ਪੰਜਾਬੀ ਇਕਾਂਗੀ ਦਾ ਇਤਿਹਾਸ

ਪੰਜਾਬੀ ਇਕਾਂਗੀ ਦਾ ਇਤਿਹਾਸ ਜੇਕਰ ਪੜਚੋਲੀਏ ਤਾਂ ਪੰਜਾਬੀ ਇਕਾਂਗੀ ਨੇ ਸਮੇਂ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਪ੍ਰਕਾਸ਼ ਸੁੱਟਿਆ ਹੈ| ਆਧੁਨਿਕ ਸਰੋਕਾਰਾਂ ਵਾਲੀ ਪੰਜਾਬੀ ਇਕਾਂਗੀ ਨਾਲੋਂ ਪੰਜਾਬੀ ਨਾਟਕ ਦੀ ਆਮਦ ਪੰਜਾਬੀ ਸਾਹਿਤ ਵਿੱਚ ਪਿੱਛੋਂ ਹੁੰਦੀ ਹੈ| ਇਸ ਲਈ ਆਧੁਨਿਕ ਸਰੋਕਾਰਾਂ ਵਾਲੀ ਇਕਾਂਗੀ ਦਾ ਪ੍ਰਭਾਵ ਵੀ ਪੰਜਾਬੀ ਸਾਹਿਤ ਤੇ ਆਧੁਨਿਕ ਸਰੋਕਾਰਾਂ ਵਾਲੇ ਪੰਜਾਬੀ ਨਾਟਕ ਨਾਲੋਂ ਪਹਿਲਾਂ ਪਿਆ ਹੈ| ਨਾਟਕਕਾਰਾਂ ਨੇ ਇਕਾਂਗੀ ਨੂੰ ਹੀ ਵਿਸਥਾਰਿਆ ਹੈ ਪਰ ਫਿਰ ਵੀ ਨਾਟਕ ਅਤੇ ਇਕਾਂਗੀ ਵਿੱਚ ਕਾਫੀ ਅੰਤਰ ਹੈ| ਇਕਾਂਗੀ ਨਾ ਨਾਟਕ ਦਾ ਸਾਰ ਹੁੰਦੀ ਹੈ ਨਾ ਹੀ ਨਾਟਕ ਇਕਾਂਗੀ ਦਾ ਵਿਸਥਾਰ ਹੁੰਦਾ ਹੈ| ਨਾਟਕ ਦਾ ਹਰ ਅੰਕ ਸੁਤੰਤਰ ਨਹੀਂ ਹੁੰਦਾ ਅਤੇ ਇਕਾਂਗੀ ਨਾਟਕ ਦਾ ਭਾਗ ਨਹੀਂ ਹੁੰਦੀ | ਅੰਗਰੇਜਾਂ ਦੀ ਆਮਦ ਨਾਲ ਜਿੱਥੇ ਰਾਜਨੀਤਿਕ, ਸਮਾਜਿਕ ਤੇ ਮਾਨਸਿਕ ਪਹਿਲੂ ਤੇ ਅੰਸ਼ ਬਦਲ ਉੱਥੇ ਭਾਰਤੀ ਸਾਹਿਤ ਦੇ ਨਾਲ-ਨਾਲ ਪੰਜਾਬੀ ਸਾਹਿਤ ਤੇ ਵੀ ਪ੍ਰਭਾਵ ਪਾਇਆ, ਜਿਸ ਨਾਲ ਪੰਜਾਬੀ ਸਾਹਿਤ ਵਿੱਚ ਇਕਾਂਗੀ ਦੀ ਆਮਦ ਹੋਈ|ਗੁਰਦਿਆਲ ਸਿੰਘ ਫੁੱਲ ਅਨੁਸਾਰ, 'ਇਕਾਂਗੀ ਆਪਣੀ ਸੰਜਮਤਾ, ਇਕਾਗਰਤਾ, ਥੋੜੇ ਨਾਲ ਬਹੁਤਾ ਸਾਰਨ ਦੀ ਸਮਰੱਥਾ ਤੇ ਤੀਖਣਤਾ ਨਾਲ ਪੂਰੇ ਨਾਟਕ ਨੂੰ ਸੰਘਣਾ, ਬੱਝਵਾਂ ਤੇ ਤੀਖਣ ਮਘਦੇ ਕਾਰਜ ਵਾਲਾ ਬਣਾ ਕੇ ਇੱਕ-ਕਥਨੀ, ਇੱਕ-ਝਾਕੀਏ ਤੇ ਇੱਕ-ਅੰਗੀਏ ਬਣਾ ਰਿਹਾ ਹੈ|[1] ਇਕਾਂਗੀ ਅਸਲ ਵਿੱਚ ਮੰਚ ਦੀ ਲੋੜ ਵਿੱਚੋ ਹੀ ਪੈਦਾ ਹੋਇਆ ਹੈ| ਯੂਰਪ ਵਿੱਚ ਨਾਟਕ ਪੇਸ਼ ਕਰਨ ਤੋਂ ਪਹਿਲਾਂ ਜੁੜੇ ਦਰਸ਼ਕ ਦੇ ਮਨਪ੍ਰਚਾਵੇ ਲਈ ਇਕਾਂਗੀ ਪੇਸ਼ ਕੀਤਾ ਜਾਂਦਾ ਸੀ, ਇਸ ਲਈ ਇਕਾਂਗੀ ਦਾ ਰੰਗਮੰਚ ਨਾਲ ਸਿੱਧਾ ਸਬੰਧ ਹੈ|[2] ਪੰਜਾਬੀ ਇਕਾਂਗੀ ਉੱਤੇ ਪੱਛਮੀ ਸਾਹਿਤ ਤੋਂ ਬਿਨਾਂ ਭਾਰਤੀ ਸਾਹਿਤ ਪਰੰਪਰਾਵਾਂ ਦਾ ਵੀ ਪ੍ਰਭਾਵ ਪਿਆ| ਇਸ ਤਰ੍ਹਾਂ ਪੰਜਾਬੀ ਇਕਾਂਗੀ ਦੇ ਇਤਿਹਾਸ ਨੂੰ ਅਸੀਂ ਪੰਜ ਦੌਰਾਂ ਵਿੱਚ ਵੰਡ ਲੈਂਦੇ ਹਾਂ,

ਪਹਿਲਾ ਦੌਰ(1913 ਤੋਂ ਪਹਿਲਾਂ)

ਸੋਧੋ

ਇਹ ਦੌਰ 1913 ਈ: ਤੋਂ ਪਹਿਲਾਂ ਦੇ ਇਸ ਦੌਰ ਵਿੱਚ ਪੰਜਾਬੀ ਇਕਾਂਗੀ ਪੱਛਮੀ ਅਤੇ ਭਾਰਤੀ ਸਾਹਿਤ ਦੇ ਪ੍ਰਭਾਵ ਨਾਲ ਪਨਪ ਰਹੀ ਸੀ| ਜਿਵੇਂ 'ਸਰਸਵਤੀ ਸਟੇਟ ਸੁਸਾਇਟੀ' ਨੇ ਜੋ 1911 ਈ: ਵਿੱਚ ਸਥਾਪਿਤ ਕੀਤੀ ਗਈ ਸੀ, ਨੇ ਪਹਿਲਾਂ ਇਕਾਂਗੀ ਲੇਡੀ ਗਰੈਗਰੀ ਦਾ 'ਅਫਵਾਹ ਫੈਲਾਊ' ਖੇਡਿਆ ਜੋ ਐਬੀ ਥੀਏਟਰ ਨੇ 1904 ਈ: ਵਿੱਚ ਡਬਲਿਨ ਵਿੱਚ ਖੇਡਿਆ ਸੀ|[3] ਇਸ ਦੌਰ ਵਿੱਚ ਕਈ ਲੇਖਕਾਂ ਨੇ ਇਕਾਂਗੀ-ਰਚਨਾ ਕੀਤੀ, ਭਾਵੇਂ ਇਸ ਦੌਰ ਵਿੱਚ ਅਨੁਵਾਦਿਤ ਨਾਟਕ ਹੀ ਪੰਜਾਬੀ ਸਾਹਿਤ ਵਿੱਚ ਆਉਂਦੇ ਰਹੇ ਪਰ ਮੂਲ ਪੰਜਾਬੀ ਨਾਟ-ਪਰੰਪਰਾ ਦੀ ਪੰਜਾਬੀ ਵਿੱਚ ਆਮਦ ਹੋ ਚੁੱਕੀ ਸੀ| ਇਸ ਦੌਰ ਵਿੱਚ ਹੇਠ ਲਿਖੀਆਂ ਇਕਾਂਗੀਆਂ ਦੀ ਪੰਜਾਬੀ ਸਾਹਿਤ ਵਿੱਚ ਆਮਦ ਹੋਈ|

ਭਾਈ ਮੋਹਨ ਸਿੰਘ ਵੈਦ-ਭਾਈ ਮੋਹਨ ਸਿੰਘ ਵੈਦ ਦੀ ਇਕਾਂਗੀ ਪੰਜਾਬੀ ਸਾਹਿਤ ਵਿੱਚ ਨਾਟ-ਵਿਧਾ ਦੀ ਪਹਿਲੀ ਰਚਨਾ ਹੈ| ਉਹਨਾਂ ਦੀ ਇਕਾਂਗੀ ਰਚਨਾ ਇਸ ਪ੍ਰਕਾਰ ਹੈ,

1) ਬਿਰਧ ਦੇ ਵਿਆਹ ਦੀ ਦੁਰਦਸ਼ਾ(1904)|

ਗੁਰਬਕਸ਼ ਸਿੰਘ ਨਾਰੰਗ-ਇਹਨਾਂ ਦੀ ਇਕਾਂਗੀ ਰਚਨਾਵਾਂ ਪੰਜਾਬੀ ਸਾਹਿਤ ਵਿੱਚ ਇਸ ਵਿਧਾ ਦੇ ਬੀਜ ਨੂੰ ਸਿੰਜਦੀਆਂ ਹਨ|ਉਹਨਾਂ ਦੀਆਂ ਇਕਾਂਗੀ-ਰਚਨਾਵਾਂ ਹਨ,

1) ਬੁੱਢੇ ਦਾ ਵਿਆਹ(1911)| 
2) ਪੜਾਕੂ ਵਹੁਟੀ(1912)|

ਦੂਜਾ ਦੌਰ(1913 ਤੋਂ 1947 ਈ:)

ਸੋਧੋ

ਇਹ ਦੌਰ ਪੰਜਾਬੀ ਇਕਾਂਗੀ ਸਮਾਜਿਕ,ਮਾਨਸਿਕ ਤੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਨਮੁੱਖ ਹੁੰਦੀ ਹੈ| ਡਾ .ਹਰਚਰਨ ਸਿੰਘ ਅਨੁਸਾਰ ਅਸਲ ਵਿੱਚ ਪੰਜਾਬੀ ਮੰਚ ਲਈ ਧਰਤੀ ਪਹਿਲੇ ਹੀ ਤਿਆਰ ਸੀ| ਸ਼ਰਧਾ ਰਾਮ ਫਿਲੌਰੀ ਨੇ ਲੋਕਾਂ ਦੀ ਕਿਤੋਂ ਵੀ ਗੱਲਬਾਤ ਨੂੰ ਵਰਤ ਕੇ ਈਸ਼ਵਰ ਚੰਦਰ ਨੰਦਾ ਲਈ 50 ਸਾਲ ਪਹਿਲਾਂ ਹੀ ਰਸਤਾ ਸਾਫ ਕਰ ਦਿੱਤਾ ਸੀ|[4] ਪੰਜਾਬੀ ਇਕਾਂਗੀ ਨੂੰ ਅੱਗੇ ਲਿਆਉਣ ਲਈ ਟੈਂਪਰੈਂਸ ਸੁਸਾਇਟੀ, ਪਾਰਸੀ ਥਿਏਟਰ, ਪੱਛਮੀ ਵਿਦਿਆ ਪ੍ਰਣਾਲੀ, ਇਸਾਈ ਮ੍ਹਿਨਰੀਆਂ ਦੇ ਯਤਨ ਆਦਿ ਪਰੰਪਰਾਵਾਂ ਜਾਂ ਸੰਸਥਾਵਾਂ ਦਾ ਵੀ ਹੱਥ ਹੈ| ਇਸ ਦੌਰ ਵਿੱਚ ਹੇਠ ਲਿਖੀਆਂ ਇਕਾਂਗੀਕਾਰ ਪੰਜਾਬੀ ਸਾਹਿਤ ਵਿੱਚ ਤਸ਼ਰੀਫ਼ ਲਿਆਉਂਦੇ ਹਨ|

