ਸ਼ਹੀਦ ਊਧਮ ਸਿੰਘ (ਨਾਵਲ)
ਸ਼ਹੀਦ ਊਧਮ ਸਿੰਘ (ਨਾਵਲ) ਪੰਜਾਬੀ ਨਾਵਲਕਾਰ ਕੇਸਰ ਸਿੰਘ ਦਾ ਲਿਖਿਆ ਹੋਇਆ ਨਾਵਲ ਹੈ। ਇਹ ਨਾਵਲ ਪੰਜਾਬੀ ਲੋਕ-ਨਾਇਕ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਖਾਸਕਰ ਅੰਗਰੇਜੀ ਰਾਜ ਨਾਲ ਸੰਘਰਸ਼ ਉੱਪਰ ਆਧਾਰਿਤ ਹੈ। ਇਹ ਜੀਵਨੀਮੂਲਕ ਸ਼ੈਲੀ ਵਾਲਾ ਨਾਵਲ ਹੈ। ਸ਼ਹੀਦ ਊਧਮ ਸਿੰਘ ਨਾਵਲ ਦਾ ਸਮਾਂ ਜੱਲਿਆਂਵਾਲਾ ਬਾਗ ਹੱਤਿਆਕਾਂਡ (1919) ਤੋਂ ਲੈ ਕੇ ਉਸ ਦੇ ਫਾਂਸੀ ਚੜ੍ਹਨ (1940) ਤੱਕ ਦਾ ਹੈ। ਨਾਵਲ ਵਿਚ ਵੀਹਵੀਂ ਸਦੀ ਦਾ ਪਹਿਲਾ ਅੱਧ ਪੂਰੀ ਦੁਨੀਆ, ਖਾਸਕਰ ਭਾਰਤ ਤੇ ਪੰਜਾਬ ਲਈ ਬੜਾ ਰਾਜਨੀਤਕ ਹਲਚਲ ਭਰਿਆ ਸਮਾਂ ਸੀ। ਗ਼ਦਰ ਲਹਿਰ, ਦੇਸ਼ ਦੀ ਆਜ਼ਾਦੀ ਲਈ ਹੋ ਰਹੇ ਸੰਘਰਸ਼, ਕਾਮਿਆਂ ਦੇ ਅੰਦੋਲਨ ਤੇ ਆਜ਼ਾਦੀ ਘੁਲਾਟੀਆਂ ਨੂੰ ਜੇਲਾਂ ਵਿਚ ਸਿੱਟਣ ਜਿਹੀਆਂ ਘਟਨਾਵਾਂ ਨੇ ਪੰਜਾਬ ਨੂੰ ਰਾਜਨੀਤਕ ਪੱਧਰ ’ਤੇ ਕਾਫੀ ਹਲੂਣਿਆ। ਇਸ ਨਾਵਲ ਵਿਚ ਸਮਾਜਿਕ, ਰਾਜਨੀਤਕ ਤੇ ਆਰਥਿਕ ਹਾਲਾਤਾਂ ਦੇ ਨਾਲ-ਨਾਲ ਅੰਮ੍ਰਿਤਸਰ ਸ਼ਹਿਰ ਦਾ ਵਰਨਣ, ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਜੱਲ੍ਹਿਆਵਾਲਾ ਬਾਗ ਦਾ ਸਾਕਾ, ਅਰੂੜ ਸਿੰਘ ਵਲੋਂ ਡਾਇਰ ਨੂੰ ਸਿਰੋਪਾ ਭੇਂਟ ਕਰਨਾ, ਅੰਗਰੇਜਾਂ ਦਾ ਪੰਜਾਬੀ ਤੇ ਭਾਰਤੀ ਲੋਕਾਂ ਉੱਪਰ ਕਰੜਾ ਤਸ਼ੱਦਦ ਆਦਿ ਦੀਆਂ ਘਟਨਾਵਾਂ ਦਾ ਬੜਾ ਵਿਸਥਾਰ ਸਹਿਤ ਵਰਨਣ ਕੀਤਾ ਗਿਆ ਹੈ। ਇਹ ਸਾਰੀਆਂ ਘਟਨਾਵਾਂ ਊਧਮ ਸਿੰਘ ਦੇ ਸੰਵੇਦਨਸ਼ੀਲ ਮਨ ਉੱਪਰ ਅਸਰ ਕਰਦੀਆਂ ਹਨ। ਉਹ ਆਪਣੀ ਉਦਾਸੀ ਤੇ ਗੁੱਸੇ ਦੇ ਭਾਵ ਨੂੰ ਕਿਸੇ ਅੱਗੇ ਜ਼ਾਹਰ ਨਹੀਂ ਕਰਦਾ, ਸਗੋਂ ਅੰਦਰ ਹੀ ਜਜ਼ਬ ਕਰ ਲੈਂਦਾ ਹੈ। ਇਹ ਭਾਵ ਉਸ ਨੂੰ ਸਮੇਂ ਦੇ ਨਾਲ-ਨਾਲ ਇੱਕ ਚੰਗੇ ਦੇਸ਼ਭਗਤ ਦੇ ਰੂਪ ਵਿਚ ਤਬਦੀਲ ਕਰਦੇ ਹਨ।
ਲੇਖਕ | ਕੇਸਰ ਸਿੰਘ |
---|---|
ਮੂਲ ਸਿਰਲੇਖ | ਸ਼ਹੀਦ ਊਧਮ ਸਿੰਘ |
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਸਿੰਘ ਬ੍ਰਦਰਜ਼ |
ਮੀਡੀਆ ਕਿਸਮ | ਪ੍ਰਿੰਟ |
ਨਾਵਲ ਦੀ ਕਹਾਣੀ
ਸੋਧੋਨਾਵਲ ਜੱਲ੍ਹਿਆਵਾਲਾ ਬਾਗ ਵਿੱਚ ਹੋਏ 1919 ਦੇ ਹੱਤਿਆਕਾਂਡ ਦੇ ਪਿਛੋਕੜ ਤੋਂ ਸ਼ੁਰੂ ਹੁੰਦਾ ਹੈ। ਰਾਮ ਨੌਮੀ ਤੋਂ ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਡਾ. ਕਿਚਲੂ ਤੇ ਡਾ. ਸੱਤਿਆਪਾਲ ਨੂੰ ਸੱਦ ਕੇ ਗ੍ਰਿਫਤਾਰ ਕਰ ਲਿਆ। ਲੋਕ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਸ਼ਾਂਤਮਈ ਜਲੂਸ ਲੈ ਕੇ ਕਮਿਸ਼ਨਰ ਦੀ ਕੋਠੀ ਵੱਲ ਤੁਰ ਪਏ। ਪੁਲਿਸ ਨੇ ਸ਼ਾਂਤਮਈ ਜਲੂਸ ਉੱਪਰ ਲਾਠੀਚਾਰਜ ਕੀਤਾ। ਇਸ ਸਮੇਂ ਦੌਰਾਨ ਮਾਰਸ਼ਲ ਲਾਅ ਲੱਗ ਚੁੱਕਿਆ ਸੀ। ਭਾਵ ਕਿਸੇ ਵੀ ਕਿਸਮ ਦੇ ਸਮਾਜਿਕ ਤੇ ਰਾਜਨੀਤਕ ਇਕੱਠ ਉੱਪਰ ਪਾਬੰਦੀ ਸੀ। 13 ਅਪ੍ਰੈਲ 1919 ਦੇ ਦਿਨ ਲੋਕ ਜੱਲ੍ਹਿਆਵਾਲਾ ਬਾਗ ਵਿਚ ਜਮਾਂ ਹੋਏ। ਅੰਗਰੇਜੀ ਅਫਸਰ ਓਡਵਾਇਰ ਦੇ ਹੁਕਮ ਨਾਲ ਜਰਨਲ ਡਾਇਰ ਨੇ ਸ਼ਾਂਤਮਈ ਢੰਗ ਨਾਲ ਹੋ ਰਹੇ ਜਲੂਸ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਨਿਹੱਥੇ ਲੋਕ ਮਾਰ ਦਿੱਤੇ ਤੇ ਅਨੇਕਾਂ ਜ਼ਖਮੀ ਕਰ ਦਿੱਤੇ। ਊਧਮ ਸਿੰਘ ਨੇ ਸਾਰਾ ਹਾਲ ਅੱਖੀਂ ਦੇਖਿਆ। ਇਸ ਭਿਆਨਕ ਦ੍ਰਿਸ਼ ਤੋਂ ਉਸ ਦੇ ਮਨ ਵਿਚ ਅੰਗਰੇਜੀ ਰਾਜ ਲਈ ਨਫਰਤ ਦੀ ਭਾਵਨਾ ਪਲ ਪਈ।
ਅੰਮ੍ਰਿਤਸਰ ਦੇ ਸਰਬਰਾ ਭਾਵ ਜੱਥੇਦਾਰ ਅਰੂੜ ਸਿੰਘ ਵਲੋਂ ਜਰਨਲ ਡਾਇਰ ਨੂੰ ਸਿਰੋਪਾ ਭੇਂਟ ਕਰਨ ’ਤੇ ਲੋਕਾਂ ਵਿਚ ਰੋਸ ਦੀ ਲਹਿਰ ਫੈਲ ਗਈ। ਏਸੇ ਗੁੱਸੇ ਵਿਚ ਜਾਗੋ ਤੇ ਅਸ਼ਰਫ ਨਾਂ ਦੇ ਦੋ ਪਾਤਰਾਂ ਨੇ ਅਰੂੜ ਸਿੰਘ ਦੇ ਘੋੜੇ ਨੂੰ ਗੁਲੇਲਾਂ ਮਾਰੀਆਂ। ਇਸ ਸ਼ਰਾਰਤ ਕਾਰਨ ਉਹ ਪੁਲਿਸ ਦੀ ਨਿਗ੍ਹਾ ਵਿਚ ਆ ਗਏ। ਸੰਤ ਗੁਲਾਬ ਸਿੰਘ ਦੇ ਕਹਿਣ ’ਤੇ ਉਹ ਅੰਮ੍ਰਿਤਸਰ ਛੱਡ ਕੇ ਜਲੰਧਰ ਜਾ ਕੇ ਖਰਾਦੀਏ ਦਾ ਕੰਮ ਕਰਨ ਲੱਗ ਪਏ। ਕੁਝ ਸਮੇਂ ਬਾਅਦ ਕਾਰਖਾਨੇ ਤੋਂ ਹਟ ਕੇ ਬਾਜ਼ਾਰ ਵਿਚ ਮਜਦੂਰੀ ਕਰਨ ਲੱਗ ਪਏ। ਫਰਵਰੀ 1913 ਵਿਚ ਨਨਕਾਣਾ ਸਾਹਿਬ ਦੇ ਮਹੰਤ ਨੇ ਅੰਗਰੇਜਾਂ ਵਲੋਂ ਦਿੱਤੇ ਹਥਿਆਰਾਂ ਤੇ ਸੈਨਿਕਾਂ ਦੀ ਮਦਦ ਨਾਲ ਹਜ਼ਾਰਾਂ ਸਿੱਖ ਮਾਰ ਦਿੱਤੇ। ਅੰਗਰੇਜੀ ਸਾਮਰਾਜ ਨੇ ਇਸ ਨੂੰ ਸਿੱਖਾਂ ਦਾ ਨਿਜੀ ਮਸਲਾ ਕਹਿ ਕੇ ਬਾਕੀ ਪੰਜਾਬੀ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਹੋਲੀ ਦੇ ਤਿਉਹਾਰ ’ਤੇ ਊਧਮ ਸਿੰਘ ਹੋਰੀਂ ਵੱਖ-ਵੱਖ ਧਰਮ ਦੇ ਲੋਕਾਂ ਨੂੰ ਇਕ-ਦੂਜੇ ਉੱਪਰ ਰੰਗ ਪਾ ਆਪਸ ਵਿਚ ਪਿਆਰ ਨਾਲ ਰਹਿਣ ਦੀ ਪ੍ਰੇਰਨਾ ਦੇ ਰਹੇ ਹਨ। ਸਥਾਨਕ ਥਾਣੇਦਾਰ ਨੇ ਉਸ ਨੂੰ ਅਜਿਹਾ ਕਰਦਿਆਂ ਦੇਖ ਗ੍ਰਿਫਤਾਰ ਕਰ ਲਿਆ। ਤਲਾਸ਼ੀ ਲੈਣ ਤੇ ਉਸ ਦੇ ਘਰੋਂ ਪਿਸਤੌਲ ਮਿਲਣ ’ਤੇ ਉਧਮ ਸਿੰਘ ਨੂੰ ਚਾਰ ਸਾਲ ਦੀ ਜੇਲ ਹੋ ਗਈ।
ਜੇਲ ਵਿਚ ਹੀ ਉਸ ਨੂੰ ਭਗਤ ਸਿੰਘ ਦੁਆਰਾ ਅਸੈਂਬਲੀ ਵਿਚ ਬੰਬ ਸਿੱਟਣ ਤੇ ਫਾਂਸੀ ਦਿੱਤੇ ਜਾਣ ਦੀ ਖਬਰ ਦਾ ਪਤਾ ਲੱਗਿਆ। ਊਧਮ ਸਿੰਘ ਕਿਸੇ ਸਾਥੀ ਕੈਦੀ ਦੀ ਮਦਦ ਨਾਲ ਜੇਲ ਵਿਚੋਂ ਭੱਜ ਗਿਆ। ਤਿੰਨ ਸਾਲ ਲੁਕੇ ਰਹਿਣ ਮਗਰੋਂ ਉਹ ਲੰਡਨ ਚਲਾ ਗਿਆ। ਇੱਥੇ ਉਸ ਦਾ ਮੇਲ ਦੇਸ਼ਭਗਤ ਬਾਬ ਕਨੌਲੇ ਨਾਲ ਹੋਇਆ। ਦੂਜੀ ਵੱਡੀ ਜੰਗ ਵਿਚ ਮੁਸਲਿਮ ਲੋਕਾਂ ਵਲੋਂ ਇੰਗਲੈਂਡ ਦੀ ਹਮਾਇਤ ਬਾਰੇ ਜਲਸਾ ਹੋ ਰਿਹਾ ਸੀ। ਇਸ ਜਲਸੇ ਵਿਚ ਹਿੰਦੁਸਤਾਨ ਵਿਚ ਰਹਿ ਚੁੱਕੇ ਗਵਰਨਰ ਲਾਰਡ ਲਮਿੰਗਟਨ, ਲੁਇਨ ਡਾਨ ਤੇ ਮਾਈਕਲ ਵੀ ਸ਼ਾਮਿਲ ਸਨ। ਸਭ ਨੇ ਵਾਰੋ-ਵਾਰੀ ਭਾਸ਼ਣ ਦਿੱਤੇ ਤੇ ਆਪਣੇ ਅਫਸਰਾਂ ਦੀ ਤਾਰੀਫ ਕੀਤੀ। ਉਡਵਾਇਰ ਨੂੰ ਦੇਖ ਉਸ ਦੀਆਂ ਅੱਖਾਂ ਅੱਗੇ ਜੱਲ੍ਹਿਆਵਾਲੇ ਬਾਗ ਦਾ ਸਾਕਾ ਘੁੰਮਣ ਲੱਗ ਪਿਆ। ਊਧਮ ਸਿੰਘ ਬਾਹਰ ਜਾਣ ਵਾਲੇ ਲੋਕਾਂ ਨੂੰ ਧੱਕਦਾ ਹੋਇਆ ਅੱਗੇ ਵਧਿਆ ਤੇ ਨੌਂ ਇੰਚ ਦੇ ਫਾਸਲੇ ਤੋਂ ਉਡਵਾਇਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਅੰਗਰੇਜੀ ਸਰਕਾਰ ਨੇ ਇਸ ਘਟਨਾ ਦੀ ਘੋਰ ਨਿੰਦਿਆ ਕੀਤੀ ਤੇ ਉਡਵਾਇਰ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਜਦੋਂ ਇਹੀ ਗੱਲ ਅਦਾਲਤ ਵਿਚ ਹੋਈ ਤਾਂ ਉਧਮ ਸਿੰਘ ਨੇ ਬੜੀ ਦਲੇਰੀ ਤੇ ਬੇਬਾਕੀ ਨਾਲ ਅਦਾਲਤੀ ਕਾਰਵਾਈ ਨੂੰ ਮਦਾਰੀ ਦਾ ਤਮਾਸ਼ਾ ਕਹਿ ਕੇ ਆਪਣੇ ਕੰਮ ਨੂੰ ਸਹੀ ਮੰਨਿਆ। 31 ਜੁਲਾਈ 1940 ਨੂੰ ਇਸੇ ਜੁਰਮ ਦੇ ਅਦਾਲਤੀ ਫੈਸਲੇ ਮੁਤਾਬਿਕ ਉਸ ਨੂੰ ਫਾਂਸੀ ਦੇ ਦਿੱਤੀ ਗਈ।
ਨਾਵਲ ਦੀ ਆਲੋਚਨਾ
ਸੋਧੋਇਹ ਨਾਵਲ ਕੇਸਰ ਸਿੰਘ ਦੀ ਡੂੰਘੀ ਖੋਜ ਅਤੇ ਸਿਰੜ ਵਿਚੋਂ ਨਿਕਲਿਆ ਹੈ ਜਿਸ ਦਾ ਅੰਦਾਜ਼ਾ ਅਸੀਂ ਉਸ ਦੀ ਇੱਕ ਗੱਲ ਤੋਂ ਲਗਾ ਸਕਦੇ ਹਾਂ। ਕੇਸਰ ਸਿੰਘ ਇਹ ਨਾਵਲ ਲਿਖਣ ਤੋਂ ਪਹਿਲਾਂ ਜੰਗੀ ਕੈਦੀ, ਲਹਿਰ ਵਧਦੀ ਗਈ ਤੇ ਹੀਰੋਸ਼ੀਮਾ ਨਾਵਲ ਸਮੇਤ ਕਈ ਇਤਿਹਾਸਕ ਤੇ ਜੰਗ-ਏ-ਆਜ਼ਾਦੀ ਨਾਲ ਸੰਬੰਧਿਤ ਨਾਵਲ ਲਿਖ ਚੁੱਕਿਆ ਸੀ ਪਰ ਉਸ ਦੀ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਬਾਰੇ ਵੀ ਲਿਖਣ ਵਿਚ ਦਿਲਚਸਪੀ ਸੀ ਪਰ ਇਹ ਉਸ ਵੇਲੇ ਸੰਭਵ ਨਹੀਂ ਸੀ। ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਸਰਕਾਰੀ ਦਸਤਾਵੇਜ਼ ਅਤੇ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਕਾਨੂੰਨੀ ਮੁੱਕਦਮਿਆਂ ਦੇ ਕਾਗਜ਼ ਚਾਹੀਦੇ ਸਨ। ਅਜਿਹਾ ਉਸ ਵੇਲੇ ਸੰਭਵ ਨਹੀਂ ਸੀ ਕਿਉਂਕਿ ਦੇਸ਼ ਅੰਗਰੇਜੀ ਰਾਜ ਦਾ ਗੁਲਾਮ ਸੀ। ਕੇਸਰ ਸਿੰਘ ਨੇ ਕਿਸੇ ਅੰਗਰੇਜ ਅਧਿਕਾਰੀ ਦੀ ਸਿਫਾਰਿਸ਼ ਨਾਲ ਬਾਰ ਐਟ ਲਾਅ ਵਿੱਚ ਦਾਖਿਲਾ ਲੈ ਲਿਆ। ਇੱਥੇ ਉਸ ਨੂੰ ਕਿਸੇ ਵੀ ਕਿਸਮ ਦੇ ਕਾਨੂੰਨੀ ਜਾਂ ਹੋਰ ਦਸਤਾਵੇਜ਼ ਪੜ੍ਹਨ ਦੀ ਖੁੱਲ ਸੀ। ਇੱਥੇ ਹੀ ਕੀਤੇ ਅਧਿਐਨ ਵਿਚੋਂ ਉਸ ਨੇ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਬਾਰੇ ਨਾਵਲ ਲਿਖੇ। ਹਾਲਾਂਕਿ ਇਹ ਨਾਵਲ ਦੀ ਖੋਜ ਲਈ ਉਸ ਨੂੰ ਸੱਤ ਵਰ੍ਹੇ ਲੱਗ ਗਏ।[1]
ਪ੍ਰੋ. ਜਤਿੰਦਰ ਬੀਰ ਨੰਦਾ ਕੇਸਰ ਸਿੰਘ ਦੀ ਸਾਹਿਤਕ ਸਮਰੱਥਾ ਬਾਰੇ ਆਪਣੇ ਲੇਖ ਵਿਚ ਕਹਿੰਦੇ ਹਨ, "ਪੰਜਾਬੀ ਸਾਹਿਤ ਵਿੱਚ ਗ਼ਦਰ ਲਹਿਰ ਨੂੰ ਆਧਾਰ ਬਣਾ ਕੇ ਲਿਖੇ ਗਏ ਨਾਵਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਗਿਆਨੀ ਕੇਸਰ ਸਿੰਘ ਦਾ ਨਾਂ ਹੀ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੇ ਸੰਪੂਰਨ ਰੂਪ ਵਿਚ ਗ਼ਦਰ ਲਹਿਰ ਨੂੰ ਪਹਿਲਾਂ ਅੱਖੀਂ ਦੇਖਿਆ ਤੇ ਫਿਰ ਆਪਣੇ ਨਾਵਲਾਂ ਵਿਚ ਪੇਸ਼ ਕੀਤਾ।"[2] ਕੇਸਰ ਸਿੰਘ ਦੇ ਨਾਵਲਾਂ ਦੀ ਸੂਚੀ ਉੱਪਰ ਜੇਕਰ ਨਿਗਾਹ ਮਾਰੀਏ ਤਾਂ ਸਾਨੂੰ ਦੋ ਤਰ੍ਹਾਂ ਦੇ ਨਾਵਲ ਦਿਖਾਈ ਦਿੰਦੇ ਹਨ। ਪਹਿਲੀ ਉਸ ਕਿਸਮ ਦੇ ਨਾਵਲ ਜੋ ਸਿੱਧੇ-ਸਿੱਧੇ ਗ਼ਦਰੀ ਨਾਇਕਾਂ ਨਾਲ ਸੰਬੰਧਿਤ ਹਨ ਜਿਵੇਂ ਮਦਨ ਲਾਲ ਢੀਂਗਰਾ, ਹਰੀ ਸਿੰਘ ਉਸਮਾਨ, ਕਰਤਾਰ ਸਿੰਘ ਸਰਾਭਾ, ਮੇਵਾ ਸਿੰਘ ਲੋਪੋਕੇ, ਊਧਮ ਸਿੰਘ ਆਦਿ। ਦੂਸਰੀ ਕਿਸਮ ਦੇ ਨਾਵਲ ਉਹ ਹਨ ਜਿਨ੍ਹਾਂ ਦੀ ਕਹਾਣੀ ਤਾਂ ਗ਼ਦਰ ਲਹਿਰ ’ਤੇ ਆਧਾਰਤ ਹੈ ਪਰ ਕਿਸੇ ਵਿਅਕਤੀ-ਵਿਸ਼ੇਸ਼ ਦੇ ਨਾਂ ’ਤੇ ਨਹੀਂ। ਇਹ ਨਾਵਲ ਸਿਰਫ਼ ਲਹਿਰ ਦਾ ਇਤਿਹਾਸ ਬਿਆਨ ਕਰਦੇ ਹਨ। ਜੰਞ ਲਾੜਿਆਂ ਦੀ ਅਤੇ ਵਾਰੇ ਸ਼ਾਹ ਦੀ ਮੌਤ ਜਿਹੇ ਨਾਵਲ ਇਸੇ ਵੰਨਗੀ ਦੇ ਨਾਵਲ ਹਨ।
ਸਹਾਇਕ ਪੁਸਤਕਾਂ
ਸੋਧੋ- ਨੰਦਾ, ਜਤਿੰਦਰਬੀਰ ਸਿੰਘ (ਪ੍ਰੋ.), ਕੇਸਰ ਸਿੰਘ ਦੀ ਨਾਵਲ ਕਲਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਜੂਨ 1986
- ਦੁਸਾਂਝ, ਸੁਰਿੰਦਰ ਸਿੰਘ, ਪੰਜਾਬੀ ਇਤਿਹਾਸਕ ਨਾਵਲ, ਸਿਰਜਣਾ ਪ੍ਰੈੱਸ ਲੁਧਿਆਣਾ, ਦਿਸੰਬਰ 1962
- ਕੇਸਰ, ਜਸਬੀਰ, ਨਾਵਲਕਾਰ ਕੇਸਰ ਸਿੰਘ ਦਾ ਜੁਝਾਰ, ਆਕੀ ਪ੍ਰਕਾਸ਼ਨ ਚੰਡੀਗੜ੍ਹ, 1988
ਹਵਾਲੇ
ਸੋਧੋ- ↑ Service, Tribune News. "ਪਾਟੇ ਪੰਨਿਆਂ ਦੀ ਅਧੂਰੀ ਇਬਾਰਤ". Tribuneindia News Service. Archived from the original on 2021-08-14. Retrieved 2021-08-18.
- ↑ Service, Tribune News. "ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ". Tribuneindia News Service. Retrieved 2021-08-18.