ਰਬਿੰਦਰਨਾਥ ਟੈਗੋਰ

ਬੰਗਾਲੀ ਕਵੀ
(ਰਾਬਿੰਦਰਨਾਥ ਟੈਗੋਰ ਤੋਂ ਮੋੜਿਆ ਗਿਆ)

ਰਬਿੰਦਰਨਾਥ ਟੈਗੋਰ (ਬੰਗਾਲੀ: রবীন্দ্রনাথ ঠাকুর; 7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ।[1] ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦੇਬੇਂਦਰਨਾਥ ਟੈਗੋਰ ਤੇ ਸਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਵਿੱਚ ਵੀ ਅਨੁਵਾਦ ਕੀਤੀਆਂ ਗਈਆਂ ਹਨ।[2]

ਰਬਿੰਦਰਨਾਥ ਟੈਗੋਰ

ਜੀਵਨ ਕਥਾ

ਸੋਧੋ

ਮੁਢਲਾ ਜੀਵਨ

ਸੋਧੋ

ਰਬਿੰਦਰਨਾਥ ਟੈਗੋਰ ਦਾ ਜਨਮ ਪਿਤਾ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ 7 ਮਈ, 1861 ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ।[3] ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ। ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ ਲੇਕਿਨ 1880 ਵਿੱਚ ਬਿਨਾਂ ਡਿਗਰੀ ਹਾਸਲ ਕੀਤੇ ਹੀ ਆਪਣੇ ਦੇਸ਼ ਵਾਪਸ ਆ ਗਏ। 1883 ਵਿੱਚ ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਜੋ ਜੈਸੋਰ (ਅੱਜਕਲ੍ਹ ਪੂਰਬੀ ਪਾਕਿਸਤਾਨ ਭਾਵ ਬੰਗਲਾਦੇਸ਼) ਦੀ ਰਹਿਣ ਵਾਲੀ ਸੀ।

 
ਆਪਣੀ ਪਤਨੀ ਮ੍ਰਿਨਾਲਿਨੀ ਦੇਵੀ ਨਾਲ ਰਬਿੰਦਰਨਾਥ, 1883

ਰਬਿੰਦਰਨਾਥ ਟੈਗੋਰ, ਜੋ ਖੁਦ ਨੂੰ ਬਾਊਲ ਟੈਗੋਰ ਕਹਿੰਦੇ ਹਨ, ਬਿਨਾ ਸ਼ਕ ਇੱਕ ਬਹੁਰੰਗੀ ਸੁਭਾ ਦੀ ਸ਼ਖਸੀਅਤ ਹਨ। ਉਨ੍ਹਾ ਦਾ ਜੀਵਨ ਸ਼ਬਦਾਂ, ਸੰਗੀਤਕ ਧੁਨਾਂ, ਰੰਗਾਂ ਤੇ ਲਕੀਰਾਂ ਵਿੱਚ ਇੱਕੋ ਵੇਲੇ ਸਫ਼ਰ ਕਰਦਾ ਹੈ। ਜੀਵਨ ਦੇ ਸੱਤਵੇਂ ਦਹਾਕੇ ਅੰਦਰ ਪ੍ਰਵੇਸ਼ ਕਰਦਿਆਂ ਉਨ੍ਹਾ ਕਿਹਾ ਸੀ ਕਿ ਉਹ ਹੋਰ ਕੁਝ ਵੀ ਨਹੀਂ ਹਨ ਬੱਸ ਸਿਰਫ਼ ਤੇ ਇੱਕ ਕਵੀ ਹਨ। ਉਨ੍ਹਾ ਨੂੰ ਆਸ ਸੀ ਕਿ ਜਦ ਉਨ੍ਹਾ ਦੇ ਪਾਏ ਹੋਰ ਸਾਰੇ ਪੂਰਨੇ ਖੁਰ ਜਾਣਗੇ ਤਾਂ ਵੀ ਉਨ੍ਹਾ ਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ। ਇਹ ਇੱਕ ਹਕੀਕਤ ਹੈ ਕਿ ਅੱਜ ਵੀ ਬਹੁਤੀ ਦੁਨੀਆ ਉਨ੍ਹਾ ਨੂੰ ਇੱਕ ਅਜ਼ੀਮ ਕਵੀ ਦੇ ਤੌਰ ’ਤੇ ਹੀ ਜਾਣਦੀ ਹੈ; ਇੱਕ ਅਜਿਹਾ ਕਵੀ ਜੋ ਗੀਤਾਂਜਲੀ ਵਰਗੀ ਅਮਰ ਰਚਣਾ ਦਾ ਰਚਣਹਾਰ ਹੈ, ਜਿਸਦੇ ਗੀਤਾਂ ਨੂੰ ਇੱਕ ਨਹੀਂ ਦੋ-ਦੋ ਦੇਸ਼ਾਂ ਦੇ ਕੌਮੀ ਗੀਤ ਹੋਣ ਦਾ ਫ਼ਖਰ ਹਾਸਿਲ ਹੈ। ਪਰ ਸਾਹਿਤ ਦੇ ਖੇਤਰ ਵਿਚ ਟੈਗੋਰ ਦਾ ਯੋਗਦਾਨ ਸਿਰਫ਼ ਕਵਿਤਾ ਦੇ ਹੀ ਦਾਇਰੇ ਤੱਕ ਸੀਮਤ ਨਹੀਂ ਹੈ, ਉਨ੍ਹਾ ਨੇ ਨਾਵਲ, ਕਹਾਣੀ, ਨਾਟਕ, ਸਫ਼ਰਨਾਮਾ, ਜੀਵਨੀ ਤੇ ਨਿਬੰਧਕਾਰੀ ਵਿੱਚ ਵੀ ਆਪਣਾ ਭਰਪੂਰ ਹਿੱਸਾ ਪਾਇਆ ਹੈ। ਸੰਗੀਤ ਦੇ ਖੇਤਰ ਵਿੱਚ ਅੱਜ ਵੀ ਉਨ੍ਹਾ ਦਾ ਰਬਿੰਦਰ ਸੰਗੀਤ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਪੂਰਬੀ ਏਸ਼ੀਆ ਦੇ ਮੁਲਕਾਂ ਅੰਦਰ ਉਵੇਂ ਹੀ ਗੂੰਜਦਾ ਹੈ, ਸ਼ਾਸਤਰੀ ਸੰਗੀਤ ਦੀਆਂ ਸਭਾਵਾਂ ਤੋਂ ਲੈ ਕੇ ਲੋਕ-ਧੁਨਾਂ ਅੰਦਰ ਉਸਦੀ ਪੈਠ ਅੱਜ ਵੀ ਕਾਇਮ ਹੈ। ਭਾਵੇਂ ਚਿਤਰ-ਕਲਾ ਵਿੱਚ ਉਸਨੇ ਕੋਈ ਉਚੇਚੀ ਸਿਖਲਾਈ ਨਹੀਂ ਸੀ ਲਈ, ਤੇ ਕਲਾ ਦੇ ਇਸ ਸੂਖਮ ਖੇਤਰ ਵਿੱਚ ਉਸਦਾ ਦਾਖਿਲਾ ਵੀ ਜੀਵਨ ਦੇ ਆਖਰੀ ਮਰਹਲੇ ਵਿੱਚ ਹੀ ਹੋਇਆ ਸੀ, ਫੇਰ ਵੀ ਇੱਕ ਉੱਘੇ ਕਲਾਕਾਰ ਦੇ ਤੌਰ ’ਤੇ ਉਸਨੇ ਦੇਸ-ਵਿਦੇਸ ਵਿੱਚ ਆਪਣੀ ਪਛਾਣ ਬਣਾਈ। ਉਸਦੇ ਚਿਤਰਾਂ ਦੀ ਪ੍ਰਦਰਸ਼ਨੀ ਉਸਦੇ ਜੀਵਨ ਕਾਲ ਵਿੱਚ ਹੀ ਯੂਰੋਪ ਤੇ ਲਾਤੀਨੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਹੋਈ। ਕਈ ਨਾਮਵਰ ਚਿੱਤਰਕਾਰ, ਜਿਨ੍ਹਾਂ ਵਿੱਚ ਅੰਮ੍ਰਿਤਾ ਸ਼ੇਰਗਿੱਲ ਵੀ ਸ਼ਾਮਿਲ ਹੈ, ਟੈਗੋਰ ਨੂੰ ਸਾਹਿਤਕਾਰ ਨਾਲੋਂ ਚਿਤਰਕਾਰ ਦੇ ਰੂਪ ਵਿੱਚ ਹੀ ਵਧੇਰੇ ਮਾਣਤਾ ਦਿੰਦੇ ਹਨ। ਭਾਵੇਂ ਟੈਗੋਰ ਨੇ ਖੁਦ ਕਦੇ ਵੀ ਦਾਨਿਸ਼ਵਰ ਹੋਣ ਦਾ ਦਾਅਵਾ ਨਹੀਂ ਕੀਤਾ, ਸਗੋਂ ਕਈ ਮੌਕਿਆਂ ’ਤੇ ਸਪਸ਼ਟ ਰੂਪ ਵਿੱਚ ਇਸ ਗੱਲ ਤੋਂ ਇਨਕਾਰ ਵੀ ਕੀਤਾ ਹੈ। ਪਰ ਵੀ ਧਰਮ, ਕਲਾ ਤੇ ਸੌਂਦਰਯ-ਚਿੰਤਨ ਦੇ ਖੇਤਰ ਵਿੱਚ ਉਸ ਦੀਆਂ ਸਜਰੀਆਂ ਪੈੜਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿਆਸਤ, ਚਿੰਤਨ ਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਟੈਗੋਰ ਨੇਂ ਉਮਰ ਭਰ ਆਜ਼ਾਦ ਚਿੰਤਨ ਦਾ ਝੰਡਾ ਬੁਲੰਦ ਰਖਿਆ, ਇੱਕ ਅਜਿਹਾ ਚਿੰਤਨ ਜੋ ਨਾ ਕਾਲ ਦੀਆਂ ਜੂਹਾਂ ਵਿੱਚ ਬਝਦਾ ਸੀ ਤੇ ਨਾਹੀ ਕੌਮੀ ਸਰਹਦਾਂ ਅੰਦਰ ਹੀ ਸਮਾਉਂਦਾ ਸੀ। ਉਹ ਸਹੀ ਅਰਥਾਂ ਵਿੱਚ ਇੱਕ ਅਖੰਡ ਧਰਤੀ ਦਾ ਪੁੱਤਰ ਸੀ, ਜੋ ਉਸੇ ਲਈ ਗਾਉਂਦਾ, ਉਸੇ ਲਈ ਸੋਚਦਾ ਤੇ ਉਸੇ ਲਈ ਜਿਉਂਦਾ ਸੀ।

ਬੰਗਾਲ ਦੇ ਲੋਕ ਉਨ੍ਹਾ ਦੇ ਪਿਤਾ ਨੂੰ ਮਹਾਰਿਸ਼ੀ ਦੇ ਨਾਂ ਨਾਲ ਹੀ ਜਾਣਦੇ ਸਨ। ਟੈਗੋਰ ਦੇ ਜਨਮ ਤੋਂ ਕਈ ਸਾਲ ਪਹਿਲਾਂ ਹੀ ਮਹਾਰਿਸ਼ੀ ਦਾ ਮਨ ਸੰਸਾਰ ਤੋਂ ਜਿਵੇਂ ਉਚਾਟ ਹੀ ਹੋ ਗਿਆ ਸੀ। ਇਹ ਸ਼ਾਇਦ ਕੋਈ ਦੈਵੀ ਦਖਲ ਹੀ ਸੀ ਕਿ ਅਚਾਣਕ ਕਈ ਸਾਲਾਂ ਤਾਈਂ ਪਹਾੜਾਂ ਵਿੱਚ ਭ੍ਰਮਣ ਕਰਨ ਤੋਂ ਬਾਦ ਉਹ ਸਿਤੰਬਰ ੧੮੫੮ ਵਿੱਚ ਗਰ ਪਰਤ ਆਏ ਸਨ। ਟੈਗੋਰ ਦਾ ਸਾਰਾ ਬਚਪਨ ਇੱਕ ਤਰਾਂ ਨਾਲ ਘੋਰ ਇੱਕਲਤਾ ਵਿੱਚ ਹੀ ਗੁਜ਼ਰਿਆ ਸੀ। ਮਹਾਰਿਸ਼ੀ ਤਾਂ ਕਦੇ-ਕਦੇ ਹੀ ਘਰ ਆਉਂਦੇ ਸਨ। ਟੈਗੋਰ ਦਾ ਜ਼ਿਆਦਾਤਰ ਸਮਾਂ ਨੌਕਰਾਂ ਦੀ ਨਿਗਰਾਨੀ ਹੇਠ ਗੁਜ਼ਰਦਾ, ਬਾਦ ਵਿੱਚ ਲਿਖੀਆਂ ਆਪਣੀਆਂ ਯਾਦਾਂ ਵਿੱਚ ਉਹ ਉਸਨੂੰ "ਨੌਕਰਾਂ ਦੀ ਹਕੂਮਤ" ਦਾ ਦੌਰ ਕਹਿਂਦੇ ਹਨ। ਚੌਦਾਂ ਬੱਚਿਆਂ ਨਾਲ ਭਰੇ ਇਸ ਘਰ ਵਿੱਚ ਮਾਂ ਸ਼ਾਰਦਾ ਦੇਵੀ ਕੋਲ ਬੱਚਿਆਂ ਨੂੰ ਦੇਣ ਲਈ ਸਮਾ ਬਹੁਤ ਘੱਟ ਹੀ ਨਿਕਲਦਾ ਸੀ। ਪਰ ਟੈਗੋਰ ਸਿਰਫ਼ ਉਸੇ ਦੀ ਹੀ ਸੰਗਤ ਵਿੱਚ ਖੁਦ ਨੂੰ ਸਭ ਤੋਂ ਵੱਧ ਮਹਿਫ਼ੂਜ਼ ਤੇ ਆਜ਼ਾਦ ਸਮਝਦੇ ਸਨ। ਪਰਿਵਾਰ ਦੇ ਲੋਕ ਉਨ੍ਹਾ ਨੂੰ ਰਬੀ ਕਹਿ ਕੇ ਬੁਲਾਉਂਦੇ। ਸਭ ਤੋਂ ਵੱਡੀ ਭੈਣ ਸੋਦਾਮਿਨੀ ਜਦ ਉਨ੍ਹਾ ਨੂੰ ਨਹਾਉਂਦੀ ਤਾਂ ਹਾਸੇ-ਹਾਸੇ ਵਿੱਚ ਕਹਿਂਦੀ, " ਕੀ ਹੋਇਆ ਜੇ ਮੇਰਾ ਰਬੀ ਕਾਲਾ ਹੈ ਤੇ ਇੰਨਾ ਗੋਰਾ ਨਹੀਂ, ਪਰ ਵੇਖ ਲੈਣਾ ਉਹ ਸਾਰਿਆਂ ਨਾਲੋਂ ਵੱਧ ਚਮਕੇਗਾ। ਮਾਂ ਦਾ ਪਿਆਰ ਟੈਗੋਰ ਨੂੰ ਬਹੁਤ ਦੇਰ ਤਾਈਂ ਨਸੀਬ ਨਾ ਹੋਇਆ। ਮਾਂ ਦੀ ਮੌਤ ਤੋਂ ਬਾਦ ਟੈਗੋਰ ਦੀ ਦੇਖ-ਰੇਖ ਦੀ ਜ਼ਿੰਮੇਦਾਰੀ ਉਨ੍ਹਾ ਦੀ ਵੱਡੀ ਭਰਜਾਈ ਕਾਦਂਬਰੀ ਦੇਵੀ ਨੇ ਸੰਭਾਲੀ। ਕਾਦਂਬਰੀ ਖੁਦ ਸਾਹਿਤ ਦੀ ਚੰਗੀ ਰਸੀਆ ਤੇ ਪਾਰਖੂ ਸੀ। ਉਸੇ ਨੇ ਸਭ ਤੋਂ ਪਹਿਲਾਂ ਬਾਲਕ ਟੈਗੋਰ ਦੀ ਪ੍ਰਤਿਭਾ ਨੂੰ ਪਛਾਣਿਆ। ਉਹੀ ਇੱਕ ਤਰ੍ਹਾਂ ਨਾਲ ਟੈਗੋਰ ਦੀ ਪਹਿਲੀ ਉਸਤਾਦ, ਪ੍ਰਸੰਸਕ ਤੇ ਆਲੋਚਕ ਵੀ ਸੀ। ਟੈਗੋਰ ਨੂੰ ਉਸ ਨਾਲ ਅੰਤਾਂ ਦਾ ਮੋਹ ਸੀ। ਟੈਗੋਰ ਦੀਆਂ ਆਪਣੀਆਂ ਮਨਪਸੰਦ ਕਵਿਤਾਵਾਂ ਨੂੰ ਕਿਤਾਬ ਵਿੱਚ ਦੇਖਣ ਦੀ ਉਸਦੀ ਹਸਰਤ ਪੂਰੀ ਨਾ ਹੋ ਸਕੀ। ਉਸਦੀ ਖੁਦਕਸ਼ੀ ਤੋਂ ਬਾਦ ਟੈਗੋਰ ਨੇ ਭਰੇ ਮਨ ਨਾਲ ਇਹ ਕਵਿਤਾਵਾਂ ਉਸੇ ਦੇ ਨਾਂ ਨੂੰ ਸਮਰਪਿਤ ਕੀਤੀਆਂ।

ਸਿੱਖਿਆ

ਸੋਧੋ

ਟੈਗੋਰ ਦੇ ਘਰ ਦਾ ਮਾਹੌਲ ਸਾਹਿਤ ਅਤੇ ਸੰਗੀਤ ਵਿੱਚ ਰਸਿਆ-ਬਸਿਆ ਸੀ। ਉਸਦਾ ਵੱਡਾ ਭਰਾ ਸਤੇਂਦਰਨਾਥ ਇੰਡੀਅਨ ਸਿਵਿਲ ਸਰਵਿਸ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਸੀ। ਇਸ ਤੋਂ ਇਲਾਵਾ ਉਹ ਇੱਕ ਉੱਚੇ ਪਾਏ ਦਾ ਵਿਦਵਾਨ ਸੀ। ਉਸਨੇ ਗੀਤਾ ਤੇ ਮੇਘਦੂਤ ਤੋਂ ਇਲਾਵਾ ਮੋਲੀਅਰ ਦੀਆਂ ਰਚਨਾਵਾਂ ਦਾ ਵੀ ਉਸਨੇ ਅਨੁਵਾਦ ਕੀਤਾ ਸੀ। ਸੰਗੀਤ ਦੀ ਦੇਵੀ ਦੀ ਉਸ ’ਤੇ ਖਾਸ ਮੇਹਰ ਸੀ। ਪੱਛਮੀ ਸਾਹਿਤ ਅਤੇ ਅੰਗਰੇਜ਼ੀ ਜ਼ੁਬਾਨ ਨਾਲ ਟੈਗੋਰ ਦਾ ਨੇੜਲਾ ਸੰਪਰਕ ਉਸੇ ਰਾਹੀਂ ਹੋਇਆ ਸੀ। "ਭਾਰਤੀ" ਵਰਗਾ ਮਸ਼ਹੂਰ ਸਾਹਿਤਕ ਰਸਾਲਾ ਉਸਦੇ ਘਰ ਵਿੱਚੋਂ ਹੀ ਪ੍ਰਕਾਸ਼ਿਤ ਹੁੰਦਾ ਸੀ। ਛੋਟੀ ਉਮਰ ਵਿੱਚ ਹੀ ਉਸ ਦੀਆਂ ਰਚਨਾਵਾਂ "ਭਾਰਤੀ" ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਸਰਸਵਤੀ ਦਾ ਇਹ ਵਰਦਾਨ ਤਾਂ ਟੈਗੋਰ ਨੂੰ ਜਿਵੇਂ ਜਨਮ-ਘੁੱਟੀ ਵਿੱਚ ਹੀ ਮਿਲਿਆ ਸੀ। ਪਰ ਅਧੁਨਿਕ ਸਕੂਲੀ ਸਿਖਿਆ ਉਸਨੂੰ ਜੀਵਨ ਵਿੱਚ ਕਦੇ ਰਾਸ ਨਾ ਆ ਸਕੀ। ਮੁਢੱਲੀ ਸਿਖਿਆ, ਜੋ ਕਿ ਘਰ ਵਿੱਚ ਹੀ ਪੂਰੀ ਹੋਈ ਸੀ, ਤੋਂ ਬਾਦ ਜਦ ਉਸਨੂੰ ਓਰੀਐਂਟਲ ਸਕੂਲ ਵਿੱਚ ਦਾਖਿਲ ਕਰਾਇਆ ਗਿਆ ਤਾਂ ਉਸਦੇ ਸਮੁੱਚੇ ਵਜੂਦ ਨੇ ਹੀ ਜਿਵੇਂ ਉਸਦੇ ਖਿਲਾਫ਼ ਬਗਾਵਤ ਕਰ ਦਿੱਤੀ। ਉਸਨੂੰ ਲਗਿਆ ਜਿਵੇਂ ਉਸਨੂੰ ਕੋਈ ਸਜਾ ਦਿੱਤੀ ਜਾ ਰਹੀ ਹੋਵੇ। ਸਕੂਲ ਬਦਲਣ ਨਾਲ ਵੀ ਉਸਦੀ ਇਸ ਰੁਚੀ ਵਿੱਚ ਕੋਈ ਬਦਲਾਓ ਨਾ ਆਇਆ। ਆਖਿਰ ਉਸਦੀ ਪੜਾਈ-ਲਿਖਾਈ ਦੀ ਜ਼ਿੰਮੇਦਾਰੀ ਖੁਦ ਮਹਾਰਿਸ਼ੀ ਨੇ ਆਪਣੇ ਉੱਤੇ ਲੈ ਲਈ। ਮਹਾਰਿਸ਼ੀ ਟੈਗੋਰ ਦੀ ਰੂਹ ਨੂੰ ਸਮਝਦੇ ਸਨ, ਉਹ ਉਸਨੂੰ ਆਪਣੇ ਨਾਲ ਪਹਾੜਾਂ ਦੇ ਸਫ਼ਰ ’ਤੇ ਲੈ ਗਏ। ਉਸ ਰਾਹ ਵਿੱਚ ਉਨ੍ਹਾ ਦਾ ਪਹਿਲਾ ਪੜਾਅ ਸ਼ਾਂਤੀ-ਨਿਕੇਤਨ ਸੀ, ਜਿਸਨੇ ਟੈਗੋਰ ਦੇ ਜੀਵਨ ਵਿੱਚ ਇੱਕ ਕੇਂਦਰੀ ਭੂਮੀਕਾ ਨਿਭਾਉਣੀ ਸੀ। ਇਸੇ ਬਿੰਦੂ ਤੋਂ ਟਗੋਰ ਦੀ ਜੀਵਨ ਯਾਤਰਾ ਦਾ ਰੁਖ ਬਦਲ ਗਿਆ ਸੀ। ਬਾਦ ਵਿੱਚ ਖੁਦ ਟੈਗੋਰ ਉਨ੍ਹਾ ਦਿਨਾਂ ਨੂੰ ਯਾਦ ਕਰਦੇ ਹੋਏ ਲਿਖਦੇ ਹਨ ਕਿ ਉਨ੍ਹਾ ਦੀ ਪਰਵਰਿਸ਼ ਤਿੰਨ ਸਭਿਅਤਾਵਾਂ ਦੇ ਮਿਲੇ-ਜੁਲੇ ਮਾਹੋਲ ਵਿੱਚ ਹੋਈ, ਜਿਸ ਵਿੱਚ ਹਿੰਦੂ, ਮੁਹੰਮਦੀ ਤੇ ਪੱਛਮੀ ਸਭਿਆਤਾਵਾਂ ਸ਼ਾਮਿਲ ਸਨ। ਬਾਲਪਣ ਵਿੱਚ ਹੀ ਟੈਗੋਰ ਨੇ ਇਨ੍ਹਾ ਸਭਿਆਤਾਵਾਂ ਨੂੰ ਇੱਕ ਦੂਜੇ ਨਾਲ ਟਕਰਾਉਂਦੇ ਹੋਏ ਨਹੀਂ ਸਗੋਂ ਸਹਿਯੋਗ ਕਰਦੇ ਹੋਏ ਦੇਖਿਆ ਸੀ, ਇਸੇ ਨੇ ਉਨ੍ਹਾ ਦੇ ਅੰਦਰ ਇੱਕ ਅਖੰਡ ਸਂਸਾਰ ਦੀ ਚੇਤਨਾ ਦੇ ਬੀਜ ਬੋ ਦਿੱਤੇ ਸਨ। ਫੇਰ ਉਮਰ ਭਰ ਉਹ ਕਦੇ ਵੀ ਅਲਗਾਵ ਜਾਂ ਨਾਮਿਲਵਰਤਣ ਦੀ ਭਾਵਨਾ ਦਾ ਸਾਥ ਨਾ ਦੇ ਸਕੇ, ਜਿਸ ਦਾ ਮੁੱਲ ਉਨ੍ਹਾ ਨੂੰ ਦੇਸ-ਵਿਦੇਸ ਦੋਹਾਂ ਥਾਵਾਂ ’ਤੇ ਇੱਕੋ ਜਿਹਾ ਤਾਰਨਾ ਪਿਆ।

ਸਤਾਰ੍ਹਾਂ ਸਾਲ ਦੀ ਉਮਰ ਵਿੱਚ ਟੈਗੋਰ ਨੂੰ ਉਨ੍ਹਾ ਦੇ ਵੱਡੇ ਭਰਾ ਸਤੇਂਦਰਨਾਥ ਦੇ ਨਾਲ ਇੰਗਲੈਂਡ ਭੇਜਿਆ ਗਿਆ। ਸਤੇਂਦਰ ਦਾ ਵਿਚਾਰ ਸੀ ਕਿ ਯੂਰਪ ਦਾ ਬਦਲਿਆ ਹੋਇਆ ਮਾਹੌਲ ਅਕਾਦਮਿਕ ਪੜ੍ਹਾਈ ਵਿੱਚ ਉਨ੍ਹਾ ਦੀ ਰੁਚੀ ਜਗਾਉਣ ਵਿੱਚ ਸਹਾਈ ਹੋਵੇਗਾ। ਰਬਿੰਦਰਨਾਥ ਦੇ ਮਨ ਵਿੱਚ ਇੰਗਲੈਂਡ ਦੀ ਵੱਖਰੀ ਹੀ ਸੁਫ਼ਨਮਈ ਤਸਵੀਰ ਸੀ। ਉਨ੍ਹਾ ਦੀ ਨਜ਼ਰ ਵਿੱਚ ਉਹ ਕੋਈ ਇੱਕ ਛੋਟਾ ਜਿਹਾ ਟਾਪੂ ਸੀ, ਜਿੱਥੇ ਟੈਨੀਸਨ ਵਰਗੇ ਕਵੀਆਂ ਦੀ ਬਾਂਸਰੀ ਹਵਾਵਾਂ ’ਚ ਘੁਲੀ ਪਈ ਸੀ। ਇਹ ਉਨ੍ਹਾ ਦੀ ਪਹਿਲੀ ਸਮੁੰਦਰੀ ਯਾਤਰਾ ਸੀ। ਪਰ ਦਿਲ ਹੀ ਦਿਲ ਵਿੱਚ ਉਹ ਹੈਰਾਨ ਸਨ ਕਿ ਬਾਇਰਨ ਤੇ ਵਾਲਮੀਕ ਵਾਂਗ ਕਿਉਂ ਸਮੁੰਦਰ ਨੇ ਉਨ੍ਹਾ ਦੇ ਦਿਲ ਨੂੰ ਖਿੱਚ ਨਹੀਂ ਸੀ ਪਾਈ। ਇੰਗਲੈਂਡ ਵੀ ਪਹਿਲੀ ਨਜ਼ਰੇ ਉਨ੍ਹਾ ਨੂੰ ਕੁਝ ਖਾਸ ਪਸੰਦ ਨਹੀਂ ਸੀ ਆਇਆ। ਉਨ੍ਹਾ ਲਿਖਿਆ, " ਇਹੋ ਜਿਹਾ ਨੀਰਸ, ਧੁੰਆਂਖਿਆ, ਧੁੰਦ ਅਤੇ ਸਿੱਲ ਦਾ ਮਾਰਿਆ ਸ਼ਹਿਰ ਮੈਂ ਕਦੇ ਨਹੀਂ ਦੇਖਿਆ, ਜਿੱਥੇ ਹਰ ਕੋਈ ਕਾਹਲ ਵਿੱਚ ਸੀ ਤੇ ਇੱਕ-ਦੂਏ ਨੂੰ ਧਕੇ ਮਾਰ ਰਿਹਾ ਸੀ। " ਪਰ ਇੰਗਲੈਂਡ ਬਾਰੇ ਉਸਦੇ ਇਹ ਵਿਚਾਰ ਚਿਰ-ਸਥਾਈ ਨਹੀਂ ਸਨ। ਉਹ ਉਸ ਫ਼ਿਜ਼ਾ ਅੰਦਰ ਘੁਲੀ ਆਜ਼ਾਦੀ ਦੀ ਭਾਵਨਾ ਤੋਂ ਖਾਸ ਤੌਰ ’ਤੇ ਪ੍ਰਭਾਵਿਤ ਹੋਇਆ ਸੀ। ਉਸਨੇ ਇੰਗਲੈਂਡ ਦੀ ਸੰਸਦ ਵਿੱਚ ਗਲੈਡਸਟੇਨ ਤੇ ਜਾਨ ਬ੍ਰਾਈਟ ਵਰਗੇ ਬੁਲਾਰਿਆਂ ਨੂੰ ਮਨੁਖੀ ਆਜ਼ਾਦੀ ਬਾਰੇ ਬੋਲਦਿਆਂ ਸੁਣਿਆ। ਇਨ੍ਹਾ ਵਿਚਾਰਾਂ ਨੇ ਉਸਨੂੰ ਧੁਰ ਅੰਦਰ ਤਾਈਂ ਮੁਤਾਸਰ ਕੀਤਾ ਸੀ, ਆਪਣੇ ਆਖਰੀ ਸਮੇਂ ਵੀ, ਜਦੋਂ ਉਹ "ਸਭਿਅਤਾ ਦੇ ਸੰਕਟ" ਬਾਰੇ ਬੋਲ ਰਿਹਾ ਸੀ, ਉਹ ਆਜ਼ਾਦੀ ਦੇ ਉਨ੍ਹਾ ਪਰਵਾਨਿਆਂ ਨੂੰ ਯਾਦ ਕਰਦਾ ਹੈ। ਉਸਨੂੰ ਲਗਦਾ ਹੈ ਕਿ ਸਮਰਾਜ ਦੀ ਭਾਵਨਾ ਦੇ ਦਬਾ ਹੇਠ ਆ ਕੇ ਇੰਗਲੈਂਡ ਨੇ ਆਪਣੇ ਸਰਵੋਤਮ ਆਦਰਸ਼ਾਂ ਨਾਲ ਧਰੋਹ ਕਮਾਇਆ ਹੈ।

ਇੰਗਲੈਂਡ ਦੇ ਸਮਾਜ ਵਿੱਚ ਔਰਤਾਂ ਨੂੰ ਮਿਲੀ ਹੋਈ ਆਜ਼ਾਦੀ ਟੈਗੋਰ ਨੂੰ ਹੈਰਾਨੀ ਭਰੀ ਖੁਸ਼ੀ ਨਾਲ ਭਰ ਦਿੰਦੀ ਸੀ। ਔਰਤਾਂ ਦੀ ਆਜ਼ਾਦੀ ਦੀ ਘਾਟ ਨੂੰ ਟੈਗੋਰ ਨਾ ਸਿਰਫ਼ ਭਾਰਤ ਵਿੱਚ ਸਗੋਂ ਆਪਣੇ ਨੇੜਲੇ ਰਿਸ਼ਤਿਆਂ ਵਿੱਚ ਵੀ ਸ਼ਿੱਦਤ ਨਾਲ ਮਹਿਸੂਸ ਕਰਦੇ ਸਨ, ਜਿਸਦਾ ਜ਼ਿਕਰ ਉਨ੍ਹਾ ਕਈ ਨਿਜੀ ਚਿੱਠੀਆਂ ਵਿੱਚ ਕੀਤਾ ਹੈ। ਪਹਿਲੇ ਇੰਗਲੈਂਡ ਦੌਰੇ ਸਮੇਂ ਜਦੋਂ ਉਹ ਮਿਸਟਰ ਸਕਾਟ ਦੇ ਘਰ ਠਹਿਰਣ ਲਈ ਗਿਆ ਤਾਂ ਇਹ ਸੁਣ ਕੇ ਕੋਈ ਕਾਲਾ ਉਨ੍ਹਾ ਦੇ ਘਰ ਰਹਿਣ ਆ ਰਿਹਾ ਹੈ ਘਰ ਦੀਆਂ ਦੋਹੇਂ ਕੁੜੀਆਂ ਆਪਣੇ ਰਿਸ਼ਤੇਦਾਰਾਂ ਵੱਲ ਰਹਿਣ ਚਲੀਆਂ ਗਈਆਂ। ਪਰ ਛੇਤੀ ਹੀ ਰਬੀ ਨੇ ਉੱਥੇ ਸਬ ਦਾ ਮਨ ਮੋਹ ਲਿਆ ਸੀ, ਸਮੇਤ ਉਨ੍ਹਾ ਦੇ ਲਾਡਲੇ ਕੁੱਤੇ ਟੈਬੀਜ਼ ਦੇ ਜਿਸ ਨੂੰ ਘਰ ਦੀ ਮਾਲਕਿਨ ਪੁੱਤਰਾਂ ਵਾਂਗ ਪਿਆਰ ਕਰਦੀ ਸੀ। ਹੁਣ ਕੁੜੀਆਂ ਨਾਲ ਵੀ ਉਸਦੀ ਚੰਗੀ ਬਣਨ ਲਗੀ ਸੀ। ਛੋਟੀ ਕੁੜੀ ਜੋ ਕਿ ਟੈਗੋਰ ਦੀ ਹਮ ਉਮਰ ਹੀ ਸੀ, ਉਸਨੂੰ ਚੰਗਾ ਪਸੰਦ ਕਰਨ ਲੱਗੀ ਸੀ। ਉਹ ਖੁਦ ਗਾਉਣਾ ਤੇ ਪਿਆਨੋ ਵਜਾਉਣਾ ਜਾਣਦੀ ਸੀ। ਉਸਨੇ ਖੁਦ ਰਬੀ ਨੂੰ ਕਈ ਆਇਰਸ਼ ਤੇ ਅੰਗ੍ਰੇਜ਼ੀ ਗਾਣੇ ਸਿਖਾਏ। ਇਹ ਪੱਛਮੀ ਸੰਗੀਤ ਨਾਲ ਟੈਗੋਰ ਦੀ ਪਹਿਲੀ ਪਛਾਣ ਸੀ, ਜਿਸਦਾ ਫ਼ਾਇਦਾ ਉਸਨੇ ਬਾਦ ਵਿੱਚ ਵਾਲਮੀਕ-ਪ੍ਰਤਿਭਾ ਦਾ ਸੰਗੀਤ ਰਚਣ ਵੇਲੇ ਲਿਆ ਸੀ।

ਟੈਗੋਰ ਇੰਗਲੈਂਡ ਵਿੱਚ ਕਾਨੂੰਨ ਦੀ ਪੜਾਈ ਲਈ ਆਇਆ ਸੀ। ਪਰ ਮਹਾਰਿਸ਼ੀ ਦੇ ਹੁਕਮਾਂ ਕਾਰਣ ਉਸਨੂੰ ਦੌਰਾ ਅਧੂਰਾ ਛੱਡ ਕੇ ਵਾਪਿਸ ਮੁੜਣਾ ਪਿਆ ਸੀ। ਜ਼ਾਹਿਰਾ ਤੌਰ ’ਤੇ ਟੈਗੋਰ ਨੂੰ ਛੇਤੀ ਵਾਪਿਸ ਬੁਲਾਉਣ ਦੀ ਕੋਈ ਵਜ਼ਾਹ ਨਹੀਂ ਸੀ। ਸ਼ਾਇਦ ਇੰਗਲੈਂਡ ਦੇ ਖੁਲੇ ਵਾਤਾਵਰਣ ਤੇ ਔਰਤਾਂ ਦੀ ਆਜ਼ਾਦੀ ਬਾਰੇ ਲਿਖੀਆਂ ਟੈਗੋਰ ਦੀਆਂ ਚਿਠੀਆਂ ਨੇ ਘਰ ਦੇ ਬਜ਼ੁਰਗਾਂ ਨੂੰ ਡਰਾ ਦਿੱਤਾ ਸੀ। ਉਹ ਸ਼ਾਇਦ ਇਕੱਲਿਆਂ ਉਸ ਨੂੰ ਉਸ ਮਾਹੌਲ ਵਿੱਚ ਛੱਡਣਾ ਨਹੀਂ ਸੀ ਚਾਹੁੰਦੇ। ਆਪਣੀਆਂ ਯਾਦਾਂ ਵਿੱਚ ਉਸਨੇਂ ਲਿਖਿਆ ਕਿ ਵਿਦਾਇਗੀ ਦੇ ਮੌਕੇ ’ਤੇ ਮਿਸੇਜ਼ ਸਕਾਟ ਭਾਵੁਕ ਹੋ ਗਈ ਤੇ ਰੋਣ ਲਗ ਪਈ। ਪਰ ਉਸਨੇ ਕੁੜੀਆਂ ਬਾਰ ਉੱਥੇ ਕੁਝ ਨਾ ਲਿਖਿਆ, ਹਾਂ, ਘਰ ਆ ਕੇ ਇੱਕ ਕਵਿਤਾ ਜ਼ਰੂਰ ਲਿਖੀ: "ਉਹ ਚੇਹਰਾ ਜਿਸਦੇ ਬਨਣ ’ਚ ਸ਼ਾਇਦ ਫੁੱਲ ਲੱਗੇ ਬੇਸ਼ੁਮਾਰ, ਤੇ ਉਹ ਖੁੱਲੀਆਂ ਖਿਲਰੀਆਂ ਜ਼ੁਲਫ਼ਾਂ ਨੀਂਦ ਉਡਾ ਦੇਣ ਗੀਆਂ ਮੇਰੀ, ਤੇ ਹਸਰਤ ਭਿੱਜੀਆਂ ਅੱਖਾਂ ਤੱਕਣ ਗੀਆਂ ਮੇਰੀਆਂ ਅੱਖਾਂ ’ਚ, ਹੰਝੂਆਂ ਭਰੀ ਆਵਾਜ਼ ਫ਼ੁਸਫ਼ੁਸਾਏਗੀ : ਜ਼ਰੂਰ ਜਾਣੈ? ਜ਼ਰੂਰ?"ਕਈ ਸਾਲ ਬਾਦ ਜਦੋਂ ਟੈਗੋਰ ਮੁੜ ਇੰਗਲੈਂਡ ਆਇਆ ਤਾਂ ਉਸਨੇ ਸਕਾਟ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਉਹ ਉਸ ਘਰ ਨੂੰ ਛੱਡ ਕੇ ਜਾ ਚੁੱਕੇ ਸਨ ਤੇ ਕਿਸੇ ਨੂੰ ਉਨ੍ਹਾ ਦੇ ਨਵੇਂ ਠਿਕਾਣੇ ਦਾ ਪਤਾ ਨਹੀਂ ਸੀ।

ਹੁਣ ਟੈਗੋਰ ਦੇ ਘਰ ਵਿੱਚ ਉਸਦੀ ਸ਼ਾਦੀ ਦੀ ਚਰਚਾ ਹੋਣ ਲਗੀ ਸੀ। ਕੁੜੀ ਲਭਣ ਦੀ ਜ਼ਿੰਮੇਦਾਰੀ ਘਰ ਦੀਆਂ ਔਰਤਾਂ ਦੀ ਸੀ। ਪਰ ਉਨ੍ਹਾ ਨੇ ਵੀ ਇਹ ਕੰਮ ਇੱਕ ਦਾਇਰੇ ਦੇ ਅੰਦਰ ਰਹਿ ਕੇ ਹੀ ਪੂਰਾ ਕਰਨਾ ਸੀ, ਕੁੜੀ ਦਾ ਬ੍ਰਾਹਮਣ ਪਰਿਵਾਰ ’ਚੋਂ ਹੋਣਾ ਜ਼ਰੂਰੀ ਸੀ। ਸਮਾਜਿਕ ਨਾਤੇਦਾਰੀਆਂ ਦੇ ਮਾਮਲੇ ਵਿੱਚ ਮਹਾਰਿਸ਼ੀ ਦੇ ਵਿਚਾਰ ਹਾਲੇ ਵੀ ਪੁਰਾਤਨ ਪੰਥੀ ਸਨ। ਜੋ ਕੁੜੀ ਲੱਭੀ ਗਈ ਉਹ ਨਾ ਤਾਂ ਪੜੀ-ਲਿਖੀ ਸੀ ਤੇ ਨਾ ਹੀ ਖੂਬਸੂਰਤ। ਉਹ ਬੇਣੀਮਾਧਵ ਚੌਧਰੀ ਦੀ ਕੁੜੀ ਸੀ ਜੋ ਟੈਗੋਰ ਸਟੇਤ ਦਾ ਹੀ ਇੱਕ ਕਰਮਚਾਰੀ ਸੀ। ਟੈਗੋਰ ਦੀ ਪਤਨੀ ਦਾ ਨਾਂ ਭਵਤਾਰਣੀ ਸੀ, ਜਿਹੜਾ ਸਂਸਾਰ ਤੋਂ ਮੁਕਤੀ ਵੱਲ ਸੰਕੇਤ ਕਰਦਾ ਸੀ। ਪਰ ਟੈਗੋਰ ਤਾਂ ਇਸ ਸਂਸਾਰ ਦਾ ਰਸੀਆ ਸੀ, ਆਪਣੀ ਅੰਤਮ ਅਵਸਥਾ ਵਿੱਚ ਵੀ ਉਸਨੇ ਇਸ ਲੋਕ ਦੀ ਖੂਬਸੂਰਤੀ ਤੋਂ ਮੁੰਹ ਮੋੜਣ ਤੋਂ ਇਨਕਾਰ ਕਰ ਦਿੱਤਾ ਸੀ, ਉਸਨੇ ਭਵਤਾਰਣੀ ਦਾ ਨਾਂ ਮ੍ਰਿਣਾਲਨੀ ਰਖ ਦਿੱਤਾ ਸੀ। ਮ੍ਰਿਣਾਲਨੀ ਨੇ ਟੈਗੋਰ ਦਾ ਸਾਥ ਬਹੁਤ ਹੀ ਸ਼ਰਧਾ ਭਰੇ ਢੰਗ ਨਾਲ ਦਿੱਤਾ। ਉਹ ਹਰ ਤਰੀਕੇ ਨਾਲ ਟੈਗੋਰ ਦੀ ਖੁਸ਼ੀ ਦਾ ਖਿਆਲ ਰਖਦੀ। ਉਸਦੀ ਖੁਸ਼ੀ ਖਾਤਿਰ ਉਸਨੇ ਸੰਸਕ੍ਰਿਤ ਸਿੱਖੀ ਤੇ ਥੋੜੀ-ਬਹੁਤ ਅੰਗ੍ਰੇਜ਼ੀ ਵੀ। ਟੈਗੋਰ ਦੇ ਹੀ ਕਹਿਣ ’ਤੇ ਉਸਨੇ ਸੰਸਕ੍ਰਿਤ ਰਮਾਇਣ ਦਾ ਬੰਗਾਲੀ ਵਿੱਚ ਸੰਖੇਪ ਅਨੁਵਾਦ ਕੀਤਾ। ਜਦੋਂ ਟੈਗੋਰ ਉਮਰ ਦੇ ਆਖਰੀ ਮਰਹਲੇ ਵਿੱਚੋਂ ਲੰਘ ਰਿਹਾ ਸੀ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸਨੇ ਮ੍ਰਿਣਾਲਨੀ ਦਾ ਸ਼ਾਇਦ ਸਹੀ-ਸਹੀ ਮੁੱਲ ਨਹੀਂ ਪਾਇਆ। ਪਰ ਉਸ ਸਮੇਂ ਤੱਕ ਇਸ ਸਂਸਾਰ ਤੋਂ ਵਿਦਾ ਲਿਆਂ ਮ੍ਰਿਣਾਲਨੀ ਨੂੰ ਕਈ ਦਹਾਕੇ ਹੋ ਗਏ ਸਨ। ਪਰ ਕਵੀ ਦੇ ਹਿਰਦੇ ਅੰਦਰ ਉਹ ਜਿਉਂਦੀ ਸੀ ਤੇ ਉਸ ਦੀਆਂ ਕਵਿਤਾਵਾਂ ਨੂੰ ਹੁਲਾਰਾ ਦਿੰਦੀ ਸੀ।

"ਸੰਧਿਆ-ਸੰਗੀਤ" ਦੇ ਛਪਣ ਤੋਂ ਬਾਦ ਟੈਗੋਰ ਦੇ ਜੀਵਨ ਦੀ ਧਾਰਾ ਦਾ ਰੁਖ ਸਪਸ਼ਟ ਹੋ ਗਿਆ ਸੀ। ਹੁਣ ਤਕ ਉਸਦੇ ਕਈ ਕਾਵਿ-ਸੰਗ੍ਰਿਹ, ਨਾਟਕ ਅਤੇ ਨਾਵਲ ਛਪ ਚੁਕੇ ਸਨ, ਜਿਨ੍ਹਾ ਵਿੱਚ ਸੁਨਹਿਰੀ ਕਿਸ਼ਤੀ, ਰਾਜਰਿਸ਼ੀ, ਸਨਿਆਸੀ, ਵਿਸਰਜਨ ਤੇ ਰਾਜਾ ਅਤੇ ਰਾਣੀ ਆਦਿ ਪ੍ਰਮੁਖ ਸਨ। ਹਰ ਵਿਧਾ ਵਿੱਚ ਉਹ ਨਵੇਕਲੇ ਪ੍ਰਯੋਗ ਕਰ ਰਿਹਾ ਸੀ। ਬੰਗਾਲੀ ਸਾਹਿਤ ਦੇ ਪਿਤਾਮਹ ਬੰਕਿਮ ਚੰਦਰ ਵੀ ਉਸਦੀ ਪ੍ਰਤਿਭਾ ਨੂੰ ਕਬੂਲ ਕਰਦੇ ਸਨ। ਹਾਲਾਂਕਿ ਬ੍ਰਹਮ-ਸਮਾਜ ਦੇ ਸਕਤਰ ਹੋਣ ਸਮੇਂ ਕਈ ਵਾਰ ਟੈਗੋਰ ਨੂੰ ਉਨ੍ਹਾ ਦੇ ਖਿਲਾਫ਼ ਪੁਜੀਸ਼ਾਨਾਂ ਲੈਣੀਆਂ ਪੈਂਦੀਆਂ ਸਨ। ਪਰ ਇਹ ਗੱਲ ਉਨ੍ਹਾ ਦੇ ਦਰਮਿਆਨ ਕਦੇ ਕੁੜਤਣ ਦੀ ਵਜਾਹ ਨਹੀਂ ਬਣੀ। ਪਰ ਆਲੋਚਕਾਂ ਨੇ ਕਦੇ ਟੈਗੋਰ ਦੀ ਸ਼ੈਲੀ ਨੂੰ ਕਬੂਲ ਨਹੀਂ ਸੀ ਕੀਤਾ। ਉਨ੍ਹਾ ਦਾ ਖਿਆਲ ਸੀ ਕਿ ਉਹ ਸ਼ਾਸਤਰੀ ਤੇ ਲੋਕ-ਕਲਾ ਦੋਹਾਂ ਨੂੰ ਹੀ ਤੋੜ-ਮਰੋੜ ਕੇ ਬੰਗਾਲੀ ਸਾਹਿਤ ਦਾ ਨਾਸ ਮਾਰ ਰਿਹਾ ਹੈ। ਟੈਗੋਰ ਬਾਰੇ ਆਲੋਚਕਾਂ ਦੀ ਇਹ ਰਾਇ ਨੋਬਲ-ਈਨਾਮ ਘੋਸ਼ਿਤ ਕੀਤੇ ਜਾਣ ਤਕ ਬਾਦਸਤੂਰ ਜਾਰੀ ਸੀ। ਬਾਦ ਵਿੱਚ ਕਈਆਂ ਨੇ ਰਾਤੋ-ਰਾਤ ਧਿਰ ਬਦਲ ਲਈ ਸੀ। ਪਰ ਟੈਗੋਰ ਨੇ ਜਨਤਕ ਮੰਚ ਉੱਤੋਂ ਹੀ ਉਨ੍ਹਾ ਦੀ ਸ਼ਰਧਾ ਦੇ ਫੁੱਲਾਂ ਨੂੰ ਝੂਠਾ ਕਰਾਰ ਦਿੰਦਿਆਂ ਉਨ੍ਹਾਂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਲੋਕ ਉਮਰ ਭਰ ਇਸ ਲਈ ਟੈਗੋਰ ਨੂੰ ਮਾਫ਼ ਨਹੀਂ ਕਰ ਸਕੇ।

ਟੈਗੋਰ ਤੇ ਸਿੱਖ ਧਰਮ

ਸੋਧੋ

11 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਮਹਾਰਿਸ਼ੀ ਦਵਿੰਦਰਨਾਥ ਨਾਲ ਸੰਨ 1873 ਵਿੱਚ ਅੰਮ੍ਰਿਤਸਰ ਆਇਆ।[4]ਇਸ ਦਾ ਜ਼ਿਕਰ ਉਸ ਨੇ ' ਮਾਈ ਰੈਮਿਨੀਸੈਂਸਸ ( 2012) ਵਿੱਚ ਕੀਤਾ ਹੈ।

ਮੈਨੂੰ ਅੰਮ੍ਰਿਤਸਰ ਦਾ ਗੁਰਦਰਬਾਰ ਇਕ ਸੁਪਨੇ ਦੀ ਤਰਾਂ ਯਾਦ ਹੈ।ਕਈ ਦਿਨ ਆਪਣੇ ਪਿਤਾ ਨਾਲ ਮੈਂ ਸਿੱਖ ਮੰਦਰ ਜੋ ਸਰੋਵਰ ਦੇ ਵਿਚਕਾਰ ਹੈ, ਵਿੱਚ ਜਾਂਦਾ ਰਿਹਾ। ਉਥੇ ਹਮੇਸ਼ਾ ਹੀ ਪ੍ਰਾਰਥਨਾਵਾਂ ਹੁੰਦੀਆਂ ਰਹਿੰਦੀਆਂ ਹਨ।ਮੇਰਾ ਪਿਤਾ ਇਨ੍ਹਾਂ ਪ੍ਰਾਰਥਨਾਵਾਂ ਵਿੱਚ ਸ਼ਾਮਲ ਹੁੰਦਾ ਸੀ ਤੇਹੋਰ ਸਿੱਖ ਪ੍ਰਾਰਥੀਆਂ ਨਾਲ ਗਾਇਨ ਵਿੱਚ ਗੁਣਗੁਨਾਂਉਦਾ ਸੀ।ਕਿਸੇ ਬਾਹਰਲੇ ਕੋਲੋਂ ਭਗਤੀ ਦੇ ਗਾਇਨ ਨੂੰ ਸੁਣ ਕੇ ਉਹ ਵੀ ਬਹੁਤ ਉਤਸਾਹਿਤ ਹੁੰਦੇ ਸੀ ਤੇ ਮੇਰੇ ਪਿਤਾ ਦਾ ਸਤਕਾਰ ਕਰਦੇ ਸੀ।ਇਕ ਵਾਰ ਰਾਗੀ ਸਾਡੇ ਘਰ ਵੀ ਆਏ ਤੇ ਸਾਨੂੰ ਗੁਰਬਾਣੀ ਗਾ ਕੇ ਸੁਣਾਈ।"[5]


1909 ਤੋਂ 1914 ਦੌਰਾਨ ਬਲਕਿ ਇਸ ਤੋਂਪਹਿਲਾਂ ਤੇ ਬਾਦ ਵਿੱਚ ਵੀ ਕਵੀ ਤੇ ਸੰਗੀਤਕਾਰ ਟੈਗੋਰ ਕਵੀ ਤੇ ਸੰਗੀਤਕਾਰ ਟੈਗੋਰ ਦੀਆਂ ਰਚਨਾਵਾਂ ਗੁਰੂ ਨਾਨਕ , ਕਬੀਰ ਤੇ ਕਈ ਹੋਰ ਸੰਤਾਂ ਤੋਂ ਪ੍ਰੇਰਿਤ ਹੋ ਕੇ ਰਚੀਆਂ ਹਨ।

21 ਸਾਲ ਦੀ ਉਮਰ ਵਿੱਚ ਇਕ ਬੰਗਾਲੀ ਬਾਲ ਰਸਾਲੇ ਬਾਲਕ ਵਿੱਚ ਗੁਰੂ ਨਾਨਕ ਦੇ ਸੱਚੇ ਸੌਦੇ ਦੀ ਕਥਾ ਬਾਰੇ ਲੇਖ ਲਿਖਿਆ।ਗੁਰੂ ਗੋਬਿੰਦ ਸਿੰਘ ਬਾਰੇ ਉਸ ਨੇ ਕਵਿਤਾਵਾਂ "ਗੋਬਿੰਦ ਗੁਰੂ" , "ਵੀਰ ਗੁਰੂ" ਅਤੇ ਬੰਦਾ ਸਿੰਘ ਬਹਾਦਰ ਬਾਰੇ "ਬੰਦੀ ਬੀਰ" ਬੰਗਾਲੀ ਵਿੱਚ ਰਚੀਆਂ।ਸਿੱਖ ਰਾਗੀਆਂ ਦੇ ਗੁਰੂ ਨਾਨਕ ਬਾਣੀ ਗਾਇਨ ਨੇ ਉਸ ਦੇ ਬਾਲ ਮਨ ਨੂੰ ਇਤਨਾ ਪ੍ਰਭਾਵਿਤ ਕੀਤਾ ਕਿ ਬਾਦ ਵਿੱਚ ਉਸ ਨੇ " ਗਗਨ ਮੈਂ ਥਾਲ" ਰਚਨਾ ਦਾ ਬੰਗਾਲੀ ਵਿੱਚ ਉਲਥਾ ਕੀਤਾ।[6]

ਸਿਆਲਦਾਅ ਕਿਆਮ: 1878–1901

ਸੋਧੋ
 
ਟੈਗੋਰ ਦਾ ਸਿਆਲਦਾਅ, (ਹੁਣ ਬੰਗਲਾਦੇਸ਼ ਵਿੱਚ) ਵਾਲਾ ਘਰ

ਜਦੋ ਮਹਾਰਿਸ਼ੀ ਨੇ ਜ਼ਮੀਂਦਾਰੀ ਦੀ ਦੇਖਰੇਖ ਦਾ ਕੰਮ ਟੈਗੋਰ ਦੇ ਹਵਾਲੇ ਕਰ ਦਿੱਤਾ। ਤਾਂ ਉਹ ਆਪਣੀ ਪਤਨੀ ਸਮੇਤ ਕਲਕੱਤਾ ਤੋਂ ਸਿਆਲਦਾਅ ਆਕੇ ਰਹਿਣ ਲਗ ਪਏ। ਟੈਗੋਰ ਦੀ ਰਿਹਾਇਸ਼ ਪਦਮਾ ਨਦੀ ਦੇ ਕੰਡੇ ਸੀ। ਕੰਮ ਦੇ ਸਿਲਸਿਲੇ ਵਿੱਚ ਉਨ੍ਹਾ ਨੂੰ ਕਈ-ਕਈ ਦਿਨ ਦਰਿਆਈ ਸਫ਼ਰ ’ਤੇ ਰਹਿਣ ਪੈਂਦਾ। ਉਸ ਛੋਟੀ ਜਿਹੀ ਕਸ਼ਤੀ ਵਿੱਚ, ਜਿਸਦਾ ਨਾਂ ਵੀ ਉਨ੍ਹਾ ਨੇ ਪਦਮਾ ਹੀ ਰਖ ਲਿਆ ਸੀ, ਮਾਂਝੀਆਂ ਤੋਂ ਛੁੱਟ ਹੋਰ ਕੋਈ ਨਾ ਹੁੰਦਾ। ਟੈਗੋਰ ਲਿਖਦੇ ਹਨ ਕਿ ਕਈ-ਕਈ ਦਿਨ ਤਾਂ ਬਿਣਾ ਬੋਲਿਆਂ ਹੀ ਨਿਕਲ ਜਾਂਦੇ ਤੇ ਫੇਰ ਉਨ੍ਹਾ ਨੂੰ ਆਪਣੀ ਹੀ ਆਵਾਜ਼ ਪਛਾਨਣੀ ਮੁਸ਼ਕਿਲ ਹੋ ਜਾਂਦੀ। ਪਰ ਇਹੋ ਸਮਾਂ ਸੀ ਜਦ ਟੈਗੋਰ ਨੇ ਆਮ ਲੋਕਾਂ ਦੇ ਜੀਵਨ ਨੂੰ ਪਹਿਲੀ ਵਾਰ ਨੇੜਿਓਂ ਦੇਖਿਆ ਸੀ, ਉਨ੍ਹਾ ਦੇ ਦੁਖ-ਤਕਲੀਫ਼ਾਂ ਨੂੰ ਤੇ ਉਨ੍ਹਾ ਦੀ ਮਾਨਸਿਕ ਜੜ੍ਹਤਾ ਨੂੰ। ਪਹਿਲੀ ਵਾਰ ਉਨ੍ਹਾ ਨੇ ਅੰਗਰੇਜ਼ ਦੇ ਰਾਜ ਦਾ ਦੂਜਾ ਚੇਹਰਾ ਦੇਖਿਆ ਸੀ ਜੋ ਰਾਜਾ ਰਾਮ ਮੋਹਨ ਰਾਇ ਦੇ ਲੇਖਾਂ ਨਾਲ ਮੇਲ ਨਹੀਂ ਸੀ ਖਾਂਦਾ। ਇਹ ਕੋਈ ਹੋਰ ਹੀ ਸੰਸਾਰ ਸੀ ਜੋ ਹੁਣ ਤਾਈਂ ਉਨ੍ਹਾ ਦੀਆਂ ਨਜ਼ਰਾਂ ਤੋ ਓਝਲ ਹੀ ਰਿਹਾ ਸੀ। ਉਨ੍ਹਾ ਦੀ ਮਨੋ-ਅਵਸਥਾ ਉਸ ਸਮੇਂ ਰਾਜਕੁਮਾਰ ਸਿਦਾਰਥ ਨਾਲ ਮਿਲਦੀ-ਜੁਲਦੀ ਸੀ ਜਿਹੜਾ ਪਹਿਲੀ ਵਾਰ ਮਹਿਲਾਂ ’ਚੋਂ ਨਿਕਲ ਕੇ ਸ਼ਹਿਰ ਦੇਖਣ ਗਿਆ ਸੀ। ਪੜ ਟੈਗੋਰ ਨੇ ਸੱਚ ਦੀ ਭਾਲ ਵਿੱਚ ਸਂਸਾਰ ਨਹੀਂ ਛੱਡਿਆ, ਸਗੋਂ ਉਹ ਉਸ ਦੀਆਂ ਡੁੰਘਾਈਆ ਵਿੱਚ ਉਤਰਣ ਲੱਗਾ। ਉਸ ਦੀਆਂ ਲਿਖਤਾਂ ਵਿੱਚ ਹੁਣ ਲੋਕਤਾ ਦਾ, ਬਗਾਵਤ ਤੇ ਸਿਆਸਤ ਦਾ ਤੱਤ ਵੀ ਝਲਕਣ ਲੱਗਾ ਸੀ, ਇੰਜ ਜਾਪਦਾ ਸੀ ਜਿਵੇਂ ਉਹ ਧਰਤੀ ’ਤੇ ਉਤਰ ਆਈਆਂ ਹੋਣ। ਆਪਣੀਆਂ ਕਹਾਣੀਆਂ ਦਾ ਲਗਭਗ ਦੋ-ਤਿਹਾਈ ਹਿੱਸਾ ਟੈਗੋਰ ਨੇ ਇਸੇ ਸਮੇਂ ਦੌਰਾਨ ਲਿਖਿਆ। ਇਹ ਕਹਾਣੀਆ ਸਾਧਨਾਂ ਮੈਗਜ਼ੀਨ ਵਿੱਚ ਛਪੀਆਂ, ਇਸਲਈ ਉਸਦੇ ਜੀਵਨ ਦੇ ਇਸ ਦੌਰ ਨੂੰ ਸਾਧਨਾ-ਕਾਲ ਵੀ ਕਿਹਾ ਜਾਂਦਾ ਹੈ। ਸਚਮੁਚ ਹੀ ਇਹ ਸਮਾਂ ਉਸ ਲਈ ਸਾਧਨਾ ਦਾ ਹੀ ਸਮਾਂ ਸੀ, ਜਿਸਦੇ ਫਲ ਵੱਜੋਂ ਜੀਵਨ ਦੀ ਸੱਚਾਈ ਦਾ ਕੌੜਾ ਫਲ ਉਸਦੀ ਝੋਲੀ ਪਿਆ ਸੀ। ਉਸਦੀ ਰੂਹ ਹੁਣ ਕੁਝ ਕਰਨ ਲਈ ਛਟਪਟਾ ਰਹੀ ਸੀ। ਆਪਣੇ ਜ਼ਮੀਂਦਾਰ ਹੋਣ ਦੀ ਪਰਜੀਵਤਾ ਦਾ ਅਹਿਸਾਸ ਵੀ ਉਸਨੂੰ ਹੋਣ ਲੱਗਾ ਸੀ, ਜਿਸਦਾ ਇਜ਼ਹਾਰ ਕਈ ਵਰ੍ਹੇ ਬਾਦ ਉਸਨੇ ਆਪਣੇ ਪੁਤਰ ਰਤਿੰਦਰਨਾਥ ਨੂੰ ਲਿਖੀ ਚਿਠੀ ਵਿੱਚ ਕੀਤਾ ਸੀ।

ਰਤਿੰਦਰਨਾਥ ਦੀ ਉਮਰ ਹੁਣ ਸਕੂਲ ਜਾਣ ਜੋਗੀ ਹੋ ਗਈ ਸੀ। ਟੈਗੋਰ ਆਪਣੇ ਬੱਚਿਆਂ ਨੂੰ ਉਸ ਕੌੜੇ ਅਨੁਭਵ ਤੋਂ ਬਚਾਉਣਾ ਚਾਹੁਂਦੇ ਜਿਸ ਵਿੱਚੋਂ ਉਨ੍ਹਾ ਨੂੰ ਲੰਘਣਾ ਪਿਆ ਸੀ। ੧੯੦੧ ਵਿੱਚ ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਸ਼ਾਂਤੀ-ਨਿਕੇਤਨ ਆ ਗਏ। ਉਨ੍ਹਾ ਦਾ ਇਰਾਦਾ ਇੱਕ ਸਕੂਲ ਖੋਲਣ ਦਾ ਸੀ, ਇੱਕ ਇਹੋ ਜਿਹਾ ਸਕੂਲ ਜਿਹੜਾ ਫ਼ੈਕਟਰੀਨੁਮਾ ਸਿਧਾਂਤਾਂ ’ਤੇ ਨਾ ਚਲਦਾ ਹੋਵੇ। ਸਭਿਆਚਾਰ ਦੀ ਦੁਨੀਆ ਵਿੱਚ ਦਾਖਿਲ ਕਰਾਉਣ ਲਈ ਜਿਹੜਾ ਬੱਚਿਆਂ ਨੂੰ ਉਨ੍ਹਾ ਦੇ ਕੁਦਰਤੀ ਆਲੇ-ਦੁਆਲੇ ਨਾਲੋਂ ਤੋੜਦਾ ਨਾ ਹੋਵੇ। ਇੱਕ ਇਹੋ ਜਿਹਾ ਸਕੂਲ ਜਿੱਥੇ ਬੱਚੇ ਸਿਰਫ਼ ਸਕੂਲ ਦੀ ਚਾਰ-ਦੀਵਾਰੀ ਵਿੱਚ ਹੀ ਨਹੀਂ ਸਮੁੱਚੇ ਆਲੇ-ਦੁਆਲੇ ’ਚੋ ਸਿਖਿਆ ਲੈ ਸਕਣ ਦੀ ਯੋਗਤਾ ਹਾਸਿਲ ਕਰਣ। ਇਹ ਸਕੂਲ ਟੈਗੋਰ ਦੇ ਸੁਫ਼ਨਿਆ ਦਾ ਸਕੂਲ ਸੀ। ਕੁੱਲ ਪੰਜ ਵਿਦਿਆਰਥੀਆਂ ਨਾਲ ਟੈਗੋਰ ਦਾ ਇਹ ਨਵਾਂ ਸਫ਼ਰ ਸ਼ੁਰੂ ਹੋਇਆ ਸੀ। ਜਿਨ੍ਹਾ ਵਿੱਚੋਂ ਇੱਕ ਉਸਦਾ ਆਪਣਾ ਪੁੱਤਰ ਰਤਿੰਦਰਨਾਥ ਵੀ ਸੀ। ਸਮਾਜ ਵਿੱਚ ਹਰ ਪਾਸਿਓਂ ਟੈਗੋਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਖੌਤੀ ਅਗਾਂਹਵਧੂ ਲੋਕ ਇਸ ਲਈ ਟੈਗੋਰ ਦਾ ਸਾਥ ਨਹੀਂ ਸੀ ਦੇ ਰਹੇ ਕਿਉਂ ਕਿ ਟੈਗੋਰ ਦੇ ਡਿਜ਼ਾਇਨ ਵਿੱਚੋਂ ਉਨ੍ਹਾ ਨੂੰ ਗੁਰੂ-ਕੁੱਲ ਵਰਗੀ ਪੁਰਾਤਨਤਾ ਦੀ ਗੰਧ ਆਉਂਦੀ ਸੀ। ਉਨ੍ਹਾ ਦਾ ਦੂਜਾ ਇਤਰਾਜ ਅੰਗਰੇਜ਼ੀ ਦੀ ਥਾਂ ਤੇ ਬੰਗਾਲੀ ਨੂੰ ਸਿਖਿਆ ਦਾ ਮਾਧਿਅਮ ਬਣਾਉਣ ’ਤੇ ਸੀ। ਇਸ ਤਰ੍ਹਾਂ ਦੇ ਇਤਰਾਜ ਕਰਨ ਵਾਲਿਆਂ ਵਿੱਚ ਵੱਡਾ ਹਿਸਾ ਬ੍ਰਹਮ-ਸਮਾਜੀਆਂ ਦਾ ਸੀ, ਜੋ ਟੈਗੋਰ ਦੇ ਪਰਿਵਾਰ ਦੇ ਵਧੇਰੇ ਨੇੜੇ ਸਨ। ਪਛਾਖੜੀ ਵਰਗ ਲਈ ਤਾਂ ਉਸ ਸਕੂਲ ਵਿੱਚ ਸਭ ਕੁਝ ਹੀ ਇਤਰਾਜ਼ ਯੋਗ ਸੀ। ਪੰਜਾਂ ਵਿੱਚੋਂ ਤਿੰਨ ਅਧਿਆਪਕ ਈਸਾਈ ਫ਼ਿਰਕੇ ਵਿੱਚੋਂ ਸਨ। ਇਹ ਗੱਲ ਉਨ੍ਹਾ ਦੀ ਸਮਝ ਵਿੱਚ ਉੱਕ ਹੀ ਫ਼ਿਟ ਨਹੀਂ ਸੀ ਹੁੰਦੀ ਕਿ ਬ੍ਰਾਹਮਣ ਸ਼ਿਸ਼ ਆਖਿਰਕਾਰ ਗੈਰ-ਬ੍ਰਾਹਮਣ ਅਧਿਆਪਕ ਦੇ ਪੈਰ ਕਿਵੇਂ ਛੂਹ ਸਕਦਾ ਹੈ। ਸ਼ੁਰੂ-ਸ਼ੁਰੂ ਵਿੱਚ ਟੈਗੋਰ ਕਈ ਥਾਵਾਂ ’ਤੇ ਸਮਝੋਤੇ ਕਰਦਾ ਦਿਖਾਈ ਦਿੰਦਾ ਹੈ। ਮਸਲਣ ਕਈ ਸਾਲਾਂ ਤਕ ਵਿਦਿਆਰਥੀਆਂ ਦੇ ਭੋਜਨ ਕਰਨ ਦੀਆਂ ਥਾਵਾਂ ਜਾਤ ਦੇ ਆਧਾਰ ’ਤੇ ਵਖਰੀਆਂ ਰੱਖੀਆਂ ਗਈਆਂ ਸਨ। ਇਹ ਗੱਲ ਹਰਗਿਜ਼ ਨਹੀਂ ਸੀ ਕਿ ਟੈਗੋਰ ਖੁਦ ਇਸ ਵਿਤਕਰੇ ਵਿੱਚ ਯਕੀਨ ਰਕਦੇ ਸਨ ਪਰ ਉਹ ਕਿਸੇ ’ਤੇ ਆਪਣੇ ਵਿਚਾਰ ਥੋਪਣਾ ਨਹੀਂ ਸੀ ਚਾਹੁੰਦੇ। ਉਨ੍ਹਾ ਦਾ ਯਕੀਨ ਸੀ ਕਿ ਲੋਕਾਂ ਨੂੰ ਖੁਦ ਆਪਣੇ ਜੀਵਨ ਦੇ ਤਜ਼ਰਬੇ ਵਿੱਚੋਂ ਸਿਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਬਾਦ ਵਿੱਚ ਗਾਂਧੀ ਜੀ ਦੇ ਦਖਲ ਦੇਣ ’ਤੇ ਅਤੀਤ ਦੀ ਇਸ ਰਹਿਂਦ-ਖੂਂਹਦ ਨੂੰ ਸਕੂਲ ਵਿੱਚੋਂ ਸਾਫ਼ ਕਰ ਦਿੱਤਾ ਗਿਆ।

ਸੰਗੀਤ ਅਤੇ ਕਲਾ ਨੂੰ ਟੈਗੋਰ ਦੇ ਇਸ ਸਕੂਲ ਵਿੱਚ ਖਾਸ ਜਗਾਹ ਦਿੱਤੀ ਗਈ ਸੀ। ਕਿਸੇ ਵੀ ਕਿਸਮ ਦੀਆਂ ਧਾਰਮਿਕ ਰਹੁ-ਰੀਤਾਂ ਨੂੰ ਸਕੂਲ ਦਾ ਹਿਸਾ ਬਣਾਉਣ ਤੋਂ ਟੈਗੋਰ ਗੁਰੇਜ਼ ਕਰਦੇ ਸਨ। ਉਹਨਾ ਦੀ ਇਹ ਧਾਰਣਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੇ ਅੰਦਰ ਤਰਕ ਦੀ ਭਾਵਨਾ ਵਿਕਸਤ ਨਹੀਂ ਹੁੰਦੀ। ਪਰ ਉਹ ਸਿਖਿਆ ਨੂੰ ਮਹਿਜ਼ ਤਰਕਸ਼ੀਲਤਾ ਜਾਂ ਗਿਆਨ ਤੀਕ ਹੀ ਸੀਮਿਤ ਨਹੀਂ ਸੀ ਰਖਦੇ। ਉਨ੍ਹਾ ਦਾ ਜਤਨ ਸੀ ਕਿ ਬਾਲ ਮਨ ਦੇ ਅੰਦਰ ਗਿਆਨ ਦੇ ਨਾਲ-ਨਾਲ ਵਿਸਮੈ ਦੀ ਭਾਵਨਾ ਨੂੰ ਵੀ ਹੁਲਾਰਾ ਦਿੱਤਾ ਜਾਵੇ--ਵਿਸਮੈ ਜੋ ਸਾਰੇ ਵਿਗਿਆਨ ਤੇ ਕਲਾਵਾਂ ਦਾ ਪ੍ਰਵੇਸ਼ ਦੁਆਰ ਹੈ। ਟੈਗੋਰ ਦਾ ਮਤ ਸੀ ਕਿ ਇਹੋ ਵਿਸਮੈ-ਬੋਧ, ਇਸੇ ਦੀ ਖੂਬਸੂਰਤੀ ਦੀ ਖਿੱਚ ਆਖਿਰਕਾਰ ਉਨ੍ਹਾਂ ਨੂੰ ਉਸ ਅਨੰਤ ਦੀ ਖੋਜ ਵੱਲ ਲੈ ਜਾਵੇਗੀ ਜੋ ਤਰਕ ਤੇ ਹਰ ਤਰ੍ਹਾਂ ਦੀ ਗਿਣਤੀ-ਮਿਣਤੀ ਤੋਂ ਪਾਰ ਹੈ। ਟੈਗੋਰ ਦਾ ਸਕੂਲ਼ ਮੁਕਾਬਲੇ ਦੀ ਨਹੀਂ ਸਹਿਯੋਗ ਤੇ ਸੰਵਾਦ ਦੀ ਭਾਵਨਾ ’ਤੇ ਆਧਾਰਿਤ ਸੀ। ਆਪਣੇ ਇਸ ਸੁਫ਼ਨੇ ਨੂੰ ਜਿਉਂਦੇ ਰਖਣ ਲਈ ਟੈਗੋਰ ਨੂੰ ਬਹੁਤ ਮੁੱਲ ਤਾਰਣਾ ਪਿਆ ਸੀ, ਮਾਲੀ ਅਤੇ ਜਜ਼ਬਾਤੀ ਹਰ ਤਰ੍ਹਾਂ ਦੀ ਕੀਮਤ ਦੇਣੀ ਪਈ ਸੀ। ਮਾਲੀ ਸੰਕਟ ਹੋਵੇ ਜਾਂ ਅੰਗਰੇਜ਼ ਸਰਕਾਰ ਦਾ ਅੰਦਰਖਾਤੇ ਕੀਤਾ ਜਾ ਰਿਹਾ ਵਿਰੋਧ, ਇਸ ਸਭ ਕੁਝ ਦੇ ਬਾਵਜੂਦ ਕਾਫ਼ਿਲਾ ਅੱਗੇ ਵਧ ਰਿਹਾ ਸੀ, ਨਵੇਂ-ਨਵੇਂ ਲੋਕ ਉਸ ਨਾਲ ਜੁੜ ਰਹੇ ਸਨ। ਉਸੇ ਸਮੇਂ ਉਸਦੀ ਪਤਨੀ ਮ੍ਰਿਣਾਲਨੀ ਬੀਮਾਰ ਪੈ ਗਈ।

ਟੈਗੋਰ ਦਾ ਨਿਜੀ ਜੀਵਨ ਅਚਾਣਕ ਹੀ ਜਿਵੇਂ ਦੁਖਾਂ ’ਚ ਘਿਰ ਗਿਆ ਸੀ। ਮ੍ਰਿਣਾਲਨੀ ਦੀ ਤਬੀਅਤ ਦਿਨੋ-ਦਿਨ ਬਿਗੜਦੀ ਜਾ ਰਹੀ ਸੀ, ਟੈਗੋਰ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ। ਆਖਿਰ ੨੩ ਨਵੰਬਰ ਵਾਲੇ ਦਿਨ ੨੮ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਉਨ੍ਹਾ ਦੇ ਜੀਵਨ ਦੀ ਹਮਸਫ਼ਰ ਉਨ੍ਹਾ ਦਾ ਸਾਥ ਛੱਡ ਕੇ ਤੁਰ ਗਈ। ਟੈਗੋਰ ਹਿੱਲ ਗਏ ਸਨ ਪਰ ਜੀਵਨ ਸੰਭਲਣ ਦਾ ਮੌਕਾ ਨਹੀਂ ਸੀ ਦੇ ਰਿਹਾ। ਪਤਨੀ ਦੀ ਮੌਤ ਤੋਂ ਥੋੜੀ ਦੇਰ ਬਾਦ ਹੀ ਟੈਗੋਰ ਨੂੰ ਪਤਾ ਲਗਿਆ ਕਿ ਉਨ੍ਹਾ ਦੀ ਬਾਰ੍ਹਾਂ ਸਾਲਾ ਬੱਚੀ ਰੇਣੂਕਾ ਟੀ.ਬੀ ਵਰਗੀ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਈ ਹੈ। ਉਹ ਤਿਲ-ਤਿਲ ਕਰਕੇ ਜਾ ਰਹੀ ਸੀ, ਸਿਤੰਬਰ ੧੯੦੩ ਵਿੱਚ ਕਵੀ ਦੇ ਸਾਹਮਣੇ ਹੀ ਉਸਨੇ ਅੱਖਾਂ ਮੀਚ ਲਈਆਂ। ਉਸ ਤੋਂ ਲਗਭਗ ਸਾਲ-ਸਵਾ ਸਾਲ ਬਾਦ ਉਨ੍ਹਾ ਦੇ ਪਿਤਾ ਮਹਾਰਿਸ਼ੀ ਦੇਵਿੰਦਰਨਾਥ ਉਨ੍ਹਾ ਨੂੰ ਵਿਛੋੜਾ ਦੇ ਗਏ। ਸਾਲ-ਡਿਉੜ ਸਾਲ ਦੇ ਵਕਫ਼ੇ ਨਾਲ ਮੌਤ ਨੇ ਇੱਕ ਵਾਰ ਫੇਰ ਉਨ੍ਹਾ ’ਤੇ ਨਿਰਮਮ ਵਾਰ ਕੀਤਾ। ਉਨ੍ਹਾ ਦਾ ਸਭ ਤੋਂ ਛੋਟਾ ਬੇਟਾ ਸ਼ਮੇਂਦਰ, ਜੋ ਹਾਲੇ ਤੇਰ੍ਹਾਂ ਸਾਲਾਂ ਦਾ ਹੀ ਸੀ, ਹੈਜੇ ਦਾ ਸ਼ਿਕਾਰ ਹੋ ਕੇ ਚਲ ਵਸਿਆ। ਕਵੀ ਨੇ ਆਪਣੇ ਗਮ ਨੂੰ ਗੀਤਾਂ ਤੇ ਕਵਿਤਾਵਾਂ ਵਿੱਚ ਢਾਲ ਕੇ ਨਿਜ਼ਾਤ ਦਾ ਰਾਹ ਲੱਭਿਆ। ਉਸਦੇ ਇਹ ਗੀਤ "ਸ਼ਿਸ਼ੂ" ਤੇ "ਸਮਰਪਣ" ਨਾਂ ਦੀਆਂ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਏ। ਕਵੀ ਨੇ ਆਪਣੀ ਇਹ ਕਿਤਾਬ ਆਪਣੀ ਪਤਨੀ ਦੀ ਯਾਦ ਨੂੰ ਸਮਰਪਿਤ ਕੀਤੀ। ਇਹ ਕਵਿਤਾਵਾਂ ਸਿਰਫ਼ ਦੁਖ ਜਾਂ ਖੌਫ਼ ਦੀਆਂ ਕਵਿਤਾਵਾਂ ਨਹੀਂ ਸਗੋਂ ਉਸ ’ਤੋਂ ਅੱਗੇ ਵਧ ਕੇ ਰੂਪ ਤੇ ਅਰੂਪ ਦੇ ਭੇਦ ਖੋਲਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾ ਅੰਦਰ ਕਵੀ ਜੀਵਨ-ਮ੍ਰਿਤੂ ਤੋਂ ਪਾਰ ਦੀਆਂ ਰਮਜਾਂ ਖੋਲਦਾ ਨਜ਼ਰ ਆਉਂਦਾ ਹੈ।

ਟੈਗੋਰ ਦਾ ਨਿਜੀ ਜੀਵਨ ਜਦੋਂ ਘਰੇਲੂ ਮੁਸੀਬਤਾਂ ਵਿੱਚ ਬੁਰੀ ਤਰ੍ਹਾ ਘਿਰਿਆ ਸੀ, ਠੀਕ ਉਸੇ ਸਮੇਂ ਇੱਕ ਸਮਾਜਿਕ ਚੁਣੌਤੀ ਨੇ ਉਸਦੀ ਚੇਤਨਾ ਦੇ ਦਰਾਂ ’ਤੇ ਦਸਤਕ ਦਿੱਤੀ। ਲ਼ਾਰਡ ਕਰਜ਼ਨ ਦੀ ਅਗਵਾਈ ਵਾਲੀ ਅੰਗਰੇਜ਼ ਸਰਕਾਰ ਨੇ ਮਜ਼ਹਬ ਦੇ ਨਾਂ ਉੱਤੇ ਬੰਗਾਲ ਨੂੰ ਵੰਡਣ ਦਾ ਐਲਾਨ ਕਰ ਦਿੱਤਾ। ਇਹ ਇੱਕ ਤਰ੍ਹਾਂ ਨਾਲ ਭਾਰਤ ਦੀ ਵੰਡ ਦੀ ਰਿਹਰਸਲ ਸੀ ਤੇ ਉਹ ਵੀ ਉਸ ਸਮੇਂ ਜਦੋਂ ਮੁਸਲਿਮ ਲੀਗ ਦੇ ਹੋਂਦ ਵਿੱਚ ਆਉਣ ਨੂੰ ਹਾਲੇ ਇੱਕ ਵਰ੍ਹਾ ਪਿਆ ਸੀ, ਤੇ ਜਿਨਾਹ ਜਦੋਂ ਗੋਪਾਲ ਕ੍ਰਿਸ਼ਣ ਗੋਖਲੇ ਨੂੰ ਆਪਣਾ ਆਦਰਸ਼ ਮੰਨਦਾ ਸੀ। ੧੬ ਅਕਤੂਬਰ ੧੯੦੫ ਬੰਗਾਲ ਨੂੰ ਵੰਡਣ ਦੀ ਤਾਰੀਖ ਮੁਕਰਰ ਕੀਤੀ ਗਈ ਸੀ। ਦੇਸ਼ਭਗਤ ਹਲਕਿਆਂ ਦੇ ਸੰਗ ਖੜਾ ਹੋ ਕੇ ਟੈਗੋਰ ਨੇ "ਭਾਈ-ਭਾਈ ਏਕੋ ਥਾਣੇਨ" ਦਾ ਨਾਹਰਾ ਬੁਲੰਦ ਕੀਤਾ। ਵਿਰੋਧ ਕਰਨ ਦਾ ਟੈਗੋਰ ਦਾ ਢੰਗ ਵੀ ਸ਼ਾਇਰਾਨਾ ਸੀ, ਉਹ ਇਹ ਦਿਖਾ ਰਿਹਾ ਸੀ ਕਿ ਰੂਹਾਨੀ ਖੂਬਸੂਰਤੀ ਤੇ ਨਿਰਵੈਰਤਾ ਦੀ ਭਾਵਨਾ ਵਿੱਚੋਂ ਨਿਕਲਿਆ ਵਿਰੋਧ ਵੀ ਕੁਰੂਪ ਨਹੀਂ ਸਗੋਂ ਹਸੀਨ ਹੁੰਦਾ ਹੈ। ਟੈਗੋਰ ਦੇ ਅੰਦਰ ਇੱਕ ਗੀਤ ਪਲ ਰਿਹਾ ਸੀ, "ਅਮਾਰੋ ਸੋਨਾਰ ਬਾਂਗਲੋ"—ਓ ਮੇਰਾ ਸੋਨੇ ਦਾ ਬੰਗਾਲ। ਇਸ ਗੀਤ ਵਿੱਚ ਕਵੀ ਬੰਗਾਲ ਦੇ ਦਰਿਆਵਾਂ ਦੀ, ਉੱਥੇ ਦੀ ਕੁਦਰਤੀ ਖੂਬਸੂਰਤੀ ਦੀ ਮਨਮੋਹਕ ਤਸਵੀਰ ਖਿੱਚਦਾ ਹੈ ਤੇ ਇਸ ਗੱਲ ’ਤੇ ਝੂਰਦਾ ਹੈ ਕਿ ਉਸ ਖੂਬਸੂਰਤੀ ਨੂੰ ਇੱਕ ਜਿਉਂਦੇ-ਜਾਗਦੇ ਸ਼ਰੀਰ ਨੂੰ ਉਸਦੇ ਸਾਹਮਣੇ ਚੀਰਿਆ ਜਾ ਰਿਹਾ ਸੀ। ਤਕਰੀਬਨ ਛੇ ਦਹਾਕੇ ਬਾਦ ਇਸੇ ਗੀਤ ਦਾ ਇੱਕ ਹਿੱਸਾ ਬੰਗਲਾ ਦੇਸ਼ ਦਾ ਕੌਮੀ ਤਰਾਨਾ ਬਣਿਆ।

੩੦ ਅੱਸੂ ਵਾਲੇ ਦਿਨ ਜਿਸ ਦਿਨ ਬੰਗਾਲ ਦੀ ਵੰਡ ਨੇ ਅਮਲੀ ਰੂਪ ਲੈਣਾ ਸੀ, ਟੈਗੋਰ ਆਪਣੇ ਘਰੋਂ ਨਿਕਲੇ, ਹੁਗਲੀ ਨਦੀ ਵਿੱਚ ਇਸਨਾਨ ਕੀਤਾ ਤੇ ਇਹ ਹੋਕਾ ਦਿੰਦੇ ਹੋਏ ਤੁਰ ਪਏ, "ਤੂੰ ਤੋੜੇਂਗਾ ਰੱਬ ਦੇ ਬੰਧਨ, ਤੂੰ ਜ਼ੋਰਾਵਰ ਤੂੰ ਹੰਕਾਰੀ...। " ਲੋਕਾਂ ਦਾ ਕਾਫ਼ਿਲਾ ਉਨ੍ਹਾ ਦੇ ਨਾਲ ਜੁੜਦਾ ਜਾ ਰਿਹਾ ਸੀ। ਟੈਗੋਰ ਦਾ ਕਹਿਣਾ ਸੀ ਕਿ ਮਜ਼ਹਬ ਦੇ ਨਾਂ ਉੱਤੇ ਕੀਤੀ ਜਾ ਰਹੀ ਇਹ ਵੰਡ ਝੂਠੀ ਹੈ, ਰੱਬ ਨੇ ਬੰਗਾਲ ਦੇ ਸਭਿਆਚਾਰ ਤੇ ਉਸਦੀ ਬੋਲੀ ਨੂੰ ਨਹੀਂ ਵੰਡਿਆ। ਜੋ ਵੀ ਉਨ੍ਹਾ ਨੂੰ ਰਾਹ ਵਿੱਚ ਮਿਲਦਾ ਉਹ ਉਸਦੇ ਗੁੱਟ ਤੇ ਕੇਸਰੀ ਰੰਗ ਦਾ ਰੇਸ਼ਮੀ ਗਾਨਾਂ ਬੰਨ ਦਿੰਦੇ, ਜਿਸਨੂੰ ਉਹ "ਰਖਸ਼ਾ-ਬੰਧਨ" ਆਖਦੇ। ਆਪਣੇ ਘਰ ਨਾਲ ਲਗਦੀ ਇੱਕ ਮਸੀਤ ਦੇ ਮੌਲਵੀਆਂ ਦੇ ਵੀ ਉਨ੍ਹਾ ਨੇ ਇਹ ਗਾੰਨਾ ਬੰਨਿਆ। ਇਸ ਦੌਰਾਨ ਟੈਗੋਰ ਨੇ ਵਾਰੀਸਾਲ ਤੇ ਅਗਰਤਾਲਾ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ ਪਰ ਜਿਉਂ-ਜਿਉਂ ਉਹ ਲਹਿਰ ਹਿੰਸਕ ਰੂਪ ਧਾਰਦੀ ਗਈ, ਉਸ ਨਾਲ ਉਨ੍ਹਾ ਦਾ ਮੋਹ ਭੰਗ ਹੁੰਦਾ ਗਿਆ। ਟੈਗੋਰ ਸਕੂਲਾ-ਕਾਲਜਾਂ ਦੇ ਬਾਈਕਾਟ ਤੇ ਪੱਛਮ ਅਤੇ ਅੰਗਰੇਜ਼ ਵਿਰੋਧੀ ਮਾਨਸਿਕਤਾ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾ ਦਾ ਵਿਚਾਰ ਸੀ ਕਿ ਦੇਸ਼ ਅਤੇ ਸਮੁੱਚੀ ਧਰਤੀ ਨੂੰ ਤਾਮੀਰੀ ਮਾਨਸਿਕਤਾ ਦੀ ਸਹਿਯੋਗ ਦੀ ਲੋੜ ਸੀ, ਵਿਨਾਸ਼, ਤੋੜ-ਵਿਛੋੜੇ ਤੇ ਨਫ਼ਰਤ ਦੀ ਨਹੀਂ। ਇਸੇ ਗੱਲ ਨੇ ਅੱਗੇ ਜਾ ਕੇ ਉਨ੍ਹਾ ਨੂੰ ਗਾਂਧੀ ਜੀ ਦੀ ਨਾ-ਮਿਲਵਰਤਣ ਲਹਿਰ ਦੇ ਖਿਲਾਫ਼ ਬੋਲਣ ਤੇ ਲਿਖਣ ਲਈ ਮਜਬੂਰ ਕੀਤਾ ਸੀ। ਪਰ ਉਸ ਮਹੌਲ ਵਿੱਚ ਟੈਗੋਰ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਉਹ ਭੀੜ ਤੋਂ ਅਲਗ-ਥਲਗ ਪੈ ਗਏ ਸੀ, ਉਨ੍ਹਾ ’ਤੇ ਲੋਕਾਂ ਨੂੰ ਵਿਚਾਲੇ ਛੱਡ ਜਾਣ ਦੀਆਂ ਤੋਹਮਤਾਂ ਲਗ ਰਹੀਆਂ ਸਨ। ਦੂਜੇ ਪਾਸੇ ਉਹ ਸਰਕਾਰ ਤੇ ਖਾਸ ਤੌਰ ’ਤੇ ਕਰਜ਼ਨ ਦੀਆਂ ਨਜ਼ਰਾਂ ਵਿੱਚ ਵੀ ਬੁਰੀ ਤਰ੍ਹਾਂ ਰੜਕ ਰਹੇ ਸੀ। ਕਵੀ ਨੂੰ ਆਪਣੇ ਦਿਲ ਦੀ ਆਵਾਜ਼ ਨਾਲ ਆਖਿਰ ਇੱਕਲੇ ਹੀ ਤੁਰਨਾ ਪੈਣਾ ਸੀ। ਇਹ ਜਨਤਕ ਰਾਜਨੀਤੀ ਵਿੱਚ ਸ਼ਮੂਲੀਅਤ ਦਾ ਕਵੀ ਦਾ ਪਹਿਲਾ ਤੇ ਆਖਰੀ ਤਜ਼ੁਰਬਾ ਸੀ।

ਟੈਗੋਰ ਤੇ ਰਾਥਨਸਟਾਈਨ ਦੀ ਮਿਲਣੀ

ਸੋਧੋ

ਹੁਣ ਉਹ ਸਮਾਂ ਆਗਿਆ ਸੀ ਜਦੋਂ ਕਵੀ ਦੀਆਂ ਧੁਨਾਂ ਦੇ ਪ੍ਰਾਣ ਅੰਬਰ-ਅੰਬਰ ਧੜਕਨੇ ਸਨ। ਘਟਨਾਵਾਂ ਦੇ ਸਿਲਸਿਲੇ ਵਿੱਚ ਇਹ ਮੌਕਾ-ਮੇਲ ਬਹੁਤ ਹਸੀਨ ਸੀ। ਦੂਰ ਲੰਦਨ ਵਿੱਚ ਬੈਠਾ ਰਾਥਨਸਟਾਈਨ, ਜੋ ਕਿ ਸਾਹਿਤ ਤੇ ਕਲਾ ਦਾ ਵੱਡਾ ਪਰਖੀ ਮੰਨਿਆ ਜਾਂਦਾ ਸੀ, ਯੂਰੋਪ ਤੇ ਅਮਰੀਕਾ ਦੇ ਅਦਬੀ ਹਲਕਿਆਂ ਵਿੱਚ ਉਸਦੀ ਡੂੰਘੀ ਜਾਣ-ਪਛਾਣ ਤੇ ਮਾਣ-ਸਨਮਾਨ ਸੀ। "ਮਾਡਰਨ ਰਿਵੀਉ" ਰਸਾਲੇ ਦੇ ਪੰਨੇ ਪਲਟ ਦਿਆਂ ਉਸਦੀ ਨਿਗਾਹ ਇੱਕ ਕਹਾਣੀ ’ਤੇ ਪਈ, ਲਿਖਣ ਵਾਲੇ ਦਾ ਨਾਂ ਉਸ ਲਈ ਅਜਨਬੀ ਸੀ ਪਰ ਉਸ ਕਹਾਣੀ ਨੇ ਉਸਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਉਸਨੇ ਜੋਰਾਸਾਂਕੂ ਖਤ ਲਿਖਿਆ ਤਾਂ ਜੋ ਲੇਖਕ ਦਾ ਹੋਰ ਕਹਾਣੀਆਂ ਬਾਰੇ ਜਾਣ ਸਕੇ। ਕੁਝ ਅਰਸਾ ਬਾਦ ਉਸਨੂੰ ਕਵਿਤਾਵਾਂ ਦੇ ਅਨੁਵਾਦ ਦੀ ਇੱਕ ਕਾਪੀ ਮਿਲੀ, ਇਹ ਗੀਤਾਂਜਲੀ ਦੀਆਂ ਕਵਿਤਾਵਾਂ ਸਨ ਜਿਨ੍ਹਾ ਦਾ ਅਨੁਵਾਦ ਸ਼ਾਂਤੀ-ਨਿਕੇਤਨ ਵਿੱਚ ਟੈਗੋਰ ਦੇ ਸਹਿਯੋਗੀ ਅਜਿਤ ਚਕਰਵਰਤੀ ਨੇ ਕੀਤਾ ਸੀ, ਇਹ ਗੀਤਾਂਜਲੀ ਦਾ ਪਹਿਲਾ ਅਨੁਵਾਦ ਸੀ। ਅਨੁਵਾਦ ਦੀਆਂ ਖਾਮੀਆਂ ਦੇ ਬਾਵਜੂਦ ਕਵਿਤਾਵਾਂ ਵਿੱਚਲੀ ਰੂਹਾਨੀ ਸੁਰ ਨੇ ਰਾਥਨਸਟਾਈਨ ਨੂੰ ਕੀਲ ਲਿਆ ਸੀ। ਉਸਨੇ ਚਿੱਠੀ ਲਿਖ ਕੇ ਟੈਗੋਰ ਨੂੰ ਲੰਦਨ ਆਉਣ ਦਾ ਸੱਦਾ ਦਿਤਾ। ਇੱਤਫ਼ਾਕ ਦੀ ਗੱਲ ਇਹ ਸੀ ਕਿ ਟੈਗੋਰ ਪਹਿਲਾਂ ਹੀ ਇੰਗਲੈਂਡ ਦੀ ਯਾਤਰਾ ਲਈ ਨਿਕਲ ਚੁੱਕਾ ਸੀ। ਇਹ ਕੋਈ ਨਹੀਂ ਸੀ ਜਾਣਦਾ ਕਿ ਉਸਦਾ ਇਹ ਦੌਰਾ ਸਿਰਫ਼ ਉਸੇ ਲਈ ਹੀ ਨਹੀਂ ਸਗੋਂ ਸਂਸਾਰ ਸਾਹਿਤ ਦੇ ਇਤਿਹਾਸ ਲਈ ਇੱਕ ਯਾਦਗਾਰ ਬਣਨ ਵਾਲਾ ਸੀ।

ਟੈਗੋਰ ਜਦ ਲੰਦਨ ਰਾਥਨਸਟਾਈਨ ਦੇ ਘਰ ਪਹੁੰਚਿਆ ਤਾਂ ਉਸਨੇ ਇੱਕ ਕਾਪੀ ਉਸਦੇ ਹੱਥ ਫ਼ੜਾਈ। ਇਸ ਵਿੱਚ ਗੀਤਾਂਜਲੀ ਦੀਆਂ ਉਹ ਕਵਿਤਾਵਾਂ ਸਨ ਜਿਨ੍ਹਾ ਦਾ ਅਨੁਵਾਦ ਕਵੀ ਨੇ ਖੁਦ ਕੀਤਾ ਸੀ। ਰਾਥਨਸਟਾਈਨ ਨੂੰ ਇੰਜ ਲੱਗਾ ਕਿ ਜਿਵੇਂ ਉਹ ਕਿਸੇ ਰਹਸਮਈ ਸ਼ੈਅ ਦੇ ਸਾਹਮਣੇ ਹੋਵੇ। ਬ੍ਰੈਡਲੇ ਨੇ ਮਹਿਸੂਸ ਕੀਤਾ ਕਿ ਮਹਾਕਵੀ ਦੀ ਉਨ੍ਹਾ ਦੀ ਤਲਾਸ਼ ਸ਼ਾਇਦ ਪੂਰੀ ਹੋ ਗਈ ਹੈ। ਕਵਿਤਾਵਾਂ ਦਾ ਖਰੜਾ ਯੀਟਸ ਦੇ ਪੜਣ ਲਈ ਭੇਜਿਆ ਗਿਆ। ਪੜਣਸਾਰ ਟੈਗੋਰ ਦੀ ਖੁਮਾਰੀ ਉਸਦੇ ਸਿਰ ਨੂੰ ਚੜ ਗਈ। ਲੰਦਨ ਪਹੁੰਚ ਕੇ ਉਸਨੇ ਇੱਕ ਵਾਰ ਫੇਰ ਉਨ੍ਹਾ ਕਵਿਤਾਵਾਂ ਨੂੰ ਧਿਆਨ ਨਾਲ ਪੜਿਆ ਤੇ ਇੱਕ-ਦੁੱਕਾ ਕੁਝ ਸੁਝਾ ਵੀ ਦਿੱਤੇ। ਪਰ ਕਵਿਤਾ ਦੇ ਮੂਲ ਪਾਠ ਨਾਲ ਕੋਈ ਛੇੜ-ਛਾੜ ਨਹੀਂ ਸੀ ਕੀਤੀ ਗਈ। ਬੰਗਾਲੀ ਜਾਣਨ ਵਾਲੇ ਲੋਕਾਂ ਤੇ ਖੁਦ ਕਵੀ ਲਈ ਵੀ ਇਹ ਅਨੁਵਾਦ ਕਦੇ ਪੂਰਣ ਨਹੀਂ ਸੀ। ਨੋਬਲ ਇਨਾਮ ਮਿਲਣ ਤੋਂ ਬਾਦ ਵੀ ਰਾਬਰਟ ਬ੍ਰਿਜ ਵਰਗੇ ਲਾਮਿਸਾਲ ਕਵੀ ਨੇ ਉਸ ਅਨੁਵਾਦ ਵਿੱਚ ਕੁਝ ਮਾਮੂਲੀ ਸੋਧਾਂ ਕਰਨ ਦੀ ਤਜਵੀਜ ਟੈਗੋਰ ਨੂੰ ਭੇਜੀ ਸੀ, ਜਿਸਨੂੰ ਯੀਟਸ ਦੀ ਸਿਫ਼ਾਰਸ਼ ’ਤੇ ਮੰਜ਼ੂਰ ਕਰ ਲਿਆ ਗਿਆ ਸੀ।

੭ ਜੁਲਾਈ ੧੯੧੨ ਦੀ ਸ਼ਾਮ ਰਾਥਨਸਟਾਈਨ ਦੇ ਘਰ ਟੈਗੋਰ ਨੇ ਆਪਣੀਆਂ ਕਵਿਤਾਵਾਂ ਬੁਲੰਦ ਆਵਾਜ਼ ਵਿੱਚ ਪੜ ਕੇ ਸੁਣਾਈਆਂ। ਸ਼ਰੋਤਿਆਂ ਦੇ ਰੂਪ ਵਿੱਚ ਉਸਦੇ ਸਾਹਮਣੇ ਬੈਠਣ ਵਾਲਿਆਂ ਵਿੱਚ ਯੀਟਸ ਤੋਂ ਇਲਾਵਾ, ਐਜ਼ਰਾ ਪਾਉਂਡ, ਸਿਨਕਲੇਯਰ,ਵੈਲਜ਼, ਬਰਟੰਡ ਰਸਲਜ਼,ਬਰੂਕ ਤੇ ਸਾਹਿਤ ਦੀ ਦੁਨੀਆ ਦੇ ਕਈ ਹੋਰ ਮਹਾਰਥੀ ਮੌਜੂਦ ਸਨ। ਐਜ਼ਰਾ ਪਾਉਂਡ ਤਾਂ ਉਨ੍ਹਾ ਕਵਿਤਾਵਾਂ ਦਾ ਦੀਵਾਨਾ ਹੋ ਗਿਆ ਸੀ। ਉਹ ਉਨ੍ਹਾ ਦੀ ਤੁਲਨਾ ਦਾਂਤੇ ਤੇ ਪੁਰਾਤਨ ਯੂਨਾਨੀ ਕਲਾਸੀਕਲ ਰਚਨਾਵਾਂ ਨਾਲ ਕਰ ਰਿਹਾ ਸੀ। ਪਰ ਉਸਦੀ ਇਹ ਖੁਮਾਰੀ ਥੁੜ ਚਿਰੀ ਸੀ, ਛੇਤੀ ਹੀ ਉਹ ਟੈਗੋਰ ਦਾ ਵਿਰੋਧੀ ਹੋ ਗਿਆ ਸੀ। ਨੋਬਲ ਈਨਾਮ ਮਿਲਣ ਤੋਂ ਬਾਦ ਉਸਦਾ ਇਹ ਵਿਰੋਧ ਜਗ ਜ਼ਾਹਿਰ ਹੋ ਗਿਆ ਸੀ। ਉਸ ਦੀਆਂ ਨਜ਼ਰਾਂ ਵਿੱਚ ਟੈਗੋਰ ਨੂੰ ਮਿਲਿਆ ਇਹ ਈਨਾਮ ਸਾਹਿਤਕ ਹਲਕਿਆਂ ਵਿਚਲੀ ਇੱਕ ਸਨਸਨੀ ਦਾ ਨਤੀਜਾ ਸੀ। ਉਹ ਇਹ ਵੀ ਭੁੱਲ ਗਿਆ ਸੀ ਕਿ ਇਹ ਸਨਸਨੀ ਫੈਲਾਉਣ ਵਾਲਿਆਂ ਦਾ ਮੋਹਰੀ ਉਹ ਖੁਦ ਆਪ ਸੀ। ਉਸਦਾ ਵਿਰੋਧ ਕਵਿਤਾ ਨਾਲੋਂ ਜ਼ਿਆਦਾ ਟੈਗੋਰ ਦਾ ਵਿਰੋਧ ਸੀ। ਸਿਨਕਲੇਯਰ ਦਾ ਇਹ ਦਾਵਾ ਸੀ ਕਿ ਟੈਗੋਰ ਦੀਆਂ ਇਹ ਕਵਿਤਾਵਾਂ ਅੰਗ੍ਰੇਜ਼ੀ ਸਾਹਿਤ ਵਿੱਚ ਹੀ ਨਹੀਂ ਸਗੋਂ ਪੱਛਮੀ ਸਾਹਿਤ ਅੰਦਰ ਇੱਕ ਸ਼ਾਨਦਾਰ ਇਆਫ਼ਾ ਸਨ। ਰਾਥਨਸਟਾਈਨ ਨੇ ਇੰਡੀਅਨ ਸੋਸਾਇਟੀ ਨੂੰ ਇਹ ਕਵਿਤਾਵਾਂ ਛਾਪਣ ਦੀ ਸਿਫ਼ਾਰਸ਼ ਵੀ ਕੀਤੀ ਸੀ। ਯੀਟਸ ਨੇ ਉਸ ਕਿਤਾਬ ਦਾ ਮੁਖਬੰਧ ਲਿਖਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਸਨੇ ਪੂਰਾ ਵੀ ਕੀਤਾ। ਯੀਟਸ ਇਨ੍ਹਾ ਕਵਿਤਾਵਾਂ ਨੂੰ "ਸਰਵੁੱਚ ਸਭਿਅਤਾ ਦੀਆਂ ਕਿਰਤਾਂ" ਤਸਲੀਮ ਕਰਦਾ ਹੈ। ਟੈਗੋਰ ਦੇ ਦੋਸਤਾਂ ਨੇ ਇਹ ਕੋਸ਼ਿਸ਼ ਵੀ ਕੀਤੀ ਕਿ ਇੰਗਲੈਂਡ ਦੀ ਕੋਈ ਯੂਨਿਵਰਸਿਟੀ ਉਸਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕਰੇ। ਪਰ ਲਾਰਡ ਕਰਜ਼ਨ ਦੇ ਵਿਰੋਧ ਕਾਰਣ ਇਹ ਨਾ ਹੋ ਸਕਿਆ ਤੇ ਆਕਸਫ਼ੋਰਡ ਨੂੰ ਇਸ ਸਨਮਾਨ ਲਈ ਚੌਥਾਈ ਸਦੀ ਤਾਈਂ ਇੰਤਜ਼ਾਰ ਕਰਨਾ ਪਿਆ।

ਸੰਨ ੧੯੧੩ ਵਿੱਚ ਸਾਹਿਤਕ ਖੇਤਰ ਦਾ ਨੋਬਲ ਈਨਾਮ ਟੈਗੋਰ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਗ਼ੁਲਾਮ ਦੇਸ਼ ਦੇ ਬਸ਼ਿੰਦੇ ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਜਾ ਰਿਹਾ ਸੀ। ਇਹ ਉਹ ਸਮਾਂ ਸੀ ਜਦੋਂ ਪੂਰੀ ਦੁਨੀਆ ਪਹਿਲੀ ਵਾਰ ਫ਼ੌਜੀ ਖੇਮਿਆਂ ਵਿੱਚ ਵੰਡੀ ਗਈ ਸੀ, ਪਹਿਲੀ ਵਡੀ ਜੰਗ ਦਾ ਜਨੂਨ ਸਂਸਾਰ ਦੇ ਜ਼ਹਿਨ ਵਿੱਚ ਖੋਲ ਰਿਹਾ ਸੀ। ਇਸ ਮੌਕੇ ਉੱਤੇ ਟੈਗੋਰ ਦੀ ਕਵਿਤਾ ਨੂੰ ਦਿੱਤਾ ਗਿਆ ਇਹ ਸਨਮਾਨ ਹੋਰ ਵੀ ਖਾਸ ਹੋ ਜਾਂਦਾ ਹੈ। ਇੰਗਲੈਂਡ ਤੋਂ ਬਾਦ ਅਮਰੀਕਾ ਹੁੰਦਾ ਹੋਇਆ ਟੈਗੋਰ ਜਦੋਂ ਭਾਰਤ ਪੁੱਜਾ ਤਾਂ ਉਸਨੂੰ ਆਪਣੇ ਸਕੂਲ ਦੀ ਮੰਦੀ ਹਾਲਤ ਦਾ ਪਤਾ ਲੱਗਾ। ਸਰਕਾਰ ਨੇ ਇੱਕ ਖੁਫ਼ੀਆ ਹੁਕਮ ਰਾਹੀਂ ਆਪਣੇ ਮੁਲਾਜ਼ਮਾਂ ਉੱਤੇ ਸ਼ਾਂਤੀ-ਨਿਕੇਤਨ ਵਿੱਚ ਬੱਚੇ ਭੇਜਣ ’ਤੇ ਪਾਬੰਦੀ ਲਾ ਦਿੱਤੀ ਸੀ। ਗੀਤਾਂਜਲੀ ਦਾ ਅੰਗ੍ਰੇਜ਼ੀ ਤਰਜ਼ੁਮਾ ਛਪਣ ਤੋਂ ਬਾਦ ਆਲੋਚਕ ਹੋਰ ਜ਼ਿਆਦਾ ਉਸ ਦੇ ਪਿੱਛੇ ਪੈ ਗਏ ਸਨ। ਉਨ੍ਹਾ ਨੂੰ ਲਗਦਾ ਸੀ ਕਿ ਕਵੀ ਨੇ ਆਪਣੀ ਗੁਟਰ-ਗੂੰ ਸਿੱਕਿਆਂ ਖਾਤਿਰ ਵੇਚ ਦਿੱਤੀ ਹੈ। ਪਰ ਨੋਬਲ ਈਨਾਮ ਦੀ ਘੋਸ਼ਣਾ ਨੇ ਰਾਤੋ-ਰਾਤ ਸਥਿਤੀ ਬਦਲ ਦਿੱਤੀ ਸੀ। ਹੁਣ ਟੈਗੋਰ ਨੂੰ ਵਧਾਈ ਦੇਣ ਖਾਤਿਰ ਉਨ੍ਹਾ ਵਿੱਚ ਇੱਕ ਦੌੜ ਸ਼ੁਰੂ ਹੋ ਗਈ ਸੀ।

੧੪ ਨਵੰਬਰ ੧੯੧੩ ਵਾਲੇ ਦਿਨ ਨੋਬਲ ਕਮੇਟੀ ਦੀ ਇੱਕ ਕੇਬਲਗ੍ਰਾਮ ਕਲਕੱਤਾ ਪਹੁੰਚੀ ਜਿੱਥੋਂ ਸ਼ਾਂਤੀ-ਨਿਕੇਤਨ ਲਈ ਤਾਰਾਂ ਖੜਕਾ ਦਿੱਤੀਆਂ ਗਈਆਂ। ਦੇਖਦੇ ਹੀ ਦੇਖਦੇ ਪੂਰੇ ਦੇਸ਼ ਅੰਦਰ ਕਿਸੇ ਉਤਸਵ ਵਰਗਾ ਮਾਹੌਲ ਤਿਆਰ ਹੋ ਗਿਆ। ਆਮ ਲੋਕਾਂ ਤੇ ਆਲੋਚਕਾਂ ਦੀਆਂ ਗਡੀਆਂ ਆਸ਼ਰਮ ਵਿੱਚ ਪਹੁੰਚਣ ਲੱਗੀਆਂ। ਆਸ਼ਰਮ-ਵਾਸੀਆਂ ਲਈ ਇਹ ਖਾਸ ਮੌਕਾ ਸੀ ਹਾਲਾਂਕਿ ਬਹੁਤੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਹ "ਨੋਬਲ ਈਨਾਮ" ਕੀ ਸ਼ੈਅ ਹੈ। ਉਹ ਤਾਂ ਬਸ ਗੁਰੂਦੇਵ ਨੂੰ ਪਿਆਰ ਕਰਦੇ ਸਨ ਤੇ ਉਨ੍ਹਾ ਲਈ ਇੰਨਾ ਹੀ ਕਾਫ਼ੀ ਸੀ ਕਿ ਹੁਣ ਕੁੱਲ ਦੁਨੀਆ ਉਨ੍ਹਾ ਦਾ ਸਨਮਾਨ ਕਰਨ ਲੱਗੀ ਹੈ। ਸਾਰੇ ਇਸ ਮਾਹੌਲ ਵਿੱਚ ਟੈਗੋਰ ਦਾ ਮਨ ਭਰਿਆ ਹੋਇਆ ਸੀ। ੨੩ ਨਵੰਬਰ ਦੀ ਸ਼ਾਮ ਉਸਨੇ ਐਲਾਨ ਕੀਤਾ ਕਿ ਉਹ ਆਲੋਚਕਾਂ ਦੀ ਤਾਰੀਫ਼ ਕਬੂਲ ਕਰਨ ਦੇ ਸਮਰਥ ਨਹੀਂ ਹੈ ਕਿਉਂ ਜੋ ਉਸ ਵਿੱਚ ਅਤੀਤ ਦੀ ਕੁੜਤਣ ਘੁਲੀ ਹੋਈ ਹੈ। ਉਸਨੇ ਕਿਹਾ, "ਜਦ ਮੈਂ ਪੂਰਬ ਦੇ ਕੰਡੇ ਬੈਠ ਪਰਮਾਤਮਾ ਨੂੰ ਆਪਣੀ ਭੇਟ ਦੇ ਫੁੱਲ ਚੜਾਏ ਸਨ ਤਾਂ ਮੈ ਨਹੀਂ ਸੀ ਸੋਚਿਆ ਕਿ ਉਨ੍ਹਾ ਨੂੰ ਕਬੂਲ ਕਰਨ ਲਈ ਉਹ ਆਪਣਾ ਹੱਥ ਪੱਛਮ ਵੱਲ ਦੀ ਵਧਾਏਗਾ। ..........ਯੂਰੋਪ ਨੇ ਸਨਮਾਨ ਦਾ ਇਹ ਹਾਰ ਮੇਰੇ ਗਲ ਪਾਇਆ ਹੈ। .........ਇਸਦਾ ਅਸਲ ਮੁੱਲ ਉੱਥੋਂ ਦੇ ਸਭਿਅਕ ਲੋਕਾਂ ਦੀ ਸੁੰਦਰਤਾ ਨੂੰ ਮਾਣਨ ਦੀ ਭਾਵਨਾ ਵਿੱਚ ਪਿਆ ਹੈ। ਇਸਦਾ ਸਾਡੇ ਮੁਲਕ ਨਾਲ ਕੁਝ ਲੈਣਾ-ਦੇਣਾ ਨਹੀਂ। ..........ਜੇ ਕਿਸੇ ਕਿਰਤ ਨੂੰ ਨੋਬਲ ਈਨਾਮ ਹਾਸਿਲ ਹੋ ਜਾਂਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਸਦਾ ਸਾਹਿਤਕ ਮੁੱਲ ਵੀ ਵੱਧ ਜਾਵੇ। "ਟੈਗੋਰ ਦੇ ਵਿਰੋਧੀਆਂ ਨੂੰ ਇਹ ਗੱਲਾਂ ਚੁਭੀਆਂ ਤਾਂ ਬਹੁਤ ਸਨ। ਪਰ ਉਹ ਮੌਕੇ ਦੀ ਇੰਤਜ਼ਾਰ ਵਿੱਚ ਚੁੱਪ ਸਨ। ਟੈਗੋਰ ਨੇ ਜਦ ਬੰਗਾਲ ਦੇ ਗਵਰਨਰ ਲਾਰਡ ਕਾਰਿਮਿਸ਼ੇਲ ਹੱਥੋਂ ਗਵਰਨਰ ਹਾਊਸ ਵਿੱਚ ਨੋਬਲ ਤਗਮਾ ਹਾਸਿਲ ਕਰਨ ਦਾ ਫ਼ੈਸਲਾ ਕੀਤਾ ਤਾਂ ਉਸਦੇ ਵਿਰੋਧੀਆਂ ਨੂੰ ਆਪਣੀ ਦੇਸ਼ਭਗਤੀ ਦਿਖਾਉਣ ਦਾ ਚੰਗਾ ਮੌਕਾ ਹਾਸਿਲ ਹੋਇਆ। ਇਸ ਤਰ੍ਹਾਂ ਦੇ ਮੌਕਿਆਂ ਨੂੰ ਭਵਿਖ ਵਿੱਚ ਉਨ੍ਹਾ ਕਦੇ ਹੱਥੋਂ ਜਾਣ ਨਹੀਂ ਦਿੱਤਾ, ਤੇ ਸਾਰੀ ਉਮਰ ਟੈਗੋਰ ਨੂੰ ਇਸਦਾ ਮੁੱਲ ਤਾਰਨਾ ਪਿਆ।

ਨਹਿਰੂ ਨੇ ਆਪਣੀ ਕਿਤਾਬ "ਭਾਰਤ ਇੱਕ ਖੋਜ" ਵਿੱਚ ਗਾਂਧੀ ਅਤੇ ਟੈਗੋਰ ਨੂੰ ਆਧੁਨਿਕ ਭਾਰਤ ਦੇ ਸਭ ਤੋਂ ਮਹਾਨ ਸਪੁੱਤਰ ਕਿਹਾ ਸੀ। ਪਰ ਉਨ੍ਹਾ ਦੋਹਾਂ ਦਾ ਆਪਸੀ ਰਿਸ਼ਤਾ ਕਾਫ਼ੀ ਗੁੰਝਲਦਾਰ ਸੀ। ਗਾਂਧੀ ਜੀ ਦੀ ਸ਼ਿਸ਼ ਮੀਰਾਂ ਨਾਲ ਗੱਲ ਕਰਦੇ ਹੋਏ ਟੈਗੋਰ ਨੇ ਹਾਸੇ ਵਿੱਚ ਕਿਹਾ ਸੀ ਕਿ ਕਾਇਨਾਤ ਤੱਪ ਤੇ ਆਨੰਦ ਦੇ ਦੋ ਤੱਤਾਂ ਨਾਲ ਸਾਜੀ ਗਈ ਹੈ, ਗਾਂਧੀ ਜੀ ਤੱਪ ਦੀ ਮੂਰਤ ਹਨ ਤੇ ਉਹ ਆਨੰਦ ਦੀ। ਗਾਂਧੀ ਜੀ ਜਦੋਂ ਦੱਖਣੀ ਅਫ਼ਰੀਕਾ ਵਿੱਚੋਂ ਆਪਣਾ ਸਕੂਲ ਬੰਦ ਕਰਕੇ ਭਾਰਤ ਆ ਰਹੇ ਸਨ ਤਾਂ ਉਨ੍ਹਾ ਦੇ ਸਕੂਲ "ਫ਼ੀਨਕਸ" ਦੇ ਬੱਚੇ ਟੈਗੋਰ ਦੇ ਆਸ਼ਰਮ ਵਿੱਚ ਭੇਜੇ ਗਏ ਸਨ। ਇਨ੍ਹਾ ੨੦ ਬੱਚਿਆਂ ਵਿੱਚ ਗਾਂਧੀ ਜੀ ਦਾ ਬੇਟਾ ਦੇਵਦਾਸ ਵੀ ਸੀ। ਟੈਗੋਰ ਤੇ ਗਾਂਧੀ ਜੀ ਦੀ ਮੁਲਾਕਾਤ ਉਦੋਂ ਹੀ ਹੋਈ ਸੀ ਜਦੋਂ ਗਾਂਧੀ ਜੀ ਉਨ੍ਹਾ ਬੱਚਿਆਂ ਨੂੰ ਲੈਣ ਵਾਸਤੇ ਆਸ਼ਰਮ ਆਏ ਸਨ। ਐਂਡਰੀਉਜ਼ ਉਨ੍ਹਾ ਦੋਹਾਂ ਦਾ ਸਾਂਝਾ ਦੋਸਤ ਸੀ ਜੋ ਹਮੇਸ਼ਾਂ ਉਨ੍ਹਾ ਦਰਮਿਆਨ ਇੱਕ ਕੜੀ ਦਾ ਕੰਮ ਕਰਦਾ ਰਿਹਾ। ਟੈਗੋਰ ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਦੇ ਹਿਮਾਇਤੀ ਸਨ ਤੇ ਪਿੰਡਾਂ ਅਤੇ ਪਿਛੜੀਆਂ ਜਾਤੀਆਂ ਵਿੱਚ ਕੀਤੇ ਜਾਣ ਵਾਲੇ ਤਮੀਰੀ ਕੰਮ ਦੇ ਵੀ। ਪਰ ਉਨ੍ਹਾ ਕਦੇ ਵੀ ਅੰਗਰੇਜ਼ਾਂ ਨਾਲ ਨਾ-ਮਿਲਵਰਤਣ ਦੇ ਮਤ ਨੂੰ ਕਬੂਲ ਨਾ ਕੀਤਾ। ਨਾ ਹੀ ਉਹ ਗਾਂਧੀ ਜੀ ਵੱਲੋਂ ਚਰਖੇ ਨੂੰ ਦਿੱਤੀ ਅਹਿਮੀਅਤ ਨੂੰ ਹੀ ਸਵੀਕਾਰਦੇ ਸਨ। ਗਾਂਧੀ ਜੀ ਨੇ ਖੁਦ ਉਨ੍ਹਾ ਕੋਲ ਆ ਕੇ ਉਨ੍ਹਾ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕਾਮਯਾਬ ਨਹੀਂ ਸੀ ਹੋਈ। ਇਸ ਲਈ ਟੈਗੋਰ ਨੂੰ ਦੇਸ਼ਭਗਤਾਂ ਦੇ ਗੁੱਸੇ ਦਾ ਫਲ ਚਖਣਾ ਪਿਆ ਸੀ। ਟੈਗੋਰ ਹਮੇਸ਼ਾ ਗਾਂਧੀ ਜੀ ਨੂੰ ਬਾਖਬਰ ਕਰਦੇ ਰਹੇ ਸਨ ਕਿ ਉਹ ਲੋਕਾਂ ਦੇ ਅੰਦਰਲੀ ਸਵਰਾਜ ਦੇ ਮੋਹ ਦੀ ਤਾਕਤ ਨੂੰ ਵਰਤ ਰਹੇ ਹਨ। ਉਨ੍ਹਾ ਦਾ ਕਹਿਣਾ ਸੀ ਕਿ ਸਿਵਲ ਨਾਫ਼ਰਮਾਨੀ ਵੀ ਤਾਕਤ ਦਾ ਇੱਕ ਰੂਪ ਹੈ, ਜਿਸਦੀ ਦੋਹਰੀ ਵਰਤੋਂ ਹੋ ਸਕਦੀ ਹੈ ਤੇ ਜਦੋਂ ਕਾਮਯਾਬੀ ਨੇੜੇ ਹੋਵੇ ਤਾਂ ਇਹ ਤਾਕਤ ਹੋਰ ਵੀ ਖਤਰਨਾਕ ਸਿੱਧ ਹੋ ਸਕਦੀ ਹੈ। ਜਲਿਆਂਵਾਲਾ ਦੀ ਘਟਨਾ ਤੋਂ ਬਾਦ ਗਾਂਧੀ ਜੀ ਨੇ ਉਨ੍ਹਾ ਨਾਲ ਸਹਿਮਤੀ ਪ੍ਰਗਟ ਕੀਤੀ ਸੀ। ਆਪਣੀ ਬੇਬਾਕ ਆਲੋਚਨਾ ਦੇ ਬਾਵਜੂਦ ਵੀ ਦੋਹਾਂ ਦੇ ਰਿਸ਼ਤਿਆਂ ਵਿੱਚ ਕਦੇ ਕੁੜਤਣ ਨਹੀਂ ਸੀ ਆਈ। ਗਾਂਧੀ ਜੀ ਨੇ ਉਨ੍ਹਾ ਨੂੰ ਇੱਕ "ਮਹਾਨ ਸੰਤਰੀ" ਦਾ ਦਰਜਾ ਦਿੱਤਾ ਸੀ ਜੋ ਹਮੇਸ਼ਾ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ।

ਜਲਿਆਂਵਾਲਾ ਦੇ ਸਾਕੇ ਨੇ ਟੈਗੋਰ ਦੇ ਮਨ ਵਿੱਚ "ਰਾਜ" ਦੀ ਛਵੀ ਨੂੰ ਹਮੇਸ਼ਾ ਲਈ ਤਬਦੀਲ ਕਰ ਦਿੱਤਾ ਸੀ। ਪਛਮੀ ਸਭਿਅਤਾ ਬਾਰੇ ਉਸਦੀ ਧਾਰਨਾ ਵਿੱਚ ਤਿੱਖੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੀ, ਜਿਸਦਾ ਸਿਖਰ "ਸਭਿਅਤਾ ਦਾ ਸੰਕਟ" ਨਾਂ ਦੇ ਉਸਦੇ ਭਾਸ਼ਣ ਵਿੱਚ ਪ੍ਰਗਟ ਹੁੰਦਾ ਹੈ ਜੋ ਉਸਨੇ ਆਪਣੇ ਆਖਰੀ ਜਨਮਦਿਨ ਸਮੇਂ ਦਿੱਤਾ ਸੀ। ਮਾਰਸ਼ਲ ਲਾਅ ਅਤੇ ਅਖਬਾਰਾਂ ’ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਹਤਿਆਕਾੰਡ ਦੀਆਂ ਖਬਰਾਂ ਦੇਸ਼ ਅੰਦਰ ਫੈਲ ਗਈਆਂ ਸਨ। ਆਪਣੇ ਸਾਰੇ ਕੰਮ ਛੱਡ ਕੇ ਟੈਗੋਰ ਸ਼ਾਂਤੀ-ਨਿਕੇਤਨ ਤੋਂ ਕਲਕੱਤਾ ਪਹੁੰਚ ਗਏ ਸਨ। ਪਰ ਸਿਆਸੀ ਲੀਡਰ ਉਸ ਵੇਲੇ ਇੰਨਾ ਡਰੇ ਹੋਏ ਸਨ ਕਿ ਪਬਲਿਕ ਜਲਸਾ ਕਰਨ ਦੀ ਉਨ੍ਹਾ ਦੀ ਗੱਲ ਸੁਨਣ ਨੂੰ ਵੀ ਤਿਆਰ ਨਹੀਂ ਸਨ। ਦੁਖੀ ਹਿਰਦੇ ਨਾਲ ਟੈਗੋਰ ਨੇ ਆਪਣੇ ਮਿੱਤਰ ਐਂਡਰਿਉਜ਼ ਨਾਲ ਆਪਣਾ ਦਿਲ ਫ਼ਰੋਲਿਆ। ਇਸ ਮੌਕੇ ’ਤੇ ਉਸਨੂੰ ਲਿਖੇ ਗਏ ਪੰਜ ਖਤ ਦੋ ਦਰਦਮੰਦ ਦਿਲਾਂ ਦੀ ਤਰਜ਼ਮਾਨੀ ਕਰਦੇ ਹਨ। ਐਂਡਰਿਉਜ਼ ਜੋ ਇੱਕ ਪਾਦਰੀ ਸੀ, ਤੇ ਆਪਣੇ ਭਾਰਤੀ ਮਿੱਤਰਾਂ ਵਿੱਚ ਦੀਨਬੰਧੂ ਦੇ ਨਾਂ ਨਾਲ ਮਸ਼ਹੂਰ ਸੀ, ਉਸਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਕਿਵੇਂ "ਈਸਾ ਦੇ ਪੈਰੋਕਾਰ" ਇਸਨੂੰ ਆਪਣੀ ਨੈਤਿਕ ਜਿੱਤ ਸਮਝਣ ਦੀ ਭੁੱਲ ਕਰ ਸਕਦੇ ਸੀ। ਚਾਰ-ਚੁਫ਼ੇਰੇ ਚੁੱਪ ਪਸਰੀ ਸੀ, ਇਕੱਲੇ ਤੁਰਣ ਦੀ ਆਪਣੀ ਹੀ ਵੰਗਾਰ ਕਵੀ ਨੂੰ ਵਾਰ-ਵਾਰ ਲਲਕਾਰ ਰਹੀ ਸੀ। ੨੯ ਮਈ ਦੀ ਰਾਤ ਟੈਗੋਰ ਨੇ ਲਾਰਡ ਚੈਮਸਫ਼ੋਰਡ ਨੂੰ ਇੱਕ ਖਤ ਲਿਖਿਆ:

ਯੋਰ ਐਕਸੀਲੈਂਸੀ, ਪੰਜਾਬ ਵਿੱਚ...........ਸਰਕਾਰ ਨੇ ਜੋ ਜ਼ਾਲਿਮਾਨਾ ਕਦਮ ਚੁੱਕੇ ਹਨ....................ਸਭਿਅਕ ਸਰਕਾਰਾਂ ਦੇ ਇਤਿਹਾਸ ਵਿੱਚ ਇਸਦੀ ਕੋਈ ਮਿਸਾਲ ਨਹੀਂ.............ਸਾਡੇ ਪੰਜਾਬੀ ਭਰਾ ਜਿਸ ਤਰ੍ਹਾਂ ਦੀਆਂ ਬੇਜ਼ਤੀਆਂ ਤੇ ਤਕਲੀਫ਼ਾਂ ਹੰਡਾ ਰਹੇ ਹਨ...........ਘੁਟਵੀਂ ਖਾਮੋਸ਼ੀ ਵਿੱਚੋਂ ਰਿਸ-ਰਿਸ ਕੇ ਉਹ ਟੀਸ ਪੂਰੇ ਭਾਰਤ ਤਾਈਂ ਪਹੁੰਚ ਰਹੀ ਹੈ.........ਸਾਡੇ ਹਿਰਦੇ ਦੀ ਇਸ ਪੀੜ ਨੂੰ ਹਾਕਿਮਾਂ ਨੇ ਉੱਕਾ ਹੀ ਅਣਗੋਲਿਆਂ ਕਰ ਦਿੱਤਾ ਹੈ...........ਪ੍ਰੈਸ ਦੇ ਵੱਡੇ ਹਿੱਸੇ........ਸਾਡੇ ਦੁਖਾਂ ਦਾ ਕਰੂਰਤਾ ਨਾਲ ਮਜ਼ਾਕ ਉਡਾਊਣ ਦੀ ਹਦ ਤਾਈਂ ਗਏ ਹਨ.........ਅਪੀਲ ਦਾ ਕੋਈ ਫ਼ਾਇਦਾ ਨਹੀਂ............ਸਟੇਟਸਮੈਨਸ਼ਿਪ ਵਾਲੀ ਕੋਈ ਦੂਰ-ਦ੍ਰਿਸ਼ਟੀ ਉੱਥੇ ਬਚੀ ਨਹੀਂ..........ਸੋ ਆਪਣੇ ਲੋਕਾਂ ਲਈ ਇੰਨਾ ਤਾਂ ਮੈਂ ਕਰ ਸਕਦਾ ਹਾਂ ਕਿ ਉਨ੍ਹਾ ਲੱਖਾਂ-ਕਰੋੜਾਂ ਦੀ ਜ਼ੁਬਾਨ ਬਣਾ ਜੋ ਡਰ ਤੇ ਗੁੱਸੇ ’ਚ ਹੱਕੇ-ਬੱਕੇ ਹੋਏ ਗੂੰਗੇ ਹੀ ਹੋ ਗਏ ਹਨ.........ਇਸ ਘੋਰ ਬੇਜ਼ਤੀ ਨੂੰ ਦੇਖਦੇ ਹੋਏ ਮੈਂ ਮਹਿਸੂਸ ਕਰਦਾ ਹਾਂ ਕਿ ਮਾਣ-ਸਨਮਾਨ ਦੇ ਇਹ ਡਰਾਮੇ ਇਸ ਘੜੀ ਤੁਹਾਡੀ ਸ਼ਰਮਿੰਦਗੀ ਨੂੰ ਹੋਰ ਤਿੱਖਾ ਹੀ ਕਰਦੇ ਹਨ........ਮੈਂ ਉਨ੍ਹਾ ਦੇ ਨਾਲ ਖੜਾ ਹੋਣਾ ਚਾਹੁੰਦਾ ਹਾਂ ਜਿਨ੍ਹਾ ਦਾ ਮਾਨ-ਸਨਮਾਨ ਸਭ ਖੋਹ ਲਿਆ ਗਿਆ ਹੈ.........................ਇਹੋ ਕਾਰਣ ਨੇ ਜੋ ਮੈਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਨੇ............ਕਿ ਮੈਨੂੰ ਨਾਈਟਹੁਡ ਦੇ ਮੇਰੇ ਇਸ ਖਿਤਾਬ ਤੋਂ ਸੁਰਖੁਰੂ ਕਰ ਦਿੱਤਾ ਜਾਵੇ ਜੋ ਮੈਂ ਆਪ ਜੀ ਦੇ ਪੂਰਵਲੇ ਅਧਿਕਾਰੀ ਹੱਥੋਂ ਹਾਸਿਲ ਕੀਤਾ ਸੀ......................। ਰ, ਜਿਸਦਾ ਕੋਈ ਸਿਰਾ-ਸਾਰ ਨਹੀਂ।

ਹੁਣ ਟੈਗੋਰ ਦੇ ਜੀਵਨ ਦੇ ਕੁਝ ਮਹੀਨੇ ਹੀ ਬਚੇ ਸਨ ਪਰ ਕਵਿਤਾ ਹਾਲੇ ਵੀ ਉਸਦੇ ਅੰਦਰ ਜਵਾਨ ਸੀ। ਨਾਜ਼ੀਆਂ ਦੀਆਂ ਕਹਾਣੀਆਂ ਉਸ ਤਾਈਂ ਪਹੁੰਚ ਦੀਆਂ ਤੇ ਉਹ ਕਵਿਤਾ ਛੁਹਾ ਕੇ ਤ੍ਰਾਸਦੀਆਂ ਨੂੰ ਸੁਫ਼ਨਿਆਂ ਵਿੱਚ ਬਦਲ ਦਿੰਦਾ:"ਪਾਪਾਂ ਮਾਰੇ ਯੁਗ ਦਾ ਅੰਤ ਹੋਏਗਾ, .......ਸਾਦਗੀ ਨਾਲ ਸਰਸ਼ਾਰ ਬੰਦਾ, ਲਾਲਸਾਵਾਂ ਛੰਡ, ਮੁਕਤ ਹੋ ਚਿਤਾ ਦੀ ਰਾਖ ਚੋਂ ਉਠੇਗਾ, ਨਵੇ ਸਿਰਜਨ ਲਈ, ਚਿੰਤਨ ਲਈ। "

ਬੁਖਾਰ ਦੀ ਹਾਲਤ ਵਿੱਚ ਹੀ ੧੫ ਮਈ ਨੂੰ ਟੈਗੋਰ ਨੇ ਭਾਰਤ ਦੀ ਦੁਰਦਸ਼ਾ ਨੂੰ ਬਿਆਨ ਕਰਦਾ ਹੋਇਆ ਇੱਕ ਖਤ ਅਮਰੀਕਾ ਦੇ ਰਾਸ਼ਤਰਪਤੀ ਰੂਜ਼ਵੈਲਟ ਨੂੰ ਲਿਖਿਆ। ਇਹ ਉਹ ਸਮਾ ਸੀ ਜਦੋਂ ਮਿੱਤਰ ਦੇਸ ਦੁਨੀਆ ਨੂੰ ਇਹ ਭਰੋਸਾ ਦੇਣ ਵਿੱਚ ਲੱਗੇ ਹੋਏ ਸਨ ਕਿ ਉਨ੍ਹਾ ਦੀ ਜੰਗ ਜ਼ਮਹੂਰੀਅਤ ਤੇ ਮਨੁੱਖੀ ਆਜ਼ਾਦੀ ਦੀ ਖਾਤਿਰ ਹੈ। ਅਗਸਤ ੧੯੪੦ ਨੂੰ ਆਕਸਫ਼ੋਰਡ ਯੂਨੀਵਰਸਿਟੀ ਨੇ ਸ਼ਾਂਤੀ-ਨਿਕੇਤਨ ਵਿੱਚ ਇੱਕ ਖਾਸ ਕਨਵੋਕੇਸ਼ਨ ਕਰਕੇ ਕਵੀ ਨੂੰ ਡਾਕਟਰੇਟ ਦੀ ਡਿਗਰੀ ਭੇਂਟ ਕੀਤੀ। ਉਸ ਤੋਂ ਤਿੰਨ ਦਿਨ ਬਾਦ ਉਸਨੇ ਰਮਾਇਣ ਦੀ ਸਭਿਆਚਾਰਕ ਮਹੱਤਾ ਉੱਤੇ ਜਨਤਕ ਭਾਸ਼ਣ ਦਿੱਤਾ। ਫ਼ੇਰ ਉਸੇ ਸਾਲ ਬਚਪਨ ਦੀਆਂ ਯਾਦਾਂ ਨਾਲ ਜੁੜੀ "ਛੈਲ-ਬੇਲਾ" ਨਾਂ ਦੀ ਉਸਦੀ ਕਿਤਾਬ ਆਈ। ਇੱਕੋ ਵੇਲੇ ਉਹ ਕਈ ਧਰਾਤਲਾਂ ’ਤੇ ਜਿਉਂ ਰਿਹਾ ਸੀ ਤੇ ਉਹ ਵੀ ਪੂਰੇ ਵੇਗ ਨਾਲ।

ਸਿੱਖਿਆ ਅਤੇ ਅਨੁਵਾਦ

ਸੋਧੋ

1871 ਈ: ਵਿੱਚ ਰਾਬਿੰਦਰ ਨਾਥ ਟੈਗੋਰ ਨੂੰ ਬੰਗਾਲ ਅਕਾਦਮੀ, ਜੋ ਐਂਗਲੋ ਇੰਡੀਅਨ ਸਕੂਲ ਸੀ, ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1874 ਈ: ਵਿੱਚ ਉਨ੍ਹਾਂ ਨੂੰ 'ਸੇਂਟ ਏਸਜ਼ੇਵੀਅਰ ਸਕੂਲ' ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਇਸ ਸਾਲ ਰਾਬਿੰਦਰ ਨਾਥ ਟੈਗੋਰ ਨੇ ਇੱਕ ਨਿੱਜੀ ਅਧਿਆਪਕ ਦੀ ਸਹਾਇਤਾ ਨਾਲ ਮਹਾਨ ਅੰਗਰੇਜ਼ੀ ਨਾਟਕਕਾਰ ਸ਼ੈਕਸਪੀਅਰ ਦੇ ਨਾਟਕ 'ਮੈਕਬੈੱਥ' ਅਤੇ ਮਹਾਂਕਵੀ ਕਾਲੀਦਾਸ ਦੀ ਮਹਾਨ ਰਚਨਾ 'ਕੁਮਾਰਸੰਭਮ' ਦਾ ਅਨੁਵਾਦ ਵੀ ਕੀਤਾ। 'ਅਭਿਲਾਸ਼ਾ' ਉਨ੍ਹਾਂ ਦੀ ਪਹਿਲੀ ਕਵਿਤਾ ਸੀ ਜੋ ਇਸੇ ਸਾਲ ਛਪੀ। ਉਨ੍ਹਾਂ ਦੀ ਇੱਕ ਕਵਿਤਾ 'ਅੰਮ੍ਰਿਤ ਬਾਜ਼ਾਰ ਪਤ੍ਰਿਕਾ' ਵਿੱਚ ਛਪੀ। ਰਾਬਿੰਦਰ ਨਾਥ ਟੈਗੋਰ ਦੀ 1882 ਈ: ਵਿੱਚ ਕਾਵਿ-ਰਚਨਾ 'ਸੰਧਿਆ ਸੰਗੀਤ' ਛਪੀ।[7]

ਰਚਨਾਧਰਮੀ

ਸੋਧੋ

ਬਚਪਨ ਤੋਂ ਹੀ ਉਨ੍ਹਾਂ ਦੀ ਕਵਿਤਾ, ਛੰਦ ਅਤੇ ਭਾਸ਼ਾ ਤੋਂ ਅਨੋਖੀ ਪ੍ਰਤਿਭਾ ਦਾ ਅਹਿਸਾਸ ਲੋਕਾਂ ਨੂੰ ਮਿਲਣ ਲਗਾ ਸੀ। ਉਨ੍ਹਾਂ ਨੇ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ ਅਤੇ 1877 ਵਿੱਚ ਕੇਵਲ ਸੋਲ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਲਘੂਕਥਾ ਪ੍ਰਕਾਸ਼ਿਤ ਹੋਈ ਸੀ। ਭਾਰਤੀ ਸਾਂਸਕ੍ਰਿਤਕ ਚੇਤਨਾ ਵਿੱਚ ਨਵੀਂ ਜਾਨ ਫੂਕਣ ਵਾਲੇ ਯੁਗਦਰਸੀ ਟੈਗੋਰ ਦੇ ਸਿਰਜਣ ਸੰਸਾਰ ਵਿੱਚ ਗੀਤਾਂਜਲੀ, ਪੂਰਬੀ ਪ੍ਰਵਾਹਿਨੀ, ਸ਼ਿਸ਼ੂ ਭੋਲਾਨਾਥ, ਮਹੂਆ, ਵਨਵਾਣੀ, ਪਰਿਸ਼ੇਸ਼, ਪੁਨਸ਼ਚ, ਵੀਥਿਕਾ ਸ਼ੇਸ਼ਲੇਖਾ, ਚੋਖੇਰਬਾਲੀ, ਕਣਿਕਾ, ਨੈਵੇਦਯ ਮਾਯੇਰ ਖੇਲਾ ਅਤੇ ਕਸ਼ਣਿਕਾ ਆਦਿ ਸ਼ਾਮਿਲ ਹਨ। ਦੇਸ਼ ਅਤੇ ਵਿਦੇਸ਼ ਦੇ ਸਾਰੇ ਸਾਹਿਤ, ਦਰਸ਼ਨ, ਸੰਸਕ੍ਰਿਤੀ ਆਦਿ ਉਨ੍ਹਾਂ ਨੇ ਆਪਣੇ ਅੰਦਰ ਸਮੇਟ ਲਏ ਸਨ। ਪਿਤਾ ਦੇ ਬ੍ਰਹਮੋ-ਸਮਾਜੀ ਦੇ ਹੋਣ ਦੇ ਕਾਰਨ ਉਹ ਵੀ ਬ੍ਰਹਮਾ-ਸਮਾਜੀ ਸਨ। ਪਰ ਆਪਣੀਆਂ ਰਚਨਾਵਾਂ ਅਤੇ ਕਰਮ ਦੇ ਦੁਆਰਾ ਉਨ੍ਹਾਂ ਨੇ ਸਨਾਤਨ ਧਰਮ ਨੂੰ ਵੀ ਅੱਗੇ ਵਧਾਇਆ।

ਰਾਬਿੰਦਰ ਨਾਥ ਟੈਗੋਰ ਨੇ 1876 ਈ: ਵਿੱਚ ਇੱਕ ਸੰਗੀਤ-ਨਾਟ 'ਬਾਨੋਫੂਲ' ਦੀ ਰਚਨਾ ਕੀਤੀ। 1877 ਈ: ਵਿੱਚ ਉਨ੍ਹਾਂ ਨੇ 'ਅਲੀਕਬਾਬੂ' ਨਾਟਕ ਵਿੱਚ ਅਦਾਕਾਰੀ ਵੀ ਕੀਤੀ ਤੇ 'ਭਾਨੁਸਿੰਹੇਰ ਪਦਾਵਲੀ', 'ਭਿਖਾਰਿਨੀ' ਤੇ 'ਕਰੁਣਾ' ਆਦਿ ਪੁਸਤਕਾਂ ਦੀ ਰਚਨਾ ਕੀਤੀ। 1879 ਵਿੱਚ ਉਹ ਇੰਗਲੈਂਡ ਗਏ। ਉਨ੍ਹਾਂ ਨੂੰ ਲੰਦਨ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲ ਗਿਆ।
ਰਾਬਿੰਦਰ ਨਾਥ ਟੈਗੋਰ ਨੇ 1880 ਈ: ਵਿੱਚ ਦੇਸ਼ ਪਰਤਣ 'ਤੇ ਗੀਤ-ਨਾਟ 'ਮਾਨ-ਮਈ' ਦੀ ਰਚਨਾ ਕੀਤੀ। ਉਨ੍ਹਾਂ ਨੇ ਵਿਦੇਸ਼ ਵਿਚੋਂ ਪੱਤਰ ਵੀ ਲਿਖੇ ਜੋ ਮਗਰੋਂ 'ਯੂਰਪੀ ਪਰਵਾਸੀ ਪੱਤਰ' ਦੇ ਰੂਪ ਵਿੱਚ ਛਪੇ। 1881 ਈ: ਵਿੱਚ ਉਨ੍ਹਾਂ ਨੇ 'ਵਾਲਮੀਕੀ ਪ੍ਰਤਿਭਾ' ਦੀ ਰਚਨਾ ਕੀਤੀ। ਇਹ ਭਗਵਾਨ ਵਾਲਮੀਕ ਬਾਰੇ ਨਾਟਕ ਹੈ। ਭਗਵਾਨ ਵਾਲਮੀਕ ਨੇ 'ਰਾਮਾਇਣ' ਦੀ ਰਚਨਾ ਕੀਤੀ ਸੀ। ਇਹ ਨਾਟਕ ਠਾਕਰਬਾੜੀ ਵਿੱਚ ਖੇਡਿਆ ਗਿਆ।

ਮਨੁੱਖ ਅਤੇ ਰੱਬ ਦੇ ਵਿੱਚ ਜੋ ਚਿਰਸਥਾਈ ਸੰਪਰਕ ਹੈ, ਉਨ੍ਹਾਂ ਦੀ ਰਚਨਾਵਾਂ ਦੇ ਅੰਦਰ ਉਹ ਵੱਖ-ਵੱਖ ਰੂਪਾਂ ਵਿੱਚ ਉੱਭਰ ਕੇ ਆਉਂਦਾ ਹੈ। ਸਾਹਿਤ ਦੀ ਸ਼ਾਇਦ ਹੀ ਅਜਿਹੀ ਕੋਈ ਸ਼ਾਖਾ ਹੋਵੇ, ਜਿਸ ਵਿੱਚ ਉਨ੍ਹਾਂ ਦੀ ਰਚਨਾ ਨਾ ਹੋਵੇ-ਕਵਿਤਾ, ਗਾਣ, ਕਥਾ, ਨਾਵਲ, ਡਰਾਮਾ, ਪ੍ਰਬੰਧ-ਕਾਵਿ, ਸ਼ਿਲਪਕਲਾ-ਸਾਰੀਆਂ ਵਿਧਾਵਾਂ ਵਿੱਚ ਉਨ੍ਹਾਂ ਨੇ ਰਚਨਾ ਕੀਤੀ। ਉਨ੍ਹਾਂ ਨੇ ਆਪਣੀਆਂ ਕੁੱਝ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਜਿਸ ਦੇ ਬਾਅਦ ਉਨ੍ਹਾਂ ਦੀ ਪ੍ਰਤਿਭਾ ਪੂਰੇ ਸੰਸਾਰ ਵਿੱਚ ਫੈਲੀ।

ਸ਼ਾਂਤੀ ਨਿਕੇਤਨ

ਸੋਧੋ

ਟੈਗੋਰ ਨੂੰ ਬਚਪਨ ਤੋਂ ਹੀ ਕੁਦਰਤ ਦਾ ਨੇੜ ਬਹੁਤ ਭਾਉਂਦਾ ਸੀ। ਉਹ ਹਮੇਸ਼ਾ ਸੋਚਿਆ ਕਰਦੇ ਸਨ ਕਿ ਕੁਦਰਤ ਦੇ ਮਾਹੌਲ ਵਿੱਚ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਸੋਚ ਨੂੰ ਸਾਕਾਰ ਕਰਨ ਲਈ ਉਹ 1901 ਵਿੱਚ ਸਿਆਲਦਾ ਛੱਡਕੇ ਆਸ਼ਰਮ ਦੀ ਸਥਾਪਨਾ ਕਰਨ ਲਈ ਸ਼ਾਂਤੀਨਿਕੇਤਨ ਆ ਗਏ। ਕੁਦਰਤ ਦੇ ਸੰਗ ਰੁੱਖਾਂ, ਬਗੀਚਿਆਂ ਅਤੇ ਇੱਕ ਲਾਇਬਰੇਰੀ ਦੇ ਨਾਲ ਟੈਗੋਰ ਨੇ ਸ਼ਾਂਤੀਨਿਕੇਤਨ ਦੀ ਸਥਾਪਨਾ ਕੀਤੀ।ਸ਼ਾਂਤੀ ਨਿਕੇਤਨ ਦੀ ਸਥਾਪਨਾਂ ਤੋਂ ਬਾਦ ਰਬਿੰਦਰ ਨਾਥ ਦਾ ਨਿਜੀ ਜੀਵਨ ਅਚਾਨਕ ਦੁੱਖਾਂ ਵਿੱਚ ਘਿਰ ਗਿਆ ਸੀ। ਇੰਜ ਜਾਪਦਾ ਜੀਵਨ ਜਿਵੇਂ ਰਬਿੰਦਰ ਨਾਥ ਦੀ ਪ੍ਰੀਖਿਆ ਲੈ ਰਿਹਾ ਹੋਵੇ। ਇਹ ਉਹ ਸਮਾਂ ਸੀ ਜਦੋਂ ਮੌਤ ਬੜੀ ਬੇਰਹਿਮੀ ਨਾਲ ਉਨ੍ਹਾਂ ਦੇ ਪਿਆਰਿਆਂ ਨੂੰ ਇੱਕ-ਇੱਕ ਕਰਕੇ ਉਨ੍ਹਾਂ ਤੋਂ ਖੋਹ ਰਹੀ ਸੀ ਤੇ ਉਨ੍ਹਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਸੀ ਮਿਲ ਰਿਹਾ। ਸ਼ਾਂਤੀ ਨਿਕੇਤਨ ਦੀ ਸਥਾਪਨਾ ਨੂੰ ਹਾਲੇ ਥੋੜਾ ਹੀ ਸਮਾਂ ਹੋਇਆ ਸੀ, ਜਦੋਂ ਅਚਾਨਕ ਉਨ੍ਹਾਂ ਦੀ ਪਤਨੀ ਮ੍ਰਿਣਾਲਨੀ ਦੇਵੀ ਸਖਤ ਬੀਮਾਰ ਪੈ ਗਈ। ਟੈਗੋਰ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ; ਆਸ਼ਰਮ ਦੀ ਲੋਅ ਨੂੰ ਉੱਚਾ ਰੱਖਣ ਲਈ ਉਨ੍ਹਾਂ ਨੂੰ ਜੀ-ਤੋੜ ਕੰਮ ਕਰਨਾ ਪੈ ਰਿਹਾ ਸੀ, ਤੇ ਦੂਜੇ ਪਾਸੇ ਮ੍ਰਿਣਾਲਨੀ ਦੀ ਤਬੀਅਤ ਲਗਾਤਾਰ ਬਿਗੜਦੀ ਹੀ ਜਾ ਰਹੀ ਸੀ। ਅਖੀਰ 28 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਮ੍ਰਿਣਾਲਨੀ ਨੇ ਲੰਬੀ ਬੀਮਾਰੀ ਤੋਂ ਬਾਦ 23 ਨਵੰਬਰ ਵਾਲੇ ਦਿਨ ਦੁਨੀਆਂ ਨੂੰ ਆਖਰੀ ਵਾਰ ਤੱਕਿਆ, ਅੰਤਿਮ ਸਾਹ ਭਰੀ ਤੇ ਅੱਖਾਂ ਮੂੰਦ ਲਈਆਂ। ਇਹ ਘੜੀ ਟੈਗੋਰ ਲਈ ਵੇਦਨਾ ਤੇ ਪੀੜ ਦਾ ਸਿਖਰ ਸੀ, ਉਹ ਤੜਫ ਰਹੇ ਸਨ ਪਰ ਨਾਲ ਹੀ ਨਾਲ ਜੀਵਨ ਦੇ ਗੁੱਝੇ ਭੇਦ ਇਹ ਵੇਦਨਾ ਉਨ੍ਹਾਂ ਅੰਦਰ ਖੋਲ ਰਹੀ ਸੀ: ਉਨ੍ਹਾਂ ਉਸ ਅਨਸ਼ਵਰ-ਸ਼ਕਤੀ ਨੂੰ ਸੰਬੋਧਤ ਹੋ ਕੇ ਕਿਹਾ: ' ਮੈਂ ਤੇਰਾ ਮਰਮ ਜਾਣ ਗਿਆ ਹਾਂਂ, ਤੂੰ ਮੈਨੂੰ ਅਪਣਾਉਣ ਦੀ ਖਾਤਿਰ ਠੁਕਰਾਉਂਦਾ ਹੈਂ- - । ਵੈਦਿਕ ਪਾਤਰ ਹਰੀਸ਼ਚੰਦਰ ਵਾਂਗ ਟੈਗੋਰ ਵੀ ਵੇਦਨਾ ਦੀ ਅੱਗ ਵਿੱਚੋਂ ਲੰਘ ਰਹੇ ਸਨ।

ਸੰਪਾਦਕ

ਸੋਧੋ

ਰਾਬਿੰਦਰ ਨਾਥ ਟੈਗੋਰ ਦੀ ਸਾਹਿਤਕ ਰਚਨਾ ਨਿਰੰਤਰ ਚਲਦੀ ਰਹੀ। ਉਨ੍ਹਾਂ ਨੇ 1890 ਵਿੱਚ 'ਬਿਸਰਜਨ' ਗੀਤ ਨਾਟ ਦੀ ਰਚਨਾ ਕੀਤੀ ਅਤੇ ਇਸ ਨੂੰ ਰੰਗ-ਮੰਚ 'ਤੇ ਵੀ ਪੇਸ਼ ਕੀਤਾ। 1892 ਵਿੱਚ ਉਨ੍ਹਾਂ ਦੀ ਰਚਨਾ 'ਚਿਤਰਾਂਗਦਾ' ਪ੍ਰਕਾਸ਼ਿਤ ਹੋਈ। 1894 ਵਿੱਚ 'ਸੋਨਾਰ ਤਰੀ' ਛਪੀ। ਉਹ 'ਸਾਧਨਾ' ਪੱਤ੍ਰਿਕਾ ਦੇ ਸੰਪਾਦਕ ਵੀ ਬਣੇ। 1896 ਵਿੱਚ 'ਚਿਤਰਾ' ਕਾਵਿ ਸੰਗ੍ਰਹਿ ਛਪਿਆ।

ਗੀਤਾਂਜਲੀ

ਸੋਧੋ

ਰਾਬਿੰਦਰ ਨਾਥ ਟੈਗੋਰ 1898 ਈ: ਵਿੱਚ 'ਭਾਰਤੀ' ਮੈਗਜ਼ੀਨ ਦੇ ਸੰਪਾਦਕ ਬਣੇ। 1901 ਈ: ਵਿੱਚ 'ਬੰਗਦਰਸ਼ਨ' ਪੱਤ੍ਰਿਕਾ ਕਵੀ ਟੈਗੋਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਣੀ ਸ਼ੁਰੂ ਹੋਈ। ਇਸੇ ਸਾਲ ਉਨ੍ਹਾਂ ਦੀਆਂ ਦੋ ਬੇਟੀਆਂ ਦਾ ਵਿਆਹ ਹੋਇਆ। ਟੈਗੋਰ ਦਾ ਸਾਹਿਤਕ ਜੀਵਨ ਅਦੁੱਤੀ ਹੈ। 1912 ਈ: ਵਿੱਚ ਉਨ੍ਹਾਂ ਦੀ ਮਹਾਨ ਰਚਨਾ 'ਗੀਤਾਂਜਲੀ' ਛਪੀ ਜਿਸ ਨੂੰ 1913 ਈ: ਵਿੱਚ 'ਨੋਬਲ ਇਨਾਮ' ਪ੍ਰਾਪਤ ਹੋਇਆ। ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ ਦਿੱਤੀ ਗਈ।

ਟੈਗੋਰ ਤੇ ਜਲ੍ਹਿਆਂਵਾਲਾ ਬਾਗ

ਸੋਧੋ

ਜਲ੍ਹਿਆਂਵਾਲਾ ਦੇ ਸਾਕੇ ਨੇ ਟੈਗੋਰ ਦੇ ਮਨ ਵਿੱਚ "ਰਾਜ" ਦੀ ਛਵੀ ਨੂੰ ਹਮੇਸ਼ਾ ਲਈ ਤਬਦੀਲ ਕਰ ਦਿੱਤਾ ਸੀ। ਪਛਮੀ ਸਭਿਅਤਾ ਬਾਰੇ ਉਸਦੀ ਧਾਰਨਾ ਵਿੱਚ ਤਿੱਖੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੀ, ਜਿਸਦਾ ਸਿਖਰ "ਸਭਿਅਤਾ ਦਾ ਸੰਕਟ" ਨਾਂ ਦੇ ਉਸਦੇ ਭਾਸ਼ਣ ਵਿੱਚ ਪ੍ਰਗਟ ਹੁੰਦਾ ਹੈ ਜੋ ਉਸਨੇ ਆਪਣੇ ਆਖਰੀ ਜਨਮਦਿਨ ਸਮੇਂ ਦਿੱਤਾ ਸੀ। ਮਾਰਸ਼ਲ ਲਾਅ ਅਤੇ ਅਖਬਾਰਾਂ ’ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਹਤਿਆਕਾੰਡ ਦੀਆਂ ਖਬਰਾਂ ਦੇਸ਼ ਅੰਦਰ ਫੈਲ ਗਈਆਂ ਸਨ। ਆਪਣੇ ਸਾਰੇ ਕੰਮ ਛੱਡ ਕੇ ਟੈਗੋਰ ਸ਼ਾਂਤੀ-ਨਿਕੇਤਨ ਤੋਂ ਕਲਕੱਤਾ ਪਹੁੰਚ ਗਏ ਸਨ। ਪਰ ਸਿਆਸੀ ਲੀਡਰ ਉਸ ਵੇਲੇ ਇੰਨਾ ਡਰੇ ਹੋਏ ਸਨ ਕਿ ਪਬਲਿਕ ਜਲਸਾ ਕਰਨ ਦੀ ਉਨ੍ਹਾ ਦੀ ਗੱਲ ਸੁਨਣ ਨੂੰ ਵੀ ਤਿਆਰ ਨਹੀਂ ਸਨ। ਦੁਖੀ ਹਿਰਦੇ ਨਾਲ ਟੈਗੋਰ ਨੇ ਆਪਣੇ ਮਿੱਤਰ ਐਂਡਰਿਉਜ਼ ਨਾਲ ਆਪਣਾ ਦਿਲ ਫ਼ਰੋਲਿਆ। ਇਸ ਮੌਕੇ ’ਤੇ ਉਸਨੂੰ ਲਿਖੇ ਗਏ ਪੰਜ ਖਤ ਦੋ ਦਰਦਮੰਦ ਦਿਲਾਂ ਦੀ ਤਰਜ਼ਮਾਨੀ ਕਰਦੇ ਹਨ। ਐਂਡਰਿਉਜ਼ ਜੋ ਇੱਕ ਪਾਦਰੀ ਸੀ, ਤੇ ਆਪਣੇ ਭਾਰਤੀ ਮਿੱਤਰਾਂ ਵਿੱਚ ਦੀਨਬੰਧੂ ਦੇ ਨਾਂ ਨਾਲ ਮਸ਼ਹੂਰ ਸੀ, ਉਸਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਕਿਵੇਂ "ਈਸਾ ਦੇ ਪੈਰੋਕਾਰ" ਇਸਨੂੰ ਆਪਣੀ ਨੈਤਿਕ ਜਿੱਤ ਸਮਝਣ ਦੀ ਭੁੱਲ ਕਰ ਸਕਦੇ ਸੀ। ਚਾਰ-ਚੁਫ਼ੇਰੇ ਚੁੱਪ ਪਸਰੀ ਸੀ, ਇਕੱਲੇ ਤੁਰਣ ਦੀ ਆਪਣੀ ਹੀ ਵੰਗਾਰ ਕਵੀ ਨੂੰ ਵਾਰ-ਵਾਰ ਲਲਕਾਰ ਰਹੀ ਸੀ। ੨੯ ਮਈ ਦੀ ਰਾਤ ਟੈਗੋਰ ਨੇ ਲਾਰਡ ਚੈਮਸਫ਼ੋਰਡ ਨੂੰ ਇੱਕ ਖਤ ਲਿਖਿਆ।

ਟੈਗੋਰ ਤੇ ਕੌਮੀ ਗੀਤ

ਸੋਧੋ

ਅਕਤੂਬਰ ੧੯੩੭ ਵਿੱਚ ਜਦੋਂ ਟੈਗੋਰ ਗੋਪਤੂ ਨਿਵਾਸ ਵਿੱਚ ਠਹਿਰੇ ਹੋਏ ਸਨ ਤਾਂ ਪੰਡਿਤ ਨਹਿਰੂ ਨਾਲ ਉਨ੍ਹਾ ਦੀ ਮੁਲਾਕਾਤ ਹੋਈ। ਨਹਿਰੂ ਨੇ ਕੌਮੀ ਗੀਤ ਦਾ ਮਾਮਲਾ ਉਨ੍ਹਾ ਨਾਲ ਸਾਂਝਾ ਕੀਤਾ। ਨਹਿਰੂ ਬੰਦੇ-ਮਾਤਰਮ ਨਾਲੋਂ ਜਨ-ਗਣ-ਮਨ ਨੂੰ ਜ਼ਿਆਦਾ ਤਰਜ਼ੀਹ ਦੇ ਰਹੇ ਸੀ, ਉਹ ਇਸ ਬਾਰੇ ਟੈਗੋਰ ਦੀ ਰਾਇ ਜਾਣਨ ਦੇ ਇਛੁਕ ਸਨ। ਪਰ ਟੈਗੋਰ ਲਈ ਇਸ ਵਿਸ਼ੇ ’ਤੇ ਕੁਝ ਵੀ ਕਹਿਣਾ ਮੁਸ਼ਕਿਲ ਸੀ। ਕਿਉਂਕਿ ਜਨ-ਗਣ-ਮਨ ਦੇ ਰਚਣਹਾਰ ਉਹ ਖੁਦ ਸਨ ਤੇ ਦੂਜੇ ਪਾਸੇ ਬੰਦੇ-ਮਾਤਰਮ ਦੀ ਪਹਿਲੀ ਧੁਨ ਵੀ ਉਨ੍ਹਾ ਨੇ ਹੀ ਬਣਾਈ ਸੀ। ਨਹਿਰੂ ਨੇ ਉਸ ਗੀਤ ਬਾਰੇ ਕੁਝ ਮੁਸਲਮਾਨਾਂ ਵੱਲੋਂ ਕੀਤੇ ਜਾ ਰਹੇ ਇਤਰਾਜ਼ਾਂ ਦਾ ਵੀ ਜ਼ਿਕਰ ਕੀਤਾ ਸੀ। ਟੈਗੋਰ ਇਸ ਗੱਲ ’ਤੇ ਸਹਿਮਤ ਸਨ ਕਿ ਕੌਮੀ ਗੀਤ ਸਭ ਦੀ ਮੰਜ਼ੂਰੀ ਨਾਲ ਹੀ ਤਹਿ ਹੋਣਾ ਚਾਹੀਦਾ ਹੈ। ਟੈਗੋਰ ਨੇ ਇਸ ਗੱਲ ’ਤੇ ਖਾਸ ਜ਼ੋਰ ਦਿੰਦੇ ਸਨ ਕਿ ਇਸ ਤਰ੍ਹਾਂ ਦਾ ਪ੍ਰਭਾਵ ਹਰਗਿਜ਼ ਨਹੀਂ ਜਾਣਾ ਚਾਹੀਦਾ ਕਿ ਭਾਰਤ ਕਿਸੇ ਖਾਸ ਫ਼ਿਰਕੇ ਦੇ ਲੋਕਾਂ ਦਾ ਹੈ। ਸੁਭਾਸ਼ ਚੰਦਰ ਬੋਸ ਨੂੰ ਲਿਖੀ ਚਿੱਠੀ ਵਿੱਚ ਟੈਗੋਰ ਨੇ ਇਸ ਵਿਸ਼ੇ ’ਤੇ ਆਪਣੇ ਵਿਚਾਰਾਂ ਦਾ ਸਪਸ਼ਟ ਖੁਲਾਸਾ ਕੀਤਾ ਹੈ। ਉਨ੍ਹਾ ਦਾ ਵਿਚਾਰ ਸੀ ਕਿ ਸਾਹਿਤਕ ਰੂਪ ਵਿੱਚ ਬੰਦੇ-ਮਾਤਰਮ ਇੱਕ ਸ਼ਾਨਦਾਰ ਗੀਤ ਹੈ ਪਰ ਉਸ ਵਿੱਚ ਬਖਾਨੀ ਗਈ ਦੇਵੀ ਸੰਕੇਤਕ ਤੌਰ ’ਤੇ ਦੁਰਗਾ ਦਾ ਹੀ ਰੂਪ ਹੈ, ਜਿਸਨੂੰ ਕਵੀ ਬਾਦ ਵਿੱਚ ਬੰਗਾਲ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਸਾਹਿਤ ਵਿੱਚ ਇਹ ਸਭ ਠੀਕ ਹੈ ਪਰ ਸੰਸਦ ਸਭ ਦੀ ਸਾਂਝੀ ਥਾਂ ਹੈ ਉਸ ਲਈ ਇਹ ਜ਼ਿਆਦਾ ਢੁਕਵਾਂ ਨਹੀਂ। ਕੌਮੀ ਗੀਤ ਤਾਂ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ਉਸ ਧਰਤੀ ਦੇ ਸਾਰੇ ਲੋਕਾਂ ਨੂੰ ਜੋੜਨ ਵਾਲਾ ਹੋਵੇ ਤੇ ਸਭ ਨੂੰ ਦਿਲੋਂ ਕਬੂਲ ਹੋਵੇ। ਲਗਭਗ ੧੦ ਸਾਲ ਬਾਦ ਡਾ. ਰਾਜੇਂਦਰ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਟੈਗੋਰ ਦੇ ਜਨ-ਗਣ-ਮਨ ਨੂੰ ਕੌਮੀ ਗੀਤ ਦੇ ਰੂਪ ਵਿੱਚ ਸਵੀਕਾਰ ਕੀਤਾ।

ਸੰਗੀਤ

ਸੋਧੋ

ਟੈਗੋਰ ਨੇ ਕਰੀਬ 2, 230 ਗੀਤਾਂ ਦੀ ਰਚਨਾ ਕੀਤੀ। ਰਾਬਿੰਦਰ ਸੰਗੀਤ ਬੰਗਲਾ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਟੈਗੋਰ ਦੇ ਸੰਗੀਤ ਨੂੰ ਉਨ੍ਹਾਂ ਦੇ ਸਾਹਿਤ ਵਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਜਿਆਦਾਤਰ ਰਚਨਾਵਾਂ ਤਾਂ ਹੁਣ ਉਨ੍ਹਾਂ ਦੇ ਗੀਤਾਂ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਠੁਮਰੀ ਸ਼ੈਲੀ ਤੋਂ ਪ੍ਰਭਾਵਿਤ ਇਹ ਗੀਤ ਮਾਨਵੀ ਭਾਵਨਾਵਾਂ ਦੇ ਵੱਖ-ਵੱਖ ਰੰਗ ਪੇਸ਼ ਕਰਦੇ ਹਨ। ਵੱਖ-ਵੱਖ ਰਾਗਾਂ ਵਿੱਚ ਗੁਰੁਦੇਵ ਦੇ ਗੀਤ ਇਹ ਆਭਾਸ ਕਰਾਂਦੇ ਹਨ ਜਿਵੇਂ ਉਨ੍ਹਾਂ ਦੀ ਰਚਨਾ ਉਸ ਰਾਗ ਵਿਸ਼ੇਸ਼ ਲਈ ਹੀ ਕੀਤੀ ਗਈ ਸੀ। ਕੁਦਰਤ ਦੇ ਪ੍ਰਤੀ ਗਹਿਰਾ ਲਗਾਉ ਰੱਖਣ ਵਾਲਾ ਇਹ ਕੁਦਰਤ ਪ੍ਰੇਮੀ ਅਜਿਹਾ ਇੱਕਮਾਤਰ ਵਿਅਕਤੀ ਹੈ ਜਿਨ੍ਹੇ ਦੋ ਦੇਸ਼ਾਂ ਲਈ ਰਾਸ਼ਟਰਗਾਨ ਲਿਖਿਆ।

ਪੈਂਟਿੰਗ ਅਤੇ ਸੰਗੀਤ

ਸੋਧੋ

ਉਹਨਾਂ ਨੇ ਪੈਂਟਿੰਗ ਅਤੇ ਸੰਗੀਤ ਵਿੱਚ ਵੀ ਬਹੁਤ ਕੰਮ ਕੀਤਾ।

ਦਰਸ਼ਨ

ਸੋਧੋ

ਗੁਰੁਦੇਵ ਨੇ ਜੀਵਨ ਦੇ ਅੰਤਮ ਦਿਨਾਂ ਵਿੱਚ ਚਿੱਤਰ ਬਣਾਉਣਾ ਸ਼ੁਰੂ ਕੀਤਾ। ਇਸ ਵਿੱਚ ਯੁੱਗ ਦਾ ਸੰਸ਼ਾ, ਮੋਹ, ਕਲਾਂਤੀ ਅਤੇ ਨਿਰਾਸ਼ਾ ਦੀਆਂ ਆਵਾਜਾਂ ਜ਼ਾਹਰ ਹੋਈਆਂ ਹਨ। ਮਨੁੱਖ ਅਤੇ ਰੱਬ ਦੇ ਵਿੱਚ ਜੋ ਚਿਰਸਥਾਈ ਸੰਪਰਕ ਹੈ ਉਨ੍ਹਾਂ ਦੀ ਰਚਨਾਵਾਂ ਵਿੱਚ ਉਹ ਵੱਖ-ਵੱਖ ਰੂਪਾਂ ਵਿੱਚ ਉਭਰਕੇ ਸਾਹਮਣੇ ਆਇਆ। ਟੈਗੋਰ ਅਤੇ ਮਹਾਤਮਾ ਗਾਂਧੀ ਦੇ ਵਿੱਚ ਰਾਸ਼ਟਰੀਅਤਾ ਅਤੇ ਮਨੁੱਖਤਾ ਨੂੰ ਲੈ ਕੇ ਹਮੇਸ਼ਾ ਵਿਚਾਰਕ ਮੱਤਭੇਦ ਰਿਹਾ। ਜਿੱਥੇ ਗਾਂਧੀ ਪਹਿਲੇ ਪਾਏਦਾਨ ਉੱਤੇ ਰਾਸ਼ਟਰਵਾਦ ਨੂੰ ਰੱਖਦੇ ਸਨ, ਉਥੇ ਟੈਗੋਰ ਮਨੁੱਖਤਾ ਨੂੰ ਰਾਸ਼ਟਰਵਾਦ ਤੋਂ ਜਿਆਦਾ ਮਹੱਤਵ ਦਿੰਦੇ ਸਨ। ਲੇਕਿਨ ਦੋਨੋਂ ਇੱਕ ਦੂਜੇ ਦਾ ਬਹੁਤ ਜਿਆਦਾ ਸਨਮਾਨ ਕਰਦੇ ਸਨ। ਟੈਗੋਰ ਨੇ ਗਾਂਧੀ ਜੀ ਨੂੰ ਮਹਾਤਮਾ ਦਾ ਵਿਸ਼ੇਸ਼ਣ ਦਿੱਤਾ ਸੀ। ਇੱਕ ਸਮਾਂ ਸੀ ਜਦੋਂ ਸ਼ਾਂਤੀ ਨਿਕੇਤਨ ਆਰਥਕ ਕਮੀ ਨਾਲ ਜੂਝ ਰਿਹਾ ਸੀ ਅਤੇ ਗੁਰੁਦੇਵ ਦੇਸ਼ ਭਰ ਵਿੱਚ ਨਾਟਕਾਂ ਦਾ ਮੰਚਨ ਕਰਕੇ ਪੈਸਾ ਇਕੱਤਰ ਕਰ ਰਹੇ ਸਨ। ਉਸ ਵਕਤ ਗਾਂਧੀ ਜੀ ਨੇ ਟੈਗੋਰ ਨੂੰ ੬੦ ਹਜਾਰ ਰੁਪਏ ਦੇ ਅਨੁਦਾਨ ਦਾ ਚੈੱਕ ਦਿੱਤਾ ਸੀ।

ਜੀਵਨ ਦੇ ਅਖੀਰ ਸਮਾਂ 7 ਅਗਸਤ 1841 ਦੇ ਕੁੱਝ ਸਮਾਂ ਪਹਿਲਾਂ ਇਲਾਜ ਲਈ ਜਦੋਂ ਉਨ੍ਹਾਂ ਨੂੰ ਸ਼ਾਂਤੀਨਿਕੇਤਨ ਤੋਂ ਕੋਲਕਾਤਾ ਲੈ ਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਨਾਤੀਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਸਾਡੇ ਇੱਥੇ ਨਵਾਂ ਪਾਵਰ ਹਾਊਸ ਬਣ ਰਿਹਾ ਹੈ। ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਂ ਪੁਰਾਣਾ ਆਲੋਕ ਚਲਾ ਜਾਵੇਗਾ ਨਵੇਂ ਦਾ ਆਗਮਨ ਹੋਵੇਗਾ।[8] 7 ਅਗਸਤ, 1941 ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ।

ਸਨਮਾਨ

ਸੋਧੋ
  1. ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਉਨ੍ਹਾਂ ਨੂੰ ਸੰਨ 1913 ਵਿੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ। ਉਹਨਾਂ ਨੂੰ ਅੰਗਰੇਜ ਸਰਕਾਰ ਵੱਲੋਂ ਸਰ ਦੀ ਉਪਾਧੀ ਮਿਲੀ।
  2. ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ
  3. ਰਾਬਿੰਦਰ ਨਾਥ ਟੈਗੋਰਨੂੰ 1915 ਵਿੱਚ ਬਰਤਾਨੀਆ ਦੇ ਸ਼ਹਿਨਸ਼ਾਹ ਦੇ ਜਨਮ ਦਿਨ 'ਸਰ' ਦੀ ਉਪਾਧੀ ਦਿੱਤੀ ਗਈ। 1919 ਈ: ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਪਿੱਛੋਂ ਉਨ੍ਹਾਂ ਨੇ ਸਰ ਦੀ ਉਪਾਧੀ ਮੋੜ ਦਿੱਤੀ।
  4. ਹਾਵਰਡ ਯੂਨੀਵਰਸਿਟੀ ਅਮਰੀਕਾ, ਢਾਕਾ ਯੂਨੀਵਰਸਿਟੀ, ਕਲਕੱਤਾ ਯੂਨੀਵਰਸਿਟੀ ਵਿੱਚ ਭਾਸ਼ਣ ਯਾਦਗਾਰੀ
  5. 1935 ਈ: ਵਿੱਚ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡੀ. ਲਿਟ ਦੀ ਉਪਾਧੀਕ
  6. 1936 ਵਿੱਚ ਢਾਕਾ ਯੂਨੀਵਰਸਿਟੀ ਵੱਲੋਂ ਵੀ ਡੀ. ਲਿਟ ਦੀ ਉਪਾਧੀ
  7. 1940 ਈ: ਵਿੱਚ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਮਾਣਹਿਤ ਡਿਗਰੀ

ਗੀਤਾਂਜਲੀ ਵਿੱਚੋਂ ਇੱਕ ਮੌਲਿਕ ਬੰਗਾਲੀ ਨਮੂਨਾ ਗੁਰਮੁਖੀ ਲਿੱਪੀ ਵਿੱਚ

ਸੋਧੋ

ਚਿੱਤ ਯੇਥਾ ਭਯ਼ਸ਼ੂਨਯ ਉਚ ਯੇਥਾ ਸ਼ਿਰ

ਸੋਧੋ

ਚਿੱਤ ਯੇਥਾ ਭਯ਼ਸ਼ੂਨਯ ਉਚ ਯੇਥਾ ਸ਼ਿਰ, ਗਿਆਨ ਯੇਥਾ ਮੁਕਤ, ਜੇਥਾ ਗ੍ਰਹੇਰ ਪ੍ਰਾਚੀਰ
ਆਪਨ ਪ੍ਰਾਂਗਣਤਲੇ ਗਣਤਲੇ ਦਿਵਸ-ਸ਼ਰ੍ਵਰੀ ਵਸੁਧਾਰੇ ਰਾਖੇ ਨਾਇ ਥਣਡ ਕ੍ਸ਼ੂਦ੍ਰ ਕਰਿ।
ਜੇਥਾ ਵਾਕ੍ਯ ਹ੍ਰਦਯੇਰ ਉਤਸਮੂਖ ਹਤੇ ਉਚਛਸਿਯਾ ਉਠੇ ਜੇਥਾ ਨਿਰ੍ਵਾਰਿਤ ਸ੍ਰੋਤੇ,
ਦੇਸ਼ੇ ਦੇਸ਼ੇ ਦਿਸ਼ੇ ਦਿਸ਼ੇ ਕਰਮਧਾਰਾ ਧਾਯ ਅਜਸ੍ਰ ਸਹਸ੍ਰਵਿਧ ਚਰਿਤਾਰਥਾਯ਼,
ਯੇਥਾ ਤੁਛ ਆਚਾਰੇਰ ਮਰੂ-ਵਾਲੂ-ਰਾਸ਼ਿ ਵਿਚਾਰੇਰ ਸ੍ਰੋਤਪਥ ਫੇਲੇ ਨਾਇ ਗ੍ਰਾਸਿ-
ਪੌਰੁਸ਼ੇਰੇ ਕਰੇਨਿ ਸ਼ਤਧਾ, ਨਿਤਯ ਯੇਥਾ ਤੁਮਿ ਸਰਬ ਕਰਮ-ਚਿੰਤਾ-ਆਨੰਦੇਰ ਨੇਤਾ,
ਨਿਜ ਹਸਤੇ ਨਿਰਦਈ ਆਘਾਤ ਕਰਿ ਪਿਤ:, ਭਾਰਤੇਰੇ ਸੇਇ ਸ੍ਵਰਗੇ ਕਰੋ ਜਾਗ੍ਰਤ॥

ਅਨੁਵਾਦ:
ਜਿੱਥੇ ਚਿੱਤ ਡਰ ਤੋਂ ਖਾਲੀ ਹੋਵੇ
ਜਿੱਥੇ ਅਸੀਂ ਗਰਵ ਨਾਲ਼ ਸਿਰ ਉੱਚਾ ਕਰਕੇ ਚੱਲ ਸਕੀਏ
ਜਿੱਥੇ ਗਿਆਨ ਮੁਕ‍ਤ ਹੋਵੇ
ਜਿੱਥੇ ਦਿਨ ਰਾਤ ਵਿਸ਼ਾਲ ਧਰਤੀ ਨੂੰ ਖੰਡਾਂ ਵਿੱਚ ਵੰਡ ਕੇ
ਨਿੱਕੇ ਨਿੱਕੇ ਟੁਕੜਿਆਂ ਵਿੱਚ ਵੰਡਿਆਂ ਨਾ ਜਾਂਦਾ ਹੋਵੇ
ਜਿੱਥੇ ਹਰ ਵਾਕ‍ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲਦਾ ਹੋਵੇ
ਜਿੱਥੇ ਹਰ ਦਿਸ਼ਾ ਵਿੱਚ ਕਰਮ ਦੀਆਂ ਅਨਗਿਣਤ ਨਦੀਆਂ ਦੇ ਸਰੋਤ ਫੁੱਟਦੇ ਹੋਣ
ਅਤੇ ਨਿਰੰਤਰ ਬੇਰੋਕ ਵਗਦੇ ਹੋਣ
ਜਿੱਥੇ ਵਿਚਾਰਾਂ ਦੀ ਨਦੀ
ਤੁੱਛ ਵਿਹਾਰਾਂ ਦੇ ਨੀਰਸ ਮਾਰੂਥਲ ਵਿਚ ਨਾ ਗਵਾਚ ਜਾਵੇ
ਜਿੱਥੇ ਪੁਰਸ਼ਾਰਥ ਸੌ ਸੌ ਟੁਕੜਿਆਂ ਵਿੱਚ ਵੰਡਿਆ ਹੋਇਆ ਨਾ ਹੋਵੇ
ਜਿੱਥੇ ਸਾਰੇ ਕਰਮ, ਭਾਵਨਾਵਾਂ, ਖ਼ੁਸ਼ੀਆਂ ਦਾ ਮੋਹਰੀ ਤੂੰ ਹੋਵੇਂ
ਓ ਮੇਰੇ ਪਿਤਾ (ਪ੍ਰਭੂ) , ਆਪਣੇ ਹੱਥਾਂ ਨਾਲ਼ ਨਿਰਦਈ ਦਾ ਆਘਾਤ ਕਰ
ਐਸੇ ਸੁਤੰਤਰ ਸੁਰਗ ਵਿੱਚ ਇਸ ਭਾਰਤ ਨੂੰ ਜਗਾ ਦੇ

.

ਗੀਤਾਂਜਲੀ:ਟੈਗੋਰ: ਗੀਤ ੧ (ਪੰਜਾਬੀ ਅਨੁਵਾਦ)

ਸੋਧੋ

ਤੂੰ ਮੈਨੂੰ ਅਸੀਮ ਕਰ ਦਿੱਤਾ,
ਜਿਓਂ ਮੌਜ ਤੇਰੀ!
ਇਸ ਕੱਚੇ ਭਾਂਡੇ ਨੂੰ ,
ਤੂੰ ਕੈ ਵਾਰ ਖਾਲੀ ਕੀਤਾ,
ਤੇ ਭਰ ਦਿੱਤਾ ਮੁੜ ਸਜਰੇ ਜੀਵਨ ਨਾਲ ।
ਵਾਦੀਆਂ ਪਹਾੜਾਂ ਥੀਂ ਨਾਲ-ਨਾਲ ਲਈ ਫ਼ਿਰਿਆ ਤੂੰ ,
ਇਸ ਕਾਹਨੀ ਜਹੀ ਬਾਂਸਰੀ ਨੂੰ ,
ਤੇ ਭਰ ਦਿੱਤੀਆਂ ਇਹਦੇ ਸਾਹੀਂ,
ਆਦਿ-ਕੁਆਰੀਆਂ ਤਾਨਾਂ ,
ਅਜਰ ਅਮਰ ਤੇਰੀ ਛੋਹ ਨੇ,
ਅਲੂਏਂ ਜਹੇ ਮੇਰੇ ਦਿਲ ਦੇ,
ਕੜ੍ਹ ਪਾੜ ਛੱਡੇ,
ਤੇ ਝਰ ਝਰ ਪੈਂਦਾ ਹੁਣ ਉਸ ’ਚੋਂ,
ਜੋ ਕਦੇ ਨਾ ਝਰਿਆ,
ਅਕਹਿ, ਅਛੋਹ,
ਤੇਰੀਆਂ ਨੇਹਮਤਾਂ ਦੀ ਝੜੀ,
ਭਰਦੀ ਜਾਂਦੀ ਏ ਮੇਰੀ ਚੂਚੀ ਜਈ ਬੁੱਕ,
ਜੁਗ ਬੀਤੇ ਤੂੰ ਹਾਲੇ ਵੀ ਵਰਦਾਂ,
ਤੇ ਮੈਂ ਹਾਲੇ ਵੀ ਊਣਾ।

ਹਵਾਲੇ

ਸੋਧੋ

ਰਬਿੰਦਰਨਾਥ ਟੈਗੋਰ ‘ਤੇ ਪੰਜਾਬੀ ਵਿੱਚ ਲੇਖ

  1. http://www.nobelprize.org/nobel_prizes/literature/laureates/1913/tagore-bio.html
  2. "ਇੰਡੈਕਸ:ਟੈਗੋਰ ਕਹਾਣੀਆਂ.pdf - ਵਿਕੀਸਰੋਤ" (PDF). pa.wikisource.org. Retrieved 2020-02-04.
  3. "ਪੁਰਾਲੇਖ ਕੀਤੀ ਕਾਪੀ". Archived from the original on 2006-11-01. Retrieved 2014-04-10. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  4. ਚੱਡਾ, ਰਾਜਿੰਦਰ ਸਿੰਘ (ਨਵੰਬਰ 2012). "ਗੁਰੂ ਨਾਨਕ". ਈਟਰਨਲ ਵਾਇਸ – via ਕਲਗ਼ੀਧਰ ਟਰੱਸਟ , ਬੜੂ ਸਾਹਿਬ.{{cite journal}}: CS1 maint: year (link)
  5. ਦੇਵ, ਅਮਿਆ (2014). "ਟੈਗੋਰ ਤੇ ਸਿਖਿਜ਼ਮ". ਮੇਨਸਟਰੀਮ ਵੀਕਲੀ.
  6. "ਸਿਖਿਜ਼ਮ ਇੰਸਪਾਇਰਡ ਟੈਗੋਰ". ਟਾਈਮਜ਼ ਆਫ ਇੰਡੀਆ. September 3, 2004.{{cite journal}}: CS1 maint: year (link)
  7. ਕੁੰਜਾਹੀ, ਸ਼ਾਦ (1944). "ਟੈਗੋਰ ਕਹਾਣੀਆਂ". pa.wikisource.org. ਕਲ ਬੁਕ ਏਜੰਸੀ ਤੋਕ ਬਾਬਾ ਸਾਹਿਬ ਅੰਮ੍ਰਿਤਸਰ.
  8. "ਪੁਰਾਲੇਖ ਕੀਤੀ ਕਾਪੀ". Archived from the original on 2014-05-10. Retrieved 2014-04-10. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)