ਈਸ਼ਵਰ ਚੰਦਰ ਨੰਦਾ-ਈਸ਼ਵਰ ਚੰਦਰ ਨੰਦਾ ਦੀ ਪਹਿਲੀ ਇਕਾਂਗੀ 'ਦੁਹਲਨ' ਸੀ ਜੋ 1913 ਈ: ਵਿੱਚ ਖੇਡੀ ਗਈ ਅਤੇ ਉਹਨਾਂ ਦੀ ਦੁਸਰੀ ਇਕਾਂਗੀ 'ਬੇਬੇ ਰਾਮ ਭਜਨੀ' ਸੀ| ਉਹਨਾਂ ਦੀ 'ਸੁਖਰਾਜ' ਇਕਾਂਗੀ ਵੀ ਕਾਫ਼ੀ ਚਰਚਿਤ ਰਹੀ| ਓਨ੍ਹਾਂ ਦੇ ਇਕਾਂਗੀ-ਸੰਗ੍ਰਹਿ ਹਨ,

1) ਝਲਕਾਰੇ|
2) ਲਿਸ਼ਕਾਰੇ| 
3) ਚਮਕਾਰੇ।

ਰਜਿੰਦਰ ਲਾਲ ਸਾਹਨੀ: ਈਸ਼ਵਰ ਚੰਦਰ ਨੰਦਾ ਦੇ ਨਾਲ ਹੀ ਰਜਿੰਦਰ ਲਾਲ ਸਾਹਨੀ ਨੇ ਵੀ ਇਕਾਂਗੀ ਮੁਕਾਬਲੇ ਵਿੱਚ ਭਾਵ ਲਿਆ ਤੇ ਉਸਦੀ ਇਕਾਂਗੀ ਜੋ ਮਿਲਦੀ ਹੈ, ਇਸ ਪ੍ਰਕਾਰ ਹੈ,

1) ਦੀਨੇ ਦੀ ਬਰਾਤ।

ਹਰਚਰਨ ਸਿੰਘ:-ਹਰਚਰਨ ਸਿੰਘ ਦੀ ਪਹਿਲੀ ਇਕਾਂਗੀ 1936 ਈ: ਵਿੱਚ ਗੰਗਾ ਰਾਮ ਰਚਣ ਪਿੱਛੋਂ ਇਕਾਂਗੀ ਚੌਧਰੀ ਕਾਫ਼ੀ ਚਰਚਿਤ ਰਹੀ| ਇਸ ਤੋਂ ਬਿਨਾਂ ਇਤਿਹਾਸਕ ਇਕਾਂਗੀਆਂ ਸੰਦੇਸ਼, ਗਰੀਬ-ਨਿਵਾਜ, ਚਮਕੌਰ ਦੀ ਗੜ੍ਹੀ, ਇਤਿਹਾਸ ਜੁਆਬ ਮੰਗਦਾ ਹੈ, ਮਨ ਦੀਆਂ ਮਨ ਵਿੱਚ ਤੇ ਗੁੱਡੀ ਦਾ ਵਿਆਹ ਤੋਂ ਬਿਨਾਂ 'ਜ਼ਫ਼ਰਨਾਮਾ' ਚਰਚਿਤ ਰਹੀ| ਹਰਚਰਨ ਸਿੰਘ ਦੇ ਇਕਾਂਗੀ-ਸੰਗ੍ਰਹਿ ਹਨ,

1) ਜੀਵਨ-ਲੀਲ੍ਹਾ|
2) ਸਪਤ-ਰਿਸ਼ੀ|
3) ਪੰਜ-ਗੀਟੜਾ|

ਬਲਵੰਤ ਗਾਰਗੀ:- 1916 ਈ: ਵਿੱਚ ਜਨਮੇ ਬਲਵੰਤ ਗਾਰਗੀਨੇ ਆਪਣੀ ਰਚਨਾਂਵਾਂ ਭਾਵੇਂ ਹਰ ਵਿਧਾ ਵਿੱਚ ਕੀਤੀਆਂ ਹਨ, ਪਰ ਉਹਨਾਂ ਨੇ ਨਾਟ-ਵਿਧਾ ਨੂੰ ਕਾਫ਼ੀ ਮਹੱਤਵਪੂਰਣ ਦੇਣ ਦਿੱਤੀ|ਉਹਨਾਂ ਦੀ ਮੁੱਢਲੇ ਦੌਰ ਵਿੱਚ ਨਾਟਕੀਅਤਾ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤਨਗਰ ਰਹਿੰਦਦਿਆਂ ਪ੍ਰਫੱਲਿਤ ਹੋਣੀ ਹੋਈ|[5] ਗਾਰਗੀ ਦੀਆਂ ਸਾਹਿਤ ਵਿੱਚ ਵਿੱਚ ਵਿੱਢ ਪਾਉਦੀਆਂ ਇਕਾਂਗੀਆਂ-ਰਚਨਾਂਵਾਂ ਇਸ ਪ੍ਰਕਾਰ ਹਨ,

1) ਕੁਆਰੀ ਟੀਸੀ|
2) ਦੋ ਪਾਸੇ|
3) ਪੱਤਣ ਦੀ ਬੇੜੀ|
4) ਦੁੱਧ ਦੀਆਂ ਧਾਰਾਂ|(ਸੰਗ੍ਰਹਿ)
5) ਪੈਂਤੜੇਬਾਜ਼।
6) ਪਿੱਛਲ-ਪੈਰੀ|
7) ਚਾਕੂ।

ਗੁਰਦਿਆਲ ਸਿੰਘ ਖੋਸਲਾ:ਗੁਰਦਿਆਲ ਸਿੰਘ ਘੋਸਲਾ ਦੀ ਦੇਣ ਲੇਖਣ ਨਾਲੋਂ ਪੰਜਾਬੀ ਰੰਗਮੰਚ ਨੂੰ ਵੱਧ ਹੈ| ਅਜ਼ਾਦੀ ਪਿੱਛੋਂ ਉਸਨੇ ਦਿੱਲੀ ਵਿੱਚ ਪੰਜਾਬੀ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ| ਉਸ ਵੱਲੋਂ ਪਾਏ ਯੋਗਦਾਨ ਦਾ ਵੇਰਵਾ ਇਸ ਪ੍ਰਕਾਰ ਹੈ,

1) ਬੇਘਰੇ।
2) ਸਤਾਰਵਾਂ ਪਤੀ|

ਗੁਰਦਿਆਲ ਸਿੰਘ ਫੁੱਲ:-ਗੁਰਦਿਆਲ ਸਿੰਘ ਫੁੱਲ ਨੇ ਪੰਜਾਬੀ ਇਕਾਂਗੀ ਨੂੰ ਸਭ ਤੋਂ ਮਹੱਤਵਪੂਰਨ ਦੇਣ ਦਿੱਤੀ ਹੈ| ਉਸ ਦੀ 'ਕਬਰਸਤਾਨ' ਇਕਾਂਗੀ ਕਾਫ਼ੀ ਚਰਚਿਤ ਰਹੀ| ਉਸ ਦੀਆਂ ਸਭ ਤੋਂ ਜਿਆਦਾ ਇਕਾਂਗੀ-ਰਚਨਾਵਾਂ ਹਨ,ਜਿਵੇ:-

ਹਉਕੇ(1946), ਪੈਸਾ(1949), ਕਣਕ ਦਾ ਬੋਲ(1951), ਡੋਲਦੀ ਲਾਟ(1951), ਜੀਵਨ ਹਲੂਣੇ(1953), ਬੇਬਸੀ ਜੋ ਹੁਣ ਨਹੀਂ(1954), ਨਵੀਂ ਜੋਤ(1955), ਰਾਤ ਕਟ ਗਈ(1958), ਕਹਿਣੀ ਤੇ ਕਰਨੀ(1961), ਕਿੱਧਰ ਜਾਵਾਂ?(1964), ਨਵਾਂ ਮੋੜ(1966), ਕਲਾ ਤੱਕ(1967), ਸਿਖਰ ਦੁਪਿਹਰੇ ਰਾਤ(1967), ਦੇਸ ਦੀ ਖਾਤਰ(1968), ਲੁਕਿਆ ਸੱਚ(1970), ਰੰਗ ਨਿਆਰੇ(1971), ਨਾਨਕੀ ਨਦਰੀ ਨਦਰ ਨਿਹਾਲ(1969), ਨਵਾਂ ਇਕਾਂਗੀ ਸੰਗ੍ਰਹਿ(1978)|

ਸੰਤ ਸਿੰਘ ਸੇਖੋਂ-ਪੱਛਮੀ ਲੇਖਣੀ ਤੋਂ ਪ੍ਰਭਾਵਿਤ ਸੇਖੋਂ ਨੇ ਇਕਾਂਗੀ ਦੇ ਵਿਕਾਸ ਅਤੇ ਪਸਾਰ ਲਈ ਕਾਫ਼ੀ ਮਹੱਤਵਪੂਰਨ ਯੋਗਦਾਨ ਪਾਇਆ| ਉਸਦੇ ਕਲਾਕਾਰ ਜਿਹੇ ਨਾਟਕ ਵੀ ਚਰਚਿਤ ਰਹੇ| ਸੰਤ ਸਿੰਘ ਸੇਖੋਂ ਦੀਆਂ ਰਚਨਾਂਵਾਂ ਇਸ ਪ੍ਰਕਾਰ ਹਨ,

1) ਛੇ-ਘਰ|
2) ਤਪੱਸਿਆ ਕਿਉਂ ਖਪਿਆ|
3) ਨਾਟ-ਸੁਨੇਹੇ|
4) ਸੁੰਦਰ-ਪਦ|
5) ਦਸ-ਇਕਾਂਗੀ|

ਕਰਤਾਰ ਸਿੰਘ ਦੁੱਗਲ: ਕਈ ਵਿਧਾਵਾਂ ਵਿੱਚ ਰਚਨਾਵਾਂ ਕਰਨ ਵਾਲੇ ਕਰਤਾਰ ਸਿੰਘ ਦੁੱਗਲ ਨੇ ਇਕਾਂਗੀ ਦੀ ਵੀ ਰਚਨਾ ਵੀ ਨਿੱਠਕੇ ਕੀਤੀ ਹੈ| ਉਸ ਦੇ ਇਕਾਂਗੀ ਰੇਡੀਓ ਲਈ ਮਸ਼ਹੂਰ ਸਨ| ਉਸਦੇ ਇਕਾਂਗੀ-ਸੰਗ੍ਰਹਿ ਵਿੱਚ ਕਈ ਇਕਾਂਗੀਆਂ ਹਨ, ਜਿਹੜੀਆਂ ਸਮਾਜ ਦੀ ਅਕਸਕਾਰੀ ਕਰਦੀਆਂ ਹਨ| ਉਸ ਦਾ ਇਕਾਂਗੀ ਸੰਗ੍ਰਹਿ ਹੇਠ ਲਿਖਿਆ ਹੈ,

1) ਸੁਤੇ ਪਏ ਨਗਮੇ।
2) ਸ਼ਰਨਾਰਥੀ।

ਰੌਸ਼ਨ ਲਾਲ ਅਹੂਜਾ:-ਡਾਕਟਰ ਅਹੂਜਾ ਵੀ ਪਿਛਲੇ ਸਾਲ ਵਿਦਵਾਨਾਂ ਵਾਂਗ ਹਨ, ਜਿਹਨਾਂ ਨੇ ਇਕਾਂਗੀ-ਰਚਨਾ ਵਿੱਚ ਖਾਸ ਯੋਗਦਾਨ ਪਾਇਆ ਹੈ| ਉਹਨਾਂ ਦੇ ਇਕਾਂਗੀ ਸੰਗ੍ਰਹਿ ਇਸ ਪ੍ਰਕਾਰ ਹਨ,

1) ਜੌਹਰ|
2) ਪਰਿਵਰਤਨ |
3) ਵਿਕਾਸ।
4) ਗਾਂਧੀ ਨਾਟਕ| 
5) ਨਵੇਂ ਘੋਲ|
6) ਮੋਰ ਤੇ ਸੱਪ|
7) ਚੋਣਵੇਂ ਇਕਾਂਗੀ|

ਕਿਰਪਾ ਸਾਗਰ-ਮਈ 1875 ਈ: ਨੂੰ ਜਨਮੇ ਕਿਰਪਾ ਸਾਗਰ ਵੀਂਹਵੀ ਸਦੀ ਦੇ ਆਰੰਭਿਕ ਦੌਰ ਦਾ ਸਾਹਿਤਕਾਰ ਸੀ| ਕਈ ਨਾਟਕਾਂ ਦੇ ਰਚਨਾਕਾਰ ਕਿਰਪਾ ਸਾਗਰ ਨੇ ਇਕਾਂਗੀਆਂ ਦੀ ਵੀ ਰਚਨਾ ਕੀਤੀ| ਇਹ ਦੀ ਚਰਚਿਤ ਇਕਾਂਗੀ ਹੈ,

1) ਝੰਗਾਂ|

ਮੋਹਨ ਸਿੰਘ ਦੀਵਾਨਾ ਮਾਰਚ 1899 ਈ: ਨੂੰ ਜਨਮੇ ਮੋਹਨ ਸਿੰਘ ਦੀਵਾਨਾ ਨੇ ਰਚਨਾਂਵਾਂ ਦੇ ਨਾਲ-ਨਾਲ ਆਲੋਚਨਾ ਵੀ ਕੀਤੀ ਹੈ| ਉਸਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ ਉਸਦੇ ਡਾਕਟਰੇਟ ਦੇ ਖੋਜ-ਪੱਤਰ ਦੇ ਅਧਾਰਿਤ ਸੀ| ਨਾਟ-ਵਿਧਾ ਵਿੱਚ ਵੀ ਲਗਾਅਰ ਰੱਖਣ ਵਾਲੇ ਇਸ ਰਚਨਾਕਾਰ ਦਾ ਇਕਾਂਗੀ ਸੰਗ੍ਰਹਿ ਹੇਠ ਲਿਖੇ ਅਨੁਸਾਰ ਹੈ,

1) ਪੰਖੜੀਆਂ|(ਸੰਗ੍ਰਹਿ)

ਚਰਨ ਸਿੰਘ ਸ਼ਹੀਦ:- ਪੰਜਾਬੀ ਦੇ ਹਾਸਰਸ ਅਤੇ ਵਿਅੰਗ ਲੇਖਕ ਸਨ| 48 ਕਵਿਤਾਵਾਂ ਦੀਆਂ ਕਿਤਾਬਾਂ ਰਚਨ ਵਾਲੇ ਇਸ ਲੇਖਕ ਨੇ ਇਕਾਂਗੀ-ਲੇਖਣ ਵਿੱਚ ਵੀ ਰੁਚੀ ਦਿਖਾਈ| ਉਹਨਾਂ ਦੀ ਮਹੱਤਵਪੂਰਨ ਇਕਾਂਗੀ ਹੇਠ ਲਿਖੇ ਅਨੁਸਾਰ ਹੈ,

1) ਭੁਚਾਲ ਕਿਉਂ ਆਇਆ|

ਸੋਹਣ ਸਿੰਘ:- ਸੋਹਣ ਸਿੰਘ ਨੇ ਵੀ ਇਕਾਂਗੀ ਦੇ ਵਿਕਾਸ ਤੇ ਪਸਾਰ ਲਈ ਇਕਾਂਗੀ-ਲੇਖਣ ਵਿੱਚ ਕਲਮ ਚਲਾਈ| ਇਹਨਾਂ ਦੀ ਮਹੱਤਵਪੁਰਣ ਇਕਾਂਗੀ 1923 ਈ: ਵਿੱਚ ਛਪੀ ਸੀ,ਜੋ ਹੇਠ ਲਿਖੇ ਅਨੁਸਾਰ ਸੀ,

1) ਇਕਾਂਗੀ-ਪੰਖੜੀਆਂ|

ਬ੍ਰਿਜ ਲਾਲ ਸ਼ਾਸਤਰੀ:-ਇਹਨਾਂ ਨੇ ਵੀ ਇਕਾਂਗੀ-ਪਰੰਪਰਾ ਦੇ ਵਿਕਾਸ ਅਤੇ ਪਸਾਰ ਲਈ ਕਾਫ਼ੀ ਯੋਗਦਾਲ ਪਾਇਆ ਅਤੇ ਕਈ ਇਕਾਂਗੀਆਂ ਦੀ ਰਚਨਾਂ ਕੀਤੀ| ਇਹਨਾਂ ਦੀ ਮਹੱਤਵਪੂਰਨ ਇਕਾਂਗੀ ਹੇਠ ਲਿਖੇ ਅਨੁਸਾਰ ਹੈ,

1) ਕੁਨਾਲ।

ਤੀਜਾ ਦੌਰ(1947 ਤੋਂ 1975 ਤੱਕ)

ਸੋਧੋ

ਕਾਫ਼ੀ ਹਲਚਲ ਭਰਿਆ ਇਹ ਦੌਰ ਪੰਜਾਬੀ ਸਾਹਿਤ ਅਤੇ ਖਾਸ ਕਰਕੇ ਪੰਜਾਬੀ ਨਾਟ-ਪਰੰਪਰਾ ਉਪਰ ਕਾਫ਼ੀ ਅਸਰ ਪਾਉਦਾ ਹੈ| ਇਸੇ ਕਰਕੇ ਇਹ ਦੌਰ ਪੰਜਾਬੀ ਇਕਾਂਗੀ ਬਹੁਮੁੱਖੀ ਪਾਸਾਰਾਂ ਨਾਲ ਸੰਬੰਧਿਤ ਹੈ| ਪੰਜਾਬ ਦੀ ਵੰਡ ਅਤੇ ਪ੍ਰਗਤੀਸ਼ੀਲ ਤੇ ਕਮਿਉਨਿਸਟ ਲਹਿਰਾਂ ਵੀ ਇਸ ਦੌਰ ਨੂੰ ਪ੍ਰਭਾਵਿਤ ਕਰਦੀਆਂ ਹਨ|

ਸੁਰਜੀਤ ਸਿੰਘ ਸੇਠੀ:-ਪੰਜਾਬੀ ਅਦਬ ਦੇ ਪ੍ਰਸਿੱਧ ਬਹੁ-ਵਿਧਾਈ ਲੇਖਕ, ਆਲੋਚਕ, ਫਿਲਮ-ਨਿਰਮਾਤਾ ਸੁਰਜੀਤ ਸਿੰੰਘ ਸੇਠੀ ਨੇ ਵੀ ਇਕਾਂਗੀ-ਪਰੰਪਰਾ ਨੂੰ ਨਵੀਂ ਬਿੱਧ ਦਿੱਤੀ ਹੈ, ਉਹਨਾਂ ਦੇ ਇਕਾਂਗੀ ਸੰਗ੍ਰਹਿ ਹੇਠ ਲਿਖੇ ਹਨ,

1) ਪਰਦੇ ਪਿੱਛੇ|
2) ਚੱਲਦੇ ਫਿਰਦੇ ਬੁੱਤ|

ਹਰਸਰਨ ਸਿੰਘ:-ਫਰਬਰੀ 1928 ਈ: ਨੂੰ ਜਨਮੇ ਹਰਸਰਨ ਸਿੰਘ ਦੇ ਇਕਾਂਗੀ ਉਰਦੂ, ਹਿੰਦੀ, ਗੁਰਰਾਤੀ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਹੋਏ ਅਤੇ ਰੇਡੀਓ ਉੱਤੇ ਪ੍ਰਸਾਰਿਤ ਹੋਏ| ਉਸਦੇ ਇਕਾਂਗੀ ਸੰਗ੍ਰਹਿ ਹੇਠ ਲਿਖੇ ਹਨ,

1) ਜੋਤ ਤੋਂ ਜੋਤ ਜਗੇ|(1956)
2) ਤਰੇੜ ਤੇ ਹੋਰ ਇਕਾਂਗੀ|(1962)
3) ਮੇਰੇ ਅੱਠ ਇਕਾਂਗੀ|(1963)
4) ਪਰਦੇ।(1968)
5) ਰੰਗ ਤਮਾਸ਼ੇ।(1976)
6) ਮੇਰੇ ਸਾਰੇ ਇਕਾਂਗੀ|(1977)
7) ਛੇ-ਰੰਗ|(1978)
8) ਛੇ ਪ੍ਰਸਿੱਧ ਇਕਾਂਗੀ|(1980)

ਕਪੂਰ ਸਿੰਘ ਘੁੰਮਣ:- 1984 ਈ: ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕਪੂਰ ਸਿੰਘ ਘੁੰਮਣ ਪ੍ਰਯੋਗਵਾਦੀ ਅਤੇ ਮਨੋਵਿਗਿਆਨਕ ਨਜ਼ਰੀਏ ਵਾਲਾ ਨਾਟ-ਰਚਨਾਕਾਰ ਸੀ|[6] ਕਪੂਰ ਸਿੰਘ ਘੁੰਮਣ ਦੀਆਂ ਇਕਾਂਗੀ-ਰਚਨਾਵਾਂ ਨੇ ਵੀ ਪੰਜਾਬੀ ਇਕਾਂਗੀ ਦੀ ਪ੍ਰੰਪਰਾ ਨੂੰ ਅੱਗੇ ਤੋਰਿਆਂ ਹੈ| ਉਹਨਾਂ ਦੀਆਂ ਮਕਬੂਲ ਇਕਾਂਗੀਆਂ ਵਿੱਚੋਂ ਉਹਨਾਂ ਦੇ ਇਕਾਂਗੀ-ਸੰਗ੍ਰਹਿ ਇਸ ਪ੍ਰਕਾਰ ਹਨ,

1) ਰੱਬ ਦੇ ਰੰਗ|(1956)
2) ਦੋ ਜੋਤਾਂ ਦੋ ਮੂਰਤਾਂ|(1958)
3) ਕੱਚ ਦੇ ਗਜਰੇ|(1969)
4) ਝੁੰਗਲ਼ਮਾਟਾ।(1975)
5) ਇਸ ਪਾਰ ਉਸ ਪਾਰ|(1968)

ਗੁਰਚਰਨ ਸਿੰਘ ਜਸੂਜਾ: ਨਾਟ-ਵਿਧਾ ਦੇ ਇਸ ਰੂਪ ਦੇ ਇਤਿਹਾਸ ਵਿੱਚ ਗੁਰਚਰਨ ਸਿੰਘ ਜਸੂਜਾ ਦਾ ਯੋਗਦਾਨ ਕਾਬਲ-ਏ-ਤਾਰੀਫ਼ ਹੈ| ਉਹਨਾਂ ਦੇ ਇਕਾਂਗੀ ਪੇਂਡੂ ਧਰਾਤਲ ਨਾਲ ਸੰਬੰਧਿਤ ਹਨ, ਉਹਨਾਂ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ,

1) ਗਉਮੁਖਾ-ਸ਼ੇਰ-ਮੁਖਾ |
2) ਪਛਤਾਵਾ।
3) ਚਾਰ ਦੀਵਾਰੀ|
4) ਸਾਲ ਬੀਤੀ-ਜੱਗ ਬੀਤੀ|
5) ਸਿਖ਼ਰ ਦੁਪਹਿਰ ਅਤੇ ਹਨ੍ਹੇਰਾ|

ਅਮਰੀਕ ਸਿੰਘ:-ਅਮਰੀਕ ਸਿੰਘ ਨੇ ਵੀ ਇਕਾਂਗੀ-ਰਚਨਾ ਵਿੱਚ ਆਪਣੇ ਮਾਨਸਿਕ ਧਰਾਤਲ ਨਾਲ ਯੋਗਦਾਨ ਪਾਇਆ ਹੈ| ਉਸ ਦੀਆਂ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ,

