ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਸਤੰਬਰ
ਸਰਦਾਰ ਭਗਤ ਸਿੰਘ (28 ਸਤੰਬਰ 1907 - 23 ਮਾਰਚ, 1931) ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਨੈਸ਼ਨਲ ਕਾਲਜ ਦੇ ਮਾਹੌਲ ਵਿੱਚ ਉਹ ਘੁਲਮਿਲ ਗਿਆ। ਉਹ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਬਣ ਗਿਆ। ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ। ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। 1927 ਵਿੱਚ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ ਉੱਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। ਸਤੰਬਰ 1928 ਵਿੱਚ ਭਗਤ ਸਿੰਘ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ।