ਜੰਡਿਆਲਾ

ਜਲੰਧਰ ਜ਼ਿਲ੍ਹੇ ਦਾ ਪਿੰਡ
(ਜੰਡਿਆਲਾ ਮੰਜਕੀ ਤੋਂ ਮੋੜਿਆ ਗਿਆ)

ਜੰਡਿਆਲਾ ਮੰਜਕੀ ਜਲੰਧਰ ਜ਼ਿਲ੍ਹੇ ਦਾ ਇੱਕ ਪਿੰਡ ਹੈ, ਜੋ ਜਲੰਧਰ, ਫਗਵਾੜਾ, ਨਕੋਦਰ ਅਤੇ ਗੁਰਾਇਆਂ ਤੋਂ ਲਗਪਗ ਇੱਕੋ ਜਿੰਨੀ ਵਿੱਥ ਤੇ ਹੈ।

ਜੰਡਿਆਲਾ ਮੰਜਕੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਨਾਮ-ਆਧਾਰ-
ਸਰਕਾਰ
 • ਸਰਪੰਚਨਰਿੰਦਰ ਕੌਰ (ਸਾਬਕਾ)-9878470235 ਮੱਖਣ ਪੱਲਣ(ਮੌਜੂਦਾ)-9872042538
ਉੱਚਾਈ
226 m (741 ft)
ਆਬਾਦੀ
 (2011)
 • ਕੁੱਲ8,487
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144033
ਟੈਲੀਫੋਨ ਕੋਡ91-1826
ਵਾਹਨ ਰਜਿਸਟ੍ਰੇਸ਼ਨPB 08

ਇਤਿਹਾਸ

ਸੋਧੋ

ਪਿੰਡ ਜੰਡਿਆਲਾ ਦੀ ਦਿੱਖ ਹੁਣ ਸ਼ਹਿਰਾਂ ਵਰਗੀ ਬਣ ਗਈ ਹੈ। ਪਹਿਲਾਂ ਜਦੋਂ ਪਿੰਡਾਂ ਵਰਗੀ ਹੀ ਸੀ ਓਦੋਂ ਵੀ ਇਸ ਦਾ ਪੱਧਰ ਸ਼ਹਿਰਾਂ ਵਾਲਾ ਹੀ ਸੀ। ਆਲੇ ਦੁਆਲੇ ਦੇ ਦਰਜਣਾ ਪਿੰਡਾਂ ਦੀ ਮੰਡੀ ਸੀ। ਜਿਸ ਕਰਕੇ ਉੱਨੀਵੀਂ ਸਦੀ ਦੀ ਤੀਜੀ ਚੌਥਾਈ ਵਿੱਚ ਹੀ ਅੰਗਰੇਜ਼ ਸਰਕਾਰ ਨੇ ਮਿਊਂਸਪੈਲਿਟੀ ਦਾ ਗਠਨ ਕਰ ਦਿੱਤਾ ਸੀ ਪਰ ਲੋਕਾਂ ਦੇ ਸਖਤ ਵਿਰੋਧ ਕਾਰਨ, ਅਠਾਰਾਂ ਸੌ ਬਹੱਤਰ ਵਿੱਚ ਤੋੜ ਦਿੱਤੀ ਗਈ ਸੀ। ਪਰ ਸੰਨ 1998 ਵਿੱਚ ਫਿਰ ਪੰਜਾਬ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਇੱਥੇ ਨਗਰ ਪੰਚਾਇਤ ਬਣਾ ਦਿੱਤੀ ਸੀ ਪਰ ਫਿਰ ਉਸੇ ਤਰ੍ਹਾਂ ਵਿਰੋਧ ਉੱਠਿਆ ਅਤੇ ਚਾਰ ਸਾਲਾਂ ਦੇ ਅੰਦਰ ਅੰਦਰ ਹੀ ਨਗਰ ਪੰਚਾਇਤ ਤੋੜ ਦਿੱਤੀ ਗਈ। ਨਤੀਜੇ ਵਜੋਂ ਜੰਡਿਆਲਾ ਇੱਕ ਵਾਰ ਫਿਰ ਸ਼ਹਿਰਾਂ ਵਾਲੀਆਂ ਸਹੂਲਤਾਂ ਤੋਂ ਵਾਂਝਾ ਰਹਿ ਗਿਆ। ਆਮ ਕਰਕੇ ਮੰਨਣਾ ਇਹ ਹੈ ਕਿ ਵਿਰੋਧ ਦਾ ਕਾਰਨ ਬਾਹਰੋਂ ਆਉਣ ਵਾਲੇ ਮਾਲ-ਅਸਬਾਬ ਉੱਪਰ ਲੱਗਦੀ ਚੁੰਗੀ ਸੀ। ਪਰ ਕੁਝ ਇੱਕ ਦਾ ਮੰਨਣਾ ਹੈ ਕਿ ਦੇਸ਼ ਭਗਤਾਂ ਦਾ ਇਹ ਪਿੰਡ ਮੁਕੰਮਲ ਪਰਜਾ ਤੰਤਰ ਵਿੱਚ ਯਕੀਨ ਰੱਖਦਾ ਹੈ ਅਤੇ ਜਦੋਂ ਨਗਰ ਪੰਚਾਇਤ ਕਾਰਨ ਅਫਸਰਸ਼ਾਹੀ ਦਾ ਬੋਲਬਾਲਾ ਹੋਇਆ ਤਾਂ ਪਿੰਡ ਵਾਸੀਆਂ ਨੇ ਪਸੰਦ ਨਹੀਂ ਕੀਤਾ। ਕੁੱਝ ਰਾਜਸੀ ਵਿਅੱਕਤੀਆਂ ਨੇ ਪਿੰਡ ਦੇ ਦੁਕਾਨਦਾਰਾਂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਹਾਰਾ ਲੈ ਕੇ ਨੋਟੀਫੀਕੇਸ਼ਨ ਰੱਦ ਕਰਵਾ ਦਿੱਤਾ। ਵਧੀਆ ਸੋਚ ਵਾਲੇ ਲੋਕਾਂ ਨੇ ਇਸ ਨੂੰ ਪਸੰਦ ਨਹੀਂ ਕੀਤਾ। ਦੁਆਬੇ ਦੇ ਵੱਡੇ ਪਿੰਡਾਂ ਵਿੱਚੋਂ ਸਿਰਕੱਢ ਪਿੰਡ ਜੰਡਿਆਲਾ ਵਿੱਚ ਹੁਣ ਭਾਵੇਂ ਪੰਚਾਇਤ ਹੀ ਹੈ ਪਰ ਇਸ ਦੇ ਸਰਪੰਚ ਦੀ ਐਮ.ਐਲ.ਏ. ਜਿੰਨੀ ਵੁੱਕਤ ਗਿਣੀ ਜਾਂਦੀ ਹੈ।

ਜੰਡਿਆਲਾ ਦਾ ਮਾਲ ਰਿਕਾਰਡ ਦੱਸਦਾ ਹੈ ਕਿ ਪਿੰਡ ਦੀ ਮਾਲਕੀ ਦਾ ਕੁੱਲ ਰਕਬਾ ਤਿੰਨ ਹਜ਼ਾਰ ਤਿੰਨ ਸੌ ਨੜ੍ਹਿਨਵੇ ਏਕੜ ਹੈ ਜਿਸ ਵਿਚੋਂ (ਦੋ ਹਜ਼ਾਰ ਛੇ ਦੇ ਅੰਕੜਿਆਂ ਅਨੁਸਾਰ) ਇਕਾਠ ਏਕੜ ਉੱਤੇ ਪਿੰਡ ਵਸਿਆ ਹੋਇਆ ਹੈ ਅਤੇ ਦੋ ਹਜ਼ਾਰ ਨੌਂ ਸੌ ਉਣੱਨਵੇਂ ਏਕੜ ਉੱਤੇ ਖੇਤੀ ਹੁੰਦੀ ਹੈ। ਪੈਂਤੀ ਏਕੜ ਬਰਾਨੀ ਹੈ ਅਤੇ ਦੋ ਹਜ਼ਾਰ ਨੌਂ ਸੌ ਚੁਰੰਨਵੇਂਂ ਏਕੜ ਚਾਹੀ ਹੈ। ਇਸ ਵਿਚੋਂ ਇੱਕ ਸੌ ਸਤਾਹਠ ਏਕੜ ਮੁਸ਼ਤਰਕਾ ਹੈ ਅਤੇ ਇੱਕ ਸੌ ਬਿਆਸੀ ਏਕੜ ਪੰਚਾਇਤ ਦੀ ਮਾਲਕੀ ਹੈ। ਦੋ ਹਜ਼ਾਰ ਛੇ ਅਨੁਸਾਰ ਕੁਲ ਘਰ ਸੋਲਾਂ ਸੌ ਛਿਆਹਠ ਹਨ।

ਜੰਡਿਆਲਾ ਵਾਸੀਆਂ ਦਾ ਯਕੀਨ ਹੈ ਕਿ ਜੰਡਿਆਲਾ ਮੰਜਕੀ ਦਾ ਨੀਂਹ ਪੱਥਰ 1426 ਵਿੱਚ ਲੱਧਾ ਨਾਮ ਦੇ ਜੌਹਲ ਜੱਟ ਨੇ ਰੱਖਿਆ ਸੀ। ਉਸ ਸਮੇਂ ਉਸ ਦੇ ਨਾਲ ਉਸਦਾ ਭਤੀਜਾ ਧੁੰਨੀ ਵੀ ਸੀ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਧੁੰਨੀ ਕਾਫੀ ਬਾਦ ਵਿੱਚ ਆਇਆ ਸੀ। ਲੱਧਾ ਨੇ ਜਦੋਂ ਟਿਕਾਣਾ ਕੀਤਾ ਤਾਂ ਉਸਨੇ ਜੰਡ ਦਾ ਪੇੜ ਲਾਕੇ ਆਪਣੇ ਡੇਰੇ ਦੀ ਨੀਂਹ ਰੱਖੀ ਸੀ ਜਿਸ ਨੂੰ ਮੂੜ੍ਹੀ ਗੱਡਣਾ ਕਿਹਾ ਜਾਂਦਾ ਸੀ। ਇਸ ਕਰਕੇ ਲੱਧਾ ਜੌਹਲ ਦੇ ਡੇਰੇ ਦਾ ਨਾਮ ਜੰਡ ਵਾਲਾ ਪੈ ਗਿਆ। ਜੰਡ ਦਾ ਉਹ ਪੇੜ ਅਜੇ ਵੀ ਖੜ੍ਹਾ ਹੈ ਜੋ ਕਿ ਬਹੁਤ ਸਾਲ ਪਹਿਲਾਂ ਅਸਮਾਨੀ ਬਿਜਲੀ ਡਿੱਗਣ ਨਾਲ ਸੜ ਕੇ ਰੁੰਡਮਰੁੰਡ ਹੋ ਗਿਆ ਸੀ ਪਰ ਕਈ ਸਾਲਾਂ ਬਾਦ ਫਿਰ ਹਰਾ ਹੋਣਾ ਸ਼ੁਰੂ ਹੋ ਗਿਆ। ਬਿਜਲੀ ਨਾਲ ਫਟਕੇ ਦੁਸਾਂਗੜ ਹੋਏ ਜੰਡ ਵਿੱਚ ਹੁਣ ਪਿੱਪਲ ਵੀ ਉੱਗ ਆਇਆ ਹੈ। ਦੰਦ ਕਥਾਵਾਂ ਅਨੁਸਾਰ ਜੰਡ ਦਾ ਇਹ ਪੇੜ ਪਿਛਲੀਆਂ ਸੱਦੀਆਂ ਵਿੱਚ ਵੀ ਕਈ ਵਾਰ ਸੁੱਕ ਕੇ ਹਰਾ ਹੋਇਆ ਹੈ। ਵਰਤਮਾਨ ਘਟਨਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੋਈ ਹੋਣ ਕਾਰਨ ਲੋਕ ਇਸ ਦੰਦ ਕਥਾ ਨੂੰ ਸੱਚ ਮੰਨਦੇ ਹਨ।

ਉੰਝ ਤਾਂ ਜੌਹਲਾਂ ਦੇ ਪਰਵਾਸ ਦੀ ਕਹਾਣੀ ਮੱਧ ਏਸ਼ੀਆਂ ਨਾਲ ਜਾ ਜੁੜਦੀ ਹੈ ਪਰ ਜੰਡਿਆਲਾ ਦੇ ਜੌਹਲ ਆਪਣਾ ਹੁਣ ਤੋਂ ਪਹਿਲਾਂ ਵਾਲਾ ਵਸੇਬਾ ਮੋਗਾ ਦੇ ਪਿੰਡ ਧੱਲੇਕੇ ਨੂੰ ਮੰਨਦੇ ਹਨ। ਪਿੰਡ ਧੱਲੇਕੇ ਤੋਂ ਜਿਹੜੇ ਕੁਝ ਪਰਿਵਾਰ ਉੱਠਕੇ ਆਏ ਸਨ ਉਨ੍ਹਾਂ ਨੇ ਆਪਣਾ ਟਿਕਾਣਾ ਹੁਣ ਵਾਲੇ ਜੰਡਿਆਲੇ ਤੋਂ ਢਾਈ ਕੁ ਕਿਲੋਮੀਟਰ ਦੂਰ ਪਿੰਡ ਥਾਬਲਕੇ ਵਾਲੀ ਥਾਂ ਤੇ ਕੀਤਾ ਸੀ। ਉਹ ਪਿੰਡ ਹੁਣ ਵੀ ਵਸਦਾ ਰਸਦਾ ਹੈ ਪਰ ਜੰਡਿਆਲੇ ਵਾਂਗ ਵਧਿਆ ਫੁਲਿਆ ਨਹੀਂਂ ਹਾਲਾਂਕਿ ਉੱਥੈ ਰੇਲਵੇ ਸਟੇਸ਼ਨ ਵੀ ਹੈ। ਥਾਬਲਕੇ ਤੋਂ ਜੰਡਿਆਲੇ ਵਾਲੀ ਥਾਂ ਤੇ ਆਉਣ ਦੀ ਕਹਾਣੀ ਬੜੀ ਰੌਚਿਕ ਹੈ। ਵਸਨੀਕਾਂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਦੇ ਵਡਿੱਕੇ ਆਪਣੇ ਦੁਧਾਰੂ ਪਸ਼ੂ ਇਸ ਪਾਸੇ ਵੱਲ ਚਾਰਨ ਜਾਂਦੇ ਸਨ ਤਾਂ ਉਹ ਵਧੇਰੇ ਦੁੱਧ ਦਿੰਦੇ ਸਨ। ਇਸ ਦਾ ਭੇਦ ਵੀ ਉਨ੍ਹਾਂ ਨੇ ਸਮਝ ਲਿਆ ਕਿ ਇਸ ਥਾਂ ਤੇ ਬਣੇ ਹੋਏ ਇੱਕ ਵੱਡੇ ਸਾਰੇ ਛੱਪੜ (ਢਾਬ) ਦਾ ਪਾਣੀ ਬਹੁਤ ਗੁਣਕਾਰੀ ਹੈ। ਇਹ ਢਾਬ ' ਬਾਂਅ ਦਾ ਛੱਪੜ ' ਨਾਮ ਨਾਲ ਜਾਣੀ ਜਾਣ ਲੱਗੀ ਅਤੇ ਪਿੰਡ ਵਾਲਿਆਂ ਨੇ ਉਸਨੂੰ ਅਜੇ ਤੱਕ ਕਾਇਮ ਰੱਖਿਆ ਹੋਇਆ ਹੈ। ਫਿਰ ਉਨ੍ਹਾਂ ਵਿਚੋਂ ਕੁਝ ਪਰਿਵਾਰਾਂ ਨੇ ਆਪਣਾ ਪੱਕਾ ਟਿਕਾਣਾ 'ਬਾਂਅ' ਨੇੜੇ ਹੀ ਕਰ ਲਿਆ। ਬਾਕੀ ਜੌਹਲ ਉੱਥੇ ਹੀ ਟਿਕੇ ਰਹੇ ਜਿਨ੍ਹਾਂ ਦੇ ਵਾਰਿਸ ਅਜੇ ਵੀ ਉੱਥੇ ਹੀ ਰਹਿ ਰਹੇ ਹਨ।

ਜੰਡਿਆਲਾ ਦੇ ਲੋਕ ਰਾਜਸੀ,ਵਿੱਦਿਅਕ ਅਤੇ ਆਰਥਿਕ ਪੱਖੋਂ ਮਜ਼ਬੂਤ ਅਤੇ ਚੇਤੰਨ ਹਨ। ਜੰਡਿਆਲਾ ਮੁੱਢੋਂ ਹੀ ਇਨਕਲਾਬੀ ਪਿੰਡ ਹੈ। ਇਸ ਪਿੰਡ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਹਿੱਸਾ ਪਾਇਆ ਅਤੇ ਸਿਰਕੱਢ ਰਾਜਸੀ ਆਗੂ ਪੈਦਾ ਕੀਤੇ ਹਨ। ਜੰਡਿਆਲਾ ਭਾਰਤ ਦਾ ਇਕੋ ਇੱਕ ਪਿੰਡ ਹੈ ਜਿੱਥੇ ਪੰਦਰਾਂ ਅਗੱਸਤ ਉਨੀ ਸੌ ਸੰਤਾਲੀ ਨੂੰ ਪਿੰਡ ਦੇ ਚੌਕ ਵਿੱਚ ਦੋ ਝੰਡੇ ਝੁਲਾਏ ਗਏ ਸਨ। ਇੱਕ ਤਰੰਗਾ ਅਤੇ ਦੂਜਾ ਦਾਤਰੀ ਹਥੌੜੇ ਵਾਲਾ ਲਾਲ ਝੰਡਾ। ਦੋਵੇ ਝੰਡੇ ਇੱਕ ਦੂਜੇ ਤੋਂ ਮਸਾਂ ਅੱਠ-ਦਸ ਕੁ ਫੁੱਟ ਦੀ ਦੂਰੀ ਤੇ ਹੀ ਹਨ। ਜੰਡਿਆਲਾ ਨੇ ਇਕਾਸੀ ਦੇਸ਼ ਭਗਤ ਪੈਦਾ ਕੀਤੇ ਹਨ। ਬਾਬਾ ਲਾਲ ਸਿੰਘ,ਬਾਬਾ ਧਿਆਨ ਸਿੰਘ,ਬਾਬਾ ਵਰਿਆਮ ਸਿੰਘ, ਬਾਬਾ ਗੁਰਦਿੱਤ ਸਿੰਘ ਅਤੇ ਬਾਬਾ ਪੂਰਨ ਸਿੰਘ ਦੀਆਂ ਕੁਰਬਾਨੀਆਂ ਨੇ ਗਦਰ ਲਹਿਰ ਨੂੰ ਹੋਰ ਸੁਰਖ ਕੀਤਾ। ਮੁਣਸ਼ਾ ਸਿੰਘ ਦੁਖੀ ਜੀ ਦੇ ਇਸ ਪਿੰਡ ਪੜਨਾਨਕੇ ਸਨ। ਉਨ੍ਹਾਂ ਨੂੰ ਦੇਸ਼ ਭਗਤੀ ਦੀ ਚੇਟਕ ਇੱਥੋਂ ਹੀ ਲੱਗੀ ਸੀ। ਉਨ੍ਹਾਂ ਨੇ ਇਨਕਲਾਬੀ ਕਵਿਤਾਵਾਂ ਰਾਹੀਂ ਪੰਜਾਬੀਆਂ ਦੀ ਗੈਰਤ ਨੂੰ ਹਲੂਣਿਆਂ। ਭਾਈ ਚੈਂਚਲ ਸਿੰਘ ਬੱਬਰ ਅਕਾਲੀ ਲਹਿਰ ਨਾਲ ਜੁੜਿਆ ਇੱਕ ਉੱਘਾ ਨਾਂ ਹੈ। ਭਾਈ ਸ਼ੇਰ ਸਿੰਘ,ਜਗਜੀਤ ਸਿੰਘ ਜੱਗੀ,ਭਾਈ ਜੁਗਿੰਦਰ ਸਿੰਘ,ਬਾਬਾ ਲਛਮਣ ਸਿੰਘ,ਲਾਲਾ ਪਰਸ ਰਾਮ,ਜੈ ਸਿੰਘ,ਕਰਤਾਰ ਸਿੰਘ ਕਿਰਤੀ,ਜੈਤੋ ਦੇ ਮੋਰਚੇ ਵਿੱਚ ਡਾਂਗਾਂ ਖਾਣ ਵਾਲੇ ਹਜ਼ਾਰਾ ਸਿੰਘ ਕੈਂਥ ਅਤੇ ਹੋਰ ਦੇਸ਼ ਭਗਤਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ।।

