱਭਿਆਚਾਰ ਪਰਸਪਰ ਵਿਰੋਧੀ ਜਾਤੀਆਂ ਅਤੇ ਸੱਭਿਆਤਾਵਾਂ ਦੇ ਮਿਲਾਪ ਦਾ ਬਿੰਦੂ ਰਿਹਾ ਹੈ। ਅਨੇਕਤਾ ਤੇਂ ਏਕਤਾ ਇਸਦੀ ਮੂਲ ਵਿਸ਼ੇਸ਼ਤਾ ਰਹੀ ਹੈ। ਇਸ ਦੇ ਬਹੁਤ ਸਾਰੇ ਸਮਕਾਲੀ ਆਪਣੀ ਹੋਂਦ ਗਵਾ ਚੁੱਕੇ ਹਨ। ਪਰ ਭਾਰਤੀ ਸੱਭਿਆਚਾਰ ਲਗਾਤਾਰ ਵਿਕਾਸ ਕਰਦਾ ਆ ਰਿਹਾ ਹੈ। ਭਾਰਤੀ ਸਮਾਜ ਅੰਦਰ ਵਿਦੇਸ਼ੀ  ਕੌਮਾਂ, ਵਿਦੇਸ਼ੀ ਵਿਚਾਰ, ਤੇ ਵਿਦੇਸ਼ੀ ਸੱਭਿਆਚਾਰ ਇੱਕੋ ਤਰ੍ਹਾਂ ਰਚ ਚੁੱਕੇ ਹਨ। ਭਾਰਤੀ ਸੱਭਿਆਚਾਰ ਹਰ ਨਵੇਂ ਸੱਭਿਆਚਾਰ ਦੇ ਸੰਪਰਕ ਨਾਲ ਹੋਰ ਸ਼ਕਤੀਸ਼ਾਲੀ ਹੋਇਆ ਹੈ। ਲੜਾਈਆਂ ਤਬਾਹੀਆਂ ਵਿਚੋਂ ਗੁਜ਼ਰਦਾ ਇਹ ਸੱਭਿਆਚਾਰ ਉਨ੍ਹਾਂ ਉੱਤੇ ਜਿੱਤਾਂ ਹਾਸਿਲ ਕਰਦਾ ਆਇਆ ਹੈ।

ਪੰਜਾਬੀ ਸੱਭਿਆਚਾਰ ਇੱਕ ਖਾਸ ਖਿੱਤੇ ਨਾਲ ਸੰਬੰਧਿਤ ਹੈ। ਜੋ ਕਿ ਵਿਸ਼ਾਲ ਭਾਰਤੀ ਸੱਭਿਆਚਾਰ ਦਾ ਇੱਕ ਹਿੱਸਾ ਮਾਤਰ ਹੈ। ਇਸ ਨੂੰ ਸਮਝਣ ਲਈ ਉਨ੍ਹਾਂ ਅੰਸ਼ਾਂ ਨੂੰ ਜਾਨਣਾ ਜ਼ਰੂਰੀ ਹੈ ਜਿਨ੍ਹਾਂ ਦਾ ਇਸ ਨੂੰ ਘੜਣ ਵਿਚ, ਕਾਇਮ ਰੱਖਣ ਵਿੱਚ ਅਤੇ ਅੱਗੇ ਵਧਾਉਣ ਵਿੱਚ ਹਿੱਸਾ ਰਿਹਾ ਹੈ।

ਗੁਰਬਖ਼ਸ਼ ਸਿੰਘ ਫ਼ਰੈਂਕ ਪੰਜਾਬੀ ਸੱਭਿਆਚਾਰ ਦੇ ਨਿਰਮਾਤਾ ਵਜੋਂ ਤਿੰਨ ਆਧਾਰ ਮੰਨਦਾ ਹੈ।

ਸਥਾਨਕ ਸੋਮੇ

ਸੋਧੋ

ਪੰਜਾਬੀ ਸੱਭਿਆਚਾਰ ਦੇ ਅੰਦਰੂਨੀ ਅਮਲ। ਭੂਗੋਲਿਕ ਹੱਦਾਂ-ਹਾਲਤਾਂ, ਸਮਾਜਕ ਬਣਤਰ ਅਤੇ ਲੋਕਧਾਰਾ।

ਭਾਰਤੀ ਸੋਮੇਂ

ਸੋਧੋ

ਪੰਜਾਬੀ ਸੱਭਿਆਚਾਰ ਭਾਰਤੀ ਮੁੱਖ ਸੱਭਿਆਚਾਰ ਦਾ ਉਪ ਸੱਭਿਆਚਾਰਕ ਰੂਪ ਹੈ। ਇਸ ਲਈ ਸੋਮੇ ਦੇ ਅੰਤਰਗਤ ਉਹ ਸਾਰਾ ਕੁਝ ਆ ਜਾਵੇਗਾ ਜਿਹੜਾ ਪੰਜਾਬੀ ਸੱਭਿਆਚਾਰ ਨੇ ਆਪਣੇ ਵਡੇਰੇ ਸਮੂਹ ਤੋਂ ਪ੍ਰਾਪਤ ਕੀਤਾ ਹੈ।

ਵਿਦੇਸ਼ੀ ਸੋਮੇ

ਸੋਧੋ

ਕੁਝ ਸੱਭਿਆਚਾਰਕ ਅੰਗ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਸਭਿਆਚਾਰ ਵਿੱਚ ਅੰਸ਼-ਪਾਸਾਰ ਜਾਂ  ਸਭਿਆਚਾਰੀਕਰਨ ਦੇ ਅਮਲ ਰਾਹੀਂ ਸ਼ਾਮਲ ਹੁੰਦੇ ਰਹਿੰਦੇ ਹਨ। ਇਸ ਦੇ ਅੰਤਰਗਤ ਉਹ ਸਾਰੇ ਪੱਖ ਆ ਜਾਂਦੇ ਹਨ ਜਿਹੜੇ ਪੰਜਾਬੀ ਸਭਿਆਚਾਰ ਨੇ  ਵਿਦੇਸ਼ੀ ਸੰਪਰਕ ਦੌਰਾਨ ਕੀਤੇ ਹਨ।[3]

ਭਾਰਤੀ ਬਨਾਮ ਪੰਜਾਬੀ ਸਭਿਆਚਾਰ

ਸੋਧੋ

ਪੰਜਾਬੀ ਸੱਭਿਆਚਾਰ ਭਾਰਤੀ ਕੌਮੀ ਮੁੱਖ ਧਾਰਾ ਵਿੱਚੋਂ ਪੈਦਾ ਹੋਇਆ ਹੈ। ਪੰਜਾਬੀ ਸੱਭਿਆਚਾਰ, ਭਾਰਤੀ ਵਿਸ਼ਾਲ ਸੱਭਿਆਚਾਰ ਦਾ ਇੱਕ ਅੰਗ ਮਾਤਰ ਹੈ। ਜਿੱਥੇ ਭਾਰਤ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਖਿੱਤੇ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਇਸ ਵਿੱਚ ਪੰਜਾਬ ਵਰਗੇ ਅਨੇਕਾਂ ਹੀ ਖਿੱਤੇ ਸਮਾਏ ਹੋਏ ਹਨ ਜਿਨ੍ਹਾਂ ਵਿੱਚ ਰੰਗ, ਨਸਲ, ਭਾਸ਼ਾ, ਧਰਮ ਆਦਿ ਦੀ ਵਿਭਿੰਨਤਾ ਪਾਈ ਜਾਂਦੀ ਹੈ। ਇਸ ਵਿਸ਼ਾਲ ਖਿੱਤੇ ਤੋਂ ਪੰਜਾਬੀ ਸੱਭਿਆਚਾਰ ਨੇ ਬਹੁਤ ਕੁਝ ਗ੍ਰਹਿਣ ਕੀਤਾ ਹੈ। ਜਿਵੇਂ ਕਿ ਨਕਸਲਵਾਦੀ ਲਹਿਰ ਬਂਗਾਲ ਵਿੱਚ ਪੈਦਾ ਹੋਈ, ਪਰੰਤੂ ਪੰਜਾਬੀ ਸਾਹਿਤ ਵਿੱਚ ਉਸਦਾ ਵੱਡਮੁੱਲਾ ਯੋਗਦਾਨ ਹੈ।[4] ਪ੍ਰਾਚੀਨ ਸਮੇਂ ਪੰਜਾਬ ਦੇ ਖਿੱਤੇ ਨੂੰ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿੱਥੇ ਭਾਰਤੀ ਸਭਿਆਚਾਰ ਦੇ ਧਾਰਮਿਕ ਗ੍ਰੰਥ ਵੇਦ ਰਚੇ ਗਏ। ਪੰਜਾਬੀ ਸਾਹਿਤ ਦੀ ਅਣਮੁੱਲੀ ਕ੍ਰਿਤ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਦੇ ਵੱਖ-ਵੱਖ ਖਿੱਤਿਆਂ ਨਾਲ ਸੰਬੰਧਿਤ ਭਗਤ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ।[5]

ਭਾਰਤੀ ਸੱਭਿਆਚਾਰ ਵੱਖ ਵੱਖ ਸਭਿਆਚਾਰਾਂ ਦੇ ਮਿਸ਼ਰਣ ਤੋਂ ਬਣਿਆ ਹੈ। ਇਹ ਸਭ ਆਪਸ ਵਿੱਚ ਸੰਬੰਧ ਰੱਖਦੇ ਹਨ। ਜਿੱਥੇ ਬਨਾਰਸ ਦੇ ਕਬੀਰ ਪੰਜਾਬ ਵਿੱਚ ਵੀ ਪ੍ਰਭਾਵ ਰੱਖਦੇ ਹਨ, ਉੱਥੇ ਪੰਜਾਬ ਦਾ ਗੁਰੂ ਗੋਬਿੰਦ ਬੰਗਾਲੀ ਅਤੇ ਤਾਮਿਲ ਦੇ ਲੇਖਕਾਂ ਲਈ ਪ੍ਰੇਰਣਾ ਸਰੋਤ ਬਣਦਾ ਹੈ।[6] ਇਹ ਹੁਣ ਦਾ ਹੀ ਨਹੀਂ ਹੈ ਪੁਰਾਣੇ ਸਮੇਂ ਵੀ ਏਦਾਂ ਹੀ ਸੀ। ਹੁਣ ਚਾਹੇ ਪੰਜਾਬ ਦੇ ਨਾਮ ਤੇ ਛੋਟਾ ਜਿਹਾ ਖਿੱਤਾ ਈ ਰਹਿ ਗਿਆ ਹੈ। ਪਰ ਪੁਰਾਣੇ ਸਮੇਂ ਹਰਿਆਣਾ ਤੇ ਹਿਮਾਚਲ ਦਾ ਹਿੱਸਾ ਵੀ ਪੰਜਾਬ ਦਾ ਸੀ। ਇਸਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ ਜਿੱਥੇ ਪੰਜਾਬੀ ਦੀ ਹਾਲਤ ਇੱਧਰਲੇ ਪੰਜਾਬ ਵਰਗੀ ਨਹੀਂ ਹੈ।

ਪੁਰਾਣੇ ਸਮੇਂ ਪੰਜਾਬ ਨੂੰ ਭਾਰਤ ਦੇ ਮੁਕਾਬਲੇ ਦਾ ਦੇਸ਼ ਜਾਣਿਆ ਜਾਂਦਾ ਸੀ। ਸਿੰਧੂ ਤੋਂ ਪਾਰਲਾ ਪਰਦੇਸ ਹਿੰਦੂਸਤਾਨ ਸੀ। ਅਤੇ ਪੰਜਾਬ ਦੀਆਂ ਹੱਦਾਂ ਅਫ਼ਗਾਨਿਸਤਾਨ ਤੱਕ ਸਨ। ਅੰਗ੍ਰੇਜ਼ਾਂ ਦੇ ਭਾਰਤ ਤੋਂ ਬਾਅਦ ਪੰਜਾਬ ਆਗਮਨ ਵੇਲੇ ਮੁਸਲਮਾਨ ਸ਼ਾਇਰ ਸ਼ਾਹ ਮੁਹੰਮਦ ਲਿਖਦਾ ਹੈ-

 ਜੰਗ ਹਿੰਦ ਪੰਜਾਬ ਦਾ ਹੋਣ ਲੱਗਾ।
 ਪਾਤਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੇ।

ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਕਸਰ ਹੀ ਪੰਜਾਬ ਦੀ ਹੋਂਦ ਸਮੁੱਚੇ ਭਾਰਤ ਵਿੱਚ ਚਹੁੰ ਉਂਗਲਾਂ ਵਿਚਕਾਰ ਅੰਗੂਠੇੇ ਵਾਂਗ ਕਰਦੇ ਹਨ।

ਭਾਰਤੀ ਸੱਭਿਆਚਾਰ ਵਾਲੀਆਂ ਲਗਭਗ ਸਾਰੀਆਂ ਹੀ ਖੂਬੀਆਂ ਖ਼ਾਮੀਆਂ ਪੰਜਾਬੀ ਸੱਭਿਆਚਾਰ ਅੰਦਰ ਪਾਈਆਂ ਜਾਂਦੀਆਂ ਹਨ। ਯੂਰਪੀਨਾਂ ਨੂੰ ਛੱਡਕੇ ਬਾਕੀ ਸਭੇ ਵਿਦੇਸ਼ੀ ਹਮਲਾਵਰ ਪੰਜਾਬ ਰਾਹੀਂ ਹੀ ਭਾਰਤ ਵਿੱਚ ਆਏ। ਪੰਜਾਬ ਦਾ ਪਹਿਰਾਵਾ, ਖਾਣ-ਪਾਣ ਆਦਿ ਸਭ ਭਾਰਤਵਰਸ਼ ਵਿੱਚ ਕਿਤੇ ਵੀ ਦੇਖਿਆ ਜਾ ਸਕਦਾ ਹੈ। 

ਸਮੁੱਚੇ ਤੌਰ 'ਤੇ ਇਹ ਕਹਿਣਾ ਵਧੇਰੇ ਦਰੁਸਤ ਹੋਵੇਗਾ ਕਿ ਭਾਰਤੀ ਵਿਸ਼ਾਲ ਸੱਭਿਆਚਾਰ ਦੀਆਂ ਅਨੇਕਾਂ ਇਕਾਈਆਂ ਵਿਚੋਂ ਪੰਜਾਬ ਆਪਣੀ ਨਿਰਾਲੀ, ਪ੍ਰਭਾਵਸ਼ਾਲੀ ਦਿਖ ਰੱਖਦਾ ਹੈ।

ਹਵਾਲੇ

ਸੋਧੋ
  1. ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ੨੦੦੯ ਪੰਨਾ ਨੰ. 152</> ਸੱਭਿਆਚਾਰ ਅਨੇਕਾਂ ਅੰਸ਼ਾਂ ਦਾ ਮਿਸ਼ਰਨ ਹੁੰਦਾ ਹੈ। ਇਹ ਅੰਸ਼ ਇੱਕ ਸੱਭਿਆਚਾਰ ਦੀ ਆਪਣੀ ਸਿਰਜਣਾ ਵੀ ਹੋ ਸਕਦੇ ਹਨ ਤੇ ਕਿਸੇ ਹੋਰ ਸੱਭਿਆਚਾਰ ਤੋਂ ਆਏ ਵੀ ਹੋ ਸਕਦੇ ਹਨ। ਇਸ ਤਰ੍ਹਾਂ ਸੱਭਿਆਚਾਰ ਵਿੱਚ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਇਹ ਇੱਕ ਵਿਆਪਕ ਵਰਤਾਰਾ ਹੈ, ਇਸ ਦਾ ਆਪਣਾ ਖਾਲਸ ਸਰੂਪ ਵੀ ਹੁੰਦਾ ਹੈ ਅਤੇ ਕੁਝ ਅੰਸ਼ ਸਮੇਂ ਸਮੇਂ ਇਸ ਵਿੱਚ ਦੂਸਰੇ ਸੱਭਿਆਚਾਰਾਂ ਦੇ ਵੀ ਰਲਦੇ ਮਿਲਦੇ ਰਹਿੰਦੇ ਹਨ। ਜਦੋਂ ਬਾਹਰੋਂ ਆਏ ਅੰਸ਼ ਸਥਾਨਕ ਸੱਭਿਆਚਾਰ ਦੀ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਜਚ ਜਾਂਦੇ ਹਨ ਤਾਂ ਇਹ ਇੱਕ ਤਰ੍ਹਾਂ ਨਾਲ ਦੇਸੀ ਸੱਭਿਆਚਾਰ ਤਾ ਅੰਗ ਹੀ ਬਣ ਜਾਂਦੇ ਹਨ।<ref>ਪ੍ਰੋੋ. ਜੀਤ ਸਿੰਘ ਜੋਸ਼ੀ,ਸਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ੨੦੦੯ ਪੰਨਾ-ਨੰ. 153
  2. ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2009, ਪੰਨਾ ਨੰਬਰ - 154
  3. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2015, ਪੰਨਾ ਨੰਬਰ - 121
  4. ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰਾ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2006, ਪੰਨਾ ਨੰਬਰ 114
  5. ਪ੍ਰੋ. ਜੀਤ ਸੁੰਘ ਜੋਸ਼ੀ, ਸਭਿਆਚਾਰ ਸਿਧਾਂਤ ਅਤੇ ਵਿਹਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2009, ਪੰਨਾ ਨੰਬਰ 162
  6. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2015, ਪੰਨਾ ਨੰਬਰ 123