1) ਆਸਾ ਦਾ ਅੰਬਾਰ|
2) ਜੀਵਨ ਝਲਕਾਂ|

ਪਰਿਤੋਸ਼ ਗਾਰਗੀ:- ਬਲਵੰਤ ਗਾਰਗੀ ਦਾ ਭਰਾ ਪਰਿਤੋਸ਼ ਗਾਰਗੀ ਵੀ ਇਸ ਵਿਧਾ ਵਿੱਚ ਰਚਨਾ ਕਰਕੇ ਇਸ ਦੇ ਵਿਕਾਸ, ਪਸਾਰ ਤੇ ਨਵੇਂ ਵਿਸ਼ੇ ਇਕਾਂਗੀਆਂ ਵਿੱਚ ਲਿਆਂਦੇ| ਪਰਿਤੋਸ਼ ਗਾਰਗੀ ਦੀਆਂ ਇਕਾਂਗੀ-ਰਚਨਾਵਾਂ ਇਸ ਪ੍ਰਕਾਰ ਹਨ,

1) ਪਲੇਟ-ਫਾਰਮ|
2) ਗੱਡੀ ਦਾ ਸਫ਼ਰ|
3) ਰੇਸ਼ਮ ਦਾ ਕੀੜਾ|
4) ਬੇਨਤੀ ਹੋਮ|
5) ਜ਼ਕਾਤ।
6) ਭਾਈਚਾਰਾ।

ਚੌਥਾ ਦੌਰ(1975 ਤੋਂ 1990 ਤੱਕ)

ਸੋਧੋ

ਪੰਜਾਬੀ ਇਕਾਂਗੀ ਦੇ ਇਤਿਹਾਸ ਵਿੱਚ ਇਸ ਦੌਰ ਦਾ ਖਾਸ ਮਹੱਤਵ ਹੈ ਕਿੳਂਕਿ ਇਸ ਦੌਰ ਵਿੱਚ ਪੰਜਾਬ ਉੱਤੇ ਜੋ ਹਨੇਰੀ ਝੁੱਲੀ ਅਤੇ ਵੱਖ-ਵੱਖ ਲਹਿਰਾਂ ਦੇ ਤੇਜ਼ ਹੋਣ ਨਾਲ ਪੰਜਾਬੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੇ ਨਾਲ-ਨਾਲ ਪੰਜਾਬੀ ਇਕਾਂਗੀ 'ਤੇ ਵੀ ਅਸਰ ਪਿਆ| ਇਸ ਦੌਰ ਵਿੱਚ ਪਾਕਿਸਤਾਨੀ ਪੰਜਾਬੀ ਨਾਟਕ ਅਤੇ ਪਰਵਾਸੀ ਰਚਨਾਵਾਂ ਦੇ ਨਾਲ-ਨਾਲ ਹੋਰ ਭਾਸ਼ਾਵਾਂ ਦੇ ਨਾਟਕ ਵੀ ਭਾਰਤੀ ਪੰਜਾਬੀ ਸਾਹਿਤ ਵਿੱਚ ਸਿੱਧੇ ਅਤੇ ਤੌਰ ਤੇ ਲਿਪੀਅੰਤਰ ਹੋ ਕੇ ਪ੍ਰਵੇਸ਼ ਕਰ ਰਹੇ ਸਨ। ਇਸ ਦੌਰ ਦੇ ਇਕਾਂਗੀਕਾਰ ਹੇਠ ਲਿਖੇ ਅਨੁਸਾਰ ਹਨ,

ਅਜਮੇਰ ਸਿੰਘ ਔਲਖ: ਅਗਸਤ 1942 ਈ: ਨੂੰ ਪਿੰਡ ਕੁੰਭਵਾਲ ਵਿੱਚ ਜਨਮੇ ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਆਪਣੀ ਨਾਟ-ਰਚਨਾਂਵਾਂ ਰਾਹੀਂ ਪ੍ਰਸਤੁਤ ਕੀਤਾ ਹੈ,ਉਹਨਾਂ ਦੇ ਇਕਾਂਗੀ ਸੰਗ੍ਰਹਿ ਇਸ ਪ੍ਰਾਕਾਰ ਹਨ,

1) ਅਰਬਦ ਨਰਬਦ ਧੁੰਦੂਕਾਰਾ|
2) ਬਿਗਾਨੇ ਬੋਹੜ ਦੀ ਛਾਂ|
3) ਅੰਨ੍ਹੇ ਨਿਸ਼ਾਨਚੀ
4) ਮੇਰੇ ਚੋਣਵੇਂ ਇਕਾਂਗੀ|
5) ਗਾਨੀ।

ਦਵਿੰਦਰ ਦਮਨ: ਪੰਜਾਬ ਦੇ ਸੰਗਰੂਰ ਜੀਲ ਦੇ ਜੰਮਪਲ ਦਵਿੰਦਰ ਦਮਨ ਇੱਕ ਸੁੰਘੜ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਤੇ ਨਾਟਕਕਾਰ ਹਨ| ਦਮਨ ਦਾ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਜੀਵਨ ਨੂੰ ਦਰਸਾਉਂਦੀ ਨਾਟ-ਰਚਨਾਂ ਬਹੁਤ ਵਾਰ ਮੰਚਿਤ ਹੋਈ|[7] ਦਵਿੰਦਰ ਦਮਨ ਦੀਆਂ ਇਕਾਂਗੀ ਰਚਨਾਂਵਾਂ ਹੇਠ ਲਿਖੇ ਅਨੁਸਾਰ ਹਨ,

1) ਲਹੂ ਰੰਗ ਲਿਆਵੇਗਾ|
2) ਵਾਵਰੋਲ਼ਾ 
3) ਆਥਣਵੇਲਾ।
4) ਸੰਘਰਸ਼।
5) ਮਖੌਟਾ।
6) ਕੁਰਸੀ ਵਿੱਚ ਚਿਣਿਆ|
7) ਬਲ਼ਦੇ ਜੰਗਲ ਦੇ ਰੁੱਖ|

ਪੰਜਵਾਂ ਦੌਰ(1990 ਤੋਂ ਹੁਣ ਤੱਕ(2017) ਜਾਰੀ)