ਜੰਡਿਆਲਾ ਦੇ ਅਜ਼ਾਦੀ ਘੁਲਾਟੀਆਂ ਦੇ ਸਬੰਧ ਵਿੱਚ ਇੱਕ ਭੇਦ ਨੂੰ ਅਜੇ ਤੱਕ ਕੋਈ ਨਹੀਂ ਸਮਝ ਸਕਿਆ। ਪਿੰਡ ਦੀਆਂ ਛੇ ਪੱਤੀਆਂ ਵਿਚੋਂ ਇੱਕ ਪੱਤੀ ਵਿਚੋਂ ਪੰਜਾਹ ਅਜ਼ਾਦੀ ਘੁਲਾਟੀਏ ਹੋਏ ਹਨ ਜਦੋਂ ਕਿ ਇੱਕ ਪੱਤੀ ਵਿਚੋਂ ਇੱਕ ਅਤੇ ਇੱਕ ਹੋਰ ਵਿਚੋਂ ਇੱਕ ਵੀ ਨਹੀਂ, ਭਾਵੇਂ ਕਿ ਉਹ ਪੱਤੀ ਮੋਹਣਪੁਰੀਆਂ ਬਹੁਤ ਛੋਟੀ ਹੈ। ਚੜ੍ਹਦੇ ਅਤੇ ਲਹਿੰਦੇ ਪਾਸੇ ਦੇ ਲੋਕਾਂ ਦੀ ਸਿਆਸੀ ਸੂਝ ਵਿੱਚ ਜ਼ਮੀਨ ਸ਼ਮਾਨ ਦਾ ਫਰਕ ਸੀ। ਪੰਜਾਹ ਅਜ਼ਾਦੀ ਘੁਲਾਟੀਏ ਪੈਦਾ ਕਰਨ ਵਾਲੀ ਪੱਤੀ ਨੂੰ ਬੜੀ ਪੱਤੀ ਕਿਹਾ ਜਾਂਦਾ ਹੈ।

ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਮਰਹੂਮ ਸ. ਦਰਬਾਰਾ ਸਿੰਘ ਦਾ ਪਿੰਡ ਵੀ ਜੰਡਿਆਲਾ ਮੰਜਕੀ ਸੀ। ਉੱਘੇ ਅਰਥ ਸ਼ਾਸਤਰੀ, ਖੇਤੀ ਵਿਗਿਆਨੀ ਅਤੇ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਜੰਡਿਆਲਾ ਦੀਆਂ ਗਲੀਆਂ ਵਿੱਚੋਂ ਉੱਠ ਕੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ।ਅੱਜ ਕਲ ਉਹ ਕੇਂਦਰੀ ਯੂਨੀਵਰਿਸਟੀ ਬਠਿੰਡਾ ਦੇ ਚਾਂਸਲਰ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਸ. ਮੋਹਣ ਸਿੰਘ ਜੌਹਲ ਵੀ ਜੰਡਿਆਲਾ ਦੇ ਜੰਮਪਲ ਸਨ। ਪੰਜਾਬ ਰਾਜ ਬਿਜਲੀ ਬੋਰਡ ਵਿੱਚੋਂ ਉਚ-ਪ੍ਰਸ਼ਾਸਨਿਕ ਅਹੁਦੇ ਤੋਂ ਰਿਟਾਇਰ ਹੋਏ ਸਵਰਗੀ ਸ. ਸੰਤੋਖ ਸਿਘ ਜੌਹਲ ਦੀਆਂ ਜੜ੍ਹਾਂ ਜੰਡਿਆਲਾ ਵਿੱਚ ਸਨ। ਵਿਦਿਅਕ ਖੇਤਰ ਦੀ ਅਹਿਮ ਸ਼ਖਸ਼ੀਅਤ ਹੈਡਮਾਸਟਰ ਅਜੀਤ ਸਿੰਘ ਜੌਹਲ ਜੰਡਿਆਲੀਏ ਸਨ। ਸਵਰਗੀ ਮੇਜਰ ਸਵਰਨ ਸਿੰਘ ਜੌਹਲ,ਮੇਜਰ ਕਰਨੈਲ ਸਿੰਘ ਜੌਹਲ, ਹੈੱਡ ਮਾਸਟਰ ਅਜੀਤ ਸਿੰਘ ਜੌਹਲ ਅਤੇ ਕਾਮਰੇਡ ਪਿਆਰਾ ਸਿੰਘ ਦੇ ਉੱਦਮ ਸਦਕਾ 1967 ਵਿੱਚ ਇੱਥੇ ਗੁਰੁ ਗੋਬਿੰਦ ਸਿੰਘ ਰੀਪਬਲਿਕ ਕਾਲਜ ਨਾਂ ਦਾ ਡਿਗਰੀ ਕਾਲਜ ਹੋਂਦ ਵਿੱਚ ਆਇਆ ਸੀ ਜੋ ਸੰਨ 1983 ਵਿੱਚ ਸਰਕਾਰੀ ਪ੍ਰਬੰਧ ਹੇਠ ਲੈ ਲਿਆ ਗਿਆ। ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਡੀਨ ਅਤੇ ਪੱਤਰਕਾਰੀ ਵਿਭਾਗ ਦੇ ਮੁਖੀ ਰਹੇ ਨਵਜੀਤ ਸਿੰਘ ਜੌਹਲ, ਦੂਰਦਰਸ਼ਨ ਦੇ ਪ੍ਰੋਗਰਾਮ ਐਗਜ਼ੈਗਟਿਵ ਅਹੁਦੇ ਤੋਂ ਰਿਟਾਇਰ ਅਤੇ ਭਾਸ਼ਾ ਵਿਭਾਗ ਦੇ ਸ਼ਰੋਮਣੀ ਪੁਰਸਕਾਰ ਜੇਤੂ ਡਾਕਟਰ ਲਖਵਿੰਦਰ ਸਿੰਘ ਜੌਹਲ, ਅਕਾਸ਼ਬਾਣੀ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਜੌਹਲ, ਇੰਗਲੈਂਡ ਜਾ ਵਸੇ ਪੰਜਾਬੀ ਸ਼ਾਇਰ ਸਵਰਗੀ ਅਵਤਾਰ ਜੰਡਿਆਲਵੀ ਅਤੇ ਮਸ਼ਹੂਰ ਗੀਤਕਾਰ ਤਰਲੋਚਨ ਸਿੰਘ 'ਚੰਨ ਜੰਡਿਆਲਵੀ' ਦਾ ਬਚਪਨ ਜੰਡਿਆਲਾ ਦੀਆਂ ਗਲੀਆਂ ਵਿੱਚ ਬੀਤਿਆ ਹੈ।ਜੰਡਿਆਲੇ ਦੇ ਜੰਮਪਲ ਨਾਰਵੇ ਜਾ ਵਸੇ ਨਿਰਮਲ ਸਿੰਘ ਧੌਂਸੀ  ਦੀ ਗਿਣਤੀ ਦੁਨੀਆ ਦੇ ਮਸ਼ਹੂਰ ਚਿੱਤਰਕਾਰਾਂ ਵਿੱਚ ਹੁੰਦੀ ਹੈ।ਜੰਡਿਅਲੇ ਨਾਲ ਉਸਦਾ ਇੰਨਾਂ ਮੋਹ ਹੈ ਕਿ ਉਹ ਜਦੋਂ ਵੀ ਇੱਥੇ ਆਵੇ,ਪਿੰਡ ਵਾਸੀਆਂ ਨੂੰ ਗਲੀ-ਗਲੀ ਫਿਰ ਕੇ ਜੱਫੀਆਂ ਪਾ-ਪਾ ਮਿਲਦਾ ਹੈ। ਡਿਫੈਂਸ ਅਕੈਡਮੀ ਦੇਹਰਾਦੂਨ ਵਿੱਚੋਂ ਪਿਛਲੇ ਸਾਰੇ ਰਿਕਾਰਡ ਤੋੜ ਕੇ ਥਲ ਸੈਨਾ ਦਾ ਅਫਸਰ ਬਣਿਆਂ ਨਛੱਤਰ ਸਿੰਘ ਜੌਹਲ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਿੱਚ ਵੱਡੇ ਅਹੁਦੇ ਤੇ ਤਾਇਨਾਤ ਗਤੀਬੋਧ ਜੌਹਲ ਇਸੇ ਪਿੰਡ ਦੀ ਪੱਤੀ ਧੁੰਨੀ ਕੀ ਦੇ ਵਸਨੀਕ ਹਨ। ਪਤਰਕਾਰ, ਲੇਖਕ, ਫਿਲਮ ਸਕਰਿਪਟ ਰਾਈਟਰ, ਟੀ ਵੀ ਐਂਕਰ ਅਤੇ ਇੰਟਰਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦਾ ਰਹਿ ਚੁਕਿਆ ਸਕੱਤਰ ਸਤਨਾਮ ਚਾਨਾ ਦਾ ਜਨਮ ਪਾਲਣ ਪੋਸ਼ਣ ਅਤੇ ਵਿਦਿਆ ਵੀ ਜੰਡਿਆਲਾ ਵਿੱਚ ਹੀ ਹੋਈ। ਉਹ ਪੰਜਾਬ ਵਿੱਚ ਸ਼ੁਰੂ ਹੋਏ ਵਿਦਿਆਰਥੀਆਂ ਦੇ ਪਹਿਲੇ ਮੈਗਜ਼ੀਨ 'ਵਿਦਿਆਰਥੀ ਜੀਵਨ' ਦਾ ਪਹਿਲਾ ਮੁੱਖ ਸੰਪਾਦਕ ਵੀ ਰਿਹਾ।

