ਰਸ ਦੇ ਭੇਦ
ਰਸ ਦੇ ਭੇਦ ਕਿੰਨੇ ਮੰਨੀਏ?
ਰਸ ਦੇ ਨੌ ਭੇਦ ਹਨ- ਸ਼ਿੰਗਾਰ ਰਸ, ਕਰੁਣਾ ਰਸ, ਸ਼ਾਂਤ ਰਸ, ਰੌਦਰ ਰਸ, ਵੀਰ ਰਸ, ਅਦਭੁੱਤ ਰਸ, ਹਾਸ ਰਸ, ਭਿਆਨਕ ਰਸ, ਅਤੇ ਬੀਭਤਸ ਰਸ। ਭਰਤ ਮੁਨੀ ਨੇ ਇਨ੍ਹਾਂ ਦੀ ਗਿਣਤੀ ਨੌ ਹੀ ਕੀਤੀ ਹੈ। ਇਸ ਲਈ ਸਾਨੂੰ ਇਨ੍ਹਾਂ ਵਿੱਚ ਮੁਨੀ ਦਾ ਵਚਨ ਹੀ ਪ੍ਰਮਾਣ ਮੰਨ ਲੈਣਾ ਚਾਹੀਦਾ ਹੈ। ਕੁਝ ਵਿਦਵਾਨ ਰਸਾਂ ਦੇ ਨੌ ਹੌਣ ਵਿੱਚ ਸ਼ੰਕਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਾਟਕ ਵਿੱਚ ਅੱਠ ਹੀ ਰਸ ਹੋ ਸਕਦੇ ਹਨ। ਨੌਵਾਂ ਸ਼ਾਂਤ ਰਸ ਨਾਟਕ ਵਿੱਚ ਉਤਪੰਨ ਨਹੀਂ ਕੀਤਾ ਜਾ ਸਕਦਾ। ਉਹ ਇਹ ਦਲੀਲ ਦਿੰਦੇ ਹਨ ਕਿ ਸ਼ਾਂਤ ਰਸ ਦਾ ਸਥਾਈ ਭਾਵ ਸ਼ਾਂਤੀ ਹੈ ਜਿਸ ਦਾ ਸਬੰਧ ਸੰਸਾਰ ਤੋਂ ਵਿਰਾਗ ਵਿੱਚ ਹੈ। ਨਾਟਕ ਦਾ ਨਟ ਸੰਸਾਰਿਕ ਝਮੇਲਿਆਂ ਵਿੱਚ ਫਸਿਆ ਇੱਕ ਆਦਮੀ ਹੁੰਦਾ ਹੈ ਜਿਸ ਬਾਰੇ ਇਹ ਸੰਭਾਵਨਾ ਨਹੀਂ ਕੀਤੀ ਜਾ ਸਕਦੀ ਕਿ ਉਹ ਵੈਰਾਗੀ ਹੋਵੇਗਾ। ਇਸ ਕਰਕੇ ਨਾਟਕ ਵਿੱਚ ਅੱਠ ਰਸ ਹੀ ਮੰਨ ਲੈਣੇ ਉਚਿਤ ਹਨ। ਦੂਜੇ ਵਿਦਵਾਨ ਸ਼ੰਕਾ ਕਰਨ ਵਾਲਿਆ ਦੇ ਉਕਤ ਤਰਕ ਨੂੰ ਨਹੀਂ ਮੰਨਦੇ। ਉਨ੍ਹਾਂ ਦਾ ਕਥਨ ਹੈ ਕਿ ਇਹ ਧਾਰਨਾ ਕਿ 'ਨਾਟਕ ਵਿੱਚ ਅਭਿਨੈ ਕਰਨ ਵਾਲੇ ਨਟ ਵਿੱਚ ਸ਼ਾਤੀ ਦੀ ਸੰਭਾਵਨਾ ਨਹੀਂ ਹੈ,' ਬੇ ਬੁਨਿਆਦ ਤੇ ਅਸੰਗਤ ਹੈ ਕਿਉਂਕਿ ਅਸੀਂ ਨਟ ਵਿੱਚ ਰਸ ਦੀ ਅਭਿਵਿਅਕਤੀ ਹੀ ਨਹੀਂ ਮੰਨਦੇ। ਫੇਰ ਓਸ ਵਿੱਚ ਸ਼ਾਂਤੀ ਦੀ ਸੰਭਾਵਨਾ ਹੈ ਜਾਂ ਨਹੀਂ ਹੈ - ਇਸ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਸਮਾਜਕਾਂ ਵਿੱਚ ਰਸ ਦੀ ਅਭਿਵਿਅਕਤੀ ਮੰਨਦੇ ਹਾਂ। ਜੇ ਉਨ੍ਹਾਂ ਵਿੱਚ ਸ਼ਾਂਤੀ ਸਥਾਈ ਭਾਵ ਹੋਵੇਗਾ ਤਾਂ ਉਹ ਸ਼ਾਂਤ ਰਸ ਵੀ ਮਾਣ ਸਕਣਗੇ। ਸੁਹਿਰਦ ਸਮਾਜਕਾਂ ਵਿੱਚ ਇਸ ਭਾਵ ਦੀ ਹੋਂਦ ਬਾਰੇ ਤਾਂ ਕੋਈ ਸੰਦੇਹ ਨਹੀਂ ਹੈ। ਇਥੇ ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਜਦੋਂ ਨਟ ਵਿੱਚ ਸ਼ਾਂਤੀ ਭਾਵ ਹੈ ਹੀ ਨਹੀਂ, ਤਾਂ ਉਹ ਸ਼ਾਂਤ ਰਸ ਦੇ ਅਭਿਨੈ ਦਾ ਪ੍ਰਕਾਸ਼ ਕਿਵੇਂ ਕਰ ਸਕਦਾ ਹੈ? ਜੇ ਇਹ ਗੱਲ ਮੰਨ ਲਈ ਜਾਵੇ, ਤਾਂ ਫੇਰ ਇਸ ਆਧਾਰ ਤੇ ਉਸ ਵਿੱਚ ਭੈ, ਕ੍ਰੋਧ ਆਦਿ ਭਾਵਾਂ ਦਾ ਵੀ ਅਭਾਵ ਮੰਨਣਾ ਪਵੇਗਾ ਅਤੇ ਇਸ ਵਜੋਂ ਉਹ ਭਿਆਨਕ ਜਾਂ ਰੌਦਰ ਰਸ ਦੇ ਅਭਿਨੈ ਦਾ ਪ੍ਰਕਾਸ਼ ਵੀ ਨਹੀਂ ਕਰ ਸਕੇਗਾ। ਨਟ ਵਿੱਚ ਜਿਸ ਤਰ੍ਹਾਂ ਵਾਸਤਵਿਕ ਸ਼ਾਂਤੀ ਦਾ ਵਾਸ ਨਹੀਂ ਹੁੰਦਾ ਉਸੇ ਤਰਾਂ ਉਸ ਵਿੱਚ ਵਾਸਤਵਿਕ ਭੈ ਜਾਂ ਕ੍ਰੋਧ ਵੀ ਨਹੀਂ ਹੁੰਦੇ। ਇਸ ਕਾਰਨ ਜੇ ਓਹ ਸ਼ਾਂਤ ਰਸ ਦਾ ਅਭਿਨੈ ਕਰਨ ਦਾ ਅਧਿਕਾਰੀ ਨਹੀਂ ਹੈ ਤਾਂ ਓਹ ਭਿਆਨਕ ਅਤੇ ਰੌਦਰ ਰਸ ਦੇ ਅਭਿਨੈ ਦਾ ਅਧਿਕਾਰੀ ਵੀ ਨਹੀਂ ਹੋ ਸਕਦਾ। ਜੇ ਤੁਸੀਂ ਇਹ ਆਖੌ ਕਿ ਨਟ ਵਿੱਚ ਕ੍ਰੋਧ ਆਦਿ ਭਾਵਾਂ ਨਾ ਹੋਣ ਦੇ ਕਾਰਨ ਓਹ ਕ੍ਰੋਧ ਆਦਿ ਦੀ ਸਹੀ ਕਿਰਿਆ - ਗੱਜਣਾਂ, ਡਰਾਉਣਾ, ਧਮਕਾਉਣਾ ਆਦਿ ਦੀ ਅਭਿਵਿਅਕਤੀ ਨਾ ਕਰ ਸਕਣ ਤੇ ਵੀ ਸਿੱਖਿਆ ਅਤੇ ਅਭਿਆਸ ਦੇ ਕਾਰਨ ਬਣਾਉਟੀ ਤੌਰ ਤੇ ਕ੍ਰੋਧ ਦੀ ਅਭਿਵਿਅਕਤੀ ਕਰਨ ਵਿੱਚ ਸਮਰੱਥ ਹੋ ਜਾਂਦਾ ਹੈ ਤੇ ਇਸ ਵਿੱਚ ਉਸ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ, ਤਾਂ ਅਸੀਂ ਕਹਾਂਗੇ ਕਿ ਸ਼ਾਤ ਰਸ ਦੇ ਪ੍ਰਸੰਗ ਵਿੱਚ ਵੀ ਇੰਝ ਹੀ ਸਮਝਣਾ ਚਾਹੀਦਾ ਹੈ। ਇਸ ਪ੍ਰਸੰਗ ਵਿੱਚ ਇੱਕ ਹੋਰ ਸ਼ੰਕਾ ਉਤਪੰਨ ਹੋ ਸਕਦੀ ਹੈ ਕਿ ਨਾਟਕ ਵਿੱਚ ਗਾਉਣਾ ਵਜਾਉਣਾ ਸ਼ਾਂਤ ਰਸ ਦੇ ਅਨੁਕੂਲ ਨਹੀਂ ਹੁੰਦੇ ਅਤੇ ਅਜਿਹੀਆਂ ਵਿਰੋਧੀ ਗਤੀਵਿਧੀਆਂ ਦੀ ਮੌਜੂਦਗੀ ਵਿੱਚ ਸਮਾਜਕਾਂ ਅੰਦਰ ਸ਼ਾਂਤ ਰਸ ਕਿਵੇਂ ਉਤਪੰਨ ਹੋ ਸਕਦਾ ਹੈ? (ਸੰਸਾਰਿਕ ਵਿਸ਼ਿਆਂ ਤੋਂ ਵਿਮੁਖ ਹੋਣਾ ਹੀ ਸ਼ਾਂਤ ਰਸ ਦਾ ਮੁੱਖ ਲੱਛਣ ਹੈ, ਪਰ ਗਾਉਣਾ ਵਜਾਉਣਾ ਸਾਨੂੰ ਇਨ੍ਹਾਂ ਤੋਂ ਵਿਮੁਖ ਨਹੀਂ ਕਰਦੇ)। ਇਸ ਸ਼ੰਕਾ ਦਾ ਸਮਾਧਾਨ ਕਰਦੇ ਹੋਏ ਗ੍ਰੰਥਕਾਰ ਕਹਿੰਦੇ ਹਨ ਕਿ ਨਾਟਕ ਵਿੱਚ ਸੁਹਿਰਦ ਸਮਾਜਕ ਅੰਦਰ ਸ਼ਾਂਤ ਰਸ ਉਤਪੰਨ ਹੁੰਦਾ ਵੇਖਿਆ ਗਿਆ ਹੈ। ਇਸ ਵਜੋਂ ਨਾਟਕ ਵਿੱਚ ਸ਼ਾਂਤ ਰਸ ਨੂੰ ਮੰਨਣ ਵਾਲੇ ਵਿਦਵਾਨ ਗਾਉਣ ਵਜਾਉਣ ਨੂੰ ਉਸ ਦਾ ਵਿਰੋਧੀ ਨਹੀਂ ਸਮਝਦੇ। ਦੂਜੀ ਗੱਲ ਇਹ ਵੀ ਹੈ ਕਿ ਜੇ ਸੰਸਾਰਿਕ ਵਿਸ਼ਿਆਂ ਦਾ ਧਿਆਨ ਕਰਨ ਵਾਲੀ ਦਲੀਲ ਨੂੰ ਸ਼ਾਂਤ ਰਸ ਦੀ ਵਿਰੋਧੀ ਮੰਨ ਲਿਆ ਜਾਵੇ, ਤਾਂ ਸ਼ਾਂਤ ਰਸ ਦੇ ਆਲੰਬਨ - ਜਿਵੇਂ ਕਿ ਸੰਸਾਰ ਨੂੰ ਮਿਥਿਆ ਤੇ ਨਾਸ਼ਵਾਨ ਸਮਝਨਾ, ਤੇ ਉਸ ਦੇ ਭਾਵ ਦੇ ਉੱਦੀਪਨ, ਜਿਵੇਂ ਕਿ ਪੁਰਾਣਾਂ ਦੀਆਂ ਕਥਾ ਵਾਰਤਾਵਾਂ ਸੁਣਨਾ, ਪਵਿੱਤਰ ਵਣਾਂ - ਤੀਰਥਾਂ ਦੇ ਦਰਸ਼ਨ ਕਰਨਾ ਆਦਿ ਜੋ ਆਪਣੇ ਵਿੱਚ ਸੰਸਾਰਿਕ ਵਿਸ਼ੇ ਹੀ ਹਨ, ਇਹ ਸਾਰੇ ਸ਼ਾਂਤ ਰਸ ਦੇ ਵਿਰੋਧੀ ਹੋ ਜਾਣਗੇ। ਇਸ ਲਈ ਭਜਨ ਕੀਰਤਨ ਆਦਿ, ਜੋ ਸ਼ਾਂਤ ਰਸ ਦੇ ਅਨੁਕੂਲ ਹੁੰਦੇ ਹਨ, ਨੂੰ ਉਸਦਾ ਵਿਰੋਧੀ ਨਹੀਂ ਮੰਨਣਾ ਚਾਹੀਦਾ ਹੈ। ਇਸੇ ਲਈ 'ਸੰਗੀਤ ਰਤਨਕਾਰ' ਨਾਮਕ ਪੁਸਤਕ ਦੇ ਅੰਤਿਮ ਅਧਿਆਇ ਵਿੱਚ ਅਜਿਹੇ ਵਿਦਵਾਨਾਂ ਦੀ ਨਿਖੇਧੀ ਕੀਤੀ ਗਈ ਹੈ, ਜੋ ਕਹਿੰਦੇ ਹਨ ਕਿ ਨਾਟਕ ਵਿੱਚ ਅੱਠ ਹੀ ਰਸ ਹੁੰਦੇ ਹਨ। ਸੰਗੀਤ ਰਤਨਕਾਰ ਦੇ ਲੇਖਕ ਅੱਗੋ ਕਹਿੰਦੇ ਹਨ ਕਿ ਨਾਟਕ ਵਿੱਚ ਅੱਠ ਹੀ ਰਸ ਮੰਨਣ ਵਾਲਾ ਵਿਚਾਰ ਬੇ-ਤੁਕਾ ਹੈ, ਕਿਉਂਕਿ ਨਟ ਨਾਟਕ ਵਿੱਚ (ਸ਼ਾਤ ਰਸ ਦਾ ਹੀ ਕੀ) ਕਿਸੇ ਵੀ ਰਸ ਦਾ ਸੁਆਦ ਨਹੀਂ ਲੈਂਦਾ। ਤਾਂ ਵੀ ਜੋ ਵਿਅਕਤੀ ਨਾਟਕ ਵਿੱਚ ਸ਼ਾਂਤ ਰਸ ਦੀ ਹੌਂਦ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਸ਼ਾਂਤ ਰਸ ਦੀ ਹੌਂਦ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ, ਕਿਉਂਕਿ ਕਾਵਿ ਵਿੱਚ ਅਜਿਹੇ ਵਿਦਵਾਨਾਂ ਦੇ ਹਿਸਾਬ ਨਾਲ ਵੀ ਇਸ (ਸ਼ਾਂਤ ਰਸ) ਦੇ ਉਤਪੰਨ ਹੋਣ ਵਿੱਚ ਕੋਈ ਰੁਕਾਵਟ ਨਹੀਂ ਹੈ। 'ਮਹਾਂਭਾਰਤ' ਮਹਾਂਕਾਵਿ ਵਿੱਚ ਸ਼ਾਂਤ ਰਸ ਹੀ ਪ੍ਰਧਾਨ ਹੈ ਇਹ ਗੱਲ ਸਭ ਲੋਕਾਂ ਦੇ ਅਨੁਭਵ ਨਾਲ਼ ਸਿੱਧ ਹੋ ਚੁੱਕੀ ਹੈ। ਇਸ ਲਈ ਮੰਮਟ ਅਤੇ ਭੱਟ ਜਿਹੇ ਵਿਦਵਾਨਾਂ ਨੇ 'ਨਾਟਕ ਵਿੱਚ ਅੱਠ ਹੀ ਰਸ ਹੁੰਦੇ ਹਨ' ਇਸ ਵਿਚਾਰ ਤੋਂ ਆਰੰਭ ਕਰਕੇ ਇਹ ਸਿੱਧ ਕੀਤਾ ਹੈ ਕਿ ਨਾਟਕ ਵਿੱਚ ਸ਼ਾਂਤ ਰਸ ਨਾਮਕ ਇੱਕ ਨੌਵਾਂ ਰਸ ਵੀ ਹੈ।