ਦੇਵਿੰਦਰ ਸਤਿਆਰਥੀ

(ਦਵਿੰਦਰ ਸਤਿਆਰਥੀ ਤੋਂ ਮੋੜਿਆ ਗਿਆ)

ਦੇਵਿੰਦਰ ਸਤਿਆਰਥੀ (28 ਮਈ 1908-12 ਫਰਵਰੀ 2003[1]) ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉੱਥੇ ਦੇ ਲੋਕਜੀਵਨ,ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਤਰ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਅਤੇ ਵਾਰਤਾਵਾਂ ਵਿੱਚ ਸਾਂਭ ਦਿੱਤਾ ਜਿਸਦੇ ਲਈ ਉਹ ਲੋਕਯਾਤਰੀ ਦੇ ਰੂਪ ਵਿੱਚ ਜਾਣ ਜਾਂਦੇ ਹਨ।

ਦੇਵਿੰਦਰ ਸਤਿਆਰਥੀ
ਸਤਿਆਰਥੀ ਲਗਭਗ 1935, ਇੱਕ ਪਠਾਨ ਲੋਕ ਗੀਤ ਨੋਟ ਕਰ ਰਿਹਾ ਹੈ
ਸਤਿਆਰਥੀ ਲਗਭਗ 1935, ਇੱਕ ਪਠਾਨ ਲੋਕ ਗੀਤ ਨੋਟ ਕਰ ਰਿਹਾ ਹੈ
ਜਨਮ(1908-05-28)28 ਮਈ 1908
ਭਦੌੜ, ਬਰਨਾਲਾ, ਪੰਜਾਬ, ਭਾਰਤ
ਮੌਤ12 ਫਰਵਰੀ 2003(2003-02-12) (ਉਮਰ 94)
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ
ਸਰਗਰਮੀ ਦੇ ਸਾਲ1927-2003
ਪ੍ਰਮੁੱਖ ਅਵਾਰਡਪਦਮ ਸ਼੍ਰੀ
ਹਿੰਦੀ ਸਾਹਿਤ ਸਾਧਨਾ ਸੰਮਾਨ

ਸਤਿਆਰਥੀ ਨੇ ਆਪਣੀ ਜ਼ਿੰਦਗੀ ਦੇ 20 ਸਾਲ ਵੱਖ - ਵੱਖ ਭਾਸ਼ਾਵਾਂ ਦੇ ਤਿੰਨ ਲੱਖ ਲੋਕ-ਗੀਤ ਇਕੱਠੇ ਕਰਨ ਵਿਚ ਲਗਾਏ। ਸਤਿਆਰਥੀ ਨੂੰ ਬਚਪਨ ਵਿਚ ਹਿੰਦੀ ਤੋਂ ਬਿਨਾਂ ਹੋਰ ਭਾਸ਼ਾਵਾਂ ਨੂੰ ਸਮਝਣ ਵਿਚ ਔਖ ਹੁੰਦੀ ਸੀ, ਖਾਸਕਰ ਪੰਜਾਬੀ ਪਰ ਬਾਅਦ ਵਿਚ ਉਸ ਨੇ ਨਾ ਸਿਰਫ਼ ਅਣਗਿਣਤ ਭਾਸ਼ਾਵਾਂ ਦੇ ਲੋਕ ਸਾਹਿਤ ਇਕੱਠੇ ਕੀਤੇ, ਸਗੋਂ ਪੰਜਾਬੀ, ਹਿੰਦੀ ਤੇ ਉਰਦੂ ਤੇ ਅੰਗਰੇਜੀ ਭਾਸ਼ਾਵਾਂ ਵਿਚ ਸਾਹਿਤ ਵੀ ਰਚਿਆ। ਉਸ ਨੇ ਗੀਤ, ਕਹਾਣੀਆਂ, ਕਵਿਤਾ, ਨਾਵਲ ਅਤੇ ਸਵੈ-ਜੀਵਨੀ ਵੱਖ-ਵੱਖ ਸਾਹਿਤ ਰੂਪਾਂ ਵਿਚ ਰਚਨਾ ਕੀਤੀ। ਕੁਝ ਪੰਜਾਬੀ ਲੇਖਕ ਜਿਵੇਂ ਰਾਜਿੰਦਰ ਸਿੰਘ ਬੇਦੀ ਤੇ ਕ੍ਰਿਸ਼ਨ ਚੰਦਰ ਜਦੋਂ ਪੰਜਾਬੀ ਤੋਂ ਉਰਦੂ ਸਾਹਿਤ ਵੱਲ ਗਏ ਤਾਂ ਉਸੇ ਪਾਸੇ ਦੇ ਹੋ ਗਏ ਪਰ ਸਤਿਆਰਥੀ ਚਾਰਾਂ ਭਾਸ਼ਾਵਾਂ ਵਿੱਚ ਬੜਾ ਮਕਬੂਲ ਹੋਇਆ। ਕਈ ਸਰਕਾਰੀ ਤੇ ਗੈਰ-ਸਰਕਾਰੀ ਸਨਮਾਨ ਵੀ ਉਸ ਨੂੰ ਹਾਸਿਲ ਹੋਏ। ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਅਕਾਦਮੀ ਦਿੱਲੀ ਤੇ ਹਿੰਦੀ ਅਕਾਦਮੀ ਦਿੱਲੀ ਨੇ ਉਸ ਨੂੰ ਸਾਹਿਤ ਸਨਮਾਨ ਤੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਵਲੋਂ ਉਸ ਨੂੰ 1976 ਵਿਚ ਲੋਕਧਾਰਾ ਦੇ ਖੇਤਰ ਵਿਚ ਦੇਣ ਕਾਰਨ ਪਦਮ ਸ਼੍ਰੀ ਦਾ ਸਨਮਾਨ ਹਾਸਿਲ ਹੋਇਆ।

ਜਨਮ ਅਤੇ ਮੁੱਢਲਾ ਜੀਵਨ

ਸੋਧੋ

ਦੇਵਿੰਦਰ ਸਤਿਆਰਥੀ ਦਾ ਜਨਮ 28 ਮਈ 1908[2][3][4] ਨੂੰ ਪਟਿਆਲਾ ਰਿਆਸਤ ਦੇ ਇਕ ਪੁਰਾਤਨ ਇਤਿਹਾਸਕ ਨਗਰ ਭਦੌੜ, ਜ਼ਿਲ੍ਹਾ ਸੰਗਰੂਰ (ਹੁਣ ਜਿਲ਼੍ਹਾ ਬਰਨਾਲਾ),ਪੰਜਾਬ ਵਿਚ ਹੋਇਆ।[5] ਪੁਰਾਣੇ ਗਜ਼ੀਟਰ ਵਿੱਚ ਇਸ ਇਲਾਕੇ ਨੂੰ ਜੰਗਲ ਕਿਹਾ ਗਿਆ ਹੈ।[6] ਅਜੀਤ ਕੌਰ ਨਾਲ ਇਕ ਮੁਲਾਕਾਤ ਵਿਚ ਉਹ ਖੁਦ ਦੱਸਦਾ ਹੈ, "ਅੱਠ ਮੇਰੇ ਲਈ ਸ਼ੁਭ ਨੰਬਰ ਏ। 28 ਮਈ 1908 ਨੂੰ ਮੈਂ ਜੰਮਿਆਂ ਸਾਂ। ਅੱਠ ਹਜ਼ਾਰ ਦਾ ਚੈੱਕ ਮਿਲਿਆ ਤਾਂ ਮੈਂ ਰੋਹਤਕ ਰੋਡ ਦੇ ਪਿਛਵਾੜੇ ਜ਼ਮੀਨ ਖਰੀਦ ਲਈ। 28 ਗਜ਼ ਜ਼ਮੀਨ ਮਿਲੀ।"[7] ਸਤਿਆਰਥੀ ਦੇ ਪਿਤਾ ਦਾ ਨਾਂ ਧਾਲੀ ਰਾਮ ਬੱਤਾ ਤੇ ਮਾਤਾ ਦਾ ਨਾਂ ਆਤਮਾ ਦੇਵੀ ਸੀ। ਸਤਿਆਰਥੀ ਦੇ ਜਨਮ ਸਮੇਂ ਉਸ ਦੀ ਸਾਹਿਤਕ ਖੇਤਰ ਵਿਚ ਉਨੱਤੀ ਲਈ ਉਸ ਦੀ ਜੀਭ ਉੱਤੇ ਸੋਨੇ ਦੀ ਤਲਾਈ ਨੂੰ ਸ਼ਹਿਦ ਵਿਚ ਡੁਬੋ ਕੇ 'ਓਮ' ਲਿਖਿਆ ਗਿਆ।[8] ਦੇਵਿੰਦਰ ਸਤਿਆਰਥੀ ਦੀ ਜਨਮ ਪੱਤਰੀ ਅਨੁਸਾਰ ਉਸ ਦਾ ਨਾਮ ਯੁਧਿਸ਼ਟਰ ਸੀ । ਉਸ ਦੀ ਮਾਤਾ ਨੂੰ ਕਿਉਂਕਿ ‘ਯੁਧਿਸ਼ਟਰ’ ਦਾ ਉਚਾਰਣ ਕਰਨ ਵਿਚ ਔਕੜ ਆਉਂਦੀ ਸੀ। ਇਸ ਲਈ ਉਸ ਨੇ ਉਸ ਨੂੰ 'ਦੇਵ' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਸਕੂਲ ਵਿਚ ਦਾਖ਼ਲ ਕਰਨ ਸਮੇਂ ਉਸਤਾਦ ਮੌਲਵੀ ਨੇ ਉਸ ਦਾ ਨਾਮ ਦੇਵ ਇੰਦਰ ਬੱਤਾ ਰੱਖਿਆ। ਜਦੋਂ ਸਤਿਆਰਥੀ ਜੈਸਲਮੇਰ ਪ੍ਰੈੱਸ ਵਿਚ ਕੰਮ ਕਰਦਾ ਸੀ ਤਾਂ ਉਸ ਨੇ ਸੁਆਮੀ ਦਯਾਨੰਦ ਦੇ ‘ਸਤਿਆਰਥ ਪਰਕਾਸ਼ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਮ ‘ਦੇਵਿੰਦਰ’ ਦੇ ਨਾਲ ਬੱਤਾ ਛੱਡ ਕੇ ਸਤਿਆਰਥੀ ਸ਼ਬਦ ਜੋੜ ਲਿਆ।[9][10][11] ਉਸ ਦੇ ਪਿੰਡ ਭਦੌੜ ਦਾ ਸਭਿਆਚਾਰਕ ਅਤੇ ਇਤਿਹਾਸਕ ਵਿਰਸਾ ਬਹੁਤ ਅਮੀਰ ਸੀ। ਪਿੰਡ ਦੇ ਸਭ ਤੋਂ ਪੁਰਾਣੇ ਬਜ਼ੁਰਗ ਸਤਿਆਰਥੀ ਦੇ ਜੰਮਣ ਤੋਂ ਢਾਈ ਸੌ ਸਾਲ ਪਹਿਲਾਂ ਮਲੇਰਕੋਟਲੇ ਤੋਂ ਆ ਕੇ ਇਸ ਪਿੰਡ ਬਸੇ ਸਨ।[12] ਇਸ ਦਾ ਪੁਰਾਣਾ ਨਾਂ ਭੱਦਰਪੁਰ ਸੀ ਤੇ ਸਤਿਆਰਥੀ ਇਸ ਦੀ ਨੀਂਹ ਕਿਸੇ ਰਾਜੇ ਭੱਦਰਪੁਰ ਵਲੋਂ ਰੱਖੀ ਦੱਸਦਾ ਹੈ। ਇਸੇ ਪਿੰਡ ਦੇ ਇਕ ਕੰਨੀਂ ਰਹਿੰਦੇ ਖਾਨਾਬਦੋਸ਼ ਲੋਕਾਂ ਤੋਂ ਉਹ ਬੜਾ ਪ੍ਰਭਾਵਿਤ ਸੀ।[13] ਬਜ਼ੁਰਗਾਂ ਤੋਂ ਲੋਕ ਗੀਤ ਅਤੇ ਪੁਰਾਣੇ ਗੀਤ ਤੇ ਬਾਤਾਂ ਸੁਣਦੇ ਰਹਿਣ ਵਿਚ ਉਸ ਦਾ ਬਚਪਨ ਬੀਤਿਆ ਤੇ ਇਹੀ ਉਸ ਦਾ ਸ਼ੌਂਕ ਵੀ ਸੀ।

ਸਤਿਆਰਥੀ ਦੇ ਪਰਿਵਾਰ ਦਾ ਹਿੰਦੀ ਭਾਸ਼ਾਈ ਹੋਣ ਕਰਕੇ ਉਸ ਨੂੰ ਪੰਜਾਬੀ ਸਿੱਖਣ ਵਿਚ ਕਾਫ਼ੀ ਔਕੜ ਆਈ[13] ਪਰ ਉਸ ਨੇ ਪਿੰਡ ਦੇ ਬਜ਼ੁਰਗਾਂ, ਆਪਣੇ ਮਿੱਤਰਾਂ ਦੀ ਮਦਦ ਨਾਲ ਇਸ ਵਿਚ ਮਹਾਰਤ ਹਾਸਿਲ ਕਰ ਹੀ ਲਈ। ਪਿੰਡ ਵਿਚ ਖ਼ਾਸ ਤਰ੍ਹਾਂ ਦਾ ਵਾਤਾਵਰਨ ਜਿਵੇਂ ਬਜ਼ੁਰਗਾਂ ਦੀ ਸੰਗਤ, ਮੇਲੇ, ਪਿੰਡ ਵਿਚ ਨਰਤਕੀਆਂ ਦਾ ਆਉਣਾ ਤੇ ਮੁੰਡੇ-ਕੁੜੀਆਂ ਦਾ ਭੰਗੜਾ ਗਿੱਧਾ ਕਰਨਾ ਆਦਿ ਕਾਰਨ ਦਵਿੰਦਰ ਸਤਿਆਰਥੀ ਦਾ ਝੁਕਾਅ ਲੋਕ-ਸਾਹਿਤ ਵੱਲ ਹੋ ਗਿਆ। ਸਤਿਆਰਥੀ ਨੇ ਲੋਕ-ਗੀਤਾਂ ਨੂੰ ਸੁਣ ਕੇ ਆਪਣੀ ਕਾਪੀ ਵਿਚ ਨੋਟ ਕਰਨਾ ਸ਼ੁਰੂ ਕਰ ਦਿੱਤਾ। ਸ਼ੌਂਕ ਵਧਦਾ ਗਿਆ ਤੇ ਉਹ ਪੜ੍ਹਾਈ ਤੋਂ ਅਵੇਸਲਾ ਹੋ ਗਿਆ। ਗੀਤਾਂ ਵਿਚ ਰੁੱਝੇ ਰਹਿਣ ਕਾਰਨ ਸਤਿਆਰਥੀ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ। ਮੋਗਾ ਹਾਈ ਸਕੂਲ ਵਿਚ ਮੈਟਿਕ ਵਿਚ ਦਾਖਲ ਹੋਣ ਸਮੇਂ ਸਤਿਆਰਥੀ ਨੇ ਦੁਬਾਰਾ ਲੋਕ - ਗੀਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਥੇ ਕੁਝ ਚੰਗੇ ਅਧਿਆਪਕਾਂ ਦੀ ਸੰਗਤ ਕਾਰਨ ਉਹ ਨਾ ਸਿਰਫ ਚੰਗੇ ਨੰਬਰਾਂ ਨਾਲ ਪਾਸ ਹੋਇਆ, ਸਗੋਂ ਉਸ ਦੀ ਭਾਸ਼ਾਵਾਂ ਤੇ ਇਤਿਹਾਸ ਨੂੰ ਜਾਨਣ ਵਿਚ ਹੋਰ ਦਿਲਚਸਪੀ ਵਧ ਗਈ।

ਸਤਿਆਰਥੀ ਨੇ ਉੱਚ-ਸਿੱਖਿਆ ਲਈ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖਲਾ ਲਿਆ। ਉਸ ਨੇ ਇਤਿਹਾਸ, ਸੰਸਕ੍ਰਿਤ ਅਤੇ ਦਰਸ਼ਨ-ਸ਼ਾਸਤਰ ਦੇ ਵਿਸ਼ੇ ਚੁਣੇ। ਟੈਗੋਰ ਸਰਕਲ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਲਾਹੌਰ ਦੇ ਸਾਹਿਤਕ ਕੇਂਦਰਾਂ ਵਿਚ ਜਾ ਕੇ ਪੁਸਤਕਾਂ ਦਾ ਅਧਿਐਨ ਕੀਤਾ। ਸਤਿਆਰਥੀ ਇਥੋਂ ਦੇ ਇਤਿਹਾਸਕ ਸਥਾਨਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਉਹ ਲਾਹੌਰ ਨਾਲ ਸਬੰਧਿਤ ਕਹਾਣੀਆਂ, ਸ਼ਾਇਰੀ ਅਤੇ ਗੀਤਾਂ ਪ੍ਰਤੀ ਰੁਚਿਤ ਸੀ। ਉਸ ਨੇ ਆਪਣੇ ਕਾਲਜ ਦੇ ਮਿੱਤਰਾਂ ਵਜ਼ੀਰ ਖਾਨ ਤੇ ਪ੍ਰੇਮਨਾਥ ਤੋਂ ਉਨ੍ਹਾਂ ਦੇ ਇਲਾਕਿਆਂ ਦੇ ਲੋਕ-ਗੀਤ ਇਕੱਤਰ ਕੀਤੇ। ਇਨ੍ਹਾਂ ਦਿਲਚਸਪੀਆਂ ਦੇ ਨਾਲ ਕਾਲਜ ਦੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣ ਕਾਰਨ ਸਤਿਆਰਥੀ ਫ਼ਸਟ ਈਅਰ ਤੋਂ ਸੈਕਿੰਡ ਈਅਰ ਵਿਚ ਹੋ ਗਿਆ। ਇਸੇ ਕਾਲਜ ਉਸ ਦੀ ਰੂਪਲਾਲ ਨਾਂ ਦੇ ਇਕ ਸਾਥੀ ਵਿਦਿਆਰਥੀ ਨਾਲ ਕਾਫੀ ਗੂੜ੍ਹੀ ਦੋਸਤੀ ਹੋ ਗਈ। ਰੂਪਲਾਲ ਦੇ ਇਕ ਦਿਨ ਅਚਾਨਕ ਖੁਦਕੁਸ਼ੀ ਕਰ ਲੈਣ ਤੋਂ ਦਵਿੰਦਰ ਏਨਾ ਜ਼ਿਆਦਾ ਦੁਖੀ ਹੋ ਗਿਆ ਕਿ ਉਸ ਨੇ ਖੁਦ ਵੀ ਆਤਮ-ਹੱਤਿਆ ਕਰਨ ਦਾ ਮਨ ਬਣਾ ਲਿਆ। ਪਰ ਇਸ ਦੌਰਾਨ ਉਹ ਡਾ. ਇਕਬਾਲ ਨਾਲ ਕਿਤਾਬੀ ਸੰਪਰਕ ਵਿਚ ਆਇਆ ਤੇ ਇਕਬਾਲ ਦੀ ਕਿਸੇ ਗੱਲ ਕਰਕੇ ਉਸ ਨੇ ਆਤਮ-ਹੱਤਿਆ ਦਾ ਵਿਚਾਰ ਤਾਂ ਛੱਡ ਦਿੱਤਾ ਪਰ ਜ਼ਿੰਦਗੀ ਪ੍ਰਤੀ ਨਿਰਮੋਹਾ ਹੋ ਕੇ ਖਾਨਾਬਦੋਸ਼ ਹੋ ਜਾਣ ਦਾ ਫੈਸਲਾ ਕਰ ਲਿਆ।[14]

ਖਾਨਾਬਦੋਸ਼ੀ ਸਫ਼ਰ

ਸੋਧੋ

ਸਤਿਆਰਥੀ ਨੂੰ ਖਰਚ ਪੱਖੋਂ ਤੰਗੀ ਹੋਣ ਦੇ ਬਾਵਜੂਦ ਖਾਨਾਬਦੋਸ਼ੀ ਦਾ ਸ਼ੌਕ ਪੈਦਾ ਹੋ ਚੁੱਕਾ ਸੀ। ਦੇਵਿੰਦਰ ਸਤਿਆਰਥੀ ਦੇ ਮੁੱਖ ਰੁਝਾਨਾਂ ਵਿਚ ਧਾਰਮਿਕ ਸਥਾਨਾਂ ਉੱਤੇ ਜਾਣਾ, ਧਾਰਮਿਕ ਜਾਂ ਸਮਾਜਿਕ ਆਗੂਆਂ ਨੂੰ ਮਿਲਣਾ ਤੇ ਉਨ੍ਹਾਂ ਦੇ ਵਿਚਾਰ ਸੁਣਨਾ, ਆਰਟ ਗੈਲਰੀਆਂ ਵੇਖਣਾ ਅਤੇ ਯਾਤਰਾ ਸਮੇਂ ਨਵੇਂ ਦੋਸਤ ਬਣਾਉਣਾ ਸੀ। ਸਤਿਆਰਥੀ ਗੁਰੁਦੇਵ ਟੈਗੋਰ ਦੀ ਰਜਤ - ਜੈਯੰਤੀ ਸਮੇਂ ਗੰਗਾ - ਦਰਸ਼ਨ ਲਈ ਅਤੇ ਗਾਂਧੀ ਜੀ ਨਾਲ ਭੇਂਟ ਕਰਨ ਲਈ ਗਿਆ। ਉਸ ਨੇ ਗੁਰੂਕੁੱਲ ਦੇ ਸੰਸਥਾਪਕ ਸ਼ਰਧਾਨੰਦ ਦੇ ਦਰਸ਼ਨ ਲਾਹੌਰ ਵਿਚ ਆਰੀਆ ਸਮਾਜ ਦੇ ਉਤਸਵ ਸਮੇਂ ਕੀਤੇ। ਸਤਿਆਰਥੀ ਨੂੰ ਉੱਥੇ ਇਕ ਸੰਨਿਆਸੀ ਮਿਲਿਆ ਜਿਸ ਦੇ ਪ੍ਰਭਾਵ ਸਦਕਾ ਉਹਨੇ ਡਿਗਰੀ ਵਾਲੀ ਪੜ੍ਹਾਈ ਪੱਕੇ ਤੌਰ ਉੱਤੇ ਅਧਵਾਟੇ ਛੱਡ ਦਿੱਤੀ।[13] ਸਤਿਆਰਥੀ ਗਾਂਧੀ ਤੇ ਟੈਗੋਰ ਵੱਲੋਂ ਦੇਸ਼ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਇਆ। ਉਹ ਟੈਗੋਰ ਦੇ ਬਚਪਨ, ਆਦਤਾਂ ਤੇ ਰਚਨਾ ਨੂੰ ਆਪਣੇ ਸਵੈ ਨਾਲ ਮਿਲਦਾ-ਜੁਲਦਾ ਦਰਸਾਉਣ ਵਿਚ ਮਾਣ ਅਨੁਭਵ ਕਰਦਾ ਸੀ। ਇਕ ਵਾਰ ਸਤਿਆਰਥੀ ਘਰਦਿਆਂ ਵੱਲੋਂ ਆਗਿਆ ਤੇ ਖ਼ਰਚਾ ਨਾ ਮਿਲਣ ਦੇ ਬਾਵਜੂਦ ਵੀ ਕਸ਼ਮੀਰ ਯਾਤਰਾ ਲਈ ਚੋਰੀ ਹੀ ਤੁਰ ਪਿਆ। ਰਸਤੇ ਵਿਚ ਉਸ ਨੂੰ ਕਿਰਾਏ ਅਤੇ ਖਾਣੇ-ਪੀਣੇ ਦੇ ਖਰਚੇ ਲਈ ਲੋਕਾਂ ਦੀ ਖੁਸ਼ਾਮਦ ਤੇ ਉਨ੍ਹਾਂ ਦੇ ਕੰਮ ਕਰਨੇ ਪਏ।[15] ਇਸ ਸਫ਼ਰ ਵਿਚ ਉਸ ਨੇ ਰੇਲਗੱਡੀ ਵਿਚ ਚੜ੍ਹੇ ਮੰਗਤਿਆਂ ਵਲੋਂ ਗਾਏ ਗੀਤ ਵੀ ਨੋਟ ਕਰਦਾ ਰਿਹਾ ਤੇ ਨਾਲ ਹੀ ਉਸ ਨੂੰ ਉਨਾਂ ਦੇ ਭੇਸ ਦੇਖ ਕੇ ਰੇਲਗੱਡੀ ਵਿਚ ਮੁਫ਼ਤ ਸਫ਼ਰ ਕਰਨ ਦੀ ਜੁਗਤ ਵੀ ਸੁੱਝ ਗਈ ਜੋ ਉਨ੍ਹਾਂ ਬਾਅਦ ਵਿਚ ਅਣਗਿਣਤ ਵਾਰ ਵਰਤੀ।[16]

ਦਵਿੰਦਰ ਦੀ ਆਵਾਰਾਗਰਦੀ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਉਸ ਨੂੰ ਉਸ ਦੀ ਭੈਣ ਕੋਲ ਭੇਜ ਦਿੱਤਾ ਪਰ ਦਵਿੰਦਰ ਕਿਸੇ ਤਰ੍ਹਾਂ ਚਕਮਾ ਦੇ ਕੇ ਬੜੌਦਾ ਭੱਜ ਗਿਆ ਤੇ ਫਿਰ ਉੱਥੋਂ ਅਜੰਤਾ ਅਲੋਰਾ ਗੁਫਾਵਾਂ ਵੱਲ। ਬੜੌਦੇ ਉਸ ਨੇ ਰੇਲਗੱਡੀ ਵਿਚ ਅਪਾਹਿਜ ਡੱਬੇ ਵਿਚ ਸਫ਼ਰ ਕਰਨ ਦੀ ਜੁਗਤ ਵੀ ਸਿੱਖ ਲਈ। ਇਸ ਵਿਚ ਉਸ ਨੂੰ ਫੜ੍ਹੇ ਜਾਣ ਦਾ ਡਰ ਨਹੀਂ ਸੀ। ਜੇਕਰ ਟੀਟੀ ਉਸ ਨੂੰ ਉਤਾਰ ਵੀ ਦਿੰਦਾ ਤਾਂ ਉਹ ਕਿਸੇ ਹੋਰ ਸ਼ਹਿਰ ਜਾਣ ਵਾਲੀ ਰੇਲ ਵਿਚ ਚੜ੍ਹ ਜਾਂਦਾ। 1927 ਦੇ ਅਖੀਰ ਵਿਚ ਉਹ ਬੰਗਾਲ ਚਲਾ ਗਿਆ ਤੇ ਉੱਥੇ ਗੀਤ ਇਕੱਠੇ ਕਰਨ ਲੱਗਿਆ। ਇੱਥੇ ਹੀ ਪਹਿਲੀ ਵਾਰ ਉਸ ਦੀ ਮੁਲਾਕਾਤ ਰਬਿੰਦਰਨਾਥ ਟੈਗੋਰ ਨਾਲ ਹੋਈ[15] ਜਿਨ੍ਹਾਂ ਉਸ ਨੂੰ ਹੋਰ ਪ੍ਰਾਂਤਾਂ ਦੇ ਲੋਕ ਗੀਤ ਇਕੱਠੇ ਕਰਨ ਦੀ ਚੇਟਕ ਵੀ ਲਵਾਈ।

ਲੋਕ ਗੀਤ ਇਕੱਠੇ ਕਰਨ ਦਾ ਸਫ਼ਰ

ਸੋਧੋ

ਘਰਦਿਆਂ ਨੇ ਦੇਵਿੰਦਰ ਨੂੰ ਸਿੱਧੇ ਰਾਹ ਪਾਉਣ ਲਈ ਉਸ ਨੂੰ ਗ੍ਰਹਿਸਥ ਦੇ ਰਾਹ ਪਾਉਣ ਦੀ ਸੋਚੀ। ਵਿਆਹ ਮਗਰੋਂ ਉਸ ਦੇ ਜੀਵਨ ਵਿਚ ਸਚਮੁਚ ਤਬਦੀਲੀ ਆਈ। ਹੁਣ ਉਸ ਨੇ ਬਿਨਾਂ ਟਿਕਟ ਸਫ਼ਰ ਕਰਨਾ ਛੱਡ ਦਿੱਤਾ ਅਤੇ ਆਰਥਿਕ ਤੰਗੀ ਤੋਂ ਬਚਣ ਲਈ ਉਸ ਨੇ ਰਸਾਲਿਆਂ ਤੇ ਅਖਬਾਰਾਂ ਵਿਚ ਲੇਖ ਭੇਜਣੇ ਸ਼ੁਰੂ ਕਰ ਦਿੱਤੇ।[17] ਉਸਦੀ ਪਤਨੀ ਦਾ ਨਾਂ ਸ਼ਾਂਤੀ ਸੀ ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ (ਕਵਿਤਾ,ਅਲਕਾ ਅਤੇ ਪਾਰੋਲ)। ਵਿਆਹ ਮਗਰੋਂ ਉਹ ਕੁਝ ਸਮਾਂ ਘਰ ਰਿਹਾ ਪਰ ਜਲਦੀ ਹੀ ਉਹ ਸਾਹਿਤਕ ਵਾਤਾਵਰਨ ਦੀ ਤਲਾਸ਼ ਵਿਚ ਘਰ ਤੋਂ ਬਾਹਰ ਆ ਗਿਆ। ਪਹਿਲਾਂ ਅੰਮ੍ਰਿਤਸਰ, ਫਿਰ ਹਿਮਾਚਲ ਪ੍ਰਦੇਸ਼, ਡਲਹੌਜ਼ੀ ਤੇ ਕੁੱਲੂ ਤੱਕ ਚਲਾ ਗਿਆ। ਇਸ ਸਾਰੇ ਸਫ਼ਰ ਦੌਰਾਨ ਉਸ ਨੇ ਲੋਕ ਗੀਤ ਇਕੱਠੇ ਕੀਤੇ।[15] ਕੁੱਲੂ ਤੋਂ ਸ਼ਿਮਲੇ ਤੱਕ 125 ਮੀਲ ਯਾਤਰਾ ਉਸ ਨੇ ਪੈਦਲ ਤੁਰ ਕੇ ਪੂਰੀ ਕੀਤੀ।

ਇੱਥੋਂ ਉਹ ਬੰਗਾਲ ਚਲਾ ਗਿਆ ਤੇ ਕਰੀਬ ਇੱਕ ਸਾਲ ਉੱਥੇ ਰਿਹਾ। ਫਿਰ ਦਾਰਜਲਿੰਗ ਤੇ ਉੱਥੋਂ ਹੁੰਦੇ ਹੋਏ ਆਸਾਮ ਚਲਾ ਗਿਆ। ਇੱਥੇ ਉਸ ਨੇ ਆਸਾਮੀ, ਖਾਸੀ ਤੇ ਮਨੀਪੁਰੀ ਭਾਸ਼ਾ ਦੇ ਲੋਕ ਗੀਤ ਇਕੱਠੇ ਕੀਤੇ। ਅਕਤੂਬਰ 1931 ਵਿਚ ਉਸ ਦੀ ਮੁਲਾਕਾਤ ਮੁੰਸ਼ੀ ਪ੍ਰੇਮਚੰਦ ਨਾਲ ਹੋਈਆਂ ਜਿਸ ਦੀ ਸ਼ਖ਼ਸੀਅਤ ਤੋਂ ਸਤਿਆਰਥੀ ਕਾਫੀ ਮੁਤਾਸਿਰ ਹੋਇਆ। ਸਤਿਆਰਥੀ ਦਾ ਪੰਜਾਬੀ ਲੋਕ-ਗੀਤਾਂ ਉੱਪਰ ਪਹਿਲਾ ਲੇਖ ਮੁਸ਼ੀ ਪ੍ਰੇਮਚੰਦ ਦੀ ਸੰਪਾਦਨਾ ਹੇਠ ਛਪਦੇ ਪਰਚੇ 'ਹੰਸ' ਵਿਚ ਹੀ ਹੀ ਛਪਿਆ।[18] ਇਸ ਤੋਂ ਬਾਅਦ ਉਹ ਉੜੀਸਾ ਗਿਆ ਪਰ ਇਸ ਸਫ਼ਰ ਵਿਚ ਉਸ ਦੀ ਪਤਨੀ ਵੀ ਉਸ ਨਾਲ ਸੀ। ਇਸ ਨਾਲ ਉਸ ਨੂੰ ਔਰਤਾਂ ਦੇ ਲੋਕ-ਗੀਤ ਇਕੱਠੇ ਕਰਨ ਵਿਚ ਕਾਫੀ ਮਦਦ ਮਿਲੀ। ਦਵਿੰਦਰ ਨੇ ਮਦਰਾਸ ਵਿਚ ਤੇਲਗੂ, ਕੋਂਢ ਤੇ ਸਵਾਰਾ ਲੋਕਾਂ ਦੇ ਲੋਕ ਗੀਤ ਇਕੱਠੇ ਕੀਤੇ।[15] ਇਸ ਦੌਰਾਨ ਉਸ ਨੇ ਬਰਮਾ ਵੀ ਗਿਆ। ਕਾਲਜ ਤੋਂ ਬਾਅਦ ਹੀ ਦਵਿੰਦਰ ਨੂੰ ਫੋਟੋਗਰਾਫੀ ਦਾ ਵੀ ਸ਼ੌਂਕ ਪੈ ਗਿਆ। ਹੁਣ ਉਹ ਆਪਣੇ ਖਰਚੀਲੇ ਸਫ਼ਰਾਂ ਦਾ ਬੋਝ ਉਠਾਉਣ ਲਈ ਆਪਣੀਆਂ ਖਿੱਚੀਆਂ ਤਸਵੀਰਾਂ ਨੂੰ ਰਸਾਲਿਆਂ ਤੇ ਅਖਬਾਰਾਂ ਵਿਚ ਭੇਜ ਕੇ ਪੈਸੇ ਕਮਾਉਣ ਲੱਗ ਪਿਆ।

ਪੰਜਾਬੀ ਸਾਹਿਤਕਾਰਾਂ ਨਾਲ ਮਿਲਣੀ

ਸੋਧੋ

ਦਿਸੰਬਰ 1934 ਵਿਚ ਉਹ ਪੇਸ਼ਾਵਰ ਪਸ਼ਤੋ ਗੀਤ ਇਕੱਠੇ ਕਰਨ ਲਈ ਚਲਾ ਗਿਆ। ਇੱਥੇ ਉਹ ਇਸਲਾਮੀਆ ਕਾਲਜ ਦੇ ਆਪਣੇ ਇਕ ਜਾਣਕਾਰ ਪਠਾਣ ਦੋਸਤ ਦੇ ਘਰ ਠਹਿਰਿਆ। ਉਸ ਨੂੰ ਲੋਕ ਗੀਤ ਇਕੱਠੇ ਕਰਨ ਦਾ ਸ਼ੌਂਕ ਸੀ। ਉਸ ਦਾ ਮਹਾਤਮਾ ਗਾਂਧੀ ਨਾਲ ਖਤ-ਪੱਤਰ ਦਾ ਸਿਲਸਿਲਾ ਚੱਲਦਾ ਸੀ। ਉਸ ਦੋਸਤ ਨੇ ਮਹਾਤਮਾ ਗਾਂਧੀ ਨੂੰ ਸਤਿਆਰਥੀ ਦੇ ਗੁਜਰਾਤ ਦੇ ਲੋਕ ਸਾਹਿਤ ਵਿਚਲੀ ਖੋਜ ਬਾਰੇ ਦੱਸਿਆ। ਕੁਝ ਹੀ ਹਫਤਿਆਂ ਵਿਚ ਉਸ ਨੂੰ ਗਾਂਧੀ ਜੀ ਪਾਸੋਂ ਇਕ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ।[16] ਵਾਪਸੀ ਉੱਤੇ ਉਹ ਪੰਜਾਬੀ ਸਾਹਿਤਕਾਰ ਤੇ ਅਦਾਕਾਰ ਬਲਰਾਜ ਸਾਹਨੀ ਦੇ ਘਰ ਠਹਿਰਿਆ। ਇੱਥੇ ਉਸ ਦੀ ਮੁਲਾਕਾਤ ਪੰਜਾਬੀ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਨਾਲ ਹੋ ਗਈ। ਦੁੱਗਲ ਉਸ ਦੇ ਕੰਮ ਦਾ ਇਸ ਕਦਰ ਪ੍ਰਸੰਸਕ ਬਣਿਆ ਕਿ ਉਸ ਨੇ ਆਪ ਉਸ ਨੂੰ ਕਈ ਪਿੰਡਾਂ ਵਿਚ ਲੈ ਕੇ ਗਿਆ ਤੇ ਪੋਠੋਹਾਰੀ ਗੀਤ ਇਕੱਠੇ ਕਰਵਾਏ। ਇਸ ਦੌਰਾਨ ਕਈ ਸਾਹਿਤਕ ਤੇ ਰਾਜਸੀ ਸਮਾਗਮਾਂ ਵਿਚ ਉਸ ਦੀ ਮੁਲਾਕਾਤ ਐਸ. ਐਸ. ਅਮੋਲ, ਅੰਮ੍ਰਿਤਾ ਸ਼ੇਰਗਿੱਲ, ਮੁਲਕ ਰਾਜ ਆਨੰਦ ਤੇ ਮੰਟੋ ਨਾਲ ਹੋਈ। ਇਸ ਸਮੇਂ ਤੋਂ ਲੈ ਕੇ 1937 ਤੱਕ ਉਸ ਦਾ ਵਧੇਰੇ ਦੋਸਤਾਨਾ ਬਲਰਾਜ ਸਾਹਨੀ ਨਾਲ ਰਿਹਾ ਤੇ ਉਹ ਇਸ ਕਾਲ-ਖੰਡ ਵਿਚ ਬਹੁਤਾ ਸਮਾਂ ਉਨ੍ਹਾਂ ਦੇ ਹੀ ਘਰ ਰਿਹਾ। ਭੀਸ਼ਮ ਸਾਹਨੀ ਸਤਿਆਰਥੀ ਦੇ ਲੋਕ ਸਾਹਿਤ ਬਾਰੇ ਗਿਆਨ ਤੋਂ ਕਾਫੀ ਪ੍ਰਭਾਵਿਤ ਹੋਇਆ। ਉਹ ਜਿਨ੍ਹਾਂ ਕਹਾਣੀਆਂ ਬਾਰੇ ਵਰ੍ਹਿਆਂ ਤੋਂ ਖੰਡਰਾਂ ਵਿਚ ਤਲਾਸ਼ ਕਰ ਰਿਹਾ ਸੀ, ਉਹ ਸਭ ਸਤਿਆਰਥੀ ਨੂੰ ਸਹਿਜੇ ਹੀ ਮਾਲੂਮ ਸੀ। ਇਸ ਤੋਂ ਉਲਟ, ਬਲਰਾਜ ਸਾਹਨੀ ਸਤਿਆਰਥੀ ਵਾਂਗ ਆਜ਼ਾਦ ਪੰਛੀ ਹੋਣਾ ਚਾਹੁੰਦਾ ਸੀ ਭਾਵ ਭਾਰਤ ਦੀਆਂ ਵਿਰਾਸਤੀ ਥਾਵਾਂ ਅਤੇ ਸਭਿਆਚਾਰ ਦੇ ਦਰਸ਼ਨ ਕਰਨਾ ਚਾਹੁੰਦਾ ਸੀ।[18] ਇਸ ਤੋਂ ਬਾਅਦ ਉਹ ਲੰਮਾਂ ਸਮਾਂ ਦੱਖਣੀ ਭਾਰਤ ਦੇ ਰਾਜਾਂ ਤੇ ਲੰਕਾ ਦੀ ਸੈਰ 'ਤੇ ਰਿਹਾ ਜਿੱਥੇ ਉਸ ਨੇ ਕਾਫੀ ਵੱਡੀ ਗਿਣਤੀ ਵਿਚ ਲੋਕ ਗੀਤ ਅਤੇ ਲੋਕ ਕਥਾਵਾਂ ਇਕੱਠੇ ਕੀਤੀਆਂ। ਇਸ ਦੌਰਾਨ ਉਸ ਦਾ ਰਾਹੁਲ ਸੰਕਰਾਤਾਇਨ ਨਾਲ ਤਿੱਬਤ ਜਾਣ ਦਾ ਸਬੱਬ ਬਣਿਆ ਪਰ ਉਹ ਸਫ਼ਲ ਨਾ ਹੋ ਸਕਿਆ। ਰਾਹੁਲ ਨੇ ਵੀ ਤਿਬੱਤ ਕਿਸੇ ਖੋਜ ਕਾਰਜ ਲਈ ਜਾਣਾ ਸੀ। ਸਤਿਆਰਥੀ ਦੇ ਉਸ ਸਮੇਂ ਦੱਖਣੀ ਭਾਰਤ ਵਿਚ ਰੁੱਝੇ ਹੋਣ ਕਾਰਨ ਇਹ ਸੰਭਵ ਨਾ ਹੋ ਸਕਿਆ ਪਰ ਸਤਿਆਰਥੀ ਦੇ ਸਿਰੜ ਨੂੰ ਦੇਖਦੇ ਹੋਏ ਰਾਹੁਲ ਉਸ ਲਈ ਲੋਕ ਕਹਾਣੀਆਂ ਦੇ ਖਰੜੇ ਅਤੇ ਤਸਵੀਰਾਂ ਲੈ ਆਇਆ।

ਪਿਆਰਾ ਸਿੰਘ ਨੇ ਦਵਿੰਦਰ ਸਤਿਆਰਥੀ ਨੂੰ ਪੰਜਾਬੀ ਸਾਹਿਤ ਦਾ ਕੁਤਬ ਮੀਨਾਰ ਦੀ ਉਪਾਧੀ ਦਿੱਤੀ ਸੀ। ਦਿਸੰਬਰ 1940 ਵਿਚ ਉਸ ਦੀ ਮੁਲਾਕਾਤ ਉਰਦੂ ਭਾਸ਼ੀ ਗਲਪਕਾਰ ਰਾਜਿੰਦਰ ਸਿੰਘ ਬੇਦੀ ਨਾਲ ਹੋਈ। ਬੇਦੀ ਤੋਂ ਉਸ ਨੇ ਕਹਾਣੀ ਲਿਖਣ ਦੀਆਂ ਬਾਰੀਕੀਆਂ ਸਿੱਖੀਆਂ ਤੇ ਪਹਿਲੀ ਕਹਾਣੀ 'ਕੁੰਗ ਪੋਸ਼' ਲਿਖੀ। ਇਸ ਦੌਰਾਨ ਉਸ ਦੇ ਮੰਟੋ ਨਾਲ ਸੰਬੰਧ ਵਿਗੜ ਗਏ। ਕਵਿਤਾ ਵਿਚ ਉਸ ਨੇ ਮੋਹਣ ਸਿੰਘ ਨੁੰ ਗੁਰੂ ਬਣਾਇਆ। 1941 ਵਿਚ ਉਸ ਦਾ ਪਹਿਲਾ ਕਾਵਿ ਸੰਗ੍ਰਹਿ 'ਧਰਤੀ ਦੀਆਂ ਵਾਜਾਂ' ਪ੍ਰਕਾਸ਼ਿਤ ਹੋਇਆ। ਰਾਜਿੰਦਰ ਬੇਦੀ, ਮੰਟੋ ਤੇ ਕ੍ਰਿਸ਼ਨ ਚੰਦਰ ਦੇ ਪ੍ਰਭਾਵ ਸਦਕਾ ਉਸ ਨੇ ਉਰਦੂ ਵਿਚ ਵੀ ਆਪਣਾ ਹੱਥ ਅਜ਼ਮਾਇਆ ਤੇ ਉਸ ਦੀ ਪਹਿਲੀ ਪੁਸਤਕ 'ਮੈਂ ਹੂੰ ਖਾਨਾਬਦੋਸ਼' ਛਪੀ।

ਪੰਜਾਬੀ ਰਚਨਾਵਾਂ

ਸੋਧੋ

ਲੋਕਧਾਰਾ

ਸੋਧੋ

ਕਾਵਿ-ਸੰਗ੍ਰਹਿ

ਸੋਧੋ
 • ਧਰਤੀ ਦੀਆਂ ਵਾਜਾਂ (1941)
 • ਮੁੜ੍ਹਕਾ ਤੇ ਕਣਕ (1950)
 • ਬੁੱਢੀ ਨਹੀਂ ਧਰਤੀ (1953)
 • ਲੱਕ ਟੁਣੂ-ਟੁਣੂ (1959)

ਨਾਵਲ

ਸੋਧੋ
 • ਘੋੜਾ ਬਾਦਸ਼ਾਹ (1965 ਹਿੰਦੀ ਅਨੁਵਾਦ ਲੇਖਕ ਵੱਲੋਂ ਇਸੇ ਨਾਂ ਹੇਠ 1991)
 • ਸੂਈਬਜ਼ਾਰ(1982,1991)

ਕਹਾਣੀ-ਸੰਗ੍ਰਹਿ

ਸੋਧੋ
 • ਕੁੰਗ ਪੋਸ਼ (1941,ਓਰਦੂ ਅਨੁਵਾਦ ਲੇਖਕ ਵੱਲੋਂ “ਨਏ ਦੇਵਤਾ” ਨਾ ਹੇਠ 1942)
 • ਸੋਨਾਗਾਚੀ (1950)
 • ਦੇਵਤਾ ਡਿਗ ਪਿਆ (1953)
 • ਤਿੰਨ ਬੂਹਿਆਂ ਵਾਲਾ ਘਰ (1961)
 • ਪੈਰਿਸ ਦਾ ਆਦਮੀ (1970)
 • ਨੀਲੀ ਛਤਰੀ ਵਾਲਾ (1988)
 • ਲੰਕਾ ਦੇਸ਼ ਹੈ ਕੋਲੰਬੋ (1991)
 • ਸੰਦਲੀ ਗਲੀ (1999)
 • ਮਿੱਟੀ ਦੀਆਂ ਮੂਰਤਾਂ

ਅਨੁਵਾਦ

ਸੋਧੋ
 • ਮਿੱਟੀ ਦੀਆਂ ਮੂਰਤਾਂ (1957 ਰਾਮ ਬਿਕ੍ਰਸ ਬੇਨੀਪੁਰੀ ਦੀ ਹਿੰਦੀ ਕਹਾਣੀਆਂ ਦੀ ਪੁਸਤਕ ਮਾਟੀ ਕੀ ਮੂਰਤੇਂ)
 • ਅਮ੍ਰਿਤ ਸੰਤਾਨ (ਗੋਪੀ ਮਹੰਤੀ ਦੀ ਓੜੀਆ ਪੁਸਤਕ)
 • ਇਕੋਤਰ ਸੋ ਕਵਿਤਾ(1962,ਟੈਗੋਰ ਦੀ ਪੁਸਤਕ ਏਕੋਤਰ ਸ਼ਤਿ)

ਹਿੰਦੀ ਰਚਨਾਵਾਂ

ਸੋਧੋ

ਲੋਕਧਾਰਾ

ਸੋਧੋ
 • ਧਰਤੀ ਗਾਤੀ ਹੈ (1948)
 • ਬੇਲਾ ਫੂਲੇ ਆਧੀ ਰਾਤ (1949)
 • ਬਾਜਤ ਆਵੇ ਢੋਲ (1950)
 • ਚਿਤ੍ਰੋਂ ਮੇਂ ਲੋਟੀਆਂ (1951)

ਹੋਰ ਹਿੰਦੀ ਰਚਨਾਵਾਂ

ਸੋਧੋ
 • ਚਟ੍ਟਾਨ ਸੇ ਪੂਛ ਲੋ (1949)
 • ਚਾਯ ਕਾ ਰੰਗ (1949)
 • ਨਏ ਧਾਨ ਸੇ ਪਹਲੇ (1950)
 • ਸੜਕ ਨਹੀਂ ਬੰਦੂਕ (1950)

ਹਿੰਦੀ ਨਾਵਲ

ਸੋਧੋ
 • ਰਥ ਕੇ ਪਹਿਏ (1950)
 • ਕਠਪੁਤਲੀ (1951)
 • ਦੂਧ ਗਾਛ (1954)
 • ਬ੍ਰਹਮਪੁਤ੍ਰ (1955)
 • ਕਥਾ ਕਹੋ, ਉਰ੍ਵਸ਼ੀ (1956)
 • ਤੇਰੀ ਕਸਮ ਸਤਲੁਜ (1989)

ਸਵੈਜੀਵਨੀਨੁਮਾ

ਸੋਧੋ
 • ਚਾਂਦ-ਸੂਰਜ ਕੇ ਵੀਰਨ (1954)
 • ਨੀਲਯਕਸ਼ਿਣੀ (1986)
 • ਸਫਰਨਾਮਾ ਪਾਕਿਸਤਾਨ (1986)

ਨਿਬੰਧ ਔਰ ਰੇਖਾਚਿਤਰ

ਸੋਧੋ
 • ਏਕ ਯੁਗ, ਏਕ ਪ੍ਰਤੀਕ (1949)
 • ਰੇਖਾਏਂ ਬੋਲ ਉਠੀਂ (1949)
 • ਕ੍ਯਾ ਗੋਰੀ ਕ੍ਯਾ ਸਾਂਵਰੀ (1950)
 • ਕਲਾ ਕੇ ਹਸਤਾਕਸ਼ਰ (1955)

ਉਰਦੂ ਰਚਨਾਵਾਂ

ਸੋਧੋ
 • ਔਰ ਬਾਂਸੁਰੀ ਬਜਤੀ ਰਹੀ

ਸੰਕਲਨ ਤੇ ਸੰਪਾਦਕ

ਸੋਧੋ
 • ਮੈਂ ਹੂੰ ਖਾਨਾਬਦੋਸ਼(1941)
 • ਗਾਏ ਜਾ ਹਿੰਦੁਸਤਾਨ(1945)

ਅੰਗਰੇਜ਼ੀ

ਸੋਧੋ

ਸੰਕਲਨ ਤੇ ਸੰਪਾਦਕ

ਸੋਧੋ
 • Meet My People (1949)
 • developing village in India(1947)

ਪੁਰਸਕਾਰ ਤੇ ਸਨਮਾਨ

ਸੋਧੋ
 • ਮਹਿਕਮਾ ਪੰਜਾਬ ਪੈਪਸੁ ਪਟਿਆਲਾ ਵੱਲੌਂ ਸ਼੍ਰੋਮਣੀ ਪੰਜਾਬ ਸਾਹਿਤਕਾਰ ਪੁਰਸਕਾਰ (1952)
 • ਭਾਰਤੀ ਸਰਕਾਰ ਵੱਲੌਂ ਪਦਮ ਸ਼੍ਰੀ ਦੀ ਉਪਾਧੀ (1976)
 • ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ “ ਸ਼੍ਰੋਮਣੀ ਹਿੰਦੀ ਸਾਹਿਤਕਾਰ” ਪੁਰਸਕਾਰ (1977)
 • ਪੰਜਾਬੀ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ
 • ਹਿੰਦੀ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ
 • ਪੰਜਾਬੀ ਸਾਹਿਤਕ ਅਕਾਦਮੀ ਲੁਧਿਆਣਾ ਵੱਲੋਂ “ਕਰਤਾਰ ਸਿੰਘ ਧਾਲੀਵਾਲ” ਪੁਰਸਕਾਰ (1956)
 • ਸਾਹਿਤ ਟਰੱਸਟ ਢੁੱਡੀਕੇ ਵੱਲੋਂ ਸਨਮਾਨ
 • ਇੰਟਰਨੈਸ਼ਨਲ ਪੰਜਾਬੀ ਲਿਰਟੇਰੀ ਟਰੱਸਟ(ਕਨੇਡਾ) ਵੱਲੋਂ ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ (1986)
 • ਪੰਜਾਬ ਸੱਥ ਲਾਂਬੜਾ , ਜਲੰਧਰ ਵੱਲੋਂ ਡਾ. ਐਮ.ਐਸ. ਰੰਧਾਵਾ ਪੁਰਸਕਾਰ (1993)
 • ਪੰਜਾਬ ਸਾਹਿਤਕ ਅਕਾਦਮੀ ਲੁਧਿਆਣਾ ਵੱਲੋਂ “ ਸ੍ਰ. ਕਰਤਾਰ ਸਿੰਘ ਧਾਲੀਵਾਲ ਸਰਵ-ਸ਼੍ਰੇਸ਼ਟ-ਸਾਹਿਤਕਾਰ ਸਨਮਾਨ (1994)
 • ਵਿਸ਼ਵ ਪੰਜਾਬੀ ਸੰਮੇਲਨ ਨਵੀਂ ਦਿੱਲੀ ਵੱਲੋਂ ਪੁਰਸਕਾਰ , ਹੱਥੀਂ ਰਾਸਟਰਪਤੀ ਗਿਆਨੀ ਜੈਲ ਸਿੰਘ (1993)
 • ਪੰਜਾਬੀ ਯੂਨੀਵਰਸਿਟੀ ਵੱਲੋਂ ਲਾਇਫ ਫੈਲੋਸ਼ਿਪ (1995 ਤੋਂ)
 • ਇਦਾਗ “ਆਰਸ਼ੀ” ਨਵੀਂ ਦਿੱਲੀ ਵੱਲੋਂ ਪੁਰਸਕਾਰ

ਲੇਖਕ ਬਾਰੇ ਪੁਸਤਕਾਂ

ਸੋਧੋ
 • ਸਤਿਆਰਥੀ ਇੱਕ ਦੰਤ ਕਥਾ: - ਨਿਰਮਲ ਅਰਪਣ
 • ਲੋਕਯਾਨ ਯਾਤਰੀ : ਸਤਿਆਰਥੀ (ਪੰਜਾਬੀ ਅਕੈਡਮੀ ਦਿੱਲੀ)- ਡਾ. ਮਹਿੰਦਰ ਕੌਰ ਗਿੱਲ ( ਸੰਪਾਦਕ)
 • ਸਤਿਆਰਥੀ ਕੇ ਸਾਥ-ਸਾਥ (ਹਿੰਦੀ) : - ਓਮ ਪ੍ਰਕਾਸ਼ ਸਿੰਹਲ
 • ਦੇਵਿੰਦਰ ਸਤਿਆਰਥੀ : ਚੁਨੀ ਹੁਈ ਰਚਨਾਏਂ –ਪ੍ਰਕਾਸ਼ ਮਨੂ
 • ਦੇਵਿੰਦਰ ਸਤਿਆਰਥੀ : ਤੀਨ ਪੀਡੀਓਂ ਕਾ ਸਫਰ – ਪ੍ਰਕਾਸ਼ ਮਨੂ
 • ਦੇਵਿੰਦਰ ਸਤਿਆਰਥੀ : ਵਿਸ਼ੇਸ਼ ਅੰਕ –ਆਰਸ਼ੀ

ਹਵਾਲੇ

ਸੋਧੋ
 1. Devinder Satyarthi : The quest for people's soul by Amarjit Chandan
 2. ਗਿੱਲ, ਮਹਿੰਦਰ ਕੌਰ (1986). ਲੋਕਯਾਨ ਯਾਤ੍ਰੀ ਸਤਿਆਰਥੀ. ਦਿੱਲੀ: ਪੰਜਾਬੀ ਅਕਾਦਮੀ. p. 134.
 3. ਸਤਿਆਰਥੀ, ਦਵਿੰਦਰ (1970). ਪੈਰਿਸ ਦਾ ਆਦਮੀ (ਗੱਲ ਅਗਿਆਤਵਾਸ ਦੀ). ਦਿੱਲੀ: ਨਵਯੁਗ ਪਬਲੀਸ਼ਰਜ਼. p. 17.
 4. ਸਤਿਆਰਥੀ, ਦਵਿੰਦਰ (1970). ਪੈਰਿਸ ਦਾ ਆਦਮੀ (ਗੱਲ ਅਗਿਆਤਵਾਸ ਦੀ). ਦਿੱਲੀ: ਨਵਯੁਗ ਪਬਲੀਸ਼ਰਜ਼. p. 6.
 5. ਕੌਰ, ਅਜੀਤ (1995). ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ). ਦਿੱਲੀ: ਆਰਸੀ ਪਬਲੀਸ਼ਰਜ਼. p. 35.
 6. "ਰਾਮਾ ਨਹੀਂ ਮੁੱਕਦੀ ਫੁਲਕਾਰੀ: ਦਵਿੰਦਰ ਸਤਿਆਰਥੀ". Archived from the original on 2012-04-13. Retrieved 2013-11-03.
 7. ਕੌਰ, ਅਜੀਤ (1995). ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ). ਦਿੱਲੀ: ਆਰਸੀ ਪਬਲੀਸ਼ਰਜ਼. p. 95.
 8. ਸਤਿਆਰਥੀ, ਦਵਿੰਦਰ (1981). ਸੂਈ ਬਾਜ਼ਾਰ (ਆਤਮ ਕਥਾ). ਚਾਂਦਨੀ ਚੌਂਕ ਦਿੱਲੀ: ਆਰਸੀ ਪਬਲੀਸ਼ਰਜ਼. p. 86.
 9. ਕੌਰ, ਅਜੀਤ (1995). ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ). ਦਿੱਲੀ: ਆਰਸੀ ਪਬਲੀਸ਼ਰਜ਼. p. 37.
 10. ਗਿੱਲ, ਮਹਿੰਦਰ ਕੌਰ (1986). ਲੋਕਯਾਨ ਯਾਤ੍ਰੀ ਸਤਿਆਰਥੀ. ਦਿੱਲੀ: ਪੰਜਾਬੀ ਅਕਾਦਮੀ. p. 88.
 11. ਗਿੱਲ, ਮਹਿੰਦਰ ਕੌਰ (1986). ਲੋਕਯਾਨ ਯਾਤ੍ਰੀ ਸਤਿਆਰਥੀ. ਦਿੱਲੀ: ਪੰਜਾਬੀ ਅਕਾਦਮੀ. p. 135.
 12. ਸਤਿਆਰਥੀ, ਦਵਿੰਦਰ (1941). ਲੇਖ - ਕੁੰਗ ਪੋਸ਼ (ਪੰਜ ਦਰਿਆ ਰਸਾਲਾ). ਨਿਸਬਤ ਰੋਡ ਲਾਹੌਰ. p. 90.{{cite book}}: CS1 maint: location missing publisher (link)
 13. 13.0 13.1 13.2 सत्यार्थी, दवीन्द्र (1987). चाँद सूरज के बीरण. महरौली, दिल्ली: प्रवीण प्रकाशन. p. 257.
 14. ਸਤਿਆਰਥੀ, ਦਵਿੰਦਰ (1941). ਲੇਖ - ਮੇਰੀ ਕਹਾਣੀ ਦਾ ਇਕ ਪੱਤਰਾ (ਪੰਜ ਦਰਿਆ ਰਸਾਲਾ). ਲਾਹੌਰ. pp. 21–66.{{cite book}}: CS1 maint: location missing publisher (link)
 15. 15.0 15.1 15.2 15.3 ਸਿੰਘ, ਪ੍ਰਿ. ਤੇਜਾ (1998). ਗਿੱਧਾ (ਮੁੱਖ-ਬੰਧ). ਦਿੱਲੀ: ਨਵਯੁਗ ਪਬਲੀਸ਼ਰਜ਼. pp. 49–50.
 16. 16.0 16.1 Satyarthi, Davinder (1987). Meet My People : Indian Folk Poetry. Chandni Chownk Delhi: Navyug Publishers. p. 49.
 17. ਸਤਿਆਰਥੀ, ਦਵਿੰਦਰ (1973). ਦੀਵਾ ਬਲੇ ਸਾਰੀ ਰਾਤ. ਦਿੱਲੀ: ਆਰਸੀ ਪਬਲੀਸ਼ਰਸ. p. 26.
 18. 18.0 18.1 ਸਤਿਆਰਥੀ, ਦਵਿੰਦਰ (2001). ਮੇਰੇ ਸਫ਼ਰ ਦੀਆਂ ਯਾਦਾਂ. ਦਿੱਲੀ: ਨਵਯੁਗ ਪਬਲੀਸ਼ਰਜ਼. p. 151.