ਇਹ ਪਿੰਡ ਕਮਿਊਨਿਸਟ ਅਤੇ ਕਾਂਗਰਸ ਦੀ ਸਿਆਸਤ ਦਾ ਗੜ੍ਹ ਰਿਹਾ ਹੈ। ਇਸ ਪਿੰਡ ਦੀ ਮਿੱਟੀ ਨੂੰ ਵੱਡੇ-ਵੱਡੇ ਸਿਆਸਤਦਾਨਾਂ ਦੇ ਪੈਰਾਂ ਦੀ ਛੋਹ ਪ੍ਰਾਪਤ ਹੋਈ ਹੈ। ਸ੍ਰੀਮਤੀ ਸਰੋਜਨੀ ਨਾਇਡੂ,ਕਾਮਰੇਡ ਨੰਬੂਦਰੀਪਾਦ,ਬੀ.ਟੀ.ਰੰਧੀਵੇ,ਹਰਕਿਸ਼ਨ ਸਿੰਘ ਸੁਰਜੀਤ,ਅਜੈ ਘੋਸ਼,ਤੇਜਾ ਸਿੰਘ ਸੁਤੰਤਰ,ਕਾਮਰੇਡ ਬਾਬਾ ਬੂਝਾ ਸਿੰਘ,ਦਰਸ਼ਨ ਸਿੰਘ ਕਨੇਡੀਅਨ, ਅਵਤਾਰ ਸਿੰਘ ਮਲਹੋਤਰਾ, ਸੱਤਪਾਲ ਡਾਂਗ, ਵਿਮਲਾ ਡਾਂਗ, ਜਗਜੀਤ ਸਿੰਘ ਆਨੰਦ ਅਤੇ ਬਾਬਾ ਭਗਤ ਸਿੰਘ ਬਿਲਗਾ ਸਮੇਂ-ਸਮੇਂ ਜੰਡਿਆਲੇ ਆ ਕੇ ਲੋਕਾਂ ਨੂੰ ਸਿਆਸੀ ਸੇਧ ਦਿੰਦੇ ਰਹੇ ਹਨ। ਗਦਰ ਪਾਰਟੀ ਦਾ ਪਰਚਾ 'ਕਿਰਤੀ' ਜੰਡਿਆਲੇ ਦੀ ਪੱਤੀ ਬੜੀ ਵਿੱਚ ਫੱਤੇਕਿਆਂ ਦੇ ਚੁਬਾਰੇ ਵਿੱਚ ਛਪਦਾ ਰਿਹਾ ਹੈ। ਇਸ ਪਰਿਵਾਰ ਦਾ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਹੈ। ਇਸ ਪਰਿਵਾਰ ਦੇ ਸਵਰਗੀ ਪ੍ਰੀਤਮ ਸਿੰਘ ਖਾਲਸਾ ਅਤੇ ਸਵਰਗੀ ਕਾਮਰੇਡ ਜੀਤ ਸਿੰਘ ਜੋ ਸੱਤਰਵਿਆਂ ਵਿੱਚ ਪੀਲੀਭੀਤ ਜਾ ਵਸੇ ਸਨ, ਨੇ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਇਆ। ਇੱਥੋਂ ਦਾ ਖਾਰਾ-ਖੂਹ ਅਤੇ ਝੰਡਿਆਂ ਵਾਲਾ ਚੌਂਕ ਸਿਆਸਤ ਦਾ ਧੁਰਾ ਰਹੇ ਹਨ। ਅਜ਼ਾਦੀ ਦੀਆਂ ਲਗਪਗ ਸਾਰੀਆਂ ਕੌਮੀ ਤਹਿਰੀਕਾਂ ਵਿੱਚ ਇਸ ਪਿੰਡ ਨੇ ਯੋਗਦਾਨ ਪਾਇਆ। ਕਿਸੇ ਵੀ ਮੋਰਚੇ ਵਿੱਚ ਹਿੱਸਾ ਲੈਣ ਲਈ ਤੁਰਨ ਵਾਲੇ ਜਥੇ 'ਝੰਡਿਆਂ ਵਾਲਾ ਚੌਂਕ' ਤੋਂ ਤੋਰੇ ਜਾਂਦੇ ਸਨ। ਇਸ ਚੌਂਕ ਵਿੱਚ ਲਾਲ ਅਤੇ ਤਿਰੰਗਾ ਝੰਡਾ ਹੁਣ ਤੱਕ ਨਾਲੋ-ਨਾਲ ਝੁਲ ਰਹੇ ਹਨ। ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਜੰਡਿਆਲਾ ਨਾਲ ਸਬੰਧਤ ਦੇਸ਼ ਭਗਤਾਂ ਦੀ ਯਾਦ ਬਣਾਈ ਰੱਖਣ ਲਈ ਅਗਾਂਹ-ਵਧੂ ਸੋਚ ਵਾਲਿਆਂ ਨੇ ਝੰਡਿਆਂ ਵਾਲੇ ਚੌਂਕ ਵਿੱਚ 'ਦੇਸ਼ ਭਗਤ ਯਾਦਗਾਰ ਲਾਇਬਰੇਰੀ' ਬਣਾਈ ਹੋਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਗਿਆਨ ਦਾ ਵਡਮੁੱਲਾ ਭੰਡਾਰ ਪੁਸਤਕਾਂ ਰੱਖੀਆਂ ਗਈਆਂ ਹਨ।

ਜ਼ਿਲ੍ਹਾ ਜਲੰਧਰ ਦਾ ਇੱਕੋ ਇੱਕ ਪੇਂਡੂ ਸਰਕਾਰੀ ਕਾਲਜ ਜੰਡਿਆਲਾ ਵਿੱਚ ਹੈ ਜਿਸ ਦਾ ਨਾਂ 'ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ' ਹੈ। ਪਹਿਲਾਂ ਇਹ ਕਾਲਜ ਪ੍ਰਾਈਵੇਟ ਸੀ। ਸੰਨ 1983 ਵਿੱਚ ਇਸ ਪਿੰਡ ਦਾ ਮਾਣ ਸ. ਦਰਬਾਰਾ ਸਿੰਘ ਦੇ ਮੁੱਖ-ਮੰਤਰੀ ਕਾਲ ਵਿੱਚ ਇਸ ਕਾਲਜ ਨੂੰ ਸਰਕਾਰੀ ਪ੍ਰਬੰਧ ਹੇਠ ਲੈ ਲਿਆ ਗਿਆ। ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲ ਸਨ। ਡਾਕਟਰ ਰਘਵੀਰ ਸਿੰਘ 'ਸਿਰਜਣਾ', ਹਰਚਰਨ ਸਿੰਘ ਬੈਂਸ ਅਤੇ ਪੰਜਾਬ ਯੂਨੀਵਰਿਸਟੀ ਦੇ ਸਾਬਕਾ ਸਪੋਰਟਸ ਡਾਇਰੈਕਟਰ ਰੀਤ ਮਹਿੰਦਰ ਸਿੰਘ ਇਸ ਕਾਲਜ ਵਿੱਚ ਪੜ੍ਹਾਉਂਦੇ ਰਹੇ ਹਨ। ਸਰਕਾਰੀ ਹੋਣ ਤੋਂ ਪਹਿਲਾਂ ਇਸ ਕਾਲਜ ਦਾ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਉੱਚਾ ਰੁਤਬਾ ਸੀ। ਮੰਗਾ ਬਾਸੀ, ਬਲਜੀਤ ਬਾਸੀ, ਬਖਸ਼ਿੰਦਰ ਅਤੇ ਫਿਲਮ ਪ੍ਰੋਡਿਊਸਰ ਡਾ. ਜੁਗਿੰਦਰ ਸਿੰਘ ਭੰਗਾਲੀਆ ਵੀ ਇਸੇ ਕਾਲਜ ਦੇ ਪੜ੍ਹੇ ਹੋਏ ਹਨ। ਪਰ ਸਰਕਾਰੀ ਹੋਣ ਤੋਂ ਬਾਦ ਇਹ ਕਾਲਜ ਹਰ ਪੱਖ ਤੋਂ ਪਛੜ ਗਿਆ ਹੈ। ਜੰਡਿਆਲਾ ਵਿੱਚ ਲੜਕੀਆਂ ਦਾ ਸੀਨੀਅਰ ਸੈਕੰਡਰੀ ਸਕੂਲ,ਪਿੰਡਾਂ ਦੀ ਸਾਂਝ ਦਾ ਪ੍ਰਤੀਕ ਸਮਰਾਏ ਜੰਡਿਆਲਾ ਦਾ ਲੜਕਿਆਂ ਦਾ ਸਾਂਝਾ ਸੈਕੰਡਰੀ ਸਕੂਲ,ਰਿਪਬਲਿਕ ਹਾਈ ਸਕੂਲ ਅਤੇ ਦੋ ਸਰਕਾਰੀ ਪ੍ਰਾਇਮਰੀ ਸਕੂਲ ਵਿੱਦਿਆ ਦਾ ਚਾਨਣ ਵੰਡ ਰਹੇ ਹਨ। ਇੱਥੇ ਪ੍ਰਾਇਮਰੀ ਹੈਲਥ ਸੈਂਟਰ ਦੀ ਸ਼ਾਨਦਾਰ ਇਮਾਰਤ ਹੈ ਪਰ ਸਿਹਤ ਸਹੂਲਤਾਂ ਨਾਂਹ ਦੇ ਬਰਾਬਰ ਹਨ। ਉੱਚ ਪਾਏ ਦੇ ਪ੍ਰਾਈਵੇਟ ਹਸਪਤਾਲ ਅਤੇ ਮਾਹਿਰ ਡਾਕਟਰਾਂ ਦੀ ਅਣਹੋਂਦ ਰੜਕਦੀ ਹੈ। ਛੋਟੀਆਂ-ਛੋਟੀਆਂ ਬੀਮਾਰੀਆਂ ਦੇ ਇਲਾਜ ਲਈ ਲੋਕਾਂ ਨੂੰ ਜਲੰਧਰ ਜਾਂ ਫਗਵਾੜਾ ਜਾਣਾ ਪੈਂਦਾ ਹੈ। ਇਸ ਹੈਲਥ ਸੈਂਟਰ ਦੇ ਅਹਾਤੇ ਵਿੱਚ ਲੋਕਾਂ ਦੀ ਸਹੂਲਤ ਲਈ 'ਜੰਡਿਆਲਾ ਲੋਕ ਭਲਾਈ ਮੰਚ' ਨਾ ਦੀ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾ ਨੇ ਆਧੁਨਿਕ ਤਕਨੀਕ ਨਾਲ 'ਮ੍ਰਿਤਕ ਦੇਹ ਸੰਭਾਲ ਘਰ' ਬਣਾਇਆ ਹੋਇਆ ਹੈ। ਬੀ.ਐਸ.ਐਨ.ਐਲ. ਦੀ 3000 ਲਾਈਨਾਂ ਦੀ ਸਮਰੱਥਾ ਵਾਲੀ ਟੈਲੀਫੋਨ ਐਕਸਚੇਂਜ ਹੈ।

ਇਸ ਪਿੰਡ ਦੇ ਬਹੁਤ ਲੋਕ ਰੁਜ਼ਗਾਰ ਖਾਤਰ ਵਿਦੇਸ਼ਾਂ ਵਿੱਚ ਜਾ ਵਸੇ ਹਨ। ਦੁਨੀਆ ਦੇ ਕਿਸੇ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਵੋ,ਕੋਈ ਨਾ ਕੋਈ ਜੰਡਿਆਲੀਆ ਮਿਲ ਹੀ ਜਾਵੇਗਾ। ਇਹ ਇਲਾਕਾ ਆਰਥਿਕ ਪੱਖੋਂ ਕਾਫੀ ਮਜ਼ਬੂਤ ਹੈ। ਜੰਡਿਆਲਾ ਵਿੱਚ ਇਸ ਸਮੇਂ ਬਾਰਾਂ ਕਮਰਸ਼ੀਅਲ ਬੈਂਕਾਂ-ਪੰਜਾਬ ਨੈਸ਼ਨਲ ਬੈਂਕ,ਯੂਨੀਅਨ ਬੈਂਕ ਆਫ ਇੰਡੀਆ,ਸਟੇਟ ਬੈਂਕ ਆਫ ਇੰਡੀਆ,ਓਰੀਐਂਟਲ ਬੈਂਕ ਆਫ ਕਾਮਰਸ,ਕੇਨਰਾ ਬੈਂਕ,ਪੰਜਾਬ ਐਂਡ ਸਿੰਧ ਬੈਂਕ,ਆਈ.ਸੀ.ਆਈ.ਸੀ.ਆਈ.ਬੈਂਕ,ਬੈਂਕ ਆਫ ਬੜੋਦਾ,ਯੂਕੋ ਬੈਂਕ,ਐੱਚ ਡੀ ਐੱਫ ਸੀ ਬੈਂਕ ਤੋਂ ਇਲਾਵਾ ਕੈਪੀਟਲ ਲੋਕਲ ਏਰੀਆ ਬੈਂਕ ਅਤੇ ਇੱਕ ਸੈਂਟਰਲ ਕੋ-ਆਪਰੇਟਿਵ ਬੈਂਕ ਦੀ ਸ਼ਾਖਾ ਹੈ। ਧਾਰਮਿਕ ਸ਼ਰਧਾ ਵਾਲੇ ਲੋਕਾਂ ਨੇ ਪਿੰਡ ਦੀਆਂ ਛੇ ਪੱਤੀਆਂ ਵਿੱਚ ਚੌਦਾਂ ਗੁਰਦਵਾਰੇ,ਛੇ ਮੰਦਰ,ਇੱਕ ਮਸਜਿਦ,ਇੱਕ ਖਾਨਗਾਹ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੀ ਇੱਕ ਵਿਸ਼ਾਲ ਸ਼ਾਖਾ ਉਸਾਰੀ ਹੋਈ ਹੈ। ਜੰਡਿਆਲਾ ਤੋਂ ਨੂਰਮਹਿਲ ਰੋਡ ਤੇ ਗੁਰੁ ਅਰਜਨ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦਵਾਰਾ ਦੇਹੁਰਾ ਸਾਹਿਬ ਹੈ।

ਪਾਕਿਸਤਾਨ ਬਣਨ ਤੋਂ ਪਹਿਲਾਂ ਦੁਆਬੇ ਦੇ ਬੱਸਾਂ ਵਾਲਿਆਂ ਨੇ ਇੱਕ 'ਸਤਲੁਜ ਟਰਾਂਸਪੋਰਟ' ਨਾਂ ਦੀ ਟਰਾਂਸਪੋਰਟ ਯੂਨੀਅਨ ਬਣਾਈ ਸੀ,ਜਿਸ ਵਿੱਚ ਜੰਡਿਆਲਾ ਦੇ ਬੀਰ ਸਿੰਘ ਜੌਹਲ,ਪ੍ਰਕਾਸ਼ਾ ਸਿੰਘ ਜੌਹਲ ਅਤੇ ਭਾਈ ਸ਼ੇਰ ਸਿੰਘ ਦਾ ਉੱਘਾ ਯੋਗਦਾਨ ਸੀ। 'ਕਰਤਾਰ ਬੱਸ ਕੰਪਨੀ' ਬਾਅਦ ਵਿੱਚ ਬਣੀ ਜਿਸਦੇ ਮਾਲਕ ਜੰਡਿਆਲਾ ਦੇ ਮਿਲਖਾ ਸਿੰਘ ਜੌਹਲ ਅਤੇ ਅਵਤਾਰ ਸਿੰਘ ਜੌਹਲ ਸਨ ਅਤੇ ਹੁਣ ਕਾਂਗਰਸੀ ਨੇਤਾ ਬਿਲਗੇ ਵਾਲਾ ਅਵਤਾਰ ਸਿੰਘ ਹੈਨਰੀ ਹੈ।

ਕਿਸੇ ਸਮੇਂ ਜੰਡਿਆਲੇ ਦੀ ਛਿੰਝ ਬਹੁਤ ਮਸ਼ਹੂਰ ਸੀ ਜਿਸ ਵਿੱਚ ਕੌਮੀਂ ਪੱਧਰ ਦੇ ਪਹਿਲਵਾਨ ਹਿੱਸਾ ਲੈਂਦੇ ਸਨ। ਉਝ ਖੇਡਾਂ ਦੇ ਖੇਤਰ ਵਿੱਚ ਜੰਡਿਆਲਾ ਹੁਣ ਬਹੁਤ ਪਛੜਿਆ ਹੋਇਆ ਹੈ। ਅੱਸੀਵਿਆਂ ਤੱਕ ਪਿੰਡ ਦੀ 'ਯੰਗ ਸਪੋਰਟਸ ਕਲੱਬ' ਬਹੁਤ ਵੱਡੇ ਪੱਧਰ 'ਤੇ ਟੂਰਨਾਮੈਂਟ ਕਰਵਾਉਂਦੀ ਰਹੀ ਹੈ,ਪਰ ਉਸ ਤੋਂ ਬਾਦ ਦੀ ਪੀੜ੍ਹੀ ਦਾ ਰੁਝਾਨ ਖੇਡਾਂ ਵਲੋਂ ਘਟ ਕੇ ਨਸ਼ਿਆਂ ਵਲ ਜ਼ਿਆਦਾ ਹੋ ਗਿਆ ਹੈ। ਪੋਸਤ, ਭੰਗ,ਅਫੀਮ ਅਤੇ ਸੂਟਾ ਤੋਂ ਬਾਦ ਅੱਜ ਕਲ ਸਮੈਕ ਦੀ ਸਰਦਾਰੀ ਹੈ। ਰਾਜਸੀ ਕੁੜਿੱਤਣ ਨੇ ਖੇਡ ਸਰਗਰਮੀਆਂ ਵੀ ਵੰਡ ਦਿੱਤੀਆਂ ਹਨ। ਪਿਛਲੇ ਕੁੱਝ ਸਾਲਾਂ ਤੋਂ ਸ਼ਰੋਮਣੀ ਅਕਾਲੀ ਦਲ ਵਾਲੇ ਪੇਂਡੂ ਖੇਡ ਮੇਲਾ ਕਰਵਾ ਰਹੇ ਹਨ ਅਤੇ ਕਾਂਗਰਸ ਵਾਲੇ ਛਿੰਝ ਪੁਆ ਕੇ ਖੇਡ ਜਗਤ ਪ੍ਰਤੀ ਆਪਣੇ ਫਰਜ਼ ਤੋਂ ਸੁਰਖਰੂ ਹੋ ਜਾਂਦੇ ਹਨ। ਟੂਰਨਾਮੈਂਟ ਦੇਖਣ ਕੋਈ ਕਾਂਗਰਸੀ ਨਹੀਂ ਜਾਂਦਾ ਅਤੇ ਛਿੰਝ ਦੇ ਪਿੜ ਵਿੱਚ ਕੋਈ ਅਕਾਲੀ ਪੈਰ ਨਹੀਂ ਪਾਉਂਦਾ।ਅਜਿਹੇ ਮਾਹੌਲ ਵਿੱਚ ਜੰਡਿਆਲੇ ਦਾ ਪਰਦੀਪ ਸਿੰਘ ਜੌਹਲ (ਬਿੱਸੇ ਕਿਆਂ ਦੇ ਟੱਬਰ ਵਿੱਚੋਂ ਬੰਸ ਭਲਵਾਨ ਦਾ ਪੋਤਰਾ ਅਤੇ ਅਮਰੀਕ ਸਿੰਘ ਦਾ ਪੁੱਤਰ) ਨੇ ਖੇਡਾਂ ਦੇ ਖੇਤਰ ਵਿੱਚ ਭਾਰਤ ਦਾ ਅਤੇ ਆਪਣੇ ਪਿੰਡ ਦਾ ਨਾਂ ਸਾਰੀ ਦੁਨੀਆ ਵਿੱਚ ਚਮਕਾਇਆ ਹੈ।ਸੰਨ 2018 ਦੀਆਂ "ਕਾਮਨਵੈਲਥ ਗੇਮਜ਼" ਵਿੱਚੋਂ 105 ਕਿਲੋ ਭਾਰ-ਵਰਗ ਵਿੱਚ ਉਸਨੇ ਚਾਂਦੀ ਦਾ ਤਮਗਾ ਹਾਸਲ ਕੀਤਾ।ਅੱਜ-ਕਲ ਉਲੰਪਿਕ ਦੀ ਤਿਆਰੀ ਕਰ ਰਿਹਾ ਹੈ। ਮੰਜਕੀ ਸਪੋਰਟਸ ਐਂਡ ਵੈਲਫੇਅਰ ਕਲੱਬ ਜੰਡਿਆਲਾ ਵਲੋਂ ਸੰਨ 2014 ਤੋਂ ਹਰ ਸਾਲ ਕਬੱਡੀ ਦੇ ਮਹਾਂ-ਮੁਕਾਬਲੇ ਕਰਵਾਉਣੇ ਸ਼ੁਰੂ ਕੀਤੇ ਗਏ ਹਨ ਜੋ ਬਹੁਤ ਮਕਬੂਲ ਹੋਏ ਹਨ। ਨਰੋਈ ਸੋਚ ਵਾਲਿਆਂ ਦੇ ਇਸ ਉਪਰਾਲੇ ਨੂੰ ਦੇਸ਼- ਵਿਦੇਸ਼ ਦੇ ਖੇਡ ਪ੍ਰੇਮੀਆਂ ਨੇ ਬਹੁਤ ਉਤਸ਼ਾਹ ਦਿੱਤਾ ਹੈ।

ਜੰਡਿਆਲਾ ਵਿੱਚ ਅਜ਼ਾਦੀ ਤੋਂ ਬਾਦ ਪਹਿਲੀ ਵਾਰ ਪੰਚਾਇਤ ਚੋਣਾਂ ਸੰਨ 1952 ਵਿੱਚ ਹੋਈਆਂ।ਉਸ ਤੋਂ ਬਾਦ ਅੱਜ ਤੱਕ ਚੁਣੇ ਗਏ ਸਰਪੰਚਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

1952 ਤੋਂ 1957 ਗਿਆਨੀ ਸੋਹਣ ਸਿੰਘ

1957 ਤੋਂ 1962  ਗਿਆਨੀ ਸੋਹਣ ਸਿੰਘ

1962 ਤੋਂ 1967  ਕਾਮਰੇਡ ਅਜੀਤ ਸਿੰਘ ਜੌਹਲ

1967 ਤੋਂ 1972  ਕਾਮਰੇਡ ਅਜੀਤ ਸਿੰਘ ਜੌਹਲ                        

1972 ਤੋਂ 1977  ਸਵਰਨ ਸਿੰਘ ਜੌਹਲ

1977 ਤੋਂ 1982 ਕਾਮਰੇਡ ਜਗੀਰ ਸਿੰਘ ਜੌਹਲ    

1982 ਤੋਂ 1993   ਬਾਬਾ ਰਜਿੰਦਰ ਸਿੰਘ ਜੌਹਲ (ਸੰਨ 1987 ਵਿੱਚ ਅੱਤਵਾਦ ਦੇ ਦੌਰ ਵੇਲੇ ਸਰਕਾਰ ਨੇ ਪੰਜਾਬ ਵਿੱਚ ਪੰਚਾਇਤ ਚੋਣਾਂ  

                        ਨਹੀਂ ਕਰਵਾਈਆਂ ਸਨ ਇਸ ਕਰਕੇ ਬਾਬਾ ਰਜਿੰਦਰ ਸਿੰਘ ਜੌਹਲ ਅਗਲੀਆਂ 1993 ਦੀਆਂ ਚੋਣਾਂ ਤੱਕ ਸਰਪੰਚ ਦੇ  

                       ਤੌਰ ਤੇ ਕੰਮ ਕਰਦੇ ਰਹੇ।            

1993 ਤੋਂ 1998 ਗੁਰਚੇਤਨ ਸਿੰਘ ਜੌਹਲ  

1998 ਤੋਂ 2003 ਨਗਰ ਪੰਚਾਇਤ ਬਣਾ ਦਿੱਤੀ ਗਈ ਪਰ ਸਰਕਾਰ ਨੇ ਚੋਣ ਨਹੀਂ ਕਰਵਾਈ,ਐਗਜ਼ੈਗਟਿਵ ਅਫ਼ਸਰ ਨੂੰ ਪ੍ਰਬੰਧ ਸੰਭਾਲ

                       ਦਿੱਤਾ ਗਿਆ।  

 2003 ਤੋਂ 2008   ਬਾਬਾ ਰਜਿੰਦਰ ਸਿੰਘ ਜੌਹਲ    

2008 ਤੋਂ 2013   ਕਾਮਰੇਡ ਨਰਿੰਦਰ ਕੌਰ  

2013 ਤੋਂ 2018   ਗੁਰਬਖ਼ਸ਼ ਕੋਰ ਜੌਹਲ  

 2018 ਤੋਂ ਮੌਜੂਦਾ ਕਾਮਰੇਡ ਮੱਖਣ ਲਾਲ ਪੱਲ੍ਹਣ

ਹਵਾਲੇ

ਲੁਧਿਆਣਾ ਜਿਲੇ ਦੇ ਘੁੱਗ ਵਸਦੇ ਪਿੰਡ ਮੰਡਿਆਣੀ ਦਾ ਮੁੱਢ ਵੀ ਇਸੇ ਪਿੰਡ ਦੇ ਸ. ਤਖਤੂ,ਫੇਰੂ, ਸੂਰਤੀਆ ਜੌਹਲ ਨੇ ਬੰਨਿਆ ਸੀ

ਬਾਹਰੀ ਲਿੰਕ

ਸੋਧੋ