ਪਟਿਆਲਾ

ਪੰਜਾਬ ਦਾ ਸ਼ਹਿਰ
(ਪਟਿਆਲਾ, ਪੰਜਾਬ ਤੋਂ ਮੋੜਿਆ ਗਿਆ)

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿੱਥੋਂ ਇਸਦਾ ਨਾਂਅ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੂਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ। ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸੱਭਿਆਚਾਰ ਹੈ। ਸੰਨ 1948 ਈ. ਤੱਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਅਦ ਸੰਨ 1956 ਈ. ਤੱਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ, ਪਰ ਇਸ ਦਾ ਆਪਣਾ ਹੀ ਸੱਭਿਆਚਾਰਕ ਪਿਛੋਕੜ ਹੈ ਅਤੇ ਅਨੇਕ ਖੇਤਰਾਂ ਵਿੱਚ ਇਸ ਦੀ ਝੰਡੀ ਕਾਇਮ ਹੈ। ਇਸ ਦੀ ਸਥਾਪਨਾ ਫੂਲਕੀਆਂ ਖ਼ਾਨਦਾਨ ਦੇ ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿੱਚ ਕੀਤੀ। ਇਸ ਸਥਾਨ ਉੱਤੇ ਪਹਿਲਾਂ ਪਟਾਂਵਾਲਾ ਥੇਹ ਹੁੰਦਾ ਸੀ। ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਸਨੌਰ ਪਰਗਨਾਹ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇਹ ਵਾਲੀ ਥਾਂ ਉਤੇ ਪਹਿਲਾਂ ਕੱਚੀ ਗੜ੍ਹੀ ਬਣਵਾਈ ਅਤੇ ਦਸ ਸਾਲ ਬਾਦ ਸੰਨ 1763 ਈ. ਵਿੱਚ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ। ਉਸ ਦਿਨ ਤੋਂ ਇਹ ਨਗਰ ‘ਪਟਿਆਲਾ’ ਵਜੋਂ ਪ੍ਰਸਿੱਧ ਹੋ ਗਿਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਂਅ ‘ਪਟੀ-ਆਲਾ’ ਦਾ ਸੰਯੁਕਤ ਸ਼ਬਦ ਹੈ। ਬਾਬਾ ਆਲਾ ਸਿੰਘ ਨੇ ਆਪਣੇ ਦੇਹਾਂਤ (ਸੰ. 1765 ਈ.) ਤੋਂ ਪਹਿਲਾਂ ਇਥੇ ਚੰਗਾ ਨਗਰ ਵਸਾ ਦਿੱਤਾ ਸੀ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਵੀ ਬਰਨਾਲੇ ਤੋਂ ਇੱਥੇ ਬਦਲ ਲਈ ਸੀ। ਇਸ ਨਗਰ ਵਾਲੀ ਥਾਂ ’ਤੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ (ਬਹਾਦਰਗੜ੍ਹ) ਵਿੱਚ ਠਹਿਰੇ ਹੋਏ ਸਨ, ਤਾਂ ਲਹਿਲ ਪਿੰਡ ਦਾ ਇੱਕ ਝੀਵਰ, ਭਾਗ ਰਾਮ, ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿੱਚ ਪਧਾਰਨ ਅਤੇ ਨਿਵਾਸੀਆਂ ਨੂੰ ਇੱਕ ਭਿਆਨਕ, ਨਾਮੁਰਾਦ ਬੀਮਾਰੀ ਤੋਂ ਬਚਾਉਣ। ਗੁਰੂ ਜੀ ਲਹਿਲ ਪਿੰਡ ਆਏ ਅਤੇ ਇੱਕ ਟੋਭੇ ਦੇ ਕੰਢੇ ਬੋਹੜ ਦੇ ਰੁੱਖ ਹੇਠਾਂ ਬੈਠੇ। ਪਿੰਡ ਵਾਲਿਆਂ ਦੀ ਬੀਮਾਰੀ ਗੁਰੂ ਜੀ ਦੀ ਕ੍ਰਿਪਾਲਤਾ ਨਾਲ ਠੀਕ ਹੋ ਗਈ। ਗੁਰੂ ਜੀ ਦੀ ਬੈਠਣ ਵਾਲੀ ਥਾਂ ਉੱਤੇ ਹੁਣ ਗੁਰੂਦੁਆਰਾ ਦੂਖ- ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਪਹਿਲਾਂ ਇੱਥੇ ਰਾਜਾ ਅਮਰ ਸਿੰਘ ਨੇ ਇੱਕ ਬਾਗ਼ ਲਗਵਾਇਆ ਅਤੇ ਨਿਹੰਗ ਸਿੰਘਾਂ ਦੇ ਸਪੁਰਦ ਕਰ ਦਿੱਤਾ। ਸੰਨ 1930 ਈ. ਵਿੱਚ ਮਹਾਰਾਜਾ ਭੂਪਿੰਦਰ ਸਿੰਘ ਨੇ ਇੱਥੇ ਗੁਰੂਦੁਆਰਾ ਬਣਵਾਇਆ ਅਤੇ ਉਸ ਦਾ ਪ੍ਰਬੰਧ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ। ਪੈਪਸੂ ਬਣਨ ’ਤੇ ਇਸ ਦੀ ਵਿਵਸਥਾ ‘ਧਰਮ ਅਰਥ ਬੋਰਡ ’ ਨੂੰ ਸੌਂਪੀ ਗਈ। ਪੈਪਸੂ ਦੇ ਖ਼ਤਮ ਹੋਣ ਤੋਂ ਬਾਅਦ ਇਹ ਗੁਰੂ- ਧਾਮ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ। ਹੁਣ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਚੁੱਕੀ ਹੈ। ਗੁਰੂ ਕਾ ਲੰਗਰ, ਸਰੋਵਰ ਅਤੇ ਰਿਹਾਇਸ਼ੀ ਕਮਰੇ ਵੀ ਗੁਰਦੁਆਰਾ ਪਰਿਸਰ ਵਿੱਚ ਬਣੇ ਹੋਏ ਹਨ। ਬਸੰਤ ਪੰਚਮੀ ਵਾਲੇ ਦਿਨ ਇੱਥੇ ਸਾਲਾਨਾ ਧਾਰਮਿਕ ਮੇਲਾ ਲੱਗਦਾ ਹੈ। ਇਸ ਨਗਰ ਵਿੱਚ ਦੂਜਾ ਗੁਰੂ-ਧਾਮ ਗੁਰੂਦੁਆਰਾ ਮੋਤੀ ਬਾਗ਼ ਹੈ। ਸਥਾਨਕ ਪਰੰਪਰਾ ਅਨੁਸਾਰ ਸੰਨ 1675 ਈ. ਨੂੰ ਦਿੱਲੀ ਜਾਂਦੇ ਹੋਇਆਂ ਗੁਰੂ ਜੀ ਕੁਝ ਦੇਰ ਲਈ ਇਸ ਥਾਂ ਉੱਤੇ ਠਹਿਰੇ ਸਨ। ਇੱਥੇ ਉਦੋਂ ਬਿਲਕੁਲ ਜੰਗਲ ਹੁੰਦਾ ਸੀ। ਮਹਾਰਾਜਾ ਨਰਿੰਦਰ ਸਿੰਘ ਨੇ ਜਦੋਂ ਮੋਤੀਬਾਗ਼ ਮਹੱਲ ਦਾ ਨਿਰਮਾਣ ਕਰਵਾਇਆ ਤਾਂ ਸੰਨ 1852 ਈ. ਵਿੱਚ ਇਹ ਗੁਰਦੁਆਰਾ ਵੀ ਬਣਵਾਇਆ। ਹੁਣ ਇਸ ਦੀ ਨਵੀਂ ਇਮਾਰਤ ਬਣ ਚੁੱਕੀ ਹੈ। ਉੱਚੇ ਥੜ੍ਹੇ ਉੱਤੇ ਬਣੇ ਇਸ ਗੁਰੂਦੁਆਰੇ ਵਿੱਚ ਪਹਿਲਾਂ ਦਸਮ ਗ੍ਰੰਥ ਦੀ ਇੱਕ ਇਤਿਹਾਸਿਕ ਬੀੜ ਵੀ ਸੰਭਾਲੀ ਹੋਈ ਸੀ। ਇਸ ਦਾ ਪ੍ਰਬੰਧ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ। ਇੱਥੇ ਹਰ ਸਾਲ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਤੇ ਸ਼ਹਾਦਤ ਵਾਲੇ ਦਿਨਾਂ ਉੱਤੇ ਭਾਰੀ ਦੀਵਾਨ ਸੱਜਦੇ ਹਨ। ਗੁਰੂ ਜੀ ਦੀ ਸ਼ਹਾਦਤ ਵਾਲੇ ਦਿਨ ਅਕਸਰ ਨਗਰ ਕੀਰਤਨ ਇਸ ਗੁਰੂਦੁਆਰੇ ਤੋਂ ਸ਼ੁਰੂ ਕਰਕੇ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿੱਚੋਂ ਗੁਜ਼ਾਰਦੇ ਹੋਇਆਂ ਗੁਰਦੁਆਰਾ ਦੂਖ ਨਿਵਾਰਨ ਵਿੱਚ ਸਮਾਪਤ ਕੀਤਾ ਜਾਂਦਾ ਹੈ।

ਪਟਿਆਲਾ
ਸ਼ਾਹੀ ਸ਼ਹਿਰ, ਬਾਗਾਂ ਦਾ ਸ਼ਹਿਰ
ਮੋਤੀ ਬਾਗ਼ ਮਹਿਲ, ਪਟਿਆਲਾ
ਦੇਸ਼ਭਾਰਤ
Stateਪੰਜਾਬ
ਜ਼ਿਲ੍ਹਾਪਟਿਆਲਾ
Established1754
ਰਾਜਧਾਨੀਪਟਿਆਲਾ
ਜ਼ਿਲ੍ਹੇ6
ਸਰਕਾਰ
 • ਬਾਡੀਮਿਊਂਸਿਪਲ ਕਾਰਪੋਰੇਸ਼ਨ ਪਟਿਆਲਾ
ਖੇਤਰ
 • ਕੁੱਲ210 km2 (80 sq mi)
ਉੱਚਾਈ
350 m (1,150 ft)
ਆਬਾਦੀ
 (2011)[1]
 • ਕੁੱਲ18,92,000
 • ਘਣਤਾ9,000/km2 (23,000/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
147XXX
ISO 3166 ਕੋਡIN-Pb
ਵਾਹਨ ਰਜਿਸਟ੍ਰੇਸ਼ਨPB11, PB34, PB39, PB42, PB48, PB72
ਸਭ ਤੋਂ ਵੱਡਾ ਸ਼ਹਿਰਪਟਿਆਲਾ
HDIIncrease
0.860
HDI Categoryvery high
ਸਾਖਰਤਾ86.63%
ਵੈੱਬਸਾਈਟpatiala.nic.in
The city of Patiala comprises as a Princely State and a Heritage City

ਮੌਢੀ

ਸੋਧੋ

ਭਾਈ ਕਾਲੇ ਦੇ ਭਤੀਜਿਆਂ ਫੂਲ ਤੇ ਸੰਦਲੀ ਨੂੰ ਗੁਰੂ ਸਾਹਿਬ ਨੇ ਪੀੜ੍ਹੀਆਂ ਤੀਕਰ ਰੱਜਵੇਂ ਟੁਕੜ ਦੀ ਆਸੀਸ ਦਿੱਤੀ ਸੀ। ਇਸੇ ਭਾਈ ਫੂਲ ਦੇ ਦੋ ਪੁਤਰ ਭਾਈ ਰਾਮਾ ਤੇ ਤਿਲੋਕਾ ਹੋਏ , ਜੋ ਚੌਧਰੀ ਬਣੇ ਤੇ ਸਰਕਾਰੇ ਦਰਬਾਰੇ ਪਹੁੰਚ ਰੱਖਦੇ ਸਨ। ਇਹਨਾਂ ਬਾਦਸਾਹ ਦਰਵੇਸ਼ ਕੋਲੋਂ ਖੰਡੇ ਕੀ ਪਾਹੁਲ ਲਈ ਤੇ ਭਾਈ ਰਾਮ ਸਿੰਘ , ਭਾਈ ਤਿਲੋਕ ਸਿੰਘ ਅਖਵਾਏ। ਇਹਨਾਂ ਨੇ ਚਮਕੌਰ ਸ਼ਹੀਦਾਂ ਦਾ ਸਸਕਾਰ ਕੀਤਾ ਤੇ ਸਾਬੋ ਕੀ ਤਲਵੰਡੀ ਗੁਰੂ ਸਾਹਿਬ ਦੀ ਖਿਦਮਤ ਵਿਚ ਪੇਸ਼ ਹੋਏ ਸਨ। ਇਹ ਦੋਨੇ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸਹਿਯੋਗ ਦਿੰਦੇ ਰਹੇ। ਭਾਈ ਰਾਮ ਸਿੰਘ ਦੇ ਘਰ ਜਨਮੇ ਛੇ ਪੁੱਤਰਾਂ ਵਿਚੋਂ ਤੀਯਾ ਪੁੱਤਰ ਜੋ ਫੂਲ ਵਿਖੇ 8 ਜਨਵਰੀ 1691 ਨੂੰ ਜਨਮਿਆ ਉਸਦਾ ਨਾਮ ਆਲਾ ਸਿੰਘ ਰੱਖਿਆ ਗਿਆ। ਇਹ ਵੀ ਮੰਨਿਆ ਜਾਂਦਾ ਵੀ ਇਸਨੇ ਠੀਕਰੀਵਾਲ ਪਿੰਡ ਵਿਚ ਖਾਲਸੇ ਤੋਂ ਖੰਡੇ ਬਾਟੇ ਦੀ ਪਾਹੁਲ ਲਈ। ਨਵਾਬ ਕਪੂਰ ਸਿੰਘ ਨਾਲ ਕਾਫ਼ੀ ਜ਼ਿਆਦਾ ਸਨੇਹ ਸੀ। ਆਪਣੀ ਨੀਤੀ ਨਾਲ ਇਸ ਨੇ ਵੱਡਾ ਇਲਾਕਾ ਦਲ ਖ਼ਾਲਸਾ ਦੇ ਸਹਿਯੋਗ ਨਾਲ ਫ਼ਤਹ ਕੀਤਾ । ਪਟਿਆਲਾ ਦੀ ਨੀਂਹ ਰੱਖੀ। ਸਤਲੁਜ ਤੋਂ ਉਰਾਰ ਦੀ ਸਭ ਤੋਂ ਵੱਡੀ ਰਿਆਸਤ। 7 ਅਗਸਤ 1765 ਨੂੰ ਬਾਬਾ ਆਲਾ ਸਿੰਘ ਪਟਿਆਲਾ ਵਿਖੇ ਚੜਾਈ ਕੀਤਾ ਤੇ ਕਿਲ੍ਹੇ ਅੰਦਰ ਹੀ ਉਸਦਾ ਸਸਕਾਰ ਕੀਤਾ ਗਿਆ।[2]

ਪੁਲਾੜ ਯਾਤਰੀ

ਸੋਧੋ

ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ।

ਸਿੱਖਿਆ

ਸੋਧੋ

1947 ਵਿੱਚ ਅਜ਼ਾਦੀ ਤੋਂ ਬਾਅਦ ਪਟਿਆਲਾ ਸਿੱਖਿਆ ਦਾ ਕੇਂਦਰ ਬਣ ਗਿਆ। ਇਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸਿੱਖਿਆ ਕੇਂਦਰ ਹਨ। ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਮਹਿੰਦਰਾ ਕਾਲਜ ਸੰਨ 1875 ਈਸਵੀ ਵਿੱਚ ਇੱਥੇ ਬਣਿਆ। ਯਾਦਵਿੰਦਰਾ ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾ, ਜਰਨਲ ਸਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ,ਪਟਿਆਲਾ, ਮਹਿੰਦਰਾ ਕਾਲਜ, ਪਟਿਆਲਾ, ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ, ਬਿਕਰਮ ਕਮਰਸ ਕਾਲਜ, ਪਟਿਆਲਾ, ਨੇਤਾ ਜੀ ਸੁਭਾਸ ਨੈਸ਼ਨਲ ਸਪੋਰਟਸ ਅਥਾਰਟੀ ਮੋਜੂਦ ਹਨ।

ਖੇਡ ਦੇ ਮੈਦਾਨ

ਸੋਧੋ

ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਉਡ,ਯਾਦਵਿੰਦਰਾ ਸਪੋਰਟਸ ਸਟੇਡੀਅਮ ਅਤੇ ਰਿੰਗ ਹਾਲ ਰੋਲਰ ਸਕੇਟਿੰਗ

 
ਰਾਜਿੰਦਰਾ ਕੋਠੀ ਪਟਿਆਲਾ ਜੋ ਬਾਰਾਂਦਰੀ 'ਚ ਸਥਿੱਤ ਹੈ ਜੋ ਕਿ ਹੈਰੀਟੇਜ ਹੋਟਲ ਹੈ

ਕਿਲ੍ਹਾ ਮੁਬਾਰਕ

ਸੋਧੋ

ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਤੇ ਅੰਮ੍ਰਿਤਸਰ ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੌਖੀ 'ਤੇ ਅਮੀਰ ਦਿੱਖ ਵਾਲੀ ਹੈ। ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਸੀ। ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕਿਸੇ ਨੇ ਯਾਦ ਨਹੀਂ ਰੱਖਿਆ। ਪਟਿਆਲਾ,ਜਿਹੜਾ ਵਿਕਾਸ ਅਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿੱਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ। ਬਾਬਾ ਆਲਾ ਸਿੰਘ ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਹਨਾਂ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ ਬਰਨਾਲੇ ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ। ਅੰਦਰੂਨੀ ਕਿਲ੍ਹੇ ਅੰਦਰ ਵੱਡ ਆਕਾਰੀ ਇਮਾਰਤਾਂ, ਜਿਹੜੀਆਂ ਭਵਨ ਉਸਾਰੀ ਦਾ ਕਮਾਲ ਸਨ। ਕਿਲ੍ਹਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ। ਕਿਲੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਦੇ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਛੱਤ ਹੈ। ਕਿਲ੍ਹਾ ਮੁਬਾਰਕ: ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੁਆਰਾ 1763 ਈ. ਵਿਚ ਕਿਲਾ ਮੁਬਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਆਲੇ ਦੁਆਲੇ ਹੀ ਪੂਰਾ ਸ਼ਹਿਰ ਵਸਿਆ ਹੋਇਆ ਹੈ। ਰਿਆਸਤਾਂ ਟੁੱਟਣ ਤੋਂ ਪਹਿਲਾਂ ਤੱਕ ਸ਼ਾਹੀ ਪਰਿਵਾਰ ਇਸ ਕਿਲ੍ਹੇ ਵਿਚ ਦੀ ਰਹਿੰਦਾ ਸੀ। ਕਿਲ੍ਹੇ ਅੰਦਰ ਬਣੇ ਰਿਆਸਤ ਦੇ ਦਰਬਾਰ ਹਾਲ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਸ ਵਿਚ ਰਿਆਸਤ ਨਾਲ ਸਬੰਧਿਤ ਪੁਰਾਣੀਆਂ ਯਾਦਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹਥਿਆਰ ਵੀ ਸੁਸ਼ੋÎਭਿਤ ਹਨ। ਕਿਲ੍ਹਾ ਅੰਦਰੂਨ ਆਪਣੇ ਆਪ ਵਿਚ ਪੁਰਾਣੀ ਹਸਤ ਤੇ ਸ਼ਿਲਪ ਕਲਾ ਦਾ ਨਮੂਨਾ ਹੈ। ਇਸ ਦੇ ਅੰਦਰ ਹੀ ਬਣੀ ਉਹ ਜੋਤ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹ ਜੋਤ ਜਲਦੀ ਰਹੇਗੀ ਉਦੋਂ ਤੱਕ ਹੀ ਪਟਿਆਲਾ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ, ਹਮੇਸ਼ਾ ਸੈਲਾਨੀਆਂ ਦੇ ਦਿਲ ਵਿਚ ਅਜੀਬ ਤਰ੍ਹਾਂ ਦੇ ਖਿਆਲ ਪੈਦਾ ਕਰਦੀ ਰਹੀ ਹੈ। ਕਿਲ੍ਹਾ ਮੁਬਾਰਕ ਪੁਰਾਣੀਆਂ ਰਿਆਸਤਾਂ ਦੇ ਕਿਲ੍ਹਿਆਂ ਵਿਚੋਂ ਇੱਕ ਹੈ। ਆਪਣੇ ਜ਼ਮਾਨੇ ਦੇ ਸੁਰੱਖਿਆ ਢਾਂਚੇ ਨੂੰ ਦੇਖਦੇ ਹੋਏ ਬਣਾਏ ਗਏ ਕਿਲ੍ਹਾ ਮੁਬਾਰਕ ਦੇ ਵੱਖ ਵੱਖ ਹਿੱਸੇ ਜਿਹੜੇ ਕਿ ਇੱਕ ਰਾਜ ਚਲਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹਨ, ਉਹ ਇਥੇ ਪਹੁੰਚਣ ਵਾਲਿਆਂ ਦੇ ਦਿਲ ਵਿਚ ਹਮੇਸ਼ਾ ਉਤਸੁਕਤਾ ਪੈਦਾ ਕਰਦੇ ਹਨ। ਮਹਾਰਾਜਾ ਪ੍ਰਤਾਪ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਿਪੁਦਮਨ ਸਿੰਘ ਦੀ ਮੌਤ ਤੋਂ ਬਾਅਦ 1942 ’ਚ ਇਸੇ ਕਿਲ੍ਹੇ ਵਿੱਚ ਪਿਤਾ ਦੀ ਥਾਂ ਸਹੁੰ ਚੁੱਕੀ।

ਸ਼ੀਸ ਮਹਿਲ

ਸੋਧੋ

ਸ਼ੀਸ਼ ਮਹਿਲ ਪਟਿਆਲੇ ਦੀਆਂ ਪ੍ਰਮੁੱਖ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਇਥੇ ਬਣਿਆ ਲਛਮਣ ਝੂਲਾ ਸੈਲਾਨੀਆਂ ਨੂੰ ਇੱਕ ਵਾਰ ਹਰਿਦੁਆਰ ਦੀ ਯਾਦ ਦਿਵਾ ਦਿੰਦਾ ਹੈ। ਕਲਾ ਪ੍ਰੇਮੀ ਮਹਾਰਾਜਾ ਨਰਿੰਦਰ ਸਿੰਘ ਨੇ ਸ਼ੀਸ਼ ਮਹਿਲ ਦੇ ਲਈ ਕਸ਼ਮੀਰ ਅਤੇ ਰਾਜਸਥਾਨ ਤੋਂ ਪੇਂਟਰ ਬੁਲਵਾ ਕੇ ਸ਼ੀਸ਼ ਮਹਿਲ ਦੀਆਂ ਕੰਧਾਂ ਪੇਂਟ ਕਰਵਾਈਆਂ ਸਨ। ਇਥੇ ਇੱਕ ਮੈਡਲ ਗੈਲਰੀ ਬਣੀ ਹੋਈ ਹੈ, ਜਿਸ ਵਿਚ ਵਿਰਾਸਤ ਨਾਲ ਸਬੰਧਿਤ ਸੈਂਕੜੇ ਮੈਡਲਾਂ ਅਤੇ ਹੋਰ ਪੁਰਾਤਨ ਸਿੱਕਿਆਂ ਦੀ ਕੁਲੈਕਸ਼ਨ ਮੌਜੂਦ ਹੈ। ਸ਼ੀਸ਼ ਮਹਿਲ ਵਿਚ ਬਣੀ ਬਨਾਸਰ ਆਰਟ ਗੈਲਰੀ ਆਪਣੇ ਆਪ ਵਿਚ ਰਿਆਸਤ ਦੀ ਕਲਾ ਨੂੰ ਸੰਭਾਲ ਕੇ ਰੱਖਣ ਵਿਚ ਸਮਰੱਥ ਹੈ।

ਮੋਤੀ ਬਾਗ ਪੈਲੇਸ

ਸੋਧੋ

ਆਪਣੇ ਜ਼ਮਾਨੇ ਦੀ ਖੂਬਸੂਰਤ ਕਲਾ ਦਾ ਨਮੂਨਾ ਮੋਤੀ ਬਾਗ ਪੈਲੇਸ ਵਿਖੇ ਅੱਜ ਏਸ਼ੀਆ ਦਾ ਸਭ ਤੋਂ ਵੱਡਾ ਖੇਡ ਸੰਸਥਾਨ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਖੁੱਲ੍ਹਿਆ ਹੋਇਆ ਹੈ ਜਿਸ ਨਾਲ ਇਸ ਮਹਿਲ ਦਾ ਹੁਣ ਦੋਹਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਕ ਤਾਂ ਮਹਿਲ ਦੀ ਖੂਬਸੂਰਤੀ ਅਤੇ ਸ਼ਾਹੀ ਘਰਾਣੇ ਦੇ ਰਹਿਣ ਸਹਿਣ ਅਤੇ ਸ਼ਾਹੀ ਠਾਠ ਬਾਠ ਦੀ ਜਿਊਂਦੀ ਜਾਗਦੀ ਮਿਸਾਲ ਮਿਲਦੀ ਹੈ, ਉਥੇ ਅੰਤਰਾਸ਼ਟਰੀ ਪੱਧਰ ਦੇ ਖੇਡਾਂ ਦੇ ਮੈਦਾਨ ਆਪਣਾ ਵੱਖਰਾ ਹੀ ਨਜ਼ਾਰਾ ਬੰਨ੍ਹਦੇ ਹਨ। ਇਥੇ ਖੁਲ੍ਹੀ ਸੰਸਥਾ ਜਿਥੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਪੈਦਾ ਕਰਦੀ ਹੈ, ਉੱਥੇ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਵੀ ਅਭਿਆਸ ਕਰਦੇ ਹਨ। ਮੋਤੀ ਬਾਗ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਸੰਨ 1847 ਵਿਚ ਬਣਾਵਾਇਆ। ਇਹ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ ‘ਤੇ ਬਣਾਇਆ ਗਿਆ ਸੀ।

ਬਾਰਾਂਦਰੀ

ਸੋਧੋ

ਬਾਰਾਂਦਰੀ ਦੇ ਨਾਲ ਪਟਿਆਲਾ ਦੀ ਵੱਖਰੀ ਹੀ ਪਹਿਚਾਣ ਹੈ। ਸ਼ਾਹੀ ਘਰਾਣੇ ਵੱਲੋਂ ਦੁਨੀਆਂ ਦੇ ਕੋਨੇ- ਕੋਨੇ ਤੋਂ ਲਿਆ ਕੇ ਲਾਏ ਗਏ ਰੁੱਖ ਬੂਟੇ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਇਥੇ ਸੈਰ ਕਰਨ ਵਾਲਿਆਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਰਾਜਿੰਦਰਾ ਅਤੇ ਮਹਿੰਦਰਾ ਕੋਠੀ

ਸੋਧੋ

ਕਿਸੇ ਸਮੇਂ ਬਾਹਰ ਤੋਂ ਆਉਣ ਵਾਲੇ ਖਾਸ ਮਹਿਮਾਨਾਂ ਲਈ ਬਣਾਈ ਗਈ ਰਾਜਿੰਦਰਾ ਕੋਠੀ ਵਿਖੇ ਅੱਜ ਕੱਲ੍ਹ ਵਿਰਾਸਤੀ ਹੋਟਲ ਬਣਿਆ ਹੋਇਆ ਹੈ, ਜਿਹੜਾ ਪਟਿਆਲਾ ਦੇਖਣ ਦੀ ਇੱਛਾ ਰੱਖਣ ਵਾਲਿਆਂ ਲਈ ਨਿਸ਼ਚਿਤ ਤੌਰ ‘ਤੇ ਖਿੱਚ ਦਾ ਕੇਂਦਰ ਰਹਿੰਦਾ ਹੈ। ਇਸੇ ਤਰ੍ਹਾਂ ਮਹਿੰਦਰਾ ਕੋਠੀ ਜਿਥੇ ਇਸ ਸਮੇਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਚੱਲ ਰਹੀ ਹੈ, ਦੀ ਦਿੱਖ ਵੀ ਕਿਸੇ ਤੋਂ ਘੱਟ ਨਹੀਂ ਹੈ।

ਪਟਿਆਲਾ ਸ਼ਹਿਰ ਦੇ ਸ਼ਾਹੀ ਗੇਟ

ਸੋਧੋ
  • ਦਰਸ਼ਨੀ ਗੇਟ - ਕਿਲ੍ਹਾ ਮੁਬਾਰਕ ਦਾ ਆਗਮਨੀ ਗੇਟ
  • ਸਨੌਰੀ ਗੇਟ
  • ਸਫਾਬਾਦੀ ਗੇਟ
  • ਤੋਪ ਖ਼ਾਨਾ ਗੇਟ
  • ਲਾਹੌਰੀ ਗੇਟ
  • ਸ਼ੇਰਾਵਾਲਾ ਗੇਟ
  • ਘਲੋੜੀ ਗੇਟ
  • ਸਮਾਨੀਆ ਗੇਟ
  • ਸੁਨਾਮੀ ਗੇਟ
  • ਸਰਹੰਦੀ ਗੇਟ
  • ਨਾਭਾ ਗੇਟ

ਕਾਲੀ ਮਾਤਾ ਮੰਦਰ

ਸੋਧੋ

ਸ਼ਾਹੀ ਘਰਾਣੇ ਵੱਲੋਂ ਕੋਲਕਾਤਾ ਤੋਂ ਸ੍ਰੀ ਕਾਲੀ ਮਾਤਾ ਦੀ ਜੋਤ ਲਿਆ ਕੇ ਬਣਾਇਆ ਗਿਆ ਸ੍ਰੀ ਕਾਲੀ ਮਾਤਾ ਮੰਦਰ ਨਾ ਕੇਵਲ ਸ਼ਹਿਰ ਨਿਵਾਸੀਆਂ ਲਈ, ਸਗੋਂ ਆਸ ਪਾਸ ਪਿੰਡਾਂ ਤੋਂ ਇਲਾਵਾ ਦੂਰ ਦੂਰ ਦੇ ਲੋਕਾਂ ਲਈ ਪੂਜਣਯੋਗ ਸਥਾਨ ਹੈ। ਮਾਤਾ ਦੇ ਨਵਰਾਤਰਿਆਂ ਦੇ ਦੌਰਾਨ ਇਥੇ ਭਗਤਾਂ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ।

ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ

ਸੋਧੋ

ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਪੰਚਮੀ ਦਾ ਮੇਲਾ ਬੜੀ ਧੂਮ ਧਾਮ ਨਾਲ ਭਰਦਾ ਹੈ। ਸ਼ਹਿਰ ਨਿਵਾਸੀ ਸਵੇਰੇ-ਸ਼ਾਮ ਇਥੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਜਿਹੜੀ ਵੀ ਸ਼ਖਸ਼ੀਅਤ ਪਟਿਆਲਾ ਆਉਂਦੀ ਹੈ, ਉਹ ਇਥੇ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਕੇ ਜਾਂਦੀ ਹੈ।

ਪਟਿਆਲਾ ਦੇ ਚੌਂਕ

ਸੋਧੋ

ਸ਼ਾਹੀ ਸ਼ਹਿਰ ਦੇ ਫੁਹਾਰਾ ਚੌਂਕ, ਲੀਲਾ ਭਵਨ ਚੌਂਕ, ਕੜਾਹ ਵਾਲਾ ਚੌਂਕ, ਅਨਾਰਦਾਨਾ ਚੌਂਕ, ਕਿਲ੍ਹਾ ਚੌਂਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਆਰੀਆ ਸਮਾਜ ਚੌਕਾਂ ਦਾ ਆਪਣਾ ਇਤਿਹਾਸ ਹੈ। ਹਰੇਕ ਦੀ ਆਪਣੀ ਨਿੱਜੀ ਪਛਾਣ ਹੈ।

ਦਰਵਾਜ਼ੇ ਅਤੇ ਸੈਂਟਰ ਸਟੇਟ ਲਾਇਬਰੇਰੀ

ਸੋਧੋ

ਰਿਆਸਤ ਦੇ ਦਿਨਾਂ ਵਿਚ ਹਰੇਕ ਸ਼ਹਿਰ ਨੂੰ ਜਾਣ ਵਾਲੇ ਰਸਤੇ ‘ਤੇ ਇੱਕ ਗੇਟ ਬਣਿਆ ਹੋਇਆ ਸੀ। ਕੁੱਲ ਮਿਲਾ ਕੇ 10 ਦਰਵਾਜ਼ੇ ਹਨ ਅਤੇ ਹਰੇਕ ਨਾਮ ਸ਼ਹਿਰਾਂ ਦੇ ਨਾਮ ‘ਤੇ ਰੱਖਿਆ ਹੋਇਆ ਹੈ। ਪੁਰਾਣਾ ਸ਼ਹਿਰ ਇਨ੍ਹਾਂ ਦਰਵਾਜ਼ਿਆਂ ਦੇ ਅੰਦਰ ਹੀ ਵਸਿਆ ਹੋਇਆ ਸੀ। ਸ਼ਿਮਲਾ ਦੀ ਤਰਜ਼ ‘ਤੇ ਬਣੀ ਮਾਲ ਰੋਡ ‘ਤੇ ਸੈਂਟਰ ਸਟੇਟ ਲਾਇਬਰੇਰੀ ਵਿਚ ਪੁਰਾਣਾ ਅਤੇ ਅਧੁਨਿਕ ਇਤਿਹਾਸ ਭਰਿਆ ਪਿਆ ਹੈ।

ਵਿਰਾਸਤ ਸਮਾਨ

ਸੋਧੋ

ਇਸ ਅਜਾਇਬਘਰ, ਜਿਹੜਾ ਆਮ ਲੋਕਾਂ ਲਈ ਪੁਰਾਤਵ ਤੇ ਸੱਭਿਆਚਾਰਕ ਵਿਭਾਗ ਪੰਜਾਬ ਨੇ ਹਾਲ ਦੀ ਘੜੀ ਖੋਲ੍ਹਿਆ ਹੈ, ਵਿੱਚ ਪੁਰਾਣੀਆਂ ਇਤਿਹਾਸਕ ਬੰਦੂਕਾਂ, ਪਿਸਤੌਲ, ਭਾਲੇ, ਟੋਪ, ਢਾਲਾਂ, ਨੇਜੇ ਤੇ ਤਲਵਾਰਾਂ ਪ੍ਰਦਰਸ਼ਿਤ ਹਨ। ਇਸ ਵਿੱਚ ਬਾਦਸ਼ਾਹ ਨਾਦਰਸ਼ਾਹ ਦੀ ਤਲਵਾਰ ‘ਸ਼ਿਕਾਰਗਾਹ’ ਤੇ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਦੀ ਤਲਵਾਰ ਵੀ ਸ਼ਾਮਲ ਹੈ। ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸਮੇਤ ਹੋਰ ਹਥਿਆਰਾਂ ਦੀਆਂ ਦੁਰਲੱਭ ਨਿਸ਼ਾਨੀਆਂ ਇੱਥੇ ਹਨ। ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦੇ ਕਾਰਜਕਾਲ ਦੌਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸੰਸਾਰ ’ਚੋਂ ਕਈ ਹੋਰ ਅਹਿਮ ਸ਼ਾਸਕ ਤੇ ਸ਼ਖਸੀਅਤਾਂ ਵੀ ਇਸ ਕਿਲ੍ਹੇ ‘ਚ ਆਈਆਂ ਦੱਸੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਕਿਲ੍ਹੇ ਅੰਦਰ ਸਥਾਪਿਤ ਤੇ ਖਸਤਾ ਹਾਲ ਦੇ ਸ਼ਿਕਾਰ ‘ਬੁਰਜ ਬਾਬਾ ਆਲਾ ਸਿੰਘ’ ਵਿਖੇ ਸਦੀਆਂ ਤੋਂ ਨਿਰੰਤਰ ਬਲ ਰਹੀ ਜੋਤ ਅੱਜ ਵੀ ਬਲ ਰਹੀ ਹੈ। ਇਹ ਜੋਤ ਕਿਲ੍ਹੇ ਦੀ ਉਸਾਰੀ ਤੋਂ ਪਹਿਲਾਂ ਹੀ ਇਥੇ ਟਿੱਬੇ ਦੀ ਬਣੀ ਇੱਕ ਝਿੜੀ ਅੰਦਰ ਬਲਦੀ ਸੀ। ਬਾਬਾ ਆਲਾ ਸਿੰਘ ਨੇ ਇਸ ਜੋਤ ਕੋਲ ਲੰਮੀ ਤਪੱਸਿਆ ਵੀ ਕੀਤੀ ਸੀ। ਇਥੇ ਉਹਨਾਂ ਦਾ ਤਪੱਸਵੀ ਥੜਾ ਵੀ ਮੌਜੂਦ ਹੈ।

ਪਟਿਆਲਾ ਦੇ ਰਾਜੇ

ਸੋਧੋ
  1. ਰਾਜਾ ਆਲਾ ਸਿੰਘ (1743-1765)
  2. ਰਾਜਾ ਅਮਰ ਸਿੰਘ (1765-1781)
  3. ਰਾਜਾ ਸਾਹਿਬ ਸਿੰਘ (1781-1813)
  4. ਮਹਾਰਾਜਾ ਕਰਮ ਸਿੰਘ (1813-1845)
  5. ਮਹਾਰਾਜਾ ਨਰਿੰਦਰ ਸਿੰਘ (1845-1862)
  6. ਮਹਾਰਾਜਾ ਮਹਿੰਦਰ ਸਿੰਘ (1862-1876)
  7. ਮਹਾਰਾਜਾ ਰਜਿੰਦਰ ਸਿੰਘ (1876-1900)
  8. ਮਹਾਰਾਜਾ ਭੂਪਿੰਦਰ ਸਿੰਘ (1900-1938)
  9. ਮਹਾਰਾਜਾ ਯਾਦਵਿੰਦਰ ਸਿੰਘ (1938-1974)
  10. ਅਮਰਿੰਦਰ ਸਿੰਘ (ਜਨਮ 1942) ਪੰਜਾਬ ਦੇ ਮੁਖ ਮੰਤਰੀ ਹਨ

ਬਾਹਰੀ ਕੜੀਆਂ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. [1]
  2. ਬਲਦੀਪ ਸਿੰਘ ਰਾਮੂੰਵਾਲੀਆ