ਲੋਕਧਾਰਾ ਪਰੰਪਰਾ ਤੇ ਆਧੁਨਿਕਤਾ

ਲੋਕਧਾਰਾ ਪਰੰਪਰਾ ਤੇ ਆਧੁਨਿਕਤਾ
ਲੇਖਕਡਾ. ਗੁਰਮੀਤ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ ਅਧਿਐਨ, ਵਿਸ਼ਵੀਕਰਨ
ਪ੍ਰਕਾਸ਼ਨ2006
ਪ੍ਰਕਾਸ਼ਕਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਮੀਡੀਆ ਕਿਸਮਪ੍ਰਿੰਟ
ਸਫ਼ੇ160

ਸਿਰਲੇਖਿਤ ਇਸ ਕਿਤਾਬ ਦਾ ਲੇਖਕ ਡਾ. ਗੁਰਮੀਤ ਸਿੰਘ ਹੈ, ਇਸ ਵਿਚ ਉਨ੍ਹਾਂ ਨੇ ਲੋਕਧਾਰਾ ਅਤੇ ਉਸ ਨਾਲ ਸੰਬੰਧਿਤ ਸਮੱਗਰੀ ਅਤੇ ਹੋਰ ਪੱਖਾਂ ਬਾਰੇ ਚਰਚਾ ਕੀਤੀ ਹੈ। ਕਿਤਾਬ ਕ੍ਰਮਵਾਰ ਇਨ੍ਹਾਂ ਅਲਗ ਅਲਗ ਅਧਿਆਵਾਂ ਵਿਚ ਵੰਡੀ ਹੋਈ ਹੈ।

  • ਦੋ ਸ਼ਬਦ
  • ਲੋਕਧਾਰਾ ਦੀ ਪ੍ਰਕਿਰਤੀ
  • ਲੋਕਧਾਰਾ ਅਧਿਐਨ ਵਿਚ ਪ੍ਰਸੰਗ ਦਾ ਮਹੱਤਵ
  • ਲੋਕਧਾਰਾ ਅਤੇ ਮਲਟੀਮੀਡੀਆ
  • ਟੋਟਮ : ਸਮਾਜ ਸਭਿਆਚਾਰਕ ਪਰਿਪੇਖ
  • ਵਿਸ਼ਵੀਕਰਨ ਪ੍ਰਾਪੇਗੰਡਾ ਅਤੇ ਪੰਜਾਬੀ ਲੋਕਧਾਰਾ
  • ਰਸਮਾਂ ਰੀਤਾਂ
  • ਡਰਾਈਵਰਾਂ ਦੀ ਲੋਕਧਾਰਾ ਦਾ ਅਧਿਐਨ
  • ਹਾਸੇ ਦੀ ਰਾਜਨੀਤੀ
  • ਲੋਹੜੀ ਦੀ ਲੋਕਧਾਰਾ ਦਾ ਅਧਿਐਨ
  • ਸੁਰਜੀਤ ਪਾਤਰ ਰਚਿਤ 'ਵਹਿੰਗੀ': ਮਿਥ ਦਾ ਰੂਪਾਂਤਰਣ
  • ਨਾਦ-ਬਿੰਦ ਨਾਵਲ ਦਾ ਲੋਕਧਾਰਾਈ ਅਧਿਐਨ
  • ਖੋਜ ਯੋਜਨਾ ਅਤੇ ਖੇਤਰੀ ਵਿਧੀਆਂ
  • ਪੰਜਾਬੀ ਲੋਕਧਾਰਾ ਸੰਬੰਧੀ ਪ੍ਰਾਪਤ ਖੋਜ ਦਾ ਸਰਵੇਖਣ
  • ਸਹਾਇਕ ਪੁਸਤਕ ਸੂਚੀ

ਪੁਸਤਕ ਦੇ ਆਰੰਭ ਵਿਚ ਦੋ ਸ਼ਬਦ ਵਜੋਂ ਪੁਸਤਕ ਬਾਰੇ ਚਰਚਾ ਕਰਦੇ ਹੋਏ ਪਰਮਜੀਤ ਸਿੰਘ ਸਿੱਧੂ(ਪ੍ਰੋ, ਪੰਜਾਬੀ ਅਧਿਐਨ ਸਕੂਲ, GNDU ਅੰਮ੍ਰਿਤਸਰ) ਪਹਿਲਾਂ ਲੋਕਧਾਰਾ ਨੂੰ ਭਾਸ਼ਾ ਦੇ ਸਮਾਨ ਇੱਕ ਸੰਚਾਰ ਪ੍ਰਬੰਧ ਵਜੋਂ ਕਬੂਲਦੇ ਹਨ। ਉਨ੍ਹਾਂ ਅਨੁਸਾਰ ਪੁਸਤਕ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਲੇਖਕ ਇਸ ਅਧਿਐਨ ਖੇਤਰ ਦੀ ਪ੍ਰਕਿਰਤੀ ਤੇ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਵੱਲ ਰੁਚਿਤ ਹੈ। ਲੇਖਕ ਇੱਕ ਤਾਂ ਲੋਕਧਾਰਾ ਨੂੰ ਪੁਨਰ ਪਰਿਭਾਸ਼ਿਤ ਕਰਦਾ ਇਸਦੇ ਵਿਭਿੰਨ ਪ੍ਰਸੰਗਾਂ ਦੀ ਮਹੱਤਤਾ ਬਾਰੇ ਗੱਲ ਕਰਦਾ ਹੈ ਤਾਂ ਨਾਲ ਹੀ ਲੋਕਧਾਰਾ ਦੀ ਅਧਿਐਨ ਵਿਧੀ ਨੂੰ ਵੀ ਸਪਸ਼ਟ ਕਰਦਾ ਹੈ। ਇੰਨ੍ਹਾਂ ਦੇ ਨਾਲ ਨਾਲ ਪੰਜਾਬੀ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਜਿਵੇਂ ਕਿ ਟੋਟਮ, ਰਸਮਾਂ ਰੀਤਾਂ, ਹਾਸ ਵਿਅੰਗ, ਤਿਉਹਾਰ ਆਦਿ ਦੇ ਨਾਲ ਸਾਹਿਤਕ ਰਚਨਾਵਾਂ ਨਾਦ ਬਿੰਦ ਅਤੇ ਵਹਿੰਗੀ ਵਿਚ ਲੋਕਧਾਰਾਈ ਸਮੱਗਰੀ ਦੇ ਵਰਣਨ ਨੂੰ ਮਹੱਤਵਪੂਰਨ ਸਰੋਕਾਰ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਲੋਕਧਾਰਾ ਦੇ ਵਰਤਮਾਨ ਪਰਿਪੇਖ ਨੂੰ ਉਜਾਗਰ ਕਰਨ ਲਈ ਮਲਟੀਮੀਡੀਆ ਅਤੇ ਵਿਸ਼ਵੀਕਰਨ ਵਿਚ ਲੋਕਧਾਰਾ ਤੇ ਮਹੱਤਵ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।

ਲੋਕਧਾਰਾ ਦੀ ਪ੍ਰਕਿਰਤੀ

ਸੋਧੋ

ਇਸ ਅਧਿਆਇ ਵਿਚ ਡਾ. ਗੁਰਮੀਤ ਸਿੰਘ ਨੇ 'Folklore' ਦੇ ਕੋਸ਼ਗਤ ਅਰਥ ਪ੍ਰਗਟ ਕਰਦਿਆਂ ਪੰਜਾਬੀ ਵਿਚ ਫੋਕਲੋਰ ਲਈ ਵਰਤੇ ਜਾਂਦੇ ਸ਼ਬਦ ਲੋਕਧਾਰਾ, ਲੋਕਯਾਨ, ਲੋਕ ਵੇਦ, ਲੋਕ ਪ੍ਰਵਾਹ, ਲੋਕ ਵਿਰਸਾ ਆਦਿ ਬਾਰੇ ਵਿਚਾਰ ਪ੍ਰਸਤੁਤ ਕਰਦਿਆਂ ਲੋਕਧਾਰਾ ਸ਼ਬਦ ਨੂੰ ਤਰਜੀਹ ਦਿੱਤੀ ਹੈ। ਇਸ ਤਰਜੀਹ ਪਿੱਛੇ ਉਹ ਪੰਜਾਬੀ ਲੋਕਧਾਰਾ ਦੇ ਖੇਤਰ ਦੇ ਹੋਰ ਵਿਦਵਾਨਾਂ:-ਡਾ. ਨਾਹਰ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਭੁਪਿੰਦਰ ਸਿੰਘ ਖਹਿਰਾ, ਡਾ. ਕਰਨਜੀਤ ਸਿੰਘ ਆਦਿ ਲੋਕਧਾਰਾ ਸ਼ਾਸ਼ਤਰੀਆਂ ਦੁਆਰਾ ਲੋਕਧਾਰਾ ਸ਼ਬਦ ਨੂੰ ਪ੍ਰਯੋਗ ਕਰਨ ਦਾ ਹਵਾਲਾ ਦਿੰਦੇ ਹਨ। ਉਨ੍ਹਾਂ ਨੇ ਡਾਰਸਨ ਦੀ ਕਿਤਾਬ ਫੋਕਲੋਰ ਐਂਡ ਫੋਕਲਾਈਫ਼ ਆਦਿ ਦੇ ਉਲੇਖ ਕਰਕੇ ਦੱਸਿਆ ਹੈ ਕਿ ਅਮਰੀਕੀ ਲੋਕਧਾਰਾ ਸ਼ਾਸ਼ਤਰੀ ਲੋਕਧਾਰਾ ਦੀ ਥਾਂ ਲੋਕ-ਜੀਵਨ(Folklife) ਸ਼ਬਦ ਨੂੰ ਵਰਤਦੇ ਹਨ। ਦੂਜੇ ਪਾਸੇ ਭਾਰਤੀ ਲੋਕਧਾਰਾ ਸ਼ਾਸ਼ਤਰੀ ਗੁਰ ਰਾਉ ਬਾਪਤ ਪਾਪੂਲਰ ਕਲਚਰ ਨੂੰ ਲੋਕਧਾਰਾ ਦੇ ਅਧਿਐਨ ਵਿਚ ਸ਼ਾਮਿਲ ਕਰਨ ਦੀ ਮੰਗ ਨੂੰ ਛੇੜਦਾ ਹੈ। 1990 ਤੋਂ ਬਾਅਦ ਆਈ ਖ਼ਪਤ ਸਭਿਆਚਾਰ ਨਾਲ ਸੰਬੰਧਿਤ ਲੋਕਧਾਰਾ ਅਤੇ ਸੂਚਨਾ ਤਕਨਾਲੋਜੀ ਵਿਚ ਆਏ ਇਨਕਲਾਬ ਜਿਸਨੂੰ ਕਿ ਡਾ. ਸਤਿੰਦਰ ਸਿੰਘ ਨੂਰ ਬੋਰਦੀਲਾਰਦ ਦੇ ਹਵਾਲੇ ਨਾਲ ਹਾਈਪਰ ਟੈਕਸਟ ਦਾ ਨਾਮ ਦਿੰਦਾ ਹੈ। ਇਸ ਬਾਰੇ ਲੇਖਕ ਨੇ ਲੋਕਧਾਰਾ ਅਤੇ ਮਲਟੀਮੀਡੀਆ ਵਾਲੇ ਅਧਿਆਇ ਵਿਚ ਵਿਸਤ੍ਰਿਤ ਚਰਚਾ ਕੀਤੀ ਹੈ। ਲੇਖਕ ਲੋਕਧਾਰਾ ਨੂੰ 'ਲੋਕ' ਦੀ ਸਿਰਜਣਾ ਵਜੋਂ ਸਵਿਕਾਰਦਾ ਹੈ। ਇਸਦੀ ਪਛਾਣ ਕਰਨ ਬਾਰੇ ਲੇਖਕ ਲਿਖਦਾ ਹੈ ਕਿ ਪਹਿਲਾਂ ਤੋਂ ਚੱਲੀ ਆ ਰਹੀ ਪਰੰਪਰਾਗਤ ਲੋਕਧਾਰਾ ਨੂੰ ਤਾਂ ਲੋਕਧਾਰਾ ਸ਼ਾਸ਼ਤਰੀ ਅਸਾਨੀ ਨਾਲ ਪਛਾਣ ਲੈਂਦੇ ਹਨ। ਪਰ ਉਨ੍ਹੀਵੀਂ ਸਦੀ ਦੇ ਦੂਜੇ ਅੱਧ ਤੋਂ ਸਥਿਤੀ ਵਿਚ ਬਦਲਾਵ ਆਇਆ ਹੈ। ਵਿਭਿੰਨ ਚਿੰਤਕਾਂ ਅਤੇ ਉਦਯੋਗਿਕ, ਰਾਜਨੀਤਕ ਕ੍ਰਾਂਤੀ, ਵਿਗਿਆਨਿਕ ਖੋਜਾਂ ਨੇ ਇੱਕ ਨਵੀਂ ਚੇਤਨਾ ਦਾ ਸੰਚਾਰ ਕੀਤਾ ਹੈ। ਇਨ੍ਹਾਂ ਸਭ ਵਿਚ ਹੀ ਲੋਕਧਾਰਾ ਦੇ ਸੰਭਾਲਣ ਦੀ ਰੂਚੀ ਆਰੰਭ ਹੋਈ। ਐਥੇਨੀਅਮ ਮੈਗ਼ਜ਼ੀਨ ਵਿਚ ਛਪੇ ਥਾਮਸ ਦੇ ਲੇਖ ਜਿਸਨੇ ਕਿ ਫੋਕਲੋਰ ਸ਼ਬਦ ਇਜ਼ਾਦ ਕੀਤਾ ਦੇ ਹਵਾਲੇ ਨਾਲ ਲੇਖਕ ਫੋਕਲੋਰ ਸ਼ਬਦ ਦੀ ਉੱਤਪਤੀ ਬਾਰੇ ਵਿਚਾਰ ਪੇਸ਼ ਕਰਦਾ ਲੋਕਧਾਰਾ ਬਾਰੇ ਥਾਮਸ, ਆਰਚਰ ਟੇਲਰ, ਕ੍ਰਪੇ, ਸੰਕਰਸੇਨ ਗੁਪਤਾ, ਐਂਡਰੀਉ ਲੈਂਗ ਅਤੇ ਲੈਵੀ ਸਤ੍ਰਾਸ ਆਦਿ ਹੋਰਨਾਂ ਵਿਦਵਾਨਾਂ ਦੇ ਵਿਚਾਰ ਵੀ ਪੇਸ਼ ਕਰਦਾ ਹੈ। ਇਨ੍ਹਾਂ ਤੋਂ ਬਿਨਾ ਐਲਨ ਡੰਡੀਸ ਅਤੇ ਰਿਚਰਡ ਡਾਰਸਨ ਦੁਆਰਾ ਦਿੱਤੀ ਗਈ 'ਲੋਕ' ਸ਼ਬਦ ਦੀ ਮਨੋਵਿਗਿਆਨਕ ਪਰਿਭਾਸ਼ਾ ਦਾ ਜ਼ਿਕਰ ਕਰਦਾ ਹੈ ਜਿਸ ਵਿਚ ਡਾਰਸਨ ਚਾਰਲਸ ਕੇਲ ਦੇ ਲੋਕ ਸੰਕਲਪ ਉੱਤੇ ਸਵਾਲ ਖੜੇ ਕਰਦਿਆਂ ਹਰੇਕ ਵਿਅਕਤੀ ਨੂੰ ਲੋਕ ਕਹਿੰਦਾ ਹੈ। ਉਸ ਅਨੁਸਾਰ ਵਿਕਸਿਤ ਮਨੁੱਖ ਦੇ ਅਵਚੇਤਨ ਵਿਚ ਪੁਰਾਣਾ ਮਨੁੱਖ ਬੈਠਾ ਹੈ, ਜੋ ਕਿ ਕਦੇ ਵੀ ਖ਼ਤਮ ਨਹੀਂ ਹੋ ਸਕਦਾ। ਇਸ ਦੇ ਨਾਲ ਐਲਨ ਡੰਡੀਜ਼ ਦੀ ਲੋਕ ਬਾਰੇ ਪਰਿਭਾਸ਼ਾ ਜਿਸਨੂੰ ਕਿ ਲੇਖਕ ਡਾ. ਗੁਰਮੀਤ ਸਿੰਘ ਸਭ ਤੋਂ ਵੱਧ ਵਿਧੀਵਤ ਤੇ ਵਿਗਿਆਨਕ ਮੰਨਦਾ ਹੈ, ਵਿਚ ਡੰਡੀਜ਼ ਲਿਖਦਾ ਹੈ ਕਿ, "ਲੋਕ ਅਜਿਹਾ ਲੋਕ ਸਮੂਹ ਹੈ ਜੋ ਕਿ ਭਾਸ਼ਾ, ਇਲਾਕੇ, ਧਰਮ, ਕਿੱਤੇ ਆਦਿ ਕਰਕੇ ਆਪਸ ਨਿਚ ਜੁੜਿਆ ਸਾਂਝੀਆਂ ਪਰੰਪਰਾਵਾਂ ਦਾ ਸਿਰਜਕ ਅਤੇ ਵਰਤੋਂਕਰਤਾ ਹੁੰਦਾ ਹੈ। ਇਹ ਸਮੂਹ ਦੋ ਜਾਂ ਦੋ ਤੋਂ ਵੱਧ ਬੰਦਿਆਂ ਦਾ ਹੁੰਦਾ ਹੈ। ਇਸ ਪਰਿਭਾਸ਼ਾ ਦੇ ਆਧਾਰ ਤੇ ਹੀ ਲੇਖਕ ਨੇ ਪੁਲਿਸ, ਡਰਾਈਵਰਾਂ, ਅਧਿਆਪਕਾਂ, ਡਾਕਟਰਾਂ, ਆਦਿ ਦੀ ਲੋਕਧਾਰਾ ਨੂੰ ਕਿੱਤੇ ਦੀ ਸਾਂਝ ਅਤੇ ਵੱਖਰਤਾ ਕਰਕੇ ਦੇਖਿਆ ਹੈ। ਇਸੇ ਦੇ ਅਧਾਰ ਤੇ ਹੀ ਉਹ ਲੋਕ ਨੂੰ ਮਾਨਵੀ ਸਮੂਹ ਦੇ ਹਿੱਸੇਦਾਰ ਤੋਂ ਨਕਾਰਦਾ ਹੈ। ਕਿਉਂਕਿ ਲੋਕ ਕਿੱਤੇ ਕਰਕੇ ਕੋਈ ਕਿਸੇ ਇੱਕ ਦਾਇਰੇ ਨਾਲ ਸੰਬੰਧਿਤ ਹੋ ਸਕਦਾ ਹੈ ਅਤੇ ਭਾਸ਼ਾ ਵਜੋਂ ਉਹ ਹੋਰ ਦਾਇਰੇ ਨਾਲ ਵੀ ਸੰਬੰਧ ਰੱਖ ਸਕਦਾ ਹੈ। ਉਦਾਹਰਣ ਰੂਪ ਵਿਚ ਧਰਮ ਦੇ ਦਾਇਰੇ ਵਿਚ ਨਿਹੰਗ ਸਿੰਘਾਂ ਦੀ ਲੋਕਧਾਰਾ। ਇੱਥੇ ਡਾ. ਗੁਰਮੀਤ ਸਿੰਘ ਡਾ. ਸਤੇਂਦ੍ਰ ਦੇ ਮੱਤ ਨੂੰ ਯੁੰਗ ਦੇ ਮੱਤ ਨਾਲ ਖਾਰਿਜ ਕਰਦੇ ਹਨ ਜਿਸ ਵਿਚ ਯੁੰਗ ਮਨੁੱਖ ਦੀ ਮਾਨਸਿਕਤਾ ਵਿਚੋ ਆਦਿਮ ਤੱਤ ਦੇ ਖਾਰਿਜ ਹੋਣ ਨੂੰ ਨਕਾਰਦਾ ਹੈ। ਲੋਕਧਾਰਾ ਦੇੇ ਵਿਸ਼ਵਵਿਆਪੀ ਤੱਤਾਂ ਬਾਰੇ ਵਿਚਾਰ ਪ੍ਰਗਟ ਕਰਦਾ ਲੇਖਕ ਲੀ ਹੇਅਰਿੰਗ ਦੇ ਖੋਜ ਪੱਤਰ Folklore Universals ਦੇ ਹਵਾਲੇ ਨਾਲ ਗੱਲ ਕਰਦਾ ਵਿਭਿੰਨ ਇਲਾਕਿਆਂ ਨਾਲ ਸੰਬੰਧਿਤ ਮਾਨਵੀ ਸਮੂਹਾਂ ਵਿਚ ਸਾਂਝੇ ਤੱਤਾਂ ਵੱਲ ਧਿਆਨ ਦਵਾਉਂਦਾ ਹੈ। ਡਾ. ਵਣਜਾਰਾ ਬੇਦੀ ਅਤੇ ਡਾ. ਕਰਨੈਲ ਸਿੰਘ ਥਿੰਦ ਦੀਆਂ ਲੋਕਧਾਰਾ ਦੀਆਂ ਪਰਿਭਾਸ਼ਾਵਾਂ ਤੇ ਵਿਚਾਰ ਕਰਨ ਦੇ ਨਾਲ ਹੀ ਵਾਲਦੀਮੀਰ ਪਰਾਪ ਦੇ ਵਿਚਾਰ ਦਿੱਤੇ ਗਏ ਹਨ, ਜਿਸ ਵਿਚ ਉਹ ਲੋਕਧਾਰਾ ਨੂੰ ਪਰੰਪਰਾ ਤੱਕ ਸੀਮਿਤ ਨਾ ਕਰਦੇ ਹੋਏ ਇਸਨੂੰ ਵਰਤਮਾਨਕ ਲੋਕ ਸੁਰ ਨਾਲ ਜੋੜਦਾ ਹੈ। ਲੇਖਕ ਲੋਕਧਾਰਾ ਨੂੰ ਭਾਸ਼ਾ ਵਿਗਿਆਨ ਦੇ ਨਾਲ ਜੋੜਦਿਆਂ ਦੋਹਾਂ ਦੇ ਡਾਇਲੈਕਟਿਕਲ ਸੰਬੰਧ ਪ੍ਰਸਤੁਤ ਕਰਦਾ ਹੈ। ਅਧਿਆਇ ਦੇ ਸਾਰ ਰੂਪ ਵਿਚ ਡਾ. ਗੁਰਮੀਤ ਸਿੰਘ ਲੋਕਧਾਰਾ ਦੀਆਂ ਸਿਰਜਨਾਵਾਂ ਨੂੰ ਉਨ੍ਹਾਂ ਦੇ ਸੁਭਾਵਿਕ ਪ੍ਰਸੰਗ ਤੇ ਪੇਸ਼ਕਾਰੀ ਦੇ ਸੁਭਾਅ ਅਨੁਕੂਲ ਦੇਖਣ ਲਈ ਕਹਿੰਦਾ ਹੈ। ਲੋਕਧਾਰਾ ਦਾ ਸੰਕਲਪ ਅਤੇ ਇਸਦੀ ਸਮਝ ਸਮੇਂ ਸਮੇਂ ਬਦਲਦੀ ਆਈ ਹੈ ਲੇਖਕ ਸਾਮੂਹਿਕਤਾ ਨੂੰ ਲੋਕਧਾਰ ਦਾ ਬੁਨਿਆਦੀ ਲੱਛਣ ਦੱਸਦਾ ਹੈ।

ਲੋਕਧਾਰਾ ਅਧਿਐਨ ਵਿਚ ਪ੍ਰਸੰਗ ਦਾ ਮਹੱਤਵ

ਸੋਧੋ

ਇਸ ਅਧਿਆਇ ਵਿਚ ਲੇਖਕ ਮੈਲੀਨੋਵਿਸਕੀ ਦੇ ਸਭਿਆਚਾਰਕ ਪ੍ਰਸੰਗ ਅਤੇ ਸਥਿਤੀ ਪ੍ਰਸੰਗ ਦੇ ਸੰਕਲਪਾਂ ਨੂੰ ਉਘਾੜਦਾ ਹੋਇਆ ਲੋਕਧਾਰਾ ਵਿਚ ਪ੍ਰਸੰਗ ਦੇ ਮਹੱਤਵ ਨੂੰ ਉਸਾਰਦਾ ਹੈ। ਉਸ ਅਨੁਸਾਰ ਪ੍ਰਸੰਗ ਲੋਕਧਾਰਾ ਦੇ ਪਾਠ ਨੂੰ ਸਮਝਣ ਵਿਚ ਯੋਗਦਾਨ ਪਾਉਂਦਾ ਹੈ। ਕਿਸੇ ਜਾਤੀ ਵਿਸ਼ੇਸ਼ ਦੀ ਲੋਕਧਾਰਾ ਨੂੰ ਸਹੀ ਹਾਲਤ ਵਿਚ ਸਮਝਣ ਲਈ ਉਸ ਦੇ ਆਰਥਿਕ, ਧਾਰਮਿਕ ਵਿਸ਼ਵਾਸਾਂ, ਭੂਗੋਲਿਕ ਹਾਲਤਾਂ ਅਤੇ ਰਾਜਨੀਤਕ ਸਮਾਜਕ ਪ੍ਰਸੰਗਾਂ ਦਾ ਗਿਆਨ ਲਾਜ਼ਮੀ ਹੈ। ਲੋਕਧਾਰਾ ਦੀਆਂ ਸਿਰਜਣਾਵਾਂ ਦੇ ਵੀ ਆਪਣੇ ਨਿਭਾਉ ਪ੍ਰਸੰਗ ਅਤੇ ਖਾਸ ਸਥੀਤੀਆਂ ਹੁੰਦੀਆਂ ਹਨ। ਲੇਖਕ ਲੋਕਧਾਰਾ ਦੀ ਹਰੇਕ ਸਿਰਜਣਾ ਦੇ ਵਿਸ਼ੇਸ਼ ਪੇਸ਼ਕਾਰੀ ਦੇ ਪ੍ਰੰਸਗ ਬਾਰੇ ਚਰਚਾ ਕਰਦਾ ਹੋਇਆ ਸਿੱਠਣੀਆਂ, ਚੁਟਕੁਲੇ, ਮੁਹਾਵਰੇ, ਛੰਦ ਅਤੇ ਬੋਲੀਆਂ ਆਦਿ ਬਾਰੇ ਵਿਚਾਰ ਪ੍ਰਗਟਾਉਂਦਾ ਹੈ ਕਿ ਇਨ੍ਹਾਂ ਦੀ ਪੇਸ਼ਕਾਰੀ ਦਾ ਪ੍ਰਸੰਗ ਵਿਸ਼ੇਸ਼ ਥਾਂ ਨਾਲ ਸੰਬੰਧਿਤ ਹੈ। ਜਿਵੇਂ ਕਿ ਕੋਈ ਇੱਕ ਵਿਅਕਤੀ ਚੁਟਕੁਲਾ ਸੁਣਾਵੇ ਤੇ ਦੂਜਾ ਜਵਾਬ ਰੂਪ ਵਿਚ ਬੋਲੀ ਪਾਵੇ ਤਾਂ ਪੇਸ਼ਕਾਰੀ ਬੇਪ੍ਰਭਾਵਿਤ ਹੀ ਰਹਿੰਦੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਅਖਾਣ ਅਤੇ ਮੁਹਾਵਰੇ ਹਨ ਜੋ ਕਿ ਪ੍ਰਸੰਗ ਜਾਣੇ ਬਿਨਾਂ ਸਮਝੇ ਨਹੀਂ ਜਾ ਸਕਦੇ, ਇਨ੍ਹਾਂ ਦੇ ਪ੍ਰਸੰਗ ਨੂੰ ਸਮਝਣ ਦੀ ਆਸ ਕੀਤੀ ਜਾਂਦੀ ਹੈ। ਲੇਖਕ ਲੋਕਧਾਰਾ ਦੇ ਸਮੇਂ ਅਤੇ ਸਥਾਨ ਨਾਲ ਸੰਬੰਧਿਤ ਪ੍ਰਸੰਗਾਂ ਬਾਰੇ ਵੀ ਵਿਚਾਰ ਪੇਸ਼ ਕਰਦਾ ਹੋਇਆ ਉਦਾਹਰਨ ਪੇਸ਼ ਕਰਦਾ ਹੈ..

 
        ਊਠਾਂ ਵਾਲੇ ਸਦਾ ਕਰਜ਼ਾਈ
         ਮਹੀਆਂ ਵਾਲੇ ਅੱਧੇ
         ਭੇਡਾਂ ਵਾਲੇ ਸਦਾ ਰਾਜ਼ੀ
         ਭਾਵੇਂ ਮਰ ਜਾਣ ਸੱਭੇ।

ਡਾ. ਗੁਰਮੀਤ ਸਿੰਘ ਅਨੁਸਾਰ ਇਹ ਲੋਕ ਸਿਆਣਪ ਭਾਵੇਂ ਵਰਤਮਾਨ ਬੁੱਧ-ਵਿਵੇਕ ਉੱਪਰ ਖਰੀ ਨਹੀਂ ਉੱਤਰਦੀ ਪਰ ਇਹ ਬੀਤੇ ਸਭਿਆਚਾਰਾਂ ਦੇ ਅਵਸ਼ੇਸ਼ ਰੂਪ ਵਿਚ ਸਾਡੇ ਕੋਲ ਹਨ। ਲੇਖਕ ਲੋਕਧਾਰਾਈ ਰੂਪ ਦੀ ਸਮਝ ਵਿਚ ਉਸਦੇ ਭੂਗੋਲਿਕ ਪ੍ਰਸੰਗ ਵੀ ਦੇਖਦਾ ਹੈ। ਜਿਵੇਂ ਕਿ 'ਟੁੱਕ ਤੇ ਡੇਲਾ' ਡੇਲਾ ਸੁਣਕੇ ਮਾਲਵੇ ਇਲਾਕੇ ਦਾ ਬੰਦਾ ਕਿਸੇ ਖਾਸ ਫਲ ਨੂੰ ਸਮਝੇਗਾ ਪਰ ਮਾਝੇ ਵਿਚ ਇਸ ਦਾ ਅਰਥ ਅੱਖ ਦੇ ਡੇੇਲੇ ਨਾਲ ਲਿਆ ਜਾਵੇਗਾ। ਲੇਖਕ ਅਨੁਯਾਰ ਕਈ ਵਾਰੀ ਲੋਕਧਾਰਾ ਨੂੰ ਸਮਝਣ ਵਿਚ ਇਤਾਹਿਸਕ ਪ੍ਰਸੰਗ ਵੀ ਜ਼ਰੂਰੀ ਹੋ ਜਾਂਦੇ ਹਨ, ਰਾਜਸੀ ਗੁਲਾਮੀ, ਜਗੀਰਦਾਰੀ ਮਾਨਸਿਕਤਾ ਦੀ ਲਤਾੜੀ ਜਨਤਾ, ਸਮਾਜਕ ਦਰਜੇਬੰਦੀ ਨਾਲ ਪੈਦਾ ਹੋਈ ਲੋਕਧਾਰਾ ਇਤਿਹਾਸਕ ਪ੍ਰਸੰਗਾ ਬਗੈਰ ਸਮਝਣੀ ਮੁਸ਼ਕਿਲ ਹੈ। ਅੰਤ ਲੇਖਕ ਅਨੁਯਾਰ ਪ੍ਰਸੰਗ ਦੀ ਅਣਹੋਂਦ ਵਿਚ ਕਿਸੇ ਵੀ ਪਾਠ ਦਾ ਅਧਿਐਨ ਮੁਕੰਮਲ ਨਹੀਂ ਹੋ ਸਕਦਾ। ਇਸ ਲਈ ਲੋਕਧਾਰਾ ਦੇ ਵਿਸ਼ੇਸ਼ਕਰ ਪੇਸ਼ਕਾਰੀ ਨਾਲ ਸੰਬੰਧਿਤ ਰੂਪਾਂ ਨੂੰ ਉਸਦੇ ਆਪਣੇ ਸੁਭਾਵਿਕ ਪ੍ਰਸੰਗਾਂ ਵਿਚ ਹੀ ਅਧਿਐਨ ਕਰਨਾ ਲਾਜ਼ਮੀ ਹੋ ਜਾਂਦਾ ਹੈ।

ਲੋਕਧਾਰਾ ਅਤੇ ਮਲਟੀ ਮੀਡੀਆ

ਸੋਧੋ

ਮਲਟੀ ਮੀਡੀਆ ਤੋਂ ਭਾਵ ਉਨ੍ਹਾਂ ਇਲੈਕਟ੍ਰੋਨਿਕ ਸੰਚਾਰ ਮਾਧਿਅਮਾਂ ਤੋਂ ਹੈ ਜੋ ਲੋਕਧਾਰਾ ਦੀ ਕਿਸੇ ਵੰਨਗੀ ਜਾਂ ਉਸਦੇ ਮੋਟਿਫਾਂ ਦੀ ਵਰਤੋਂ ਰਾਹੀਂ ਕਿਸੇ ਸੰਦੇਸ਼ ਦਾ ਉਤਪਾਦਨ, ਸੰਚਾਰ, ਪਰਚਾਰ ਜਾਂ ਪਸਾਰ ਕਰਦੇ ਹਨ। ਡਾ. ਗੁਰਮੀਤ ਸਿੰਘ ਸੰਚਾਰ ਦੇ ਮੌਖਿਕ ਰੂਪ ਤੋਂ ਅਗਲੇ ਪੜਾਅ ਬਾਰੇ ਚਰਚਾ ਕਰਦੇ ਹਨ। ਆਧੁਨਿਕ ਸਮੇਂ ਵਿਚ ਵਿਗਿਆਨ ਤਕਨਾਲੋਜੀ ਦੇ ਆਵਿਸ਼ਕਾਰਾਂ ਆਦਿ ਜਿਨ੍ਹਾਂ ਨੇ ਲੋਕਧਾਰਾ ਦੇ ਸੰਚਾਰ ਨੂੰ ਪਰੰਪਰਾਗਤ ਰੂਪ ਵਿਚ ਨਹੀਂ ਰਹਿਣ ਦਿੱਤਾ। ਇਨ੍ਹਾਂ(ਰੇਡੀਓ, ਟੀ.ਵੀ. ਅਤੇ ਸਿਨੇਮਾ ਆਦਿ) ਨੇ ਇੱਕ ਪਾਸੇ ਚਾਹੇ ਲੋਕਧਾਰਾ ਨੂੰ ਸੰਭਾਲਣ ਦਾ ਕਾਰਜ ਕੀਤਾ ਹੈ ਪਰੰਤੂ ਦੂਜੇ ਹੱਥ ਇਨ੍ਹਾਂ ਨੇ ਪੇਸ਼ਕਾਰ ਨੂੰ ਸਰੋਤੇ ਅਤੇ ਦਰਸ਼ਕ ਤੋਂ ਦੂਰ ਵੀ ਕੀਤਾ ਹੈ। ਇਸ ਨਾਲ ਦਰਸ਼ਕ/ਸਰੋਤੇ ਅਤੇ ਪੇਸ਼ਕਾਰ ਦਾ ਆਹਮੋ ਸਾਹਮਣੇ ਵਾਲਾ ਕਿਰਦਾਰ ਆਲੋਪ ਹੋਇਆ ਤੇ ਦਰਸ਼ਕ ਦੀ ਜੋ ਹੁੰਗਾਰੇ ਦੇ ਰੂਪ ਵਿਚ ਸਿਰਜਕ ਅਤੇ ਆਲੋਚਕ ਦੀ ਭੂਮਿਕਾ ਸੀ ਉਹ ਗਾਇਬ ਹੋ ਗਈ। ਵਰਤਮਾਨ ਸਮੇਂ ਵਿਚ ਖਪਤ ਸਭਿਅਾਚਾਰ ਨੇ ਮਨੁੱਖ ਅੰਦਰ ਸਟੇਟਸ ਦੀ ਮਿੱਥ ਸਥਾਪਿਤ ਕਰਕੇ ਉਸਨੂੰ ਉਪਭੋਗੀ ਬਨਾਉਣ ਵਿਚ ਲੋਕਧਾਰਾ ਦੀ ਵਰਤੋਂ ਕੀਤੀ ਹੈ। ਲੋਕ ਮਨ ਦੇ ਸ਼ੋਸ਼ਣ ਲਈ ਵਿਗਿਆਪਨਾਂ, ਸੀਰੀਅਲਾਂ ਅਤੇ ਹੋਰ ਅਨੇਕਾਂ ਪ੍ਰੋਗਰਾਮਾਂ ਵਿਚ ਲੋਕਧਾਰਾ ਨੂੰ ਮਨਇੱਛਤ ਰੂਪ ਵਿਚ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਨਵੀਆਂ ਪੇਸ਼ਕਾਰੀਆਂ ਨੇ popular culture ਨੂੰ ਜਨਮ ਦਿੱਤਾ ਹੈ। ਪਾਪੂਲਰ ਸਭਿਆਚਾਰ ਵਿਚਲਾ ਜਨ ਸਮੂਹ ਮੰਡੀ ਦੇ ਉਤਪਾਦਕ ਦੁਆਰਾ ਪੇਸ਼ ਪਰੰਪਰਾਵਾਂ ਨੂੰ ਚੰਗੇ ਮੰਦੇ ਪ੍ਰਭਾਵਾਂ ਤੋਂ ਬੇਖ਼ਬਰ ਇਸ ਦਾ ਉਪਭੋਗ ਕਰਦਾ ਹੈ। ਇਨ੍ਹਾਂ ਸਭ ਦੇ ਨਾਲ ਲੋਕਧਾਰਾ ਪਰੰਪਰਾਗਤ, ਆਧੁਨਿਕ ਅਤੇ ਸੰਚਾਰ ਮਾਧਿਅਮ ਅਤੇ ਖਪਤ ਸਭਿਆਚਾਰ ਨਾਲ ਜੁੜ ਕੇ ਵਿਭਿੰਨ ਰੰਗਾਂ ਰੂਪਾਂ ਵਿਚ ਸਾਹਮਣੇ ਆਉਂਦੀ ਹੈ। ਡਾ. ਗੁਰਮੀਤ ਸਿੰਘ ਅਨੁਸਾਰ ਲੋਕਧਾਰਾ ਦੀ ਸਮੱਗਰੀ ਜਦੋਂ ਟੀ.ਵੀ. ਜਾਂ ਫਿਲਮ ਦੀ ਟੈਕਸਟ ਦਾ ਹਿੱਸਾ ਬਣਦੀ ਹੈ ਤਾਂ ਪੇਸ਼ਕਾਰੀ ਇੱਕ ਨਿਸ਼ਚਿਤ ਟੈਕਸਟ ਦੇ ਰੂਪ ਵਜੋਂ ਸਾਹਮਣੇ ਆਉਂਦੀ ਹੈ ਜਿਸ ਵਿਚ ਗਤੀਸ਼ੀਲਤਾ ਦਾ ਅੰਸ਼ ਅਲੋਪ ਹੋ ਜਾਂਦਾ ਹੈ। ਲੋਕਧਾਰਾ ਦੀ ਵਰਤੋਂ ਦ੍ਰਿਸ਼ਟੀ ਤੋਂ ਫਿਲਮਾਂ ਦੇ ਵੰਡ ਅਧਾਰ ਵਜੋਂ ਡਾ. ਗੁਰਮੀਤ ਸਿੰਘ ਜਵਾਹਰਲਾਲ ਹਾਂਡੂ ਅਨੁਸਾਰ ਤਿੰਨ ਅਧਾਰਾਂ ਤੇ ਕਰਦਾ ਹੈ। *ਮਿਥ ਅਧਾਰਤ ਫ਼ਿਲਮਾਂ *ਅਰਧ ਮਿਥਿਕ ਫਿਲਮਾਂ *ਲੋਕਧਾਰਾ ਦੀ ਸਮੱਗਰੀ ਨੂੰ ਬਦਲਵੇਂ ਰੂਪ ਵਿਚ ਪੇਸ਼ ਕਰਨ ਵਾਲੀਆਂ ਫਿਲਮਾਂ ਸਿੱਟੇ ਵਜੋਂ ਲੇਖਕ ਅੱਜ ਦੇ ਨਿੱਜੀਕਰਨ ਅਤੇ ਸੰਸਾਰੀਕਰਨ ਦਾ ਜ਼ਿਕਰ ਕਰਦੇ ਹੋਏ ਸੰਚਾਰ ਸਾਧਨਾਂ ਦਾ ਰੋਜ਼ ਦੀ ਜ਼ਿੰਦਗੀ ਵਿਚ ਪ੍ਰਭਾਵ ਦੇ ਵਧਦੇ ਜਾਣ ਦੇ ਵਿਚਾਰ ਪ੍ਰਗਟ ਕਰਦਾ ਹੈ ਅਤੇ ਨਵੀਨ ਸੰਚਾਰ ਸਾਧਨਾਂ ਨੂੰ ਡੂੰਘਾਈ ਨਾਲ ਲੈਣ ਲਈ ਮਸ਼ਵਰਾ ਦਿੰਦਾ ਹੈ।


ਟੋਟਮ : ਸਮਾਜ ਸਭਿਆਚਾਰਕ ਪਰਿਪੇਖ

ਸੋਧੋ

ਲੇਖਕ ਟੋਟਮ ਸ਼ਬਦ ਦੀ ਵਿਆਖਿਆ ਅਤੇ ਇਸਦੇ ਅਰਥ, ਉਦਭਵ ਬਾਰੇ ਚਰਚਾ ਕਰਦੇ ਹੋਏ, ਸੰਸਾਰ ਦੇ ਹਰ ਸਭਿਆਚਾਰ ਅਤੇ ਧਰਮਾਂ ਵਿਚ ਇਸਦੇ ਗਹਿਨ ਵਿਸ਼ਵਾਸ ਨੂੰ ਪ੍ਰਗਟਾਉਂਦਾ ਹੈ। ਲੇਖਕ ਟੋਟਮ ਨੂੰ ਮਿੱਥ ਦੇ ਨਾਲ ਸੰਬੰਧਿਤ ਕਰਦਾ ਹੋਇਆ ਅਰਥ ਸਪੱਸ਼ਟ ਕਰਦਾ ਹੈ ਕਿ, "ਟੋਟਮ ਅਜਿਹਾ ਜਾਨਵਰ, ਪੌਦਾ ਜਾਂ ਵਸਤੂ ਹੈ ਜਿਸ ਨਾਲ ਕਿਸੇ ਕਬੀਲੇ ਦਾ ਪਵਿੱਤਰ ਵਿਸ਼ਵਾਸ ਜੁੜਿਆ ਹੁੰਦਾ ਹੈ।" ਇਹ ਹਰ ਕਬੀਲੇ ਵਿਚ ਵੱਖਰੇ-ਵੱਖਰੇ ਹੁੰਦੇ ਹਨ ਤੇ ਉਸ ਕਬੀਲੇ ਦਾ ਪਛਾਣ ਚਿੰਨ੍ਹ ਬਣਦੇ ਹਨ। ਜਿਵੇਂ ਕਿ ਹਿੰਦੂ ਧਰਮ ਦਾ ਟੋਟਮ ਚਿੰਨ੍ਹ ਗਾਂ, ਪਿੱਪਲ਼ ਆਦਿ ਹਨ। ਲੇਖਕ ਟੋਟਮ ਬਾਰੇ ਵਿਦਵਾਨਾਂ ਮੈਕਲੇਨਿਨ (ਪਹਿਲੀ ਵਾਰ ਟੋਟਮ ਸ਼ਬਦ ਵੱਲ ਧਿਆਨ ਦੇਣ ਵਾਲਾ), ਫਰੇਜਰ ਅਨੁਸਾਰ ਕੀਤੀ ਗਈ ਇਸਦੀ ਵਰਗ ਵੰਡ ਉੱਤੇ ਚਰਚਾ ਕਰਦਾ ਸਪੈਂਸਰ, ਗਲਿਨ, ਦੁਰਖੀਮ, ਗੇਜਾ ਰਹੀਮ, ਲੈਵੀ ਸਤ੍ਰਾਸ, ਆਦਿ ਦੇ ਵਿਚਾਰ ਪੇਸ਼ ਕਰਦਾ ਅਤੇ ਉਨ੍ਹਾਂ 'ਤੇ ਚਰਚਾ ਕਰਦਾ ਆਖਿਰ ਲੈਵੀ ਸਤ੍ਰਾਸ ਦੇ ਵਿਚਾਰਾਂ ਨੂੰ ਵਧੇਰੇ ਵਿਗਿਆਨਿਕ ਸਵੀਕਾਰਦਾ ਹੋਇਆ ਸਹਿਮਤੀ ਪ੍ਰਦਾਨ ਕਰਦਾ ਹੈ। ਸਤ੍ਰਾਸ ਟੋਟਮ ਦੀ ਸੁਤੰਤਰ ਵਰਤਾਰੇ ਦੇ ਤੌਰ ਤੇ ਅਧਿਅੈਨ ਦੀ ਗੱਲ ਕਰਦਾ ਹੈ। ਸਾਰ ਰੂਪ ਵਿਚ ਲੇਖਕ ਪੰਜਾਬੀ ਸਭਿਆਚਾਰ ਵਿਚਲੇ ਵਿਸ਼ਵਾਸਾਂ ਵਿਚੋਂ ਟੋਟਮਿਕ ਵਰਤਾਰੇ ਦੇ ਅੰਸ਼ ਲੱਭਦਾ ਹੋਇਆ ਪੂਜਾ, ਨਾਵਾਂ, ਗੋਤਾਂ, ਆਦਿ ਪਿੱਛੇ ਟੋਟਮ ਨੂੰ ਦੱਸਦਾ ਹੈ ਅਤੇ ਟੋਟਮ ਨੂੰ ਕਿਸੇ ਸਭਿਆਚਾਰ ਦੇ ਵਿਸ਼ਵਾਸਾਂ, ਰੀਤਾਂ, ਮਨੌਤਾਂ ਨਾਲ ਜੋੜਕੇ ਸਮਝਣ ਲਈ ਆਖਦਾ ਹੈੈ।


ਵਿਸ਼ਵੀਕਰਨ, ਪ੍ਰਾਪੇੇਗੰਡਾ ਅਤੇ ਪੰਜਾਬੀ ਲੋਕਧਾਰਾ

ਸੋਧੋ

ਇਸ ਅਧਿਆਇ ਵਿਚ ਲੇਖਕ ਨੇ ਵਿਸ਼ਵੀਕਰਨ ਦੇ ਪਰੰਪਰਾਗਤ ਰੂਪ ਅਤੇ ਆਧੁਨਿਕ ਸਮੇੇਂ ਵਿਚ ਸੰਚਾਰ ਅਤੇ ਤਕਨਾਲੋਜੀ ਦੇ ਵਿਕਾਸ ਵਿਚੋਂ ਇੱਕ ਨਵੇਂ ਤਰ੍ਹਾਂ ਦੇ ਬਣੇ ਵਿਸ਼ਵੀਕਰਨ ਬਾਰੇ ਵਿਚਾਰ ਪ੍ਰਸਤੁਤ ਕਰਦਾ ਹੈ। ਲੇਖਕ ਵਰਤਮਾਨ ਵਿਸ਼ਵੀਕਰਨ ਨੂੰ ਵਿਸ਼ਵ ਵਪਾਰ ਸੰਗਠਨ ਦੇ ਰੂਪ ਵਿਚ ਦੇਖਦਾ ਇਸ ਨੂੰ ਵਿਕਸਿਤ ਦੇਸ਼ਾਂ ਦੇ ਪੂੰਜੀਪਤੀਆਂ ਦੁਆਰਾ ਘੱਟ ਵਿਕਸਿਤ ਦੇਸ਼ਾਂ ਵਿਚੋਂ ਆਪਣੇ ਆਰਥਿਕ ਮਨੋਰਥ ਪੂਰੇ ਕਰਨ ਦੇ ਹਥਿਆਰ ਵਜੋਂ ਲੈਂਦਾ ਹੈ। ਉਹ ਵਿਸ਼ਵੀਕਰਨ ਦੇ ਕਾਰਨ ਸਥਾਨਿਕ ਉਦਯੋਗਾਂ ਦੇ ਖਤਮ ਹੋਣ ਉੱਤੇ ਚਿੰਤਾ ਵਿਅਕਤ ਕਰਦਾ ਹੈ। ਇਸ ਨੂੰ ਉਹ ਅਮਰੀਕਾ ਦੁਆਰਾ ਬਰਾਜ਼ੀਲ ਨੂੰ ਇਸਤੇਮਾਲ ਕਰਨ ਦੇ ਹਵਾਲੇ ਨਾਲ ਸਮਝਾਉਂਦਾ ਹੈ। ਉਸ ਅਨੁਸਾਰ ਵਿਸ਼ਵੀਕਰਨ ਗ਼ਰੀਬ ਦੇਸ਼ਾਂ ਦੀ ਆਰਥਿਕਤਾ ਨੂੰ ਤਬਾਹ ਕਰ ਰਿਹਾ ਹੈ ਅਤੇ ਇਸ ਤਬਾਹੀ ਵਿਚ ਤਕਨਾਲੋਜੀ ਅਤੇ ਮੀਡੀਆ ਦਾ ਪ੍ਰਯੋਗ ਲਿਆ ਜਾ ਰਿਹਾ ਹੈ। ਵਿਸ਼ਵੀਕਰਨ ਨੂੰ ਸਪੱਸ਼ਟ ਕਰਨ ਤੋਂ ਬਾਅਦ ਲੇਖਕ ਨੇ ਪ੍ਰਾਪੇਗੰਡਾ ਸੰਚਾਰ ਪ੍ਰਬੰਧ ਦੇ ਅਰਥ ਸਪੱਸ਼ਟ ਕੀਤਾ ਹੈ। ਜਿਸ ਤੋਂ ਆਮ ਜਨਤਾ ਨਾਵਾਕਿਫ਼ ਰਹਿੰਦੀ ਹੈ। ਲੇਖਕ ਚੌਮਸਕੀ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ ਕਿ, "ਰਾਜਭਾਗ ਵਾਲੇ ਆਮ ਜਨਤਾ ਨੂੰ ਭੇਡਾਂ ਦਾ ਇੱਜੜ ਸਮਝਦੇ ਹੋਏ ਉਸ ਨੂੰ ਸਹੀ ਜਾਣਕਾਰੀ ਤੋਂ ਦੂਰ ਰੱਖਣਾ ਹੀ ਸਵੀਕਾਰਦੇੇ ਹਨ।" ਲੇਖਕ ਇਨ੍ਹਾਂ ਵਰਤਾਰਿਆਂ ਨੂੰ ਸਭਿਆਚਾਰ ਨਾਲ ਜੋੜਦੇ ਹੋਏ ਕਹਿੰਦਾ ਹੈ ਕਿ ਵਿਸ਼ਵੀਕਕਨ ਵਿਚ ਆਰਥਿਕਤਾ, ਰਾਜਨਿਤਕਤਾ ਦੇ ਨਾਲ ਸਭਿਆਚਾਰਕ ਕਦਰਾਂ ਦੇ ਵਿਸਥਾਪਿਤ ਹੋਣਾ ਵੀ ਸ਼ਾਮਿਲ ਹੈ ਕਿ ਵਿਸ਼ਵੀਕਰਨ ਦੀ ਪ੍ਰਕਿਰਿਆ ਵਿਚ ਮੀਡੀਆ ਨੇ ਕਿਵੇਂ ਮੰਡੀ ਵਿਚ ਪ੍ਰਾਪੇਗੰਡਾ ਭੂਮਿਕਾ ਆਦਾ ਕਰਕੇ ਮਨੁੱਖ ਨੂੰ ਉਪਭੋਗੀ ਬਣਾਉਣ ਦਾ ਕਾਰਜ ਕੀਤਾ ਹੈ। ਇਸਨੇ ਸਭਿਆਚਾਰਾਂ ਦਾ ਘਾਣ ਕੀਤਾ ਹੈ। ਲੋਕ ਆਪਣੇ ਸਥਾਨਕ ਮੁੱਲ, ਲੋੜਾਂ ਭੁੱਲਕੇ ਟੀ.ਵੀ. ਦੇ ਸੰਸਾਰ ਵਿਚ ਪੇਸ਼ ਵਸਤੂਆਂ ਵਿਚ ਗੁਆਚ ਗਏ ਹਨ। ਇਸਨੇ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਸਥਾਨਿਕ ਲੋਕਧਾਰਾਈ ਪਰੰਪਰਾਵਾਂ ਅਤੇ ਸਭਿਆਚਾਰ ਨਾਲੋਂ ਮੰਡੀ ਦੀ ਲੋੜ ਭਾਰੂ ਹੋ ਗਈ ਹੈ। ਲੇਖਕ ਵਿਸ਼ਵੀਕਰਨ ਕਾਰਨ ਬਣਦੇ ਵਿਸ਼ਵ ਸਭਿਆਚਾਰ ਕਾਰਨ ਸਥਾਨਿਕ ਸਭਿਆਚਾਰਾਂ ਦੀ ਲੋਪ ਹੁੰਦੀ ਜਾ ਰਹੀ ਨਿੱਖੜਤਾ ਤੇ ਚਿੰਤਾ ਪ੍ਰਗਟ ਕਰਦਾ ਹੋਇਆ ਲੋਕਧਾਰਾ ਦੇ ਅਧਿਐਨ ਦੀ ਸਾਂਭ ਸੰਭਾਲ ਨੂੰ ਲਾਜ਼ਮੀ ਠਹਿਰਾਉਂਦਾ ਹੈ। ਇਸ ਵਿਚ ਉਹ ਆਧੁਨਿਕ ਮੀਡੀਆ ਦੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਸਾਧਨਾਂ ਦੁਆਰਾ ਪਰੰਪਰਾਗਤ ਲੋਕਧਾਰਾ ਦੇ ਵਿਭਿੰਨ ਪਹਿਲੂਆਂ ਨੂੰ ਸਾਂਭਣ ਦੀ ਰਾਇ ਦਿੰਦਾ ਹੈ। ਲੇਖਕ ਪੰਜਾਬੀ ਲੋਕਧਾਰਾ ਦੀਆਂ ਉਸਾਰੂ ਪਰੰਪਰਾਵਾਂ ਜੋ ਪਹਿਲਾਂ ਬਸਤੀਵਾਦ ਦੇ ਭੇਂਟ ਚੜ੍ਹੀਆਂ ਤੇ ਹੁਣ ਵਿਸ਼ਵੀਕਰਨ ਦੇ ਹੱਥੋਂ ਤਬਾਹ ਹੋ ਰਹੀਆਂ ਹਨ ਪ੍ਰਤੀ ਚਿੰਤਿਤ ਹੈ। ਉਹ ਸਾਰੇ ਲੋਕਧਾਰਾ ਸ਼ਾਸ਼ਤਰੀਆਂ ਨੂੰ ਤਕਨਾਲੋਜੀ ਦੀ ਮਦਦ ਨਾਲ ਲੋਕਧਾਰਾ ਦੀ ਸਾਂਭ ਸੰਭਾਲ ਕਰਨ ਦਾ ਮਸ਼ਵਰਾ ਦਿੰਦਾ ਹੈ। ਉਸ ਅਨੁਸਾਰ ਜੇ ਸਾਂਭ ਸੰਭਾਲ ਨਾ ਹੋਈ ਤਾਂ ਸਥਾਨਕ ਲੋਕਧਾਰਾ ਆਲੋਪ ਹੋ ਜਾਵੇਗੀ।