ਸੋਧੋ

ਇਸ ਦੌਰ ਵਿੱਚ 21ਵੀਂ ਸਦੀ ਦੀਆਂ ਚੁਣੌਤੀਆਂ ਦੇ ਸਨਮੁੱਖ ਪੰਜਾਬੀ ਨਾਟ ਪਰੰਪਰਾ ਨੂੰ ਵਿਸਥਾਰਿਆਂ ਤੇ ਪਸਾਰਿਆ ਹੈ| ਇਸ ਦੌਰ ਦੀਆਂ ਨਾਟ-ਰਚਨਾਵਾਂ ਵਿੱਚ ਤਕਨੀਕ ਤੇ ਮੀਡੀਆ ਦੇ ਨਾਲ-ਨਾਲ ਬਸਤੀਵਾਦ, ਵਿਸ਼ਵੀਕਰਣ, ਉਤਰਆਧੁਨਿਕਤਾ ਦੇ ਨਾਲ-ਨਾਲ ਰਿਸ਼ਤਿਆਂ ਦੀ ਟੁੱਟ-ਭੱਜ ਜਿਹੇ ਸੰਕਲਪਾਂ ਦੀ ਨਾਟ-ਰਚਨਾਵਾਂ ਵਿੱਚ ਆਮਦ ਹੋਈ| ਇਸ ਦੌਰ ਵਿੱਚ ਇਕਾਂਗੀ ਦੇ ਸਮੇਂ ਦੀ ਲੋੜ ਅਤੇ ਪਾਸਾਰ ਨੂੰ ਮੁੱਖ ਰਖਦਿਆਂ ਲਘੂ ਨਾਟਕ ਦਾ ਰੂਪ ਦੇ ਦਿੱਤਾ|

ਨਾਟ-ਰਚਨਾਕਾਰ:ਇਸ ਦੌਰ ਦੇ ਨਾਟ-ਰਚਨਾਵਾਂ ਬਹੁਤ-ਪਾਸਾਰੀ ਤੇ ਬਹੁ-ਵਿਸ਼ੇ ਭਰਪੂਰ ਹਨ| ਜਿਹਨਾਂ ਨੇ ਇਕਾਂਗੀ ਨੂੰ ਵਿਸਥਾਰ ਦੇ ਕੇ ਲਘੂ-ਨਾਟਕ ਬਣਾਇਆ ਹੈ, ਪਰ ਇਸ ਦੌਰ ਵਿੱਚ ਇਕਾਂਗੀ ਰਚਨਾ ਨਹੀਂ ਮਿਲਦੀ| ਇਸ ਦੌਰ ਦੇ ਨਾਟ-ਲੇਖਕ ਹੇਠ ਲਿਖੇ ਅਨੁਸਾਰ ਹਨ, ਮਨਜੀਤਪਾਲ ਕੌਰ, ਦੇਵਿੰਦਰ ਕੁਮਾਰ, ਸਤੀਸ਼ ਕੁਮਾਰ ਵਰਮਾ, ਸਤਿੰਦਰ ਸਿੰਘ ਨੰਦਾ, ਸਵਰਾਜਬੀਰ, ਪਰਸਨ ਸਰਦਾਰ, ਨਸੀਬ ਬਵੇਜਾ, ਕੁਲਦੀਪ ਸਿੰਘ ਦੀਪ, ਪਾਲੀ ਭੁਪਿੰਦਰ, ਰਾਣਾ ਜੰਗ ਬਹਾਦਰ, ਕੇਵਲ ਧਾਲੀਵਾਲ, ਸੋਮਪਾਲ ਹੀਰਾ, ਕਿਰਪਾਲ ਕਜ਼ਾਕ, ਸਾਹਿਬ ਸਿੰਘ, ਹੰਸਾ ਸਿੰਘ, ਜਗਦੀਸ਼ ਸਚਦੇਵਾ, ਹਰਕੇਸ਼ ਚੌਧਰੀ, ਸਰਬਜੀਤ ਔਲਖ, ਬਲਦੇਵ ਸਿੰਘ ਆਦਿ ਹਨ|

ਹਵਾਲੇ

ਸੋਧੋ
  1. ਗੁਰਦਿਆਲ ਸਿੰਘ ਫੁੱਲ,ਇਕਾਂਗੀ:ਸਰੂਪ,ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ,(1987)ਪੰਨਾ-72-73
  2. ਪੰਜਾਬੀ ਇਕਾਂਗੀ ਸੰਗ੍ਰਹਿ, ਮੁੱਖ ਸੰਪਾਦਕ-ਡਾ. ਗੁਰਦੇਵ ਸਿੰਘ ਤੇ ਸੰਪਾਦਕ ਡਾ. ਨਰਿੰਦਰ ਸਿੰਘ ਕਪੂਰ,ਪੰਨਾ-15
  3. ਗੁਰਦਿਆਲ ਸਿੰਘ ਫੁੱਲ,ਪੰਜਾਬੀ ਇਕਾਂਗੀ:ਸਰੂਪ, ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ-ਪਟਿਆਲਾ,(1987),ਪੰਨਾ-171-173
  4. ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕ, ਸਤੀਸ਼ ਕੁਮਾਰ ਵਰਮਾ(ਰਵੀ ਸਾਹਿਤ ਪ੍ਰਕਾਸ਼ਨ ਪੰਨਾ-7
  5. ਡਾ. ਰਘਬੀਰ ਸਿੰਘ(2007), ਮੰਚ ਦਰਸ਼ਨ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾਂ-155-156
  6. ਪੰਜਾਬੀ ਨਾਟਕ ਦਾ ਇਤਿਹਾਸ, ਸਤੀਸ਼ ਕੁਮਾਰ ਵਰਮਾ (2004), ਪੰਨਾ-75-76
  7. ਪੰਜਾਬੀ ਰੰਗਮੰਚ ਦੀ ਸ਼ੇਰਨੀ ਅਦਾਕਾਰਾ ਜਸਵੰਤ ਦਮਨ-ਕੇਵਲ ਧਾਲੀਵਾਲ:1980 ਤੋਂ 'ਛਿਪਣ ਤੋਂ ਪਹਿਲਾਂ' ਨਾਟਕ ਹੁਣ ਤੱਕ ਹਜ਼ਾਰਾਂ ਵਾਰ ਖੇਡਿਆ

ਫਰਮਾ:ਮੁੱਖ ਸ਼੍ਰੇਣੀਆਂ10 ਨਵੀਂ ਸ਼੍ਰੇਣੀ