ਇੱਕ ਪਾਵਰ ਪਲਾਂਟ ਜਿਸਨੂੰ ਆਮ ਤੌਰ ਤੇ ਪਾਵਰ ਸਟੇਸ਼ਨ ਜਾਂ ਪਾਵਰ ਹਾਊਸ ਜਾਂ ਕਦੇ-ਕਦੇ ਜਨਰੇਟਿੰਗ ਸਟੇਸ਼ਨ ਜਾਂ ਜਨਰੇਟਿੰਗ ਪਲਾਂਟ ਵੀ ਕਿਹਾ ਜਾਂਦਾ ਹੈ, ਇੱਕ ਉਦਯੋਗਿਕ ਸਹੂਲਤ ਹੁੰਦੀ ਹੈ ਜਿਸ ਵਿੱਚ ਬਿਜਲਈ ਪਾਵਰ ਦਾ ਨਿਰਮਾਣ ਕੀਤਾ ਜਾਂਦਾ ਹੈ। ਜ਼ਿਆਦਾਤਰ ਪਾਵਰ ਪਲਾਂਟਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਜਨਰੇਟਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜੀ ਕਿ ਇੱਕ ਘੁੰਮਣ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਕਿ ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲ ਦਿੰਦਾ ਹੈ। ਮੈਗਨੈਟਿਕ ਫ਼ੀਲਡ ਅਤੇ ਚਾਲਕ ਵਿਚਲੀ ਗਤੀ ਦੁਆਰਾ ਬਿਜਲਈ ਕਰੰਟ ਪੈਦਾ ਹੁੰਦਾ ਹੈ।

ਐਥਲੌਨ ਪਾਵਰ ਸਟੇਸ਼ਨ, ਕੇਪ ਟਾਊਨ, ਦੱਖਣੀ ਅਫ਼ਰੀਕਾ

ਪਾਵਰ ਪਲਾਂਟਾਂ ਵਿੱਚ ਊਰਜਾ ਦੇ ਸਰੋਤਾਂ ਨੂੰ ਜਨਰੇਟਰ ਨੂੰ ਘੁਮਾਉਣ ਲਈ ਵਰਤਿਆ ਜਾਂਦਾ ਹੈ। ਦੁਨੀਆ ਦੇ ਬਹੁਤੇ ਪਾਵਰ ਪਲਾਂਟਾਂ ਵਿੱਚ ਬਿਜਲੀ ਦੇ ਨਿਰਮਾਣ ਲਈ ਕੋਲੇ, ਤੇਲ ਅਤੇ ਕੁਦਰਤੀ ਗੈਸ ਜਿਹੇ ਪਥਰਾਟੀ ਬਾਲਣਾਂ ਨੂੰ ਊਰਜਾ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰਾਂ ਊਰਜਾਵਾਂ ਵਿੱਚ ਨਿਊਕਲੀਅਰ ਪਾਵਰ ਸ਼ਾਮਿਲ ਹੈ ਪਰ ਸਮੇਂ ਦੀ ਲੋੜ ਹੈ ਕਿ ਊਰਜਾ ਦੇ ਗੈਰ-ਹਾਨੀਕਾਰਕ ਅਤੇ ਨਵਿਆਉਣ-ਯੋਗ ਸਰੋਤਾਂ ਦੀ ਵਰਤੋਂ ਕੀਤੀ ਜਾਵੇ ਜਿਵੇਂ ਕਿ ਸੌਰ ਊਰਜਾ, ਪੌਣ ਊਰਜਾ, ਤਰੰਗ ਊਰਜਾ ਅਤੇ ਪਣ ਊਰਜਾ ਆਦਿ।

ਤਾਪ ਊਰਜਾ ਪਲਾਂਟ

ਸੋਧੋ
 
ਆਧੁਨਿਕ ਭਾਫ਼ ਟਰਬਾਈਨ ਦਾ ਰੋਟਰ, ਜਿਹੜਾ ਕਿ ਪਾਵਰ ਪਲਾਂਟ ਵਿੱਚ ਵਰਤਿਆ ਜਾਂਦਾ ਹੈ।

ਤਾਪ ਊਰਜਾ ਪਲਾਂਟਾਂ ਵਿੱਚ, ਤਾਪ ਇੰਜਣਾਂ ਦੇ ਜ਼ਰੀਏ ਤਾਪ ਊਰਜਾ ਤੋਂ ਯੰਤਰਿਕ ਊਰਜਾ ਦਾ ਨਿਰਮਾਣ ਕੀਤਾ ਵਿੱਚ ਬਦਲਿਆ ਜਾਂਦਾ ਹੈ। ਇਹ ਆਮ ਤੌਰ ਤੇ ਬਾਲਣ ਦੇ ਦਹਿਨ ਨਾਲ ਪ੍ਰਾਪਤ ਕੀਤੀ ਹੋਈ ਘੁਮਾਅਦਾਰ ਊਰਜਾ (Rotational energy) ਨਾਲ ਸੰਭਵ ਹੁੰਦਾ ਹੈ। ਜ਼ਿਆਦਾਤਰ ਤਾਪ ਊਰਜਾ ਪਲਾਂਟਾਂ ਵਿੱਚ ਭਾਫ਼ ਦਾ ਨਿਰਮਾਣ ਕੀਤਾ ਜਾਂਦਾ ਹੈ, ਜਿਸ ਕਰਕੇ ਇਹਨਾਂ ਨੂੰ ਭਾਫ਼ ਊਰਜਾ ਪਲਾਂਟ ਵੀ ਕਿਹਾ ਜਾਂਦਾ ਹੈ।

ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਦੇ ਅਨੁਸਾਰ, ਸਾਰੀ ਤਾਪ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਵਾਤਾਵਰਨ ਵਿੱਚ ਬਹੁਤ ਸਾਰੇ ਤਾਪ ਦਾ ਨੁਕਸਾਨ ਹੋ ਜਾਂਦਾ ਹੈ। ਜੇਕਰ ਇਸ ਬੇਕਾਰ ਜਾ ਰਹੇ ਤਾਪ ਨੂੰ ਉਪਯੋਗੀ ਤਾਪ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕੇ, ਜਿਸ ਵਿੱਚ ਉਦਯੋਗ ਅਤੇ ਡਿਸਟ੍ਰਿਕਟ ਹੀਟਿੰਗ (district heating) ਸ਼ਾਮਿਲ ਹਨ, ਤਾਂ ਉਸ ਪਾਵਰ ਪਲਾਂਟ ਨੂੰ ਕੋਜਨਰੇਸ਼ਨ ਪਾਵਰ ਪਲਾਂਟ (cogeneration) ਜਾਂ ਸੀਐਚਪੀ ਜਾਂ ਸੰਯੁਕਤ ਤਾਪ ਅਤੇ ਪਾਵਰ ਪਲਾਂਟ (combined heat-and-power) ਕਿਹਾ ਜਾਂਦਾ ਹੈ। ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਡਿਸਟ੍ਰਿਕਟ ਹੀਟਿੰਗ ਆਮ ਹੈ, ਉੱਥੇ ਤਾਪ ਪਲਾਂਟ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਸਿਰਫ਼ ਤਾਪ ਬਾਇਲਰ ਸਟੇਸ਼ਨ ਕਿਹਾ ਜਾਂਦਾ ਹੈ। ਮੱਧ ਪੂਰਬ ਵਿੱਚ ਫ਼ਾਲਤੂ ਜਾ ਰਹੇ ਤਾਪ ਨੂੰ ਕੁਝ ਮਹੱਤਵਪੂਰਨ ਪਾਵਰ ਸਟੇਸ਼ਨਾਂ ਦੇ ਜ਼ਰੀਏ ਪਾਣੀ ਵਿੱਚੋਂ ਲੂਣ ਨੂੰ ਅਲੱਗ ਕੀਤਾ ਜਾਂਦਾ ਹੈ, ਜਿਸਨੂੰ ਡੀਸੇਲੀਨੇਸ਼ਨ (desalination) ਕਿਹਾ ਜਾਂਦਾ ਹੈ।

ਥਰਮਲ ਪਾਵਰ ਸਾਈਕਲ ਦੀ ਸਮਰੱਥਾ ਕੰਮ ਕਰ ਰਹੇ ਦ੍ਰਵ ਦੁਆਰਾ ਪੈਦਾ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਕਰਕੇ ਘੱਟ ਹੋ ਜਾਂਦੀ ਹੈ। ਪਾਵਰ ਪਲਾਂਟ ਦੀ ਸਮਰੱਥਾ ਸਿੱਧੇ ਤੌਰ ਤੇ ਵਰਤੇ ਗਏ ਬਾਲਣ ਉੱਪਰ ਨਿਰਭਰ ਨਹੀਂ ਹੁੰਦੀ। ਭਾਫ਼ ਦੀ ਉਸੇ ਹਾਲਤ ਵਿੱਚ, ਕੋਲ, ਨਿਊਕਲੀਅਰ ਅਤੇ ਗੈਸ ਪਾਵਰ ਪਲਾਂਟਾਂ ਦੀ ਸਿਧਾਂਤਕ ਸਮਰੱਥਾ ਇੱਕੋ ਜਿਹੀ ਹੁੰਦੀ ਹੈ। ਕੁੱਲ ਮਿਲਾਕੇ, ਜੇਕਰ ਸਿਸਟਮ ਲਗਾਤਾਰ ਬੇਸ ਲੋਡ ਕੰਮ ਕਰ ਰਿਹਾ ਹੋਵੇ ਤਾਂ ਇਸਦੀ ਸਮਰੱਥਾ ਪੀਕ ਲੋਡ ਉੱਪਰ ਕੰਮ ਕਰ ਰਹੇ ਸਿਸਟਮ ਤੋਂ ਵੱਧ ਹੋਵੇਗੀ। ਭਾਫ਼ ਟਰਬਾਈਨਾਂ ਆਮ ਤੌਰ ਤੇ ਵੱਧ ਸਮਰੱਥਾ ਉੱਪਰ ਕੰਮ ਕਰਦੀਆਂ ਹਨ ਜਦੋਂ ਉਨ੍ਹਾਂ ਨੂੰ ਪੂਰੇ ਲੋਡ ਉੱਪਰ ਚਲਾਇਆ ਜਾਂਦਾ ਹੈ।

ਫ਼ਾਲਤੂ ਜਾ ਰਹੇ ਤਾਪ ਨੂੰ ਡਿਸਟ੍ਰਿਕਟ ਹੀਟਿੰਗ ਜਾਂ ਹੋਰ ਥਾਵਾਂ ਤੇ ਵਰਤਣ ਤੋਂ ਇਲਾਵਾ, ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ ਕਿ ਪਾਵਰ ਪਲਾਂਟ ਦੀ ਕੁੱਲ ਸਮਰੱਥਾ ਨੂੰ ਵਧਾਉਣ ਲਈ ਦੋ ਵੱਖ-ਵੱਖ ਥਰਮੋਡਾਈਨਾਮਿਕ ਸਾਇਕਲਾਂ ਨੂੰ ਇੱਕ ਕੰਬਾਈਨਡ ਸਾਈਕਲ ਵਿੱਚ ਮਿਲਾ ਲਿਆ ਜਾਂਦਾ ਹੈ। ਸਭ ਤੋਂ ਵੱਧ ਆਮ ਵਰਤਿਆ ਜਾਂਦਾ ਤਰੀਕਾ ਇਹ ਹੈ ਕਿ ਗੈਸ ਟਰਬਾਈਨਾਂ ਤੋਂ ਨਿਕਲੀਆਂ ਨਿਕਾਸ ਗੈਸਾਂ ਨੂੰ ਬਾਇਲਰ ਅਤੇ ਭਾਫ਼ ਟਰਬਾਈਨਾਂ ਵਿੱਚ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ। ਟੌਪ ਸਾਈਕਲ ਅਤੇ ਬੌਟਮ ਸਾਈਕਲ ਦੇ ਮੇਲ ਨਾਲ ਉਸ ਨਾਲੋਂ ਵੱਧ ਕੁੱਲ ਸਮਰੱਥਾ ਪ੍ਰਾਪਤ ਹੁੰਦੀ ਹੈ ਜਿੰਨੀ ਕਿ ਇਨ੍ਹਾਂ ਵਿੱਚੋਂ ਕੋਈ ਇੱਕ ਸਾਈਕਲ ਪ੍ਰਾਪਤ ਕਰ ਸਕੇ।

ਵਰਗੀਕਰਨ

ਸੋਧੋ
 
ਜਪਾਨ ਵਿਚਲਾ ਇਕਾਟਾ ਨਿਊਕਲੀਅਰ ਪਾਵਰ ਪਲਾਂਟ

ਤਾਪ ਸਰੋਤ ਤੋਂ

ਸੋਧੋ
  • ਪਥਰਾਟੀ ਬਾਲਣ ਪਾਵਰ ਪਲਾਂਟ ਜਿਸ ਵਿੱਚ ਭਾਫ਼ ਟਰਬਾਈਨ ਜਨਰੇਟਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਕੁਦਰਤੀ ਗੈਸ ਦੇ ਦੇ ਮਾਮਲੇ ਵਿੱਚ ਗੈਸ ਟਰਬਾਈਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੋਲੇ ਵਾਲੇ ਪਾਵਰ ਪਲਾਂਟਾਂ ਵਿੱਚ ਭਾਫ਼ ਬਾਇਲਰ ਵਿੱਚ ਕੋਲੇ ਨੂੰ ਜਲਾਉਣ ਤੋਂ ਊਰਜਾ ਪੈਦਾ ਕੀਤੀ ਜਾਂਦੀ ਹੈ। ਅੱਗੋਂ ਇਸ ਭਾਫ਼ ਨੂੰ ਭਾਫ਼ ਟਰਬਾਈਨ ਨੂੰ ਘੁਮਾਉਣ ਵਿੱਚ ਵਰਤਿਆ ਜਾਂਦਾ ਹੈ ਜਿਹੜੀਆਂ ਕਿ ਅੱਗੋਂ ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਤੋਂ ਬਿਜਲੀ ਦਾ ਨਿਰਮਾਣ ਹੁੰਦਾ ਹੈ। ਕੋਲੇ ਦੇ ਬਲਣ ਤੋਂ ਬਾਅਦ ਬਹੁਤ ਸਾਰੀ ਬੇਕਾਰ ਰਹਿੰਦ-ਖੂੰਦ ਬਚਦੀ ਹੈ ਜਿਵੇਂ ਕਿ ਸੁਆਹ, ਸਲਫ਼ਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਆਦਿ। ਇਹਨਾਂ ਵਿੱਚੋਂ ਕੁਝ ਗੈਸਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਘੱਟ ਹੋਵੇ।
  • ਨਿਊਕਲੀਅਰ ਪਾਵਰ ਪਲਾਂਟਾਂ ਵਿੱਚ[1] ਨਿਊਕਲੀਅਰ ਰੀਐਕਟਰ ਦੀ ਕੋਰ ਵਿੱਚ (ਨਿਊਕਲੀਅਰ ਫ਼ਿਸ਼ਨ ਤੋਂ) ਪੈਦਾ ਕੀਤੇ ਗਏ ਤਾਪ ਤੋਂ ਭਾਫ਼ ਬਣਾਈ ਜਾਂਦੀ ਹੈ ਜਿਹੜੀ ਭਾਫ਼ ਟਰਬਾਈਨ ਅਤੇ ਜਨਰੇਟਰ ਨੂੰ ਘੁਮਾਉਂਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ 20 ਪ੍ਰਤੀਸ਼ਤ ਬਿਜਲੀ ਦਾ ਨਿਰਮਾਣ ਨਿਊਕਲੀਅਰ ਪਾਵਰ ਪਲਾਂਟਾਂ ਦੁਆਰਾ ਕੀਤਾ ਜਾਂਦਾ ਹੈ। ਭਾਰਤ ਵਿੱਚ ਵੀ ਅਜਿਹੇ ਕਈ ਪਾਵਰ ਪਲਾਂਟ ਮੌਜੂਦ ਹਨ ਜਿਹਨਾਂ ਵਿੱਚ ਤਾਰਾਪੁਰ ਦਾ ਨਿਊਕਲੀਅਰ ਪਾਵਰ ਪਲਾਂਟ ਸਭ ਤੋਂ ਵੱਡਾ ਹੈ।
  • ਜੀਓਥਰਮਲ ਪਾਵਰ ਪਲਾਂਟਾਂ ਵਿੱਚ ਧਰਤੀ ਹੇਠਲੇ ਗਰਮ ਪੱਥਰਾਂ ਤੋਂ ਪੈਦਾ ਹੋਈ ਭਾਫ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚੱਟਾਨਾਂ ਧਰਤੀ ਅੰਦਰਲੇ ਰੇਡੀਓਐਕਟਿਵ ਪਦਾਰਥਾਂ ਦੇ ਗਲਣ ਤੋਂ ਗਰਮ ਹੋ ਜਾਂਦੀਆਂ ਹਨ।
  • ਬਾਇਓਮਾਸ ਊਰਜਾ ਪਾਵਰ ਪਲਾਂਟਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੂੜੇ-ਕਰਕਟ ਨੂੰ ਬਾਲਿਆ ਜਾਂਦਾ ਹੈ ਜਿਸ ਨਾਲ ਪੈਦਾ ਹੋਈ ਭਾਫ਼ ਤੋਂ ਬਿਜਲੀ ਦਾ ਨਿਰਮਾਣ ਕੀਤਾ ਜਾਂਦਾ ਹੈ।
  • ਸੌਰ ਊਰਜਾ ਪਾਵਰ ਪਲਾਂਟ, ਜਿਸ ਵਿੱਚ ਸੂਰਜੀ ਰੌਸ਼ਨੀ ਨੂੂੰ ਪਾਣੀ ਗਰਮ ਕਰਨ ਅਤੇ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ ਜਿਹੜੀ ਕਿ ਜਨਰੇਟਰ ਨੂੰ ਘੁਮਾਉਂਦੀ ਹੈ।
  • ਇੰਟੀਗਰੇਟਡ ਸਟੀਲ ਮਿੱਲਾਂ ਵਿੱਚ, ਧਮਨ ਭੱਠੀ ਗੈਸ (Blast furnace gas) ਇੱਕ ਘੱਟ ਕੀਮਤ ਵਾਲਾ ਪਰ ਘੱਟ ਊਰਜਾ ਦੇਣ ਵਾਲਾ ਬਾਲਣ ਹੈ।
  • ਉਦਯੋਗਾਂ ਵਿੱਚੋਂ ਨਿਕਲੇ ਨਿਕਾਸ ਤਾਪ ਨੂੰ ਆਮ ਤੌਰ ਤੇ ਮੁੜ ਤੋਂ ਭਾਫ਼ ਬਾਇਲਰਾਂ ਅਤੇ ਟਰਬਾਈਨਾਂ ਵਿੱਚ ਵਰਤ ਲਿਆ ਜਾਂਦਾ ਹੈ, ਇਸਨੂੰ ਕੋਜਨਰੇਸ਼ਨ ਕਹਿੰਦੇ ਹਨ।

ਜਨਰੇਟਰ ਘੁਮਾਉਣ ਦੇ ਢੰਗ ਤੋਂ (By Prime Mover)

ਸੋਧੋ
  • ਭਾਫ਼ ਟਰਬਾਈਨ ਪਾਵਰ ਪਲਾਂਟ ਜਿਸ ਵਿੱਚ ਭਾਫ਼ ਨੂੰ ਪੂਰੀ ਤਰ੍ਹਾਂ ਗਰਮ ਕਰਕੇ ਪਾਇਪਾਂ ਦੁਆਰਾ ਟਰਬਾਈਨ ਉੱਪਰ ਟਕਰਾਇਆ ਜਾਂਦਾ ਹੈ ਜਿਹੜੀ ਕਿ ਅੱਗੋਂ ਜਨਰੇਟਰ ਨੂੰ ਘੁਮਾਉਂਦੀਆਂ ਹਨ। ਵਿਸ਼ਵ ਦੀ 90 ਪ੍ਰਤੀਸ਼ਤ ਬਿਜਲਈ ਊਰਜਾ ਭਾਫ਼ ਟਰਬਾਇਨ੍ਹਾਂ ਦੁਆਰਾ ਹੀ ਪੈਦਾ ਕੀਤੀ ਜਾਂਦੀ ਹੈ।[2]
  • ਗੈਸ ਟਰਬਾਇਨ ਪਾਵਰ ਪਲਾਂਟ, ਜਿਹਨਾਂ ਵਿੱਚ ਵਹਿ ਰਹੀਆਂ ਗੈਸਾਂ ਦੇ ਦਬਾਅ ਦੇ ਜ਼ਰੀਏ ਸਿੱਧਾ ਟਰਬਾਇਨ੍ਹਾਂ ਨੂੰ ਘੁਮਾਇਆ ਜਾਂਦਾ ਹੈ।[3]
  • ਸੰਯੁਕਤ ਚੱਕਰ (Combined cycle) ਪਲਾਂਟ ਜਿਨ੍ਹਾਂ ਵਿੱਚ ਕੁਦਰਤੀ ਗੈਸ ਦੁਆਰਾ ਚੱਲਣ ਵਾਲੀਆਂ ਟਰਬਾਇਨ੍ਹਾਂ ਅਤੇ ਭਾਫ਼ ਬਾਇਲਰ ਅਤੇ ਭਾਫ਼ ਟਰਬਾਈਨ ਦੋਵਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਗੈਸ ਤੇ ਚੱਲਣ ਵਾਲੀ ਟਰਬਾਈਨ ਤੋਂ ਬਾਅਦ ਬੇਕਾਰ ਜਾਣ ਵਾਲੀ ਗੈਸ ਦੇ ਬਲਣ ਤੋਂ ਪੈਦਾ ਹੋਈ ਭਾਫ਼ ਨੂੰ ਅੱਗੋਂ ਭਾਫ਼ ਟਰਬਾਈਨਾਂ ਚਲਾਉਣ ਲਈ ਵਰਤਿਆ ਜਾਂਦਾ ਹੈ। ਇਸ ਕਿਰਿਆ ਦੁਆਰਾ ਪਲਾਂਟ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੁੰਦਾ ਹੈ ਅਤੇ ਬਹੁਤ ਸਾਰੇ ਬੇਸ ਲੋਡ ਪਾਵਰ ਪਲਾਂਟ ਕੰਬਾਈਨਡ ਸਾਈਕਲ ਪਲਾਂਟ ਹਨ ਜਿਨ੍ਹਾਂ ਨੂੰ ਕੁਦਰਤੀ ਗੈਸ ਦੁਆਰਾ ਚਲਾਇਆ ਜਾਂਦਾ ਹੈ।
  • ਅੰਦਰੂਨੀ ਦਹਿਨ ਪਿਸਟਨ ਇੰਜਣਾਂ ਦਾ ਇਸਤੇਮਾਲ ਦੂਰ ਦੁਰੇਡੇ ਇਲਾਕਿਆਂ ਵਿੱਚ ਬਿਜਲੀ ਪੁਚਾਉਣ ਲਈ ਕੀਤਾ ਜਾਂਦਾ ਹੈ ਅਤੇ ਕਦੇ ਕਦੇ ਇਨ੍ਹਾਂ ਦਾ ਇਸਤੇਮਾਲ ਛੋਟੇ ਕੋਜਨਰੇਸ਼ਨ ਪਲਾਂਟਾਂ ਵਿੱਚ ਕਰ ਲਿਆ ਜਾਂਦਾ ਹੈ। ਹਸਪਤਾਲਾਂ, ਦਫ਼ਤਰ ਬਿਲਡਿੰਗਾਂ, ਉਦਯੋਗਿਕ ਪਲਾਂਟਾਂ ਅਤੇ ਹੋਰ ਐਮਰਜੈਂਸੀ ਥਾਵਾਂ ਉੱਪਰ ਵੀ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਇਨ੍ਹਾਂ ਦਾ ਇਸਤੇਮਾਲ ਲੋੜ ਪੈਣ ਤੇ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਆਮ ਤੌਰ ਤੇ ਡੀਜ਼ਲ, ਪੈਟਰੋਲ ਜਾਂ ਕੁਦਰਤੀ ਗੈਸ ਨਾਲ ਚਲਾਇਆ ਜਾਂਦਾ ਹੈ।
  • ਮਾਈਕ੍ਰੋਟਰਬਾਈਨਾਂ, ਸਟਰਲਿੰਗ ਇੰਜਣ ਅਤੇ ਅੰਦਰੂਨੀ ਦਹਿਨ ਪਿਸਟਨ ਇੰਜਣ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟਾਂ, ਲੈਂਡਫ਼ਿਲ ਗੈਸ ਅਤੇ ਹੋਰ ਅਜਿਹੇ ਕੰਮਾਂ ਲਈ ਵਰਤੇ ਜਾਂਦੇ ਹਨ।

ਮੰਗ ਦੇ ਹਿਸਾਬ ਨਾਲ

ਸੋਧੋ

ਪਾਵਰ ਪਲਾਂਟਾਂ ਨੂੰ ਉਨ੍ਹਾਂ ਦੇ ਕੰਮ ਕਰਨ ਦੇ ਸਮੇਂ ਦੇ ਹਿਸਾਬ ਨਾਲ ਵੀ ਵੰਡਿਆ ਜਾਂਦਾ ਹੈ। ਕਿਉਂਕਿ ਬਿਜਲੀ ਦੀ ਮੰਗ ਖਪਤਕਾਰਾਂ ਵਿੱਚ ਸਮੇਂ ਜਾਂ ਮੌਸਮ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ:

  • ਬੇਸ ਲੋਡ ਪਾਵਰ ਪਲਾਂਟ ਉਸ ਹਾਲਤ ਵਿੱਚ ਕੰਮ ਕਰਦੇ ਹਨ ਜਦੋਂ ਕਿਸੇ ਦਿਨ ਜਾਂ ਹਫ਼ਤੇ ਵਿੱਚ ਲੋਡ ਦੀ ਮੰਗ ਵਿੱਚ ਜ਼ਿਆਦਾ ਤਬਦੀਲੀ ਨਾ ਆਵੇ। ਇਹ ਲਗਾਤਾਰ ਇੱਕੋ ਜਿਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਦੇ ਹਨ। ਬੇਸ ਲੋਡ ਪਲਾਂਟ ਘੱਟ ਬਾਲਣ ਤੇ ਚਲਾਉਣ ਲਈ ਸਭ ਤੋਂ ਵੱਧ ਕਾਰਗਰ ਪਲਾਂਟ ਹੁੰਦੇ ਹਨ। ਬੇਸ ਲੋਡ ਪਾਵਰ ਪਲਾਂਟਾਂ ਦੀਆਂ ਕਿਸਮਾਂ ਵਿੱਚ ਆਧੁਨਿਕ ਕੋਲੇ ਅਤੇ ਪਰਮਾਣੂ ਬਿਜਲੀ ਨਿਰਮਾਣ ਸਟੇਸ਼ਨ ਆਉਂਦੇ ਹਨ। ਇਸ ਤੋਂ ਇਲਾਵਾ ਉਹ ਪਣ ਬਿਜਲੀ ਨਿਰਮਾਣ ਸਟੇਸ਼ਨ ਵੀ ਬੇਸ ਲੋਡ ਪਲਾਂਟਾਂ ਵਿੱਚ ਆਉਂਦੇ ਹਨ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਲਗਾਤਾਰ ਇੱਕੋ ਜਿਹੀ ਰਹੇ।
  • ਪੀਕ ਲੋਡ ਪਾਵਰ ਪਲਾਂਟ ਉਸ ਵੇਲੇ ਚਲਾਏ ਜਾਂਦੇ ਹਨ ਜਦੋਂ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਹੋਵੇ ਅਤੇ ਇਹ ਰੋਜ਼ ਵੱਧ ਤੋਂ ਵੱਧ 1 ਜਾਂ 2 ਘੰਟੇ ਹੀ ਚਲਾਏ ਜਾਂਦੇ ਹਨ। ਇਨ੍ਹਾਂ ਨੂੰ ਚਲਾਉਣ ਦਾ ਖਰਚ ਬੇਸ ਲੋਡ ਪਲਾਂਟਾਂ ਤੋਂ ਕਾਫ਼ੀ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਵਧੇਰੇ ਬਿਜਲੀ ਦੀ ਪੂਰਤੀ ਲਈ ਚਲਾਏ ਜਾਂਦੇ ਹਨ। ਪੀਕ ਲੋਡ ਪਾਵਰ ਪਲਾਂਟਾਂ ਵਿੱਚ ਸਧਾਰਨ ਗੈਸ ਸਾਈਕਲ ਗੈਸ ਟਰਬਾਈਨਾਂ ਵਾਲੇ ਨਿਰਮਾਣ ਸਟੇਸ਼ਨ ਆਉਂਦੇ ਹਨ। ਇਸ ਤੋਂ ਇਲਾਵਾ ਅੰਦਰੂਨੀ ਦਹਿਣ ਵਾਲੇ ਇੰਜਣ ਜਿਨ੍ਹਾਂ ਨੂੰ ਇੱਕਦਮ ਚਲਾਇਆ ਜਾਂ ਬੰਦ ਕੀਤਾ ਜਾ ਸਕੇ, ਵੀ ਪੀਕ ਲੋਡ ਪਾਵਰ ਪਲਾਂਟਾਂ ਵਿੱਚ ਆਉਂਦੇ ਹਨ। ਹਾਈਡ੍ਰੋਇਲੈਕਟ੍ਰਿਕ ਪਲਾਂਟਾਂ ਨੂੰ ਵੀ ਵੱਧ ਬਿਜਲੀ ਦੀ ਮੰਗ ਦੀ ਪੂਰਤੀ ਦੇ ਹਿਸਾਬ ਨਾਲ ਬਣਾਇਆ ਜਾ ਸਕਦਾ ਹੈ।
  • ਲੋਡ ਪਾਲਣ ਪਾਵਰ ਪਲਾਂਟ ਰੋਜ਼ਾਨਾ ਜਾਂ ਹਫ਼ਤਾਵਾਰੀ ਬਿਜਲੀ ਦੀ ਮੰਗ ਵਿੱਚ ਬਦਲਾਅ ਦੇ ਹਿਸਾਬ ਨਾਲ ਘੱਟ ਖਰਚ ਉੱਤੇ ਚੱਲਣ ਵਾਲੇ ਪਲਾਂਟ ਹੁੰਦੇ ਹਨ। ਇਨ੍ਹਾਂ ਨੂੰ ਚਲਾਉਣ ਦਾ ਖ਼ਰਚ ਬੇਸ ਲੋਡ ਪਲਾਂਟਾਂ ਤੋਂ ਵੱਧ ਅਤੇ ਪੀਕ ਲੋਡ ਪਲਾਂਟਾਂ ਤੋਂ ਘੱਟ ਹੁੰਦਾ ਹੈ।

ਕੂਲਿੰਗ ਟਾਵਰ

ਸੋਧੋ
 
ਪਾਵਰ ਪਲਾਂਟ ਕੂਲਿੰਗ ਟਾਵਰ, ਬਠਿੰਡਾ, ਪੰਜਾਬ, ਭਾਰਤ
 
ਨੈਚੂਰਲ ਡਰਾਫ਼ਟ ਵੈਟ ਕੂਲਿੰਗ ਟਾਵਰ

ਸਾਰੇ ਥਰਮਲ ਪਾਵਰ ਪਲਾਂਟ ਉਪਯੋਗੀ ਬਿਜਲਈ ਊਰਜਾ ਦਾ ਨਿਰਮਾਣ ਕਰਨ ਤੋਂ ਪਿੱਛੋਂ ਵਿਅਰਥ ਤਾਪ ਪੈਦਾ ਕਰਦੇ ਹਨ। ਵਿਅਰਥ ਤਾਪ ਊਰਜਾ ਦੀ ਮਾਤਰਾ ਉਸ ਊਰਜਾ ਦੇ ਬਰਾਬਰ ਜਾਂ ਵੱਧ ਹੁੰਦੀ ਹੈ ਜੋ ਕਿ ਉਪਯੋਗੀ ਬਿਜਲੀ ਵਿੱਚ ਬਦਲਦੀ ਹੈ। ਗੈਸ ਨਾਲ ਚੱਲਣ ਵਾਲੇ ਪਾਵਰ ਪਲਾਂਟ ਪੂਰੀ ਬਾਲਣ ਦੁਆਰਾ ਪੈਦਾ ਕੀਤੀ ਗਈ ਪੂਰੀ ਤਾਪ ਊਰਜਾ ਦਾ ਵੱਧ ਤੋਂ ਵੱਧ 65% ਹਿੱਸਾ ਹੀ ਇਸਤੇਮਾਲ ਕਰ ਸਕਦੇ ਹਨ ਜਦਕਿ ਕੋਲੇ ਅਤੇ ਤੇਲ ਤੇ ਚੱਲਣ ਵਾਲੇ ਪਲਾਂਟਾਂ ਦੀ ਸਮਰੱਥਾ 30 ਤੋਂ 49% ਦੇ ਵਿਚਕਾਰ ਹੁੰਦੀ ਹੈ। ਵਿਅਰਥ ਤਾਪ ਵਾਤਾਵਰਨ ਵਿੱਚ ਤਾਪਮਾਨ ਵਧਾ ਦਿੰਦਾ ਹੈ ਜਿਹੜਾ ਕਿ ਉਸੇ ਪਾਵਰ ਪਲਾਂਟ ਦੁਆਰਾ ਪੈਦਾ ਕੀਤੇ ਗਏ ਗ੍ਰੀਨਹਾਊਸ ਗੈਸ ਨਿਕਾਸ ਤੋਂ ਕਾਫ਼ੀ ਘੱਟ ਹੁੰਦਾ ਹੈ। ਬਹੁਤ ਸਾਰੇ ਨਿਊਕਲੀਅਰ ਪਾਵਰ ਪਲਾਂਟਾਂ ਅਤੇ ਵੱਡੇ ਪਥਰਾਟੀ ਬਾਲਣ ਪਾਵਰ ਪਲਾਂਟਾਂ ਵਿੱਚ ਨੈਚੂਰਲ ਡਰਾਫ਼ਟ ਵੈਟ ਕੂਲਿੰਗ ਟਾਵਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਸੱਜੇ ਤਸਵੀਰ ਵਿੱਚ ਵਿਖਾਇਆ ਗਿਆ ਹੈ ਅਤੇ ਇਹ ਵਿਅਰਥ ਤਾਪ ਨੂੰ ਪਾਣੀ ਦੇ ਵਾਸ਼ਪੀਕਰਨ ਦੇ ਜ਼ਰੀਏ ਵਾਤਾਵਰਨ ਵਿੱਚ ਖਾਰਿਜ ਕਰ ਦਿੰਦੇ ਹਨ।

ਹਾਲਾਂਕਿ ਬਹੁਤ ਸਾਰੇ ਵੱਡੇ ਥਰਮਲ ਪਲਾਟਾਂ, ਨਿਊਕਲੀਅਰ ਪਾਵਰ ਪਲਾਂਟਾਂ, ਪਥਰਾਟੀ ਬਾਲਣ ਪਾਵਰ ਪਲਾਂਟਾਂ, ਤੇਲ ਰਿਫ਼ਾਈਨਰੀਆਂ, ਪੈਟਰੋਕੈਮੀਕਲ ਪਲਾਂਟਾਂ, ਜੀਓਥਰਮਲ, ਬਾਇਓਮਾਸ ਪਲਾਂਟਾਂ ਵਿੱਚ ਵਿੱਚ ਫ਼ੋਰਸਡ ਡਰਾਫ਼ਟ ਵੈਟ ਕੂਲਿੰਗ ਟਾਵਰਾਂ (Forced draft wet cooling towers) ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਹੇਠਾਂ ਡਿੱਗ ਰਹੇ ਪਾਣੀ ਨੂੰ ਪੱਖਿਆਂ ਨਾਲ ਠੰਡਾ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਵਿੱਚ ਵੱਡੇ ਚਿਮਨੀ ਬਣਤਰ ਵਾਲੇ ਕੂਲਿੰਗ ਟਾਵਰ ਨਹੀਂ ਹੁੰਦੇ। ਫ਼ੋਰਸਡ ਡਰਾਫ਼ਟ ਕੂਲਿੰਗ ਟਾਵਰ ਆਮ ਤੌਰ ਤੇ ਚਤੁਰਭੁਜੀ ਡੱਬੇ ਦੀ ਸ਼ਕਲ ਵਾਲੇ ਹੁੰਦੇ ਹਨ ਜਿਨ੍ਹਾਂ ਵਿੱਚ ਉੱਪਰ ਵਗ ਰਹੀ ਹਵਾ ਹੇਠਾਂ ਡਿੱਗ ਰਹੇ ਪਾਣੀ ਨੂੰ ਠੰਡਾ ਕਰਦੀ ਹੈ।[4][5]

ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਕਮੀ ਹੁੰਦੀ ਹੈ, ਉੱਥੇ ਖੁਸ਼ਕ ਕੂਲਿੰਗ ਟਾਵਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਸਿੱਧੇ ਤੌਰ ਤੇ ਹਵਾ ਵਾਲੇ ਰੇਡੀਏਟਰ ਸਿਸਟਮ ਨੂੰ ਠੰਡਾ ਕਰਦੇ ਹਨ। ਹਾਲਾਂਕਿ ਇਨ੍ਹਾਂ ਕੂਲਰਾਂ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਇਹ ਊਰਜਾ ਵੀ ਵੱਧ ਖਰਚ ਕਰਦੇ ਹਨ।

ਪਾਣੀ ਦੁਆਰਾ ਕੂਲਿੰਗ (Water Cooling)

ਸੋਧੋ

ਬਿਜਲੀ ਕੰਪਨੀਆਂ ਅਕਸਰ ਪਾਣੀ ਸਾਗਰ, ਝੀਲ, ਨਦੀ ਜਾਂ ਪਾਣੀ ਠੰਡਾ ਰੱਖਣ ਵਾਲੇ ਝੱਪੜਾਂ ਵਿੱਚੋਂ ਲੈਂਦੀਆਂ ਹਨ, ਬਜਾਏ ਕੂਲਿੰਗ ਟਾਵਰਾਂ ਤੋਂ। ਇਨ੍ਹਾਂ ਸਰੋਤਾਂ ਨਾਲ ਕੂਲਿੰਗ ਟਾਵਰ ਬਣਾਉਣ ਦਾ ਖਰਚ ਬਚ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪਲਾਂਟ ਦੇ ਹੀਟ ਐਕਸਚੇਂਜਰ ਵਿੱਚ ਪਾਣੀ ਭੇਜਣ ਵਾਲੇ ਪੰਪਾਂ ਦਾ ਖਰਚ ਵੀ ਘਟ ਜਾਂਦਾ ਹੈ। ਹਾਲਾਂਕਿ ਇਸ ਤਰ੍ਹਾਂ ਕਰਨ ਨਾਲ ਵਿਅਰਥ ਹੀਟ ਵਾਤਾਵਰਨ ਵਿੱਚ ਥਰਮਲ ਪ੍ਰਦੂਸ਼ਨ ਪੈਦਾ ਕਰ ਦਿੰਦੀ ਹੈ। ਜਿਹੜੇ ਪਾਵਰ ਪਲਾਂਟ ਪਾਣੀ ਨੂੰ ਠੰਡਾ ਕਰਨ ਲਈ ਕੁਦਰਤੀ ਜਲ ਸਰੋਤਾਂ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਵਿੱਚ ਬਹੁਤ ਸਾਰੇ ਉਪਕਰਨ ਲਗਾਉਣੇ ਪੈਂਦੇ ਹਨ ਜਿਵੇਂ ਕਿ ਫ਼ਿਸ਼ ਸਕਰੀਨ (Fish screens), ਤਾਂ ਕਿ ਪਾਣੀ ਵਿੱਚ ਰਹਿ ਰਹੇ ਜੀਵ ਕੂਲਿੰਗ ਮਸ਼ੀਨਰੀ ਵਿੱਚ ਦਾਖਲ ਨਾ ਹੋ ਸਕਣ। ਫਿਰ ਵੀ ਇਹ ਸਕਰੀਨਾਂ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ ਜਿਸ ਕਰਕੇ ਹਰ ਸਾਲ ਅਰਬਾਂ ਮੱਛੀਆਂ ਅਤੇ ਹੋਰ ਪਾਣੀ ਵਿੱਚ ਰਹਿ ਰਹੇ ਜੀਵਾਂ ਨੂੰ ਪਾਵਰ ਪਲਾਂਟਾਂ ਦੀ ਮਸ਼ੀਨਰੀ ਮਾਰ ਦਿੰਦੀ ਹੈ।[6][7] ਉਦਾਹਰਨ ਦੇ ਲਈ ਨਿਊਯਾਰਕ ਵਿਖੇ ਇੰਡੀਅਨ ਪੁਆਇੰਟ ਅਨਰਜੀ ਸੈਂਟਰ ਵਿੱਚ ਕੂਲਿੰਗ ਸਿਸਟਮ ਦੇ ਕਾਰਨ ਹਰ ਸਾਲਾ ਬਿਲੀਅਨ ਤੋਂ ਮੱਛੀਆਂ ਦੇ ਆਂਡੇ ਅਤੇ ਲਾਰਵਾ ਖਤਮ ਹੋ ਜਾਂਦੇ ਹਨ।[8]

ਇਸ ਤੋਂ ਇਲਾਵਾ ਇਨ੍ਹਾਂ ਪਲਾਂਟਾਂ ਦੇ ਕਾਰਨ ਬਹੁਤ ਸਾਰੇ ਪਾਣੀ ਵਾਲੇ ਜੀਵ ਜਿਹੜੇ ਕਿ ਗਰਮ ਪਾਣੀ ਵਿੱਚ ਰਹਿਣ ਦੇ ਆਦੀ ਹੁੰਦੇ ਹਨ, ਮਾਰੇ ਜਾਂਦੇ ਹਨ ਜਦੋਂ ਪਾਵਰ ਪਲਾਂਟ ਠੰਡੇ ਮੌਸਮ ਵਿੱਚ ਬੰਦ ਕੀਤਾ ਜਾਂਦਾ ਹੈ।

ਪਾਵਰ ਪਲਾਂਟਾਂ ਵਿੱਚ ਵਰਤਿਆ ਜਾਣ ਵਾਲਾ ਪਾਣੀ ਵੀ ਹੌਲੀ ਹੌਲੀ ਇੱਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ।[9]

ਨਵਿਆਉਣਯੋਗ ਊਰਜਾ ਤੋਂ ਬਿਜਲੀ ਦਾ ਨਿਰਮਾਣ

ਸੋਧੋ

ਪਾਵਰ ਪਲਾਂਟ ਨਵਿਆਉਣਯੋਗ ਸਰੋਤਾਂ ਤੋਂ ਵੀ ਬਿਜਲੀ ਦਾ ਨਿਰਮਾਣ ਕਰ ਸਕਦੇ ਹਨ।

ਪਣ ਬਿਜਲੀ ਪਾਵਰ ਪਲਾਂਟ

ਸੋਧੋ
 
ਥ੍ਰੀ ਜੌਰਜਸ ਡੈਮ, ਹੁਬੇਈ, ਚੀਨ

ਪਣ ਬਿਜਲੀ ਪਾਵਰ ਪਲਾਂਟ ਵਿੱਚ ਪਾਣੀ ਦੀ ਗਤਿਜ ਅਤੇ ਸਥਿਤਿਜ ਊਰਜਾ ਨੂੰ ਟਰਬਾਈਨਾਂ ਘੁਮਾਉਣ ਲਈ ਵਰਤਿਆ ਜਾਂਦਾ ਹੈ ਜਿਸਨੂੰ ਹਾਈਡ੍ਰੋਇਲੈਕਟ੍ਰੀਸਿਟੀ ਵੀ ਕਿਹਾ ਜਾਂਦਾ ਹੈ। ਇਹਨਾਂ ਪਾਵਰ ਪਲਾਟਾਂ ਵਿੱਚ ਪਾਣੀ ਦੇ ਗੁਰੂਤਾਕਰਸ਼ਣ ਬਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜਾ ਕਿ ਪੈਨਸਟਾਕਾਂ ਦੇ ਜ਼ਰੀਏ ਪਾਣੀ ਵਾਲੀਆਂ ਟਰਬਾਈਨਾਂ ਨੂੰ ਘੁਮਾਉਂਦਾ ਹੈ ਜਿਹੜੀਆਂ ਕਿ ਅੱਗੋਂ ਜਨਰੇਟਰਾਂ ਨੂੰ ਘੁਮਾਉਂਦੀਆਂ ਹਨ। ਪੈਦਾ ਹੋਈ ਪਾਵਰ ਉਚਾਈ ਅਤੇ ਵਹਿਣ ਦਾ ਜੋੜ ਹੁੰਦੀ ਹੈ। ਪਾਣੀ ਦੇ ਪੱਧਰ ਨੂੰ ਉੱਚਾ ਕਰਨ ਲਈ ਬਹੁਤ ਤਰ੍ਹਾਂ ਦੇ ਡੈਮ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਪਾਣੀ ਨੂੰ ਜਮ੍ਹਾਂ ਕਰਨ ਲਈ ਝੀਲ ਵੀ ਬਣਾ ਲਈ ਜਾਂਦੀ ਹੈ ਜਿਸਨੂੰ ਰੈਜ਼ਰਵਾਇਰ ਕਿਹਾ ਜਾਂਦਾ ਹੈ।

ਪਣ ਬਿਜਲੀ 150 ਦੇਸ਼ਾਂ ਵਿੱਚ ਬਣਾਈ ਜਾਂਦੀ ਹੈ, ਜਿਸ ਵਿੱਚ ਏਸ਼ੀਆ-ਪੈਸੇਫ਼ਿਕ ਖੇਤਰ ਵਿੱਚ 2010 ਦੇ ਅੰਕੜਿਆਂ ਮੁਤਾਬਿਕ ਦੁਨੀਆ ਦੀ 32 ਪ੍ਰਤੀਸ਼ਤ ਪਣ ਬਿਜਲੀ ਬਣਾਈ ਜਾਂਦੀ ਹੈ। ਚੀਨ ਦੁਨੀਆ ਦਾ ਸਭ ਤੋਂ ਵੱਡਾ ਪਣ ਬਿਜਲੀ ਪੈਦਾ ਕਰਨ ਵਾਲਾ ਦੇਸ਼ ਹੈ ਜਿਹੜਾ ਕਿ 2010 ਦੇ ਅੰਕੜਿਆਂ ਦੇ ਅਨੁਸਾਰ ਇਸ ਤਰ੍ਹਾਂ ਦੇ ਪਾਵਰ ਪਲਾਂਟਾਂ ਤੋਂ 721 ਟੈਰਾਵਾਟ-ਘੰਟੇ ਬਿਜਲੀ ਦਾ ਨਿਰਮਾਣ ਕਰਦਾ ਹੈ, ਜਿਹੜਾ ਕਿ ਉਹਨਾਂ ਦੀ ਘਰੇਲੂ ਬਿਜਲਈ ਵਰਤੋਂ ਦਾ 17 ਪ੍ਰਤੀਸ਼ਤ ਹਿੱਸਾ ਬਣਦਾ ਹੈ।

ਸੋਲਰ ਪਾਵਰ ਪਲਾਂਟ (ਸੌਰ ਊਰਜਾ)

ਸੋਧੋ
 
ਨੈਲਿਸ ਸੋਲਰ ਪਾਵਰ ਪਲਾਂਟ, ਨੇਵਾਡਾ, ਸੰਯੁਕਤ ਰਾਜ ਅਮਰੀਕਾ

ਸੌਰ ਊਰਜਾ ਨੂੰ ਬਿਜਲੀ ਵਿੱਚ ਸਿੱਧੇ ਸੋਲਰ ਸੈੱਲਾਂ ਨਾਲ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੇ ਪਾਵਰ ਪਲਾਂਟ ਵੀ ਉਪਲਬਧ ਹਨ ਜਿਹਨਾਂ ਵਿੱਚ ਸੂਰਜ ਦੀ ਰੌਸ਼ਨੀ ਨੂੰ ਪਲੇਟਾਂ ਦੁਆਰਾ ਇੱਕ ਤਾਪ ਇੰਜਣ ਉੱਪਰ ਕੇਂਦਰਿਤ ਕੀਤਾ ਜਾਂਦਾ ਹੈ ਜਿਹੜਾ ਕਿ ਪਾਣੀ ਗਰਮ ਕਰਕੇ ਭਾਫ਼ ਬਣਾਉਂਦਾ ਹੈ ਜਿਸ ਤੋਂ ਬਿਜਲੀ ਬਣਾਈ ਜਾਂਦੀ ਹੈ।

ਇੱਕ ਸੋਲਰ ਫੋਟੋਵੋਲਟੇਕ ਪਾਵਰ ਪਲਾਂਟ ਸੂਰਜੀ ਰੌਸ਼ਨੀ ਨੂੰ ਡੀ.ਸੀ. ਬਿਜਲੀ ਵਿੱਚ ਬਦਲਦਾ ਹੈ, ਇਹ ਫੋਟੋਇਲੈਕਟ੍ਰਿਕ ਪ੍ਰਭਾਵ ਤੇ ਅਧਾਰਿਤ ਹੁੰਦਾ ਹੈ। ਅੱਗੋਂ ਇਨਵਰਟਰ ਡੀ.ਸੀ. ਨੂੰ ਏ.ਸੀ. ਵਿੱਚ ਬਦਲ ਦਿੰਦੇ ਹਨ ਜਿਹੜੀ ਕਿ ਗਰਿੱਡ ਨੂੰ ਭੇਜ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ ਪਲਾਂਟ ਵਿੱਚ ਕੋਈ ਵੀ ਘੁੰਮਣ ਵਾਲੀ ਮਸ਼ੀਨ ਜਾਂ ਜਨਰੇਟਰ ਨਹੀਂ ਵਰਤਿਆ ਜਾਂਦਾ।

ਸੋਲਰ ਥਰਮਲ ਪਾਵਰ ਪਲਾਂਟ ਵੀ ਤਰ੍ਹਾਂ ਦੇ ਸੋਲਰ ਪਾਵਰ ਪਲਾਂਟ ਹੀ ਹੁੰਦੇ ਹਨ। ਇਨ੍ਹਾਂ ਵਿੱਚ ਪੈਰਾਬੋਲਾ ਦੀ ਸ਼ਕਲ ਵਾਲੇ ਕੁੰਡ ਜਾਂ ਹੀਲੀਓਸਟੈਟ ਵਰਤੇ ਜਾਂਦੇ ਹਨ ਜਿਹੜੇ ਸੂਰਜੀ ਰੌਸ਼ਨੀ ਨੂੰ ਇੱਕ ਪਾਈਪ ਉੱਪਰ ਕੇਂਦਰਿਤ ਕਰ ਦਿੰਦੇ ਹਨ ਜਿਸ ਵਿੱਚ ਕੋਈ ਤਾਪ ਸੋਖ ਸਕਣ ਵਾਲਾ ਦ੍ਰਵ (heat transfer fluid) ਹੁੰਦਾ ਹੈ ਜਿਵੇਂ ਕਿ ਤੇਲ। ਗਰਮ ਹੋਇਆ ਤੇਲ ਪਾਣੀ ਨੂੰ ਉਬਾਲ ਕੇ ਭਾਫ਼ ਵਿੱਚ ਤਬਦੀਲ ਕਰ ਦਿੰਦਾ ਹੈ, ਅਤੇ ਅੱਗੋਂ ਭਾਫ਼ ਟਰਬਾਈਨ ਨੂੰ ਘੁਮਾ ਕੇ ਬਿਜਲਈ ਜਨਰੇਟਰ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਕੇਂਦਰੀ ਸੋਲਰ ਥਰਮਲ ਪਾਵਰ ਪਲਾਂਟਾਂ ਵਿੱਚ ਸੈਂਕੜੇ ਜਾਂ ਹਜ਼ਾਰਾਂ ਸ਼ੀਸ਼ੇ ਲੱਗੇ ਹੁੰਦੇ ਹਨ ਅਤੇ ਜਿਹੜੇ ਕਿ ਟਾਵਰ ਦੇ ਉੱਪਰ ਲੱਗੇ ਸੌਰ ਊਰਜਾ ਰਿਸੀਵਰ ਦੇ ਉੱਪਰ ਰੌਸ਼ਨੀ ਕੇਂਦਰਿਤ ਕਰਦੇ ਹਨ।

ਪੌਣ ਊਰਜਾ

ਸੋਧੋ
 
ਟੈਕਸਸ, ਸੰਯੁਕਤ ਰਾਜ ਅਮਰੀਕਾ ਵਿੱਚ ਹਵਾ ਵਾਲੀਆਂ ਟਰਬਾਈਨਾਂ

ਪੌਣ ਟਰਬਾਈਨਾਂ ਦੀ ਵਰਤੋਂ ਉਹਨਾਂ ਥਾਵਾਂ ਜਾਂ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਜਾਂ ਕੀਤੀ ਜਾ ਸਕਦੀ ਹੈ ਜਿਹਨਾਂ ਵਿੱਚ ਹਵਾ ਲਗਾਤਾਰ ਤੇਜ਼ੀ ਨਾਲ ਵਗਦੀ ਹੋਵੇ। ਬੀਤੇ ਸਮੇਂ ਵਿੱਚ ਬਹੁਤ ਸਾਰੇ ਵੱਖ-ਵੱਖ ਡਿਜ਼ਾਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ, ਪਰ ਆਧੁਨਿਕ ਸਮੇਂ ਵਿੱਚ ਤਿੰਨ ਬਲੇਡਾਂ ਵਾਲੀਆਂ, ਉੱਪਰੀ ਪ੍ਰਭਾਵ ਵਾਲੀਆਂ ਡਿਜ਼ਾਈਨ ਵਾਲੀਆਂ ਟਰਬਾਈਨਾਂ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਗਰਿੱਡਾਂ ਨਾਲ ਜੋੜੀਆਂ ਜਾਣ ਵਾਲੀਆਂ ਪੌਣ ਟਰਬਾਈਨਾਂ 1970 ਵਿੱਚ ਲਾਈਆਂ ਗਈਆਂ ਟਰਬਾਈਨਾਂ ਦੇ ਮੁਕਾਬਲੇ ਬਹੁਤ ਵੱਡੀਆਂ ਹਨ। ਇਹ ਟਰਬਾਈਨਾਂ ਸਸਤੀ ਬਿਜਲੀ ਪੈਦਾ ਕਰਦੀਆਂ ਹਨ ਅਤੇ ਇਹ ਪੁਰਾਣੀਆਂ ਟਰਬਾਈਨਾਂ ਨਾਲੋਂ ਵਧੇਰੇ ਭਰੋਸੇਯੋਗ ਹਨ। ਵੱਡੀਆਂ ਟਰਬਾਈਨਾਂ ਵਿੱਚ, ਬਲੇਡ ਪੁਰਾਣੀਆਂ ਟਰਬਾਈਨਾਂ ਦੇ ਮੁਕਾਬਲੇ ਹੌਲੀ ਘੁੰਮਦੇ ਹਨ ਜਿਸ ਨਾਲ ਇਨ੍ਹਾਂ ਦੇ ਬਲੇਡ ਵਿਖਾਈ ਦਿੰਦੇ ਹਨ ਅਤੇ ਇਹ ਪੰਛੀਆਂ ਲਈ ਹਾਨੀਕਾਰਕ ਨਹੀਂ ਹਨ।

ਸਮੁੰਦਰੀ ਊਰਜਾ

ਸੋਧੋ

ਸਮੁੰਦਰੀ ਊਰਜਾ ਜਾਂ ਸਮੁੰਦਰੀ ਪਾਵਰ ਦਾ ਮਤਲਬ ਉਸ ਊਰਜਾ ਤੋਂ ਹੈ ਜਿਹੜੀ ਕਿ ਸਮੁੰਦਰੀ ਲਹਿਰਾਂ, ਜਵਾਰਭਾਟਿਆਂ, ਸਮੁੰਦਰੀ ਤਾਪ ਊਰਜਾ ਅਤੇ ਪਾਣੀ ਦੇ ਖਾਰੇਪਣ ਆਦਿ ਨਾਲ ਪੈਦਾ ਹੁੰਦੀ ਹੈ। ਦੁਨੀਆ ਦੇ ਮਹਾਂਸਾਗਰਾਂ ਅਤੇ ਸਮੁੰਦਰਾਂ ਵਿੱਚ ਪਾਣੀ ਦੀ ਹਿੱਲਜੁੱਲ ਜਾਂ ਗਤੀ ਬਹੁਤ ਵੱਡੀ ਮਾਤਰਾ ਵਿੱਚ ਗਤਿਜ ਊਰਜਾ ਪੈਦਾ ਕਰ ਰਹੀ ਹੈ। ਇਸ ਗਤਿਜ ਊਰਜਾ ਨੂੰ ਇਲੈਕਟ੍ਰੀਕਲ ਜਨਰੇਸ਼ਨ ਜਾਂ ਬਿਜਲਈ ਨਿਰਮਾਣ ਲਈ ਵਰਤਿਆ ਜਾ ਸਕਦਾ ਹੈ।

ਸਮੁੰਦਰੀ ਊਰਜਾ ਵਿੱਚ ਸਮੁੰਦਰੀ ਸਤਹਿ ਲਹਿਰਾਂ ਅਤੇ ਜਵਾਰ ਸ਼ਕਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜੀਆਂ ਕਿ ਹਿੱਲਜੁੱਲ ਕਰ ਰਹੇ ਪਾਣੀ ਦੇ ਵੱਡੇ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜਿਵੇਂ ਕਿ ਸਮੁੰਦਰ, ਮਹਾਂਸਾਗਰ ਆਦਿ। ਤਟਵਰਤੀ ਪੌਣ ਊਰਜਾ ਸਮੁੰਦਰੀ ਊਰਜਾ ਦੀ ਕਿਸਮ ਨਹੀਂ ਕਿਉਂਕਿ ਉਸ ਵਿੱਚ ਹਵਾ ਦੇ ਵਹਾਅ ਤੋਂ ਬਿਜਲੀ ਦਾ ਨਿਰਮਾਣ ਕੀਤਾ ਜਾਂਦਾ ਹੈ, ਭਾਵੇਂ ਕਿ ਪੌਣ ਟਰਬਾਈਨਾਂ ਪਾਣੀ ਉੱਪਰ ਹੀ ਕਿਉਂ ਨਾ ਲੱਗੀਆਂ ਹੋਣ।

ਮਹਾਂਸਾਗਰਾਂ ਵਿੱਚ ਊਰਜਾ ਦਾ ਬਹੁਤ ਵੱਡਾ ਭੰਡਾਰ ਹੈ ਅਤੇ ਇਹ ਧਰਤੀ ਦੀ ਬਹੁਤ ਵੱਡੀ ਆਬਾਦੀ ਦੇ ਨੇੜੇ ਵੀ ਮੌਜੂਦ ਹੈ। ਸਮੁੰਦਰੀ ਊਰਜਾ ਇੱਕ ਨਵੀਂ ਨਵਿਆਉਣਯੋਗ ਊਰਜਾ ਦਾ ਇੱਕ ਬਹੁਤ ਕਾਰਗਰ ਅਤੇ ਵੱਡਾ ਸਰੋਤ ਹੈ।[10]

ਬਾਇਓਮਾਸ

ਸੋਧੋ
 
ਮੈਟਜ਼ ਬਾਇਓਮਾਸ ਪਾਵਰ ਸਟੇਸ਼ਨ

ਬਾਇਓਮਾਸ ਊਰਜਾ ਨੂੰ ਫ਼ਾਲਤੂ ਹਰੇ ਪਦਾਰਥਾਂ ਜਾਂ ਕੂੜੇ ਕਰਕਟ ਨੂੰ ਜਲਾਉਣ ਤੋਂ ਬਣਾਇਆ ਜਾਂਦਾ ਹੈ। ਇਹਨਾਂ ਬੇਕਾਰ ਪਦਾਰਥਾਂ ਨੂੰ ਜਲਾ ਕੇ ਪਾਣੀ ਨੂੰ ਗਰਮ ਕਰਕੇ ਭਾਫ਼ ਬਣਾਈ ਜਾਂਦੀ ਹੈ ਜਿਸਤੋਂ ਅੱਗੋਂ ਇੱਕ ਭਾਫ਼ ਟਰਬਾਈਨ ਘੁਮਾਈ ਜਾਂਦੀ ਹੈ। ਆਧੁਨਿਕ ਸਮੇਂ ਵਿੱਚ ਇਹ ਇੱਕ ਬਹੁਤ ਵਧੀਆ ਊਰਜਾ ਸਰੋਤ ਹੈ ਕਿਉਂਕਿ ਇਹ ਲਗਭਗ ਸਾਰਾ ਬੇਕਾਰ ਕੂੜੇ ਕਰਕਟ ਜਾਂ ਪਸ਼ੂਆਂ ਦੇ ਗੋਬਰ ਆਦਿ ਤੇ ਅਧਾਰਿਤ ਹੁੰਦਾ ਹੈ ਜਿਸ ਨਾਲ ਮੀਥੇਨ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਹੜੀਆਂ ਕਿ ਬਹੁਤ ਜਲਣਸ਼ੀਲ ਹਨ।

ਹਵਾਲੇ

ਸੋਧੋ
  1. Nuclear Power Plants Information Archived 2005-02-13 at the Wayback Machine., by International Atomic Energy Agency
  2. Wiser, Wendell H. (2000). Energy resources: occurrence, production, conversion, use. Birkhäuser. p. 190. ISBN 978-0-387-98744-6.
  3. SWEB's Pocket Power Stations Archived 4 May 2006 at the Wayback Machine.
  4. J.C. Hensley (Editor) (2006). Cooling Tower Fundamentals (2nd ed.). SPX Cooling Technologies. {{cite book}}: |author= has generic name (help)
  5. Beychok, Milton R. (1967). Aqueous Wastes from Petroleum and Petrochemical Plants (4th ed.). John Wiley and Sons. LCCN 67019834. (Includes cooling tower material balance for evaporation emissions and blowdown effluents. Available in many university libraries)
  6. ਫਰਮਾ:Cite court
  7. U.S. Environmental Protection Agency, Washington, DC (May 2014). "Final Regulations to Establish Requirements for Cooling Water Intake Structures at Existing Facilities." Archived 2020-06-19 at the Wayback Machine. Fact sheet. Document no. EPA-821-F-14-001.
  8. McGeehan, Patrick (2015-05-12). "Fire Prompts Renewed Calls to Close the Indian Point Nuclear Plant". New York Times.
  9. American Association for the Advancement of Science. AAAS Annual Meeting 17 - 21 Feb 2011, Washington DC. "Sustainable or Not? Impacts and Uncertainties of Low-Carbon Energy Technologies on Water." Dr Evangelos Tzimas, European Commission, JRC Institute for Energy, Petten, Netherlands.
  10. Carbon Trust, Future Marine Energy. Results of the Marine Energy Challenge: Cost competitiveness and growth of wave and tidal stream energy, January 2006