ਰਸਮਾਂ ਰੀਤਾਂ

ਸੋਧੋ

ਆਰੰਭ ਵਿਚ ਰਸਮਾਂ ਰੀਤਾਂ ਦੇ ਅਰਥ ਤੇ ਪਰਿਭਾਸ਼ਾ ਦਿੰਦੇ ਹੋਏ ਇਹ ਵਿਚਾਰ ਰੱਖੇ ਗਏ ਹਨ ਕਿ ਰੀਤ ਜਾਂ ਫਿਰ ਰਸਮ ਉਹ ਕਿਰਿਆਤਮਕ ਭਾਸ਼ਾ ਹੈ ਜਿਹੜੀ ਕਿ ਰਹੱਸਾਤਮਕ ਸ਼ਕਤੀ ਨਾਲ ਸੰਚਾਰ ਸਥਾਪਤ ਕਰਨ ਦੇ ਵਿਚਾਰ ਤੇ ਟਿਕੀ ਹੋਈ ਹੈ। ਇਸ ਵਿਚ ਰਹੱਸਵਾਦ ਦਾ ਅੰਸ਼ ਹੋਣਾ ਲਾਜ਼ਮੀ ਹੈ। ਇੱਥੇ ਲੇਖਕ ਨੇ ਰਸਮਾਂ ਰੀਤਾਂ ਦੇ ਤਿੰਨ ਪੜਾਅ ਦੱਸੇ ਹਨ। ਜਿੰਨ੍ਹਾਂ ਵਿਚ ਜਾਦੂ ਆਦੇਸ਼ ਰਾਹੀਂ, ਧਰਮ ਪ੍ਰਾਰਥਨਾ ਰਾਹੀਂ ਅਤੇ ਵਿਗਿਆਨ ਵਿਆਖਿਆ ਰਾਹੀਂ ਰਸਮ ਨੂੰ ਅੱਗੇ ਤੋਰਦੇ ਹਨ। ਲੇਖਕ ਨੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਜਨਮ, ਵਿਆਹ ਅਤੇ ਮੌਤ ਨਾਲ ਸੰਭੰਧਿਤ ਰਸਮਾਂ ਦੇ ਪ੍ਰਚਲਨ ਦੀ ਉਦਾਹਰਨ ਦਿੱਤੀ ਹੈ। ਉਹ ਰਸਮਾਂ ਰੀਤਾਂ ਬਾਰੇ ਇੱਕ ਨਿਸ਼ਚਿਤ ਪੂਜਾ ਵਿਧਾਨ ਦੀ ਧਾਰਨਾ ਨੂੰ ਅਸਵਿਕਾਰਦਾ ਹੋਇਆ ਇਸ ਵਿਚ ਤਬਦੀਲੀ ਨੂੰ ਥਾਂ ਦਿੰਦਾ ਹੈ। ਉਸ ਅਨੁਸਾਰ ਕਿਸੇ ਸਮੇਂ ਨਰ ਬਲੀ ਦੀ ਰੀਤ ਸੀ ਜੋ ਅੱਜ ਪਸ਼ੂ ਬਲੀ ਵਿਚ ਅਤੇ ਪਸ਼ੂ ਬਲੀ ਅਨਾਜ ਬਲੀ ਵਿਚ ਤਬਦੀਲ ਹੋ ਚੁੱਕੀ ਹੈ। ਲੇਖਕ ਰਸਮਾਂ ਰੀਤਾਂ ਨੂੰ ਜਨਸਮੂਹ ਦਾ ਅਟੁੱਟ ਅੰਗ ਮੰਨਦਾ ਹੈ। ਉਸ ਅਨੁਸਾਰ ਰੀਤ ਕਾਰਜ ਮੰਤਰ ਅਤੇ ਮਿੱਥ ਦੇ ਸੰਯੋਜਨ ਤੋਂ ਬਣੀ ਹੈ। ਇਸ ਦੇ ਨਾਲ ਮਿੱਥ ਦਾ ਹੀ ਨਹੀਂ ਕਾਵਿ ਦਾ ਵੀ ਗੂੜ੍ਹਾ ਸੰਬੰਧ ਦਰਸਾਉਂਦਾ ਹੈ। ਕਾਵਿ ਵਜੋਂ ਉਹ ਮੰਤਰ ਉਚਾਰਨ ਨੂੰ ਸਵਿਕਾਰਦਾ ਹੈ। ਇਹ ਮੰਤਰ ਅਤੇ ਮਿੱਥ ਰਲਕੇ ਰਹੱਸਾਤਮਕ ਸ਼ਕਤੀ ਨਾਾਲ ਸੰਵਾਦ ਰਚਾਉਣ ਵਿਚ ਮੁੱਖ ਅੰਗ ਵਜੋਂ ਕਾਰਜਕਾਰੀ ਹੁੰਦੇ ਹਨ। ਇਸ ਸਭ ਪਿੱਛੇ ਮਨਇੱਛਤ ਫਲ ਪ੍ਰਾਪਤੀ ਦਾ ਉਦੇਸ਼ ਕਾਰਗਰ ਹੁੰਦਾ ਹੈ। ਅਖੀਰ ਲੇਖਕ ਪੰਜਾਬੀ ਵਿਚ ਰਸਮਾਂ ਰੀਤਾਂ ਦੇ ਅਧਿਐਨ ਲਈ ਕੁਝ ਹਿਦਾਇਤਾਂ ਦਿੰਦਾ ਹੈ। ਉਸ ਅਨੁਸਾਰ ਪਹਿਲਾਂ ਇਸ ਦੀ ਠੀਕ ਪਰਿਭਾਸ਼ਾ ਕਰਨੀ ਲਾਜ਼ਮੀ ਹੈ ਅਤੇ ਪੰਜਾਬੀ ਸਮਾਜ ਦੇ ਬਹੁਭਾਂਤੀ ਬਣਤਰ ਨੂੰ ਵੀ ਧਿਆਨ ਚ ਰੱਖਣਾ ਜ਼ਰੂਰੀ ਹੈ। ਲੇਖਕ ਡਾ. ਸੁਰਜੀਤ, ਡਾ. ਰਣਜੀਤ ਸਿੰਘ ਬਾਜਵਾ ਆਦਿ ਦੇ ਖੋਜ ਕਾਰਜਾਂ ਨੂੰ ਛੱਡਕੇ ਐੱਚ. ਏ. ਰੋਜ਼ ਤੋਂ ਲੈਕੇ ਬਾਕੀ ਸਾਰੇ ਅਧਿਐਨ ਕਾਰਜਾਂ ਨੂੰ ਇੱਕ ਪਾਸੜ ਦੱਸਦਾ ਹੈ, ਜਿਨ੍ਹਾਂ ਵਿਚ ਪੰਜਾਬੀ ਸਮਾਜ ਦੀ ਬਹੁਭਾਂਤੀ ਬਣਤਰ ਨੂੰ ਅਣਗੌਲਿਆਂ ਕੀਤਾ ਗਿਆ ਹੈ। ਲੇਖਕ ਅਨੁਸਾਰ ਕਿਰਪਾਲ ਕਜ਼ਾਕ ਅਤੇ ਡਾ. ਦਰਿਆ ਦੇ ਕਬੀਲਿਆਂ ਦੀਆਂ ਰੀਤਾਂ ਰਸਮਾਂ ਦੇ ਅਧਿਐਨ ਵਿਚ ਵੀ ਇਹ ਵਿੰਭਿਨਤਾ ਗਾਇਬ ਹੈ। ਖੋੋਜਕਾਰ ਲਈ ਰੀਤਾਂ ਰਸਮਾਂ ਦੀ ਪੇਸ਼ਕਾਰੀ ਦੇ ਪ੍ਰਸੰਗਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।


ਡਰਾਈਵਰਾਂ ਦੀ ਲੋਕਧਾਰਾ

ਸੋਧੋ

ਲੇਖਕ ਆਰਥਿਕ, ਸਮਾਜਕ, ਇਤਿਹਾਸਕ ਪਰਿਸਥਿਤੀਆਂ ਵਿਚ ਵਾਪਰੀ ਤਬਦੀਲੀ ਤੋਂ ਉਤਪੰਨ ਲੋਕ ਦਾਇਰਿਆਂ(ਪੁਲਿਸ, ਅਧਿਆਪਕ, ਵਕੀਲ, ਡਾਕਟਰ ਆਦਿ) ਦੀ ਲੋਕਧਾਰਾ ਦੀ ਗੱਲ ਛੇੜਦਾ ਹੈ। ਇਸ ਅਧਿਆਇ ਵਿਚ ਲੇਖਕ ਟਰੱਕ ਡਰਾਈਵਰਾਂ ਦੀ ਲੋਕਧਾਰਾ ਬਾਰੇ ਵਿਸਤਾਰ ਸਹਿਤ ਗੱਲ ਕਰਦਾ ਹੈ। ਲੇਖਕ ਟਰੱਕ ਡਰਾਈਵਰੀ ਵਿਚ ਵਧਦੇ ਰੁਝਾਨ ਪਿੱਛੇ ਕਾਰਨ ਵਜੋਂ ਪੰਜਾਬ ਵਿਚ ਘਟਦੀ ਜ਼ਮੀਨ, ਬੇਰੋਜ਼ਗਾਰੀ, ਖੇਤੀਬਾੜੀ ਦੇ ਨਿਘਾਰ ਅਤੇ ਇੰਡਸਟਰੀ ਦੇ ਅਭਾਵ ਨੂੰ ਕਬੂਲਦਾ ਹੈ। ਇਸ ਪਾਠ ਵਿਚ ਉਹ ਟਰੱਕਾਂ ਉੱਤੇ ਲਿਖੀਆਂ ਗਈਆਂ ਸਤਰਾਂ ਦਾ ਅਧਿਐਨ ਕਰਦਾ ਹੈ। ਉਸ ਅਨੁਸਾਰ ਇਹ ਸਤਰਾਂ ਟਰੱਕ ਡਰਾਈਵਰਾਂ ਦੀ ਜੀਵਨ ਸ਼ੈਲੀ ਬਾਰੇ ਉਨ੍ਹਾਂ ਦੀ ਮਾਨਸਿਕਤਾ ਅਤੇ ਆਰਥਿਕ ਸਥਿਤੀ ਬਾਰੇ ਇੱਕ ਸੂਤਰ ਬੱਧ ਜਾਣਕਾਰੀ ਹੈ। ਲੇਖਕ ਬਹੁਤ ਸਾਰੀਆਂ ਸਤਰਾਂ ਨੂੰ ਇਕੱਤਰ ਕਰਕੇ ਉਨ੍ਹਾਂ ਨੂੰ ਵਿਭਿੰਨ ਭਾਗਾਂ ਵਿਚ ਵੰਡਦਾ ਹੈ। ਜਿੰਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ।

  • ਦੱਬੀਆਂ ਘੁੱਟੀਆਂ ਇੱਛਾਵਾਂ ਦਾ ਪ੍ਰਗਟਾਵਾ

 ਉਡੀਕਾਂ ਤੇਰੀਆਂ
    ਕੌਣ ਦਿਲਾਂ ਦੀਆਂ ਜਾਣੇ

  • ਆਰਥਿਕ ਮਜ਼ਬੂਰੀ ਵਿਚੋਂ ਉਪਜੀ ਬੇਵਸੀ

ਚੰਦਰੇ ਨੋਟਾਂ ਨੇ ਮੇਰਾ ਚੰਨ ਪ੍ਰਦੇਸੀ ਕੀਤਾ

  • ਲੋਕ ਵਿਸ਼ਵਾਸ ਅਤੇ ਧਾਰਮਿਕ ਨਿਸ਼ਠਾ

 ਵਾਹਿਗੁਰੂ ਤੇਰਾ ਸ਼ੁਕਰ ਹੈ
    ਸਰਬੱਤ ਦਾ ਭਲਾ

ਇਸ ਤਰ੍ਹਾਂ ਨਾਲ ਡਰਾਈਵਰਾਂ ਦੀ ਮਾਨਸਿਕਤਾ ਬਾਰੇ ਦੱਸਦਾ ਹੈ। ਜਿਵੇਂ ਕਿ ਹੇਠਾਂ ਦਰਜ ਸਤਰ ਕਦਰਾਂ ਕੀਮਤਾਂ ਤੋਂ ਹਟਕੇ ਵਿਅਕਤੀ ਦੀ ਤ੍ਰਾਸਦੀ ਪੇਸ਼ ਕਰਦੀ ਹੈ।

ਨੇਕੀ ਕਰ ਤੇ ਛਿੱਤਰ ਖਾਹ
        ਮੈਂ ਵੀ ਖਾਧੇ
        ਤੂੰ ਵਾ ਖਾਹ।

ਲੇਖਕ ਡਰਾਈਵਰਾਂ ਦੀ ਸਿੱਖਿਅਕ ਯੋਗਤਾ, ਉਨ੍ਹਾਂ ਵਿਚਲੇ ਧਾਰਮਿਕ ਵਿਸ਼ਵਾਸਾਂ, ਖਾਣ-ਪਾਣ, ਪਹਿਰਾਵੇ ਅਤੇ ਰਹਿਣ-ਸਹਿਣ ਬਾਰੇ ਚਰਚਾ ਕਰਦਾ ਹੈ ਅਤੇ ਡਰਾਈਵਰੀ ਦੇ ਹੋਰ ਪੱਖਾਂ ਅਤੇ ਲੋਕਧਾਰਾ ਦੇ ਨਮੂਨੇ ਆਦਿ ਬਾਰੇ ਵਿਸਤ੍ਰਿਤ ਚਰਚਾ ਕਰਦੀ ਬਲਦੇਵ ਸਿੰਘ ਸੜਕਨਾਮਾ ਦੀ ਪੁਸਤਕ ਸੜਕਨਾਮਾ ਦਾ ਹਵਾਲਾ ਦਿੰਦਾ ਹੈ।


ਹਾਸੇ ਦੀ ਰਾਜਨੀਤੀ

ਸੋਧੋ

ਡਾ. ਗੁਰਮੀਤ ਸਿੰਘ ਲੋਕ ਵਾਰਤਕ ਬ੍ਰਿਤਾਂਤ ਦੀਆਂ ਅਨੇਕਾਂ ਵੰਨਗੀਆਂ ਵਿੱਚ ਮਿੱਥ ਅਤੇ ਲੋਕ ਕਹਾਣੀਆਂ ਤੋਂ ਇਲਾਵਾ ਲੋਕ ਬ੍ਰਿਤਾਂਤ ਦੇ ਹੋਰ ਰੂਪ ਟੋਟਕੇ, ਚੁਟਕਲੇ ਜਿੰਨ੍ਹਾਂ ਵਿਚ ਹਾਸਾ, ਵਿਅੰਗ, ਸਮਾਜਕ, ਰਾਜਨੀਤਕ, ਧਾਰਮਿਕ ਵਿਵਸਥਾਵਾਂ ਦਾ ਚਿਤਰਨ, ਆਦਿ ਸ਼ਾਮਿਲ ਹੁੰਦਾ ਹੈ, ਬਾਰੇ ਚਰਚਾ ਕਰਦਾ ਹੈ। ਉਸ ਅਨੁਸਾਰ ਲੋਕ ਵਾਰਤਕ ਬ੍ਰਿਤਾਂਤ ਸੰਬੰਧੀ ਅੰਤਰ ਰਾਸ਼ਟਰੀ ਪੱਧਰ ਤੇ ਕਾਫ਼ੀ ਗੰਭੀਰ ਕਾਰਜ ਹੋਏ ਹਨ ਪਰ ਪੰਜਾਬੀ ਵਿਚ ਵਿਦਵਾਨਾਂ ਦੁਆਰਾ ਅਜੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਲੇਖਕ ਲੋਕ ਬ੍ਰਿਤਾਂਤ ਦੇ ਵਿਧਾਗਤ ਅਧਿਐਨ ਦੀ ਥਾਂ ਭਾਰਤ ਦੇ ਹਿੰਦੂ ਸਿੱਖਾਂ ਅਤੇ ਪਾਕਿਸਤਾਨ ਵਿਚਲੇ ਮੁਸਲਮਾਨਾਂ ਦੇ ਅਵਚੇਤਨ ਵਿਚ ਪਈ ਇੱਕ-ਦੂਸਰੇ ਨੂੰ ਛੁਟਿਆਉਣ ਦੀ ਮਾਨਸਿਕਤਾ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ। ਲੇਖਕ ਇਸ ਮਾਨਸਿਕਤਾ ਤੋਂ ਉਤਪੰਨ ਬ੍ਰਿਤਾਂਤ ਨੂੰ ਲੋਕ ਹਾਸ ਵਿਅੰਗ ਵਜੋਂ ਸਵੀਕਾਰਦਾ ਹੈ। ਉਹ ਉਸ ਹਾਸ ਬ੍ਰਿਤਾਂਤ ਦੀ ਗੱਲ ਕਰਦਾ ਹੈ ਜੋ ਕਿ ਪਾਕਿਸਤਾਨ ਦੇ ਬਣਨ ਮਗਰੋਂ ਪੈਦਾ ਹੋਏ ਤਨਾਉ ਅਤੇ ਕੜਵਾਹਟ ਵਿਚੋਂ ਪੈਦਾ ਹੋਇਆ। ਇਹ ਕੜਵਾਹਟ ਵੰਡ ਤੋਂ ਬਾਅਦ ਯੁੱਧਾਂ ਅਤੇ ਧਾਰਮਿਕ ਕੱਟੜਵਾਦ ਅਤੇ ਮੀਡੀਆ ਕਾਰਨ ਹੋਰ ਵੀ ਤਿੱਖੀ ਹੋਈ ਹੈ। ਲੇਖਕ ਕੁਲਦੀਪ ਨਈਅਰ ਦੇ ਲੇਖ ਵਿਚਲੀ ਗੁਪਤ ਰਿਪੋਕਟ ਦੇ ਹਵਾਲੇ ਨਾਲ ਇਸ ਨਫ਼ਰਤ ਨੂੰ ਦਰਸ਼ਾਉਂਦਾ ਹੈ:-

ਖੱਤਰੀਆਂ ਮਾਰਿਆ ਤੀਰ ਕਮਾਨ
          ਸਾਰੇ ਹੋਏ ਮੁਸਲਮਾਨ

ਇਸ ਗੀਤ ਨਾਲ ਫ਼ਿਰਕੂ ਕੜਵਾਹਟ ਜ਼ਾਹਿਰ ਹੁੰਦੀ ਹੈ। ਇਸ ਕੜਵਾਹਟ ਦੇ ਦਬਾਅ ਤੋਂ ਕੁਝ ਮੁਕਤ ਹੋਣ ਲਈ ਇਹ ਹਾਸ ਵਿਅੰਗੀ ਬ੍ਰਿਤਾਂਤ ਰਚੇ ਗਏ ਹਨ। ਇਹ ਆਮ ਲੋਕਾਂ ਦੇ ਨਫ਼ਰਤ ਦੇ ਦਬਾਅ ਦਾ ਵਿਰੇਚਨ ਕਰਦੇ ਹਨ। ਲੇਖਕ ਅਨੁਸਾਰ ਹਾਸ ਵਿਅੰਗ ਮੁੱਖ ਤੌਰ ਤੇ ਦੁਸ਼ਮਣ ਨੂੰ ਹੀਣਾ ਦਿਖਾਕੇ ਮਖੌਲ ਉਡਾਕੇ ਅਸਿੱਧੇ ਤੌਰ ਤੇ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਹੈ। ਡਾ. ਗੁਰਮੀਤ ਸਿੰਘ ਨੇ ਇਸ ਲਈ ਭਾਰਤ ਪਾਕਿਸਤਾਨੀਆਂ ਦੁਆਰਾ ਸਿਰਜੇ ਕਈ ਗਿਲਾਨੀ ਅਤੇ ਚੁਭਣ ਵਾਲੇ ਬ੍ਰਿਤਾਂਤ ਵੀ ਦਿੱਤੇ ਹਨ। ਜਿੰਨ੍ਹਾਂ ਵਿਚ ਇੱਕ ਦੂਜੀ ਕੌਮ ਨੂੰ ਮੂਰਖ ਦੱਸਿਆ ਗਿਆ ਹੈ। ਲੇਖਕ ਅਨੁਸਾਰ ਇਹ ਵਿਅੰਗ ਮਨੋਰੰਜਨ ਤੋਂ ਪਹਿਲਾਂ ਸਾਡੇ ਅਵਚੇਤਨ ਵਿਚ ਪਏ ਸਾੜੇ, ਈਰਖਾ ਤੇ ਨਫ਼ਰਤ ਦਾ ਪ੍ਰਗਟਾਵਾ ਹਨ। ਇਨ੍ਹਾਂ ਦੇ ਸੰਬੰਧਾਂ ਦੇ ਵਰਤਾਰੇ ਨੂੰ ਸਮਝਣ ਲਈ ਇਨ੍ਹਾਂ ਵਿਚਲੇ ਸੱਚ ਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ।


ਲੋਹੜੀ ਦੀ ਲੋਕਧਾਰਾ ਦਾ ਅਧਿਐਨ

ਸੋਧੋ

ਲੇਖਕ ਲੋਹੜੀ ਨੂੰ ਪੰਜਾਬ ਦਾ ਮੁੱਖ ਤਿਉਹਾਰ ਆਖਦਿਆਂ ਇਸਦੀ ਤਿੱਥ ਨਿਰਧਾਰਨ ਕਰਦਾ ਹੋਇਆ ਲੋਹੜੀ ਨੂੰ ਲੋਰੀ ਨਾਲ ਜੋੜਦਾ ਹੈ। ਇਸ ਪਿੱਛੇ ਉਹ ਲੋਹੜੀ ਨੂੰ ਨਵ-ਜੰਮੇ ਬੱਚੇ ਦੀ ਖੁਸ਼ੀ ਵਿਚ ਗਾਏ ਜਾਣ ਵਾਲੇ ਗੀਤਾਂ ਨੂੰ ਲੋਰੀ ਦੀ ਭਾਵਨਾ ਨਾਲ ਜੋੜਕੇ ਦੇਖਦਿਆਂ ਲੋਰੀ ਸ਼ਬਦ ਤੋਂ ਲੋਹੜੀ ਵਿਚ ਪਰਿਵਰਤਨ ਹੋਣ ਦਾ ਅਨੁਮਾਨ ਲਗਾਉਂਦਾ ਹੈ। ਉਹ ਲੋਹੜੀ ਦੇ ਤਿਉਹਾਰ ਦੇ ਮਨਾਏ ਜਾਣ ਪਿੱਛੇ ਪੌਰਾਣਿਕ ਮਿੱਥ ਕਥਾ ਦੇ ਵਿਵਰਣ ਉਪਰੰਤ ਲੋਹੜੀ ਨੂੰ ਠੰਢ ਤੋਂ ਨਿਵਾਰਨ ਦੇ ਰੂਪ ਵਿਚ ਅੱਗ ਬਾਲਕੇ ਸੂਰਜ ਦੀ ਪੂਜਾ ਦੇ ਰੂਪ ਵਜੋਂ ਉਘਾੜਦਾ ਹੈ। ਲੇਖਕ ਪੰਜਾਬੀ ਜੀਵਨ ਵਿਚਲੇ ਗ੍ਰਹਿਸਥੀ ਜੀਵਨ ਦੀ ਪੁੱਤ ਦੁਆਲੇ ਘੁੰਮਦੀ ਖੁਸ਼ੀ ਦਾ ਜ਼ਿਕਰ ਕਰਦਾ ਹੈ। ਲੇਖਕ ਨੇ ਵਿਆਹ ਦੀ ਖੁਸ਼ੀ, ਮੁੰਡੇ ਦੇ ਜਨਮ, ਜੁਆਨ ਮੁੰਡੇ ਕੁੜੀਆਂ, ਆਦਿ ਦੇ ਵਿਚ ਇਸ ਤਿਉਹਾਰ ਦੇ ਵੱਖੋ ਵੱਖਰੇ ਤਰੀਕੇ ਨਾਲ ਮਨਾਏ ਜਾਣ ਦੀ ਗੱਲ ਕਰਦਾ ਹੈ ਅਤੇ ਇਸ ਦੇ ਗੀਤਾਂ ਵਿਚ ਸ਼ਾਮਿਲ ਦੁੱਲੇ ਭੱਟੀ ਦੀ ਕਥਾ ਦਾ ਵੀ ਬਿਆਨ ਕੀਤਾ ਹੈ। ਸਾਰ ਰੂਪ ਵਿਚ ਲੇਖਕ ਨੇ ਲੋਹੜੀ ਨੂੰ ਖੁਸ਼ੀਅਾਂ ਮਨਾਉਣ ਵਾਲਾ ਤਿਉਹਾਰ ਕਹਿੰਦਿਆਂ ਇਸ ਨੂੰ ਵਿਸ਼ਵਾਸਾਂ, ਪਰੰਪਰਾਵਾਂ ਵਾਲਾ ਤਿਉਹਾਰ ਕਿਹਾ ਹੈ।


ਸੁਰਜੀਤ ਪਾਤਰ ਰਚਿਤ ''ਵਹਿੰਗੀ'' ਮਿਥ ਦਾ ਰੂਪਾਂਤਰਣ

ਸੋਧੋ

ਲੇਖਕ ਮਿੱਥ ਦੀ ਸਾਹਿਤ ਵਿਚ ਵਰਤੋਂ ਬਾਰੇ ਗੱਲ ਕਰਦਾ ਹੈ ਕਿ ਆਧੁਨਿਕ ਕਾਲ ਦੀਆਂ ਸਾਹਿਤ ਵੰਨਗੀਆਂ (ਨਾਵਲ, ਨਾਟਕ, ਕਵਿਤਾ ਆਦਿ) ਸੰਕੇਤਕ ਜਾਂ ਵਿਸਤ੍ਰਿਤ ਰੂਪ ਵਿਚ ਪਰੰਪਰਾਗਤ ਮਿਥਾਂ ਨੂੰ ਆਧਾਰ ਬਣਾਉਂਦੀਆਂ ਆਈਆਂ ਹਨ। ਲੇਖਕ ਅਨੁਸਾਰ ਅਜਿਹੀਆਂ ਰਚਨਾਵਾਂ ਦੇ ਅਧਿਐਨ ਲਈ ਲੋਕਧਾਰਾਈ ਦ੍ਰਿਸ਼ਟੀ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਅਨੁਸਾਰ ਆਰੰਭਲਾ ਅਧਿਐਨ ਕੇਵਲ ਮਿੱਥ ਦੀ ਪਛਾਣ ਕਰਨ ਤੀਕਰ ਸੀਮਿਤ ਸੀ ਪਰ ਐਲਨ ਡੰਡੀਜ਼, ਡੇਨੀਅਲ ਆਰ. ਬਾਰਨੀਸ, ਜੀ. ਗਰਾਬਮਾਨ ਰਚਨਾ ਅੰਦਰਲੀ ਭੂਮੀਕਾ ਦੀ ਪਛਾਣ ਤੇ ਵੀ ਧਿਆਨ ਦਿੰਦੇ ਹਨ। ਡਾ. ਗੁਰਮੀਤ ਸਿੰਘ ਸਾਹਿਤਕ ਰਚਨਾਵਾਂ ਵਿਚ ਲੋਕਧਾਰਾ ਦੇ ਯੋਗਦਾਨ ਦਾ ਮਹੱਤਵ ਪ੍ਰਗਟਾਉਂਦੇ ਹੋਏ ਵਣਜਾਰਾ ਬੇਦੀ ਦੀ ਗੱਲ ਰੱਖਦੇ ਹਨ, ਜਿਸ ਵਿਚ ਉਨ੍ਹਾਂ ਨੇ ਮੱਧਕਾਲੀ ਸਾਹਿਤ ਨੂੰ ਮੁੱਖ ਰੱਖਦਿਆਂ.. ਉਸਨੂੰ ਲੋਕਧਾਰਾ ਤੋਂ ਬਿਨਾਂ ਇੱਕ ਫੁੱਲ ਪੱਤੀਆਂ ਰਹਿਤ ਸ਼ਾਖਾ ਦੱਸਿਆ ਹੈ। ਵਹਿੰਗੀ ਸੁਰਜੀਤ ਪਾਤਰ ਦੀ ਇੱਕ ਪ੍ਰਗੀਤਕ ਕਾਵਿ ਰਚਨਾ ਹੈ। ਲੇਖਕ ਨੇ ਕਵਿਤਾ ਵਿਚਲੀਆਂ ਕੁਝ ਸਤਰਾਂ ਲੈਕੇ ਵਿਆਖਿਆ ਕੀਤੀ ਹੈ। ਵਹਿੰਗੀ ਦੇ ਅਰਥ ਸਪੱਸ਼ਟ ਕਰਦਿਆਂ ਰਮਾਇਣ ਕਥਾ ਵਿਚੋਂ ਲਏ ਗਏ ਸਰਵਣ ਦੇ ਪ੍ਰਸੰਗ ਬਾਰੇ ਜਾਣੂ ਕਰਵਾਉਂਦਾ ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਸੁਰਜੀਤ ਪਾਤਰ ਨੇ ਮਿੱਥ ਦੀ ਵਰਤੋਂ ਰਾਹੀਂ ਸਮਕਾਲੀ ਸਮਾਜਕ, ਧਾਰਮਿਕ, ਰਾਜਨੀਤਕ ਵਿਵਸਥਾ ਦਾ ਵਿਸ਼ਲੇਸ਼ਣ ਕੀਤਾ ਹੈ। ਉਸਨੇ ਭ੍ਰਿਸ਼ਟ ਵਿਵਸਥਾ ਟਿੱਪਣੀ ਪਾਸ ਕਰਨ ਲਈ ਮਿੱਥ ਦਾ ਪ੍ਰਯੋਗ ਕਰਕੇ ਦੁੱਖ ਜ਼ਾਹਿਰ ਕੀਤਾ ਹੈ।


ਨਾਦ ਬਿੰਦ ਨਾਵਲ ਦਾ ਲੋਕਧਾਰਾਈ ਅਧਿਐਨ

ਸੋਧੋ

ਲੇਖਕ ਅਨੁਸਾਰ ਨਾਵਲ ਚਾਹੇ ਕਿਸੇ ਵੀ ਭਾਸ਼ਾ ਦਾ ਹੋਵੇ ਉਸ ਵਿਚ ਲੋਕ ਬਿਰਤਾਂਤ ਅੰਸ਼ ਜ਼ਰੂਰ ਹੁੰਦੇ ਹਨ। ਅਸਲ ਵਿਚ ਨਾਵਲ ਲੋਕ ਕਥਾਵਾਂ, ਪਰੀ ਕਥਾਵਾਂ, ਮਿਥਾਂ ਦਾ ਹੀ ਰੂਪ ਹੈ। ਲੋਕ ਬ੍ਰਿਤਾਂਤ ਦੀਆਂ ਜੁਗਤਾਂ ਹੀ ਨਾਵਲ ਦੀ ਹੋਂਦ ਵਿਧੀ ਵਿਚ ਆਪਣੀ ਭੂਮਿਕਾ ਅਦਾ ਕਰਦੀਆਂ ਹਨ। ਲੇਖਕ ਨਾਦ-ਬਿੰਦ ਨਾਵਲ ਬਾਰੇ ਆਪਣੀ ਗੱਲ ਰੱਖਦਾ ਹੈ ਕਿ ਇਸ ਵਿਚ ਇੱਕ ਵਿਸ਼ੇਸ਼ ਪੂਜਾ ਪੱਧਤੀ ਦੀ ਲੋਕਧਾਰਾ ਦਾ ਜ਼ਿਕਰ ਹੈ ਜੋ ਨਾਥ ਸੰਪਰਦਾ ਨਾਲ ਸੰਬੰਧਿਤ ਹੈ। ਲੇਖਕ ਅਨੁਸਾਰ ਇਸਦੇ ਸਿਰਲੇਖ ਵਿਚ "ਔਰਤ ਦਾ ਭੋਗ ਨੂੰ ਨਿਸ਼ੇਧ" ਕਿਹਾ ਗਿਆ ਹੈ। ਉਸ ਅਨੁਸਾਰ ਨਾਵਲਕਾਰ ਨੇ ਨਾਵਲ ਵਿਚ ਚਾਲੀ ਤੋਂ ਵੱਧ ਮਿਥਾਂ ਤੇ ਮੋਟਿਫ਼ਾਂ ਨੂੰ ਲੋਕਧਾਰਾ ਦੇ ਪ੍ਰਸੰਗਿਕ ਅਰਥਾਂ ਨੂੰ ਬਗ਼ੈਰ ਛੇੜਛਾੜ ਕਰੇ ਵਰਤਿਆ।


ਖੇਜ ਯੋਜਨਾ ਅਤੇ ਖੇਤਰੀ ਵਿਧੀਆਂ

ਸੋਧੋ

ਲੇਖਕ ਅਨੁਸਾਰ ਖੋਜ ਯੋਜਨਾ ਵਿਚ ਵਿਗਿਆਨਿਕਤਾ ਅਤੇ ਵਿਧਿਵਤਤਾ ਹੋਣੀ ਆਵਸ਼ਕ ਹੈ। ਖੋਜ ਵਿਚ ਕਿਸੇ ਵਸਤੂ/ਵਰਤਾਰੇ ਜਾਂ ਘਟਨਾ ਆਦਿ ਨਾਲ ਜੁੜੀ ਸਾਮਗ੍ਰੀ ਨੂੰ ਇੱਕਠਿਆਂ ਕਰਕੇ ਉਸਦਾ ਵਰਗੀਕਰਨ ਅਤੇ ਵਿਸ਼ਲੇਸ਼ਣ ਕਰਕੇ ਉਸ ਦੇ ਨਵੇਂ ਤੱਥਾਂ ਨੂੰ ਖੋਜਿਆ ਜਾਂਦਾ ਹੈ। ਡਾ. ਗੁਰਮੀਤ ਸਿੰਘ ਨੇ ਆਗਮਨ ਅਤੇ ਨਿਗਮਨ ਦੋ ਤਰ੍ਹਾਂ ਦੀ ਖੋਜ ਦਾ ਵਰਣਨ ਕੀਤਾ ਹੈ। ਲੇਖਕ ਲੋਕਧਾਰਾ ਅਧਿਐਨ ਵਿਚ ਖੇਤਰੀ ਵਿਧੀਆਂ ਦੇ ਮਹੱਤਵ ਬਾਰੇ ਗੱਲ ਕਰਦਾ ਹੋਇਆ ਦੱਸਦੈ ਹੈ ਕਿ ਇਸ ਅਧਿਐਨ ਵਿਚ ਦੋ ਤਰ੍ਹਾਂ ਦੇ ਵਿਦਵਾਨ ਆਉਂਦੇ ਹਨ। ਇੱਕ ਵਿਦੇਸ਼ੀ ਅਤੇ ਦੂਸਰੇ ਵਿਦਵਾਨ ਅਧਿਐਨ ਸੰਬੰਧਿਤ ਜਾਤੀ ਵਿਚੋਂ ਹੀ ਹੁੰਦੇ ਹਨ। ਲੇਖਕ ਦੱਸਦਾ ਹੈ ਕਿ ਪੰਜਾਬੀ ਲੋਕ ਸਾਹਿਤ ਨੂੰ ਛੱਡਕੇ ਪੰਜਾਬੀ ਲੋਕਧਾਰਾ ਦੇ ਬਾਕੀ ਖੇਤਰਾਂ ਵਿਚ ਬਹੁਤਾ ਯੋਗਦਾਨ ਵਿਦੇਸ਼ੀ ਵਿਦਵਾਨਾਂ ਦਾ ਹੈ। ਪਰ ਇਹ ਵਿਦੇਸ਼ੀ ਵਿਦਵਾਨ ਸੰਬੰਧਿਤ ਲੋਕਧਾਰਾ ਦੇ ਪ੍ਰਸੰਗਾਂ ਤੋਂ ਅਣਜਾਣ ਹੁੰਦੇ ਹਨ। ਡਾ. ਗੁਰਮੀਤ ਸਿੰਘ ਨੇ ਲੋਕਧਾਰਾ ਅਧਿਐਨ ਦੀਆਂ ਖੇਤਰੀ ਵਿਧੀਆਂ ਵਿਚੋਂ ਨਿਰੀਖਣ ਅਤੇ ਇੰਟਰਵਿਊ ਨੂੰ ਪ੍ਰਮੁੱਖ ਮੰਨਕੇ ਉਨ੍ਹਾਂ ਦਾ ਵਰਣਨ ਦਿੱਤਾ ਹੈ। ਲੇਖਕ ਖੋਜੀ ਵੱਲੋਂ ਖੋਜ ਵਿਚ ਆਧੁਨਿਕ ਤਕਨਾਲੋਜੀ ਦੇ ਤਕਨੀਕੀ ਸੰਦਾਂ(ਕੈਮਰਾ, ਰਿਕਾਰਡਰ ਆਦਿ) ਦੀ ਵਰਤੋਂ ਨੂੰ ਜ਼ਰੂਰੀ ਦੱਸਦਾ ਹੈ।

ਪੰਜਾਬੀ ਲੋਕਧਾਰਾ ਸੰਬੰਧੀ ਪ੍ਰਾਪਤ ਖੋਜ ਦਾ ਸਰਵੇਖਣ

ਸੋਧੋ

ਇਸ ਅਧਿਆਇ ਵਿਚ ਡਾ. ਗੁਰਮੀਤ ਸਿੰਘ ਨੇ ਪੰਜਾਬੀ ਲੋਕਧਾਰਾ ਦੀ ਖੋਜ ਸੰਬੰਧੀ ਕਾਰਜਾਂ ਦਾ ਬਿਉਰਾ ਅਤੇ ਉਨ੍ਹਾਂ ਵਿਚ ਵਰਤੇ ਢੰਗ, ਵਿਧੀਆਂ ਆਦਿ ਦੀ ਜਾਣਕਾਰੀ ਦਿੱਤੀ ਹੈ। ਲੇਖਕ ਆਪਣੇ ਇਸ ਪਰਚੇ ਨੂੰ ਦੋ ਹਿੱਸਿਅਾਂ ਵਿਚ ਵੰਡ ਲੈਂਦਾ ਹੈ।

  1. ਸਮੱਗਰੀ ਦਾ ਇਕੱਤਰੀਕਰਨ ਅਤੇ ਸੰਪਾਦਨ
  2. ਅਧਿਐਨ ਅਤੇ ਵਿਸ਼ਲੇਸ਼ਣ

ਲੇਖਕ ਦੱਸਦਾ ਹੈ ਕਿ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਮੁੱਢਲੇ ਕਾਰਜਾਂ ਵਿਚ ਕੇਵਲ ਸਮੱਗਰੀ ਇਕੱਤਰਿਤ ਕਰਕੇ ਉਸਦਾ ਸੰਪਾਦਨ ਕਰ ਦਿੱਤਾ ਗਿਆ ਹੈ। ਇਹ ਸੰਕਲਨ ਕਿਸੇ ਪ੍ਰਕਾਰ ਦੇ ਵਿਸ਼ਲੇਸ਼ਣ ਤੋਂ ਰਹਿਤ ਹਨ। ਮੁੱਡਲੇ ਤੌਰ ਤੇ ਵਿਦੇਸ਼ੀ ਵਿਦਵਾਨਾਂ ਐੱਚ.ਏ. ਰੋਜ਼, ਚਾਰਲਸ ਸਵਿਨਟਰਨ, ਆਰ.ਸੀ. ਟੈਂਪਲ, ਮੈਕਲੇਗਨ, ਇਬਸਟਨ, ਜੋਹਨ ਕੈਂਪਬੈਲ, ਫਲੌਰਾ ਆਨੀ ਸਟੀਟ ਆਦਿ ਵਿਦਵਾਨਾਂ ਦੇ ਸੰਕਲਨ ਇਸੇ ਤਰ੍ਹਾਂ ਦੇ ਹੀ ਹਨ। ਇਹ ਸਭ ਸੰਕਲਨ ਅੰਗ੍ਰੇਜ਼ੀ ਭਾਸ਼ਾ ਵਿਚ ਸਨ। ਇਸਤੋਂ ਬਾਅਦ 1927 ਵਿਚ ਪੰਡਤ ਸ਼ਰਧਾ ਰਾਮ ਦੀ ਪੁਸਤਕ(ਪੰਜਾਬ ਦੇ ਗੀਤ)ਦੇਵਨਾਗਰੀ ਵਿਚ ਅਤੇ 1931 ਵਿਚ ਪੰਡਤ ਸ਼ਰਧਾ ਦਾਸ ਦੀ ਪੁਸਤਕ(ਪੰਜਾਬ ਦੇ ਗੀਤ)ਫ਼ਾਰਸੀ ਲਿਪੀ ਵਿਚ ਛਪਦੀ ਹੈ। ਮਗਰੋਂ 1936 ਵਿਚ ਦੇਵਿੰਂਦਰ ਸਤਿਆਰਥੀ ਦੀ ਪੁਸਤਕ ਗਿੱਧਾ ਗੁਰਮੁਖੀ ਵਿਚ ਆਉਂਦੀ ਹੈ। ਪਰਂਤੂ ਸਤਿਆਰਥੀ ਨੇ ਵੀ ਕੇਵਲ ਖੇਤਰੀ ਭਾਸ਼ਾਵਾਂ ਦੇ ਲੋਕਗੀਤਾਂ ਦਾ ਤੁਲਨਾਤਮਕ ਅਧਿਐਨ ਹੀ ਕੀਤਾ। ਉਸ ਦੀ ਪੀੜ੍ਹੀ ਦੇ ਬਾਕੀ ਸੰਗ੍ਰਹਿਕਾਰਾਂ ਨੇ ਵੀ ਰੂਪਕ ਨਖੇੜੇ ਵੱਲ ਧਿਆਨ ਨਹੀਂ ਦਿੱਤਾ। ਡਾ. ਗੁਰਮੀਤ ਸਿੰਘ ਨੇ ਸ਼ਮਸੇਰ, ਹਰਜੀਤ ਸਿੰਘ, ਅੰਮ੍ਰਿਤਾ ਪ੍ਰੀਤਮ, ਅਵਤਾਰ ਸਿੰਘ ਦਲੇਰ ਆਦਿ ਦੀਆਂ ਰਚਨਾਵਾਂ ਦਾ ਜ਼ਿਕਰ ਕੀਤਾ ਹੈ ਪਰ ਇਨ੍ਹਾਂ ਸਭ ਵਿਚ ਕੋਈ ਠੋਸ ਦਲੀਲਾਂ ਨਹੀਂ ਸਨ। ਪਰੰਤੂ ਅੱਗੇ ਜਾਕੇ ਕੁਝ ਅਜਿਹੇ ਸੰਗ੍ਰਹਿਕਾਰ ਵੀ ਹਨ ਜੋ ਲੋਕਧਾਰਾ ਵਿਚ ਵਿਸ਼ੇਸ਼ ਥਾਂ ਬਣਾ ਸਕੇ। ਇਨ੍ਹਾਂ ਵਿਚ ਲੇਖਕ ਡਾ. ਨਾਹਰ ਸਿੰਘ, ਡਾ. ਕਰਮਜੀਤ ਸਿੰਘ, ਕੁਲਵੰਤ ਸਿੰਘ ਔਲਖ ਦਾ ਨਾਮ ਲੈਂਦਾ ਹੈ। ਸੁਖਦੇਵ ਮਾਧਪੁਰੀ ਨੇ ਵੀ ਵੱਡੀ ਮਾਤਰਾ ਵਿਚ ਲੋਕਧਾਰਾ ਦੀ ਸਾਮਗ੍ਰੀ ਨਾਲ ਸੰਗ੍ਰਹਿਤ ਪੁਸਤਕਾਂ ਛਪਵਾਈਆਂ। ਲੇਖਕ ਇਨ੍ਹਾਂ ਸੰਗ੍ਰਹਿਕਾਰਾਂ ਦੀ ਵਿਸ਼ੇਸ਼ਤਾ ਦੱਸਦਾ ਹੈ ਕਿ ਇਨ੍ਹਾਂ ਨੇ ਆਪਣੀ ਇਲਾਕਾਈ ਸੀਮਾ ਨਿਰਧਾਰਤ ਕਰਕੇ ਸਮੱਗਰੀ ਦੇ ਇਕੱਤਰਿਕਰਨ ਦੀ ਵਗਿਆਨਿਕ ਪਹੁੰਚ ਅਪਣਾਈ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਚ ਵਿਭਿੰਨ ਰੂਪਾਂ ਦੇ ਰਲਗੱਡ ਦੀ ਥਾਂ ਲੋਕ ਕਾਵਿ ਦੇ ਕਿਸੇ ਇੱਕ ਰੂਪ ਨੂੰ ਚੁਣਿਆ ਗਿਆ ਹੈ। "ਲੋਕਧਾਰਾ ਦਾ ਅਧਿਐਨ ਅਤੇ ਵਿਸ਼ਲੇਸ਼ਣ" ਲੇਖਕ ਪੰਜਾਬੀ ਲੋਕਧਾਰਾ ਦੇ ਅਧਿਐਨ ਵਿਸ਼ਲੇਸ਼ਣ ਦਾ ਆਰੰਭ ਡਾ. ਵਣਜਾਰਾ ਬੇਦੀ ਦੇ PHD ਸ਼ੋਧ ਕਾਰਜ "ਪੰਜਾਬੀ ਅਖਾਣਾਂ ਦਾ ਆਲੋਚਨਾਤਮਕ ਅਧਿਐਨ" ਤੋਂ ਮੰਨਦਾ ਹੈ। ਡਾ. ਬੇਦੀ ਨੇ ਲੋਕਧਾਰਾ ਦੇ ਸਿਧਾਂਤਕ ਪੱਖ ਦੇ ਨਾਲ ਨਾਲ, ਲੋਕਧਾਰਾ ਦੇ ਵਿਹਾਰਕ ਪਹਿਲੂਆਂ ਅਤੇ ਮੂਲ ਸਰੋਕਾਰਾਂ ਅਤੇ ਸਮੱਸਿਆਵਾਂ ਨੂੰ ਹਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਦੀਆਂ ਪੁਸਤਕਾਂ ਪੰਜਾਬੀ ਲੋਕਧਾਰਾ ਦੀ ਜਾਣ ਪਛਾਣ ਕਰਾਉਣ ਦੇ ਨਾਲ ਗੰਭੀਰ ਅਧਿਐਨ ਦਾ ਮੁੱਢ ਬੰਨਦੀਆਂ ਹਨ। ਡਾ. ਬੇਦੀ ਤੋਂ ਬਾਅਦ ਡਾ. ਕਰਨੈਲ ਸਿੰਘ ਥਿੰਦ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਨੇ ਪੰਜਾਬੀ ਲੋਕਧਾਰਾ ਨੂੰ ਅਕਾਦਮਿਕ ਜਗਤ ਵਿਚ ਮਾਨਤਾ ਦਵਾਈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਲੋਕ ਸਾਹਿਤ ਦਾ ਵਿਧੀ ਵਿਗਿਆਨਿਕ ਵਿਸ਼ਲੇਸ਼ਣ ਕਰਨ ਵਾਲਿਆਂ ਵਿਚ ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਨਾਹਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ, ਡਾ. ਸ਼ਹਰਯਾਰ, ਆਦਿ ਨੂੰ ਮੁੱਖ ਰੱਖਦਾ ਹੈ। ਇਨ੍ਹਾਂ ਵਿਦਵਾਨਾ ਨੇੇ ਪੰਜਾਬੀ ਲੋਕ ਸਾਹਿਤ ਦੇ ਆਪਣੇ ਨੇਮ ਵਿਧਾਨ ਨੂੰ ਪਛਾਨਣ ਦੇ ਯਤਨ ਕੀਤੇ ਹਨ। ਲੇਖਕ ਦੱਸਦਾ ਹੈ ਕਿ ਪੰਜਾਬੀ ਦੇ ਆਰੰਭਲੇ ਖੋਜ ਕਾਰਜ ਪੰਜਾਬੀ ਸਾਹਿਤ ਨਾਲ ਸੰਬੰਧਿਤ ਸਨ। ਜਿੰਨ੍ਹਾਂ ਵਿਚ ਸਾਹਿਤ ਵਿਚੋਂ ਲੋਕਧਾਰਾ ਦੇ ਤੱਤ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਸੁਚੇਤ ਕਰਦਾ ਹੈ ਕਿ ਖੋਜਕਾਰ ਨੂੰ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਲੋਕਧਾਰਾ ਅਤੇ ਸਾਹਿਤ ਦੋਵੇਂ ਸੁਤੰਤਰ ਹੋਂਦ ਰੱਖਦੇ ਹਨ। ਦੂਸਰਾ ਲੋਕਧਾਰਾਈ ਅਧਿਐਨ ਵਿਧੀ ਨੂੰ ਪ੍ਰਕਿਰਿਆ ਵਜੋਂ ਗ੍ਰਹਿਣ ਕਰਨ ਦੀ ਲੋੜ ਹੈ। ਲੇਖਕ ਲੋਕ ਵਿਸ਼ਵਾਸ, ਲੋਕ ਧਰਮ, ਲੋਕ ਕਲਾ, ਲੋਕ ਖੇਡਾਂ ਆਦਿ ਸੰਬੰਧੀ ਹੋਏ ਕਾਰਜਾਂ ਦਾ ਵੇਰਵਾ ਦਿੰਦਾ ਹੋਇਆ ਇਮਾਰਤਸਾਜ਼ੀ, ਲੋਕ ਚਿੱਤਰਕਾਰੀ, ਲੋਕ ਪਹਿਰਾਵੇ ਆਦਿ ਖੇਤਰਾਂ ਉੱਤੇ ਕੋਈ ਅਧਿਐਨ ਪ੍ਰਾਪਤ ਨਹੀਂ ਹੋਣ ਦਾ ਖਦਸ਼ਾ ਪ੍ਰਗਟ ਕਰਦਾ ਹੈ। ਸਿੱਟੇ ਵਜੋਂ ਡਾ. ਗੁਰਮੀਤ ਸਿੰਘ ਲਿਖਦੇ ਹਨ ਕਿ ਲੋਕਧਾਰਾ ਦਾ ਵਧੇਰਾ ਖੋਜ ਕਾਰਜ ਵਿਅਕਤੀਗਤ ਯਤਨਾਂ ਅਤੇ ਸਾਹਿਤ ਆਲੋਚਨਾ ਦੀ ਦ੍ਰਿਸ਼ਟੀ ਤੋਂ ਹੋਇਆ ਹੈ ਇਸ ਵਿਚ ਸਮਾਜ ਸ਼ਾਸਤਰੀ, ਮਵੋਵਿਗਿਆਨੀ ਜਾਂ ਮਾਨਵ ਵਿਗਿਆਨੀ ਦ੍ਰਿਸ਼ਟੀਕੋਣ ਤੋਂ ਹੋਏ ਕਾਰਜਾਂ ਦਾ ਅਭਾਵ ਹੈ। ਕੁਝ ਖੇਤਰਾਂ ਤੇ ਵਿਚ ਅਜੇ ਕਾਰਜ ਆਰੰਭ ਹੀ ਨਹੀਂ ਹੋਇਆ। ਇਸ ਲਈ ਉਹ "Folklore Institute" ਸਥਾਪਤ ਕਰਨ ਦੀ ਮੰਗ ਕਰਦਾ ਹੈ। ਉਨ੍ਹਾਂ ਲੋਕਧਾਰਾ ਦੀ ਸਮੱਗਰੀ ਦੇ ਇਕੱਤਰੀਤਰਨ ਵਿਚ ਤਕਨੀਕੀ ਸੰਦਾਂ ਦੇ ਅਭਾਵ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਅਨੁਸਾਰ ਬਾਜ਼ੀਗਰ, ਪੱਖੀਵਾਸ ਆਦਿ ਜਨਸਮੂਹਾਂ ਦੀ ਲੋਕਧਾਰਾ ਸੰਬੰਧੀ ਲੋੜਿੰਦੀ ਸਮੱਗਰੀ ਦੀ ਘਾਟ ਹੈ। ਬਹੁਤੀ ਸਮੱਗਰੀ ਨਿਸ਼ਚਿਤ ਖੋਜ ਯੋਜਨਾ ਦੇ ਅਭਾਵ ਵਿਚ, ਅਸਿਖਿਅਤ ਫੀਲਡ ਵਰਕਰਾਂ ਜਾਂ ਵਿਅਕਚੀਗਤ ਸ਼ੋਂਕ ਪੂਰਾ ਕਰਨ ਵਜੋਂ ਇੱਕਠੀ ਕੀਤੀ ਗਈ ਹੈ। ਜਿਨ੍ਹਾਂ ਵਿਚ ਖੇਤਰੀ ਵਿਧੀਆਂ ਚੋਣ ਦੀ ਘਾਟ ਦੇਖੀ ਜਾ ਸਕਦੀ ਹੈ।[1]

  1. ਸਿੰਘ, ਡਾ. ਗੁਰਮੀਤ (2006). ਲੋਕਧਾਰਾ ਪਰੰਪਰਾ ਤੇ ਆਧੁਨਿਕਤਾ. ਅੰਮ੍ਰਿਤਸਰ: